ਕੈਨੇਡਾ ਨੇ ਭਾਰਤ ‘ਤੇ ਮੁੜ ਲਾਏ ਵੱਡੇ ਦੋਸ਼; ਭਾਰਤ ਸਿੱਖਾਂ ਨੂੰ ਟਰੈਕ ਕਰਨ ਲਈ ਕਰ ਰਿਹੈ ਸਾਈਬਰ ਤਕਨੀਕ ਦੀ ਵਰਤੋਂ!

Global Team
2 Min Read

ਨਿਊਜ਼ ਡੈਸਕ: ਕੈਨੇਡਾ ਦੀ ਖੁਫੀਆ ਏਜੰਸੀ ਨੇ ਭਾਰਤ ਨੂੰ ਵੱਡੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਭਾਰਤ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਟਰੈਕ ਕਰਨ ਲਈ ਸਾਈਬਰ ਤਕਨੀਕ ਦੀ ਵਰਤੋਂ ਕਰ ਰਿਹਾ ਹੈ। ਇਹ ਚਿਤਾਵਨੀ ਵੈਨਕੂਵਰ ਵਿੱਚ ਇੱਕ ਸਿੱਖ ਦੇ ਕਤਲ ਸਣੇ ਹਿੰਸਾ ਲਈ ਭਾਰਤੀ ਅਧਿਕਾਰੀ ਦੇ ਜ਼ਿੰਮੇਵਾਰ ਹੋਣ ਦੇ ਦੋਸ਼ਾਂ ਤੋਂ ਇੱਕ ਦਿਨ ਬਾਅਦ ਆਈ ਹੈ।

ਕੈਨੇਡਾ ਦੀ ਕਮਿਊਨੀਕੇਸ਼ਨ ਸਕਿਓਰਿਟੀ ਐਸਟੈਬਲਿਸ਼ਮੈਂਟ (CSE) ਨੇ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਵਿਦੇਸ਼ਾਂ ਵਿੱਚ ਰਹਿ ਰਹੇ ਵੱਖਵਾਦੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਲਈ ਸਾਈਬਰ ਸਮਰੱਥਾ ਦੀ ਵਰਤੋਂ ਕਰ ਰਿਹਾ ਹੈ। ਇਸ ਤੋਂ ਇਲਾਵਾ ਕੈਨੇਡੀਅਨ ਸਰਕਾਰੀ ਨੈੱਟਵਰਕਾਂ ‘ਤੇ ਸਾਈਬਰ ਹਮਲੇ ਦੀ ਗੱਲ ਵੀ ਸਾਹਮਣੇ ਆਈ ਹੈ।

ਸੀਐਸਈ ਚੀਫ਼ ਕੈਰੋਲਿਨ ਜ਼ੇਵੀਅਰ ਨੇ ਇੱਕ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ ਇਹ ਸਾਫ ਹੈ ਕਿ ਅਸੀਂ ਭਾਰਤ ਨੂੰ ਇੱਕ ਉਭਰਦੇ ਸਾਈਬਰ ਖਤਰੇ ਵਜੋਂ ਦੇਖ ਰਹੇ ਹਾਂ। ਰਿਪੋਰਟ ਵਿੱਚ ਏਜੰਸੀ ਨੇ ਇਸ ਗਤੀਵਿਧੀ ਨੂੰ ਕੈਨੇਡਾ ਅਤੇ ਭਾਰਤ ਦੇ ਦੁਵੱਲੇ ਸਬੰਧਾਂ ਵਿੱਚ ਦਰਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਦੇ ਇਲਜ਼ਾਮਾਂ ਤੋਂ ਬਾਅਦ ਇੱਕ ਭਾਰਤ-ਪੱਖੀ ਹੈਕਟਿਵਿਸਟ ਸਮੂਹ ਨੇ ਡੀਡੀਓਐਸ ਹਮਲੇ ਕੀਤੇ। ਇਸ ਦੇ ਜ਼ਰੀਏ, ਔਨਲਾਈਨ ਟ੍ਰੈਫਿਕ ਵਿੱਚ ਕਾਫ਼ੀ ਵਾਧਾ ਹੋਇਆ ਸੀ, ਜਿਸ ਨਾਲ ਉਪਭੋਗਤਾਵਾਂ ਲਈ ਇਸਦਾ ਉਪਯੋਗ ਕਰਨਾ ਮੁਸ਼ਕਿਲ ਹੋ ਗਿਆ ਸੀ। ਇਸ ਵਿੱਚ ਫੌਜ ਦੀ ਜਨਤਕ ਵੈੱਬਸਾਈਟ ਸਣੇ ਕਈ ਕੈਨੇਡੀਅਨ ਵੈੱਬਸਾਈਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਮੰਗਲਵਾਰ ਨੂੰ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਓਟਵਾ ਨੇ ਇੱਕ ਵੱਡੀ ਕਾਰਵਾਈ ਦੀ ਖੋਜ ਕੀਤੀ ਹੈ। ਇਸ ਤਹਿਤ ਮੋਦੀ ਸਰਕਾਰ ਕੈਨੇਡੀਅਨਜ਼  ਨੂੰ ਨਿਸ਼ਾਨਾ ਬਣਾ ਰਹੀ ਹੈ। ਹਾਊਸ ਆਫ ਕਾਮਨਜ਼ ਦੀ ਜਨਤਕ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਸਾਹਮਣੇ ਬਿਆਨ ਦਿੰਦੇ ਹੋਏ ਉਪ ਵਿਦੇਸ਼ ਮੰਤਰੀ ਡੇਵਿਡ ਮੌਰੀਸਨ ਨੇ ਵਾਸ਼ਿੰਗਟਨ ਪੋਸਟ ਦੀ ਇਕ ਖਬਰ ਦੀ ਪੁਸ਼ਟੀ ਕੀਤੀ।

ਇਸ ਖ਼ਬਰ ਮੁਤਾਬਕ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੈਨੇਡੀਅਨ ਸਿੱਖਾਂ ਨੂੰ ਡਰਾਉਣ-ਧਮਕਾਉਣ ਅਤੇ ਇੱਥੋਂ ਤੱਕ ਕਿ ਕਤਲ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਦੱਸਿਆ ਗਿਆ ਹੈ। ਪੋਸਟ ਨੇ ਇੱਕ ਬੇਨਾਮ ਸੀਨੀਅਰ ਕੈਨੇਡੀਅਨ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਸ਼ਾਹ ਨੇ 2023 ਵਿੱਚ ਨਿੱਝਰ ਦੇ ਕਤਲ ਸਣੇ ਖੁਫੀਆ ਜਾਣਕਾਰੀ ਇਕੱਠੀ ਕਰਨ ਅਤੇ ਹਮਲਿਆਂ ਦੀ ਇੱਕ ਮੁਹਿੰਮ ਨੂੰ ਅਧਿਕਾਰਤ ਕੀਤਾ ਸੀ।

Share This Article
Leave a Comment