ਕੈਨੇਡਾ ਨੇ ਪੋਸਟ-ਗ੍ਰੈਜੂਏਟ ਵਰਕ ਪਰਮਿਟ ਲਈ ਕੋਰਸਾਂ ਦੀ ਸੂਚੀ ਕੀਤੀ ਅਪਡੇਟ, ਜਾਣੋ ਨਵੇਂ ਨਿਯਮ ਕਦੋਂ ਹੋਣਗੇ ਲਾਗੂ

Global Team
4 Min Read

ਟੋਰਾਂਟੋ: ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ ਮਿਲਣ ਵਾਲੇ ਪੋਸਟ-ਗ੍ਰੈਜੂਏਟ ਵਰਕ ਪਰਮਿਟ (PGWP) ਲਈ ਯੋਗ ਕੋਰਸਾਂ ਅਤੇ ਖੇਤਰਾਂ ਦੀ ਸੂਚੀ ਨੂੰ ਅਪਡੇਟ ਕੀਤਾ ਹੈ। ਇਹ ਨਵੇਂ ਨਿਯਮ 1 ਨਵੰਬਰ 2024 ਤੋਂ ਬਾਅਦ ਸਟੱਡੀ ਪਰਮਿਟ ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ’ਤੇ ਲਾਗੂ ਹੋਣਗੇ। ਅਕਤੂਬਰ 2024 ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ ਹੁਣ ਸਾਰੇ ਕੋਰਸ PGWP ਲਈ ਯੋਗ ਨਹੀਂ ਹੋਣਗੇ।

ਯੋਗ ਖੇਤਰ ਤੇ ਸੂਚੀ ‘ਚ ਬਦਲਾਅ

ਅਪਡੇਟ ਸੂਚੀ ਵਿੱਚ ਖੇਤੀਬਾੜੀ, ਸਿਹਤ, ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਬਿਜ਼ਨਸ, ਅਤੇ ਟਰਾਂਸਪੋਰਟ ਵਰਗੇ ਖੇਤਰ ਸ਼ਾਮਲ ਹਨ। ਮੰਤਰਾਲੇ ਨੇ ਇਹ ਕਦਮ ਕੁਝ ਖੇਤਰਾਂ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਚੁੱਕਿਆ ਹੈ। ਅਪਡੇਟ ਸੂਚੀ ਵਿੱਚ 178 ਖੇਤਰ ਹਟਾਏ ਗਏ ਹਨ, ਜਦਕਿ 119 ਨਵੇਂ ਖੇਤਰ ਜੋੜੇ ਗਏ ਹਨ, ਜਿਸ ਨਾਲ ਕੁੱਲ ਖੇਤਰਾਂ ਦੀ ਗਿਣਤੀ 920 ਹੋ ਗਈ ਹੈ। 25 ਜੂਨ 2025 ਤੱਕ ਸਟੱਡੀ ਪਰਮਿਟ ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀ ਹਟਾਏ ਗਏ ਕੋਰਸਾਂ ਤੋਂ ਪ੍ਰਭਾਵਿਤ ਨਹੀਂ ਹੋਣਗੇ। PGWP ਲਈ ਯੋਗ ਕੋਰਸਾਂ ਅਤੇ ਖੇਤਰਾਂ ਦੀ ਪੂਰੀ ਸੂਚੀ ਅਧਿਕਾਰਤ ਵੈੱਬਸਾਈਟ ’ਤੇ ਉਪਲਬਧ ਹੈ।

ਪੋਸਟ-ਗ੍ਰੈਜੂਏਟ ਵਰਕ ਪਰਮਿਟ ਕੀ ਹੈ?

ਮੌਜੂਦਾ ਨਿਯਮਾਂ ਅਨੁਸਾਰ, ਕੈਨੇਡਾ ਵਿੱਚ ਪੜ੍ਹਾਈ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਹੋਣ ’ਤੇ ਪੋਸਟ-ਗ੍ਰੈਜੂਏਟ ਵਰਕ ਪਰਮਿਟ ਮਿਲਦਾ ਹੈ। ਇਸ ਦੀ ਮਿਆਦ ਕੋਰਸ ਦੀ ਮਿਆਦ ’ਤੇ ਨਿਰਭਰ ਕਰਦੀ ਹੈ। 8 ਮਹੀਨਿਆਂ ਤੋਂ ਵੱਧ ਅਤੇ 2 ਸਾਲ ਤੋਂ ਘੱਟ ਮਿਆਦ ਦੇ ਕੋਰਸ ਲਈ ਵਿਦਿਆਰਥੀਆਂ ਨੂੰ ਕੋਰਸ ਦੀ ਮਿਆਦ ਜਿੰਨਾ ਵਰਕ ਪਰਮਿਟ ਮਿਲਦਾ ਹੈ। ਉਦਾਹਰਣ ਵਜੋਂ, ਇੱਕ ਸਾਲ ਦਾ ਕੋਰਸ ਕਰਨ ਵਾਲਿਆਂ ਨੂੰ ਇੱਕ ਸਾਲ ਦਾ ਵਰਕ ਪਰਮਿਟ ਮਿਲੇਗਾ। 2 ਸਾਲ ਜਾਂ ਇਸ ਤੋਂ ਵੱਧ ਮਿਆਦ ਦੇ ਕੋਰਸ ਲਈ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈ, ਜਦਕਿ 8 ਮਹੀਨਿਆਂ ਤੋਂ ਘੱਟ ਮਿਆਦ ਦੇ ਕੋਰਸ ਵਾਲੇ ਵਿਦਿਆਰਥੀ PGWP ਲਈ ਅਰਜ਼ੀ ਨਹੀਂ ਦੇ ਸਕਦੇ।

PGWP ਵਾਲੇ ਵਿਅਕਤੀ ਕੈਨੇਡਾ ਵਿੱਚ ਲਗਭਗ ਸਾਰੇ ਖੇਤਰਾਂ ਵਿੱਚ ਕੰਮ ਕਰ ਸਕਦੇ ਹਨ ਅਤੇ ਉਨ੍ਹਾਂ ’ਤੇ ਕਿਸੇ ਖਾਸ ਨੌਕਰੀਦਾਤਾ ਨਾਲ ਕੰਮ ਕਰਨ ਦੀ ਕੋਈ ਪਾਬੰਦੀ ਨਹੀਂ ਹੁੰਦੀ।

ਭਾਸ਼ਾ ਅਤੇ ਹੋਰ ਸ਼ਰਤਾਂ

ਬੈਚਲਰ, ਮਾਸਟਰ, ਜਾਂ ਪੀਐਚਡੀ ਪ੍ਰੋਗਰਾਮ ਕਰਨ ਵਾਲੇ ਵਿਦਿਆਰਥੀਆਂ ਨੂੰ ਕੈਨੇਡੀਅਨ ਲੈਂਗੂਏਜ ਬੈਂਚਮਾਰਕ (CLB) ਲੈਵਲ 7 ਅਤੇ ਡਿਪਲੋਮਾ ਪ੍ਰੋਗਰਾਮ ਵਾਲਿਆਂ ਨੂੰ CLB ਲੈਵਲ 5 ਦੀ ਜ਼ਰੂਰਤ ਹੁੰਦੀ ਹੈ। ਅਕਤੂਬਰ 2024 ਦੇ ਨਵੇਂ ਨਿਯਮਾਂ ਅਨੁਸਾਰ, PGWP ਦੀ ਅਰਜ਼ੀ ਦੇਣ ਸਮੇਂ ਵਿਦਿਆਰਥੀਆਂ ਨੂੰ ਮੁੜ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦੀ ਯੋਗਤਾ ਦਾ ਸਬੂਤ ਦੇਣਾ ਹੋਵੇਗਾ, ਜੋ ਸਟੱਡੀ ਵੀਜ਼ਾ ਅਰਜ਼ੀ ਸਮੇਂ ਵੀ ਜ਼ਰੂਰੀ ਹੁੰਦਾ ਹੈ।

ਪੜ੍ਹਾਈ ਦੇ ਪੱਧਰ ’ਤੇ ਸ਼ਰਤਾਂ

ਨਵੇਂ ਨਿਯਮ ਸਾਰੇ ਪੜ੍ਹਾਈ ਪੱਧਰਾਂ ’ਤੇ ਲਾਗੂ ਨਹੀਂ ਹਨ। 1 ਨਵੰਬਰ 2024 ਤੋਂ ਪਹਿਲਾਂ ਸਟੱਡੀ ਪਰਮਿਟ ਲਈ ਅਰਜ਼ੀ ਦੇਣ ਵਾਲੇ ਜਾਂ ਪੜ੍ਹਾਈ ਸ਼ੁਰੂ ਕਰਨ ਵਾਲੇ ਵਿਦਿਆਰਥੀ ਕਿਸੇ ਵੀ ਕੋਰਸ ਨਾਲ PGWP ਲਈ ਅਰਜ਼ੀ ਦੇ ਸਕਦੇ ਹਨ। ਬੈਚਲਰ, ਮਾਸਟਰ, ਜਾਂ ਪੀਐਚਡੀ ਪ੍ਰੋਗਰਾਮ ਕਰਨ ਵਾਲੇ ਵਿਦਿਆਰਥੀ ਕਿਸੇ ਵੀ ਵਿਸ਼ੇ ਵਿੱਚ ਪੜ੍ਹਾਈ ਕਰਕੇ ਵਰਕ ਪਰਮਿਟ ਲੈ ਸਕਦੇ ਹਨ। ਪਰ, ਡਿਪਲੋਮਾ ਅਤੇ ਸਮਾਨ ਪ੍ਰੋਗਰਾਮਾਂ ਲਈ ਅਪਡੇਟ ਸੂਚੀ ਵਿੱਚ ਸ਼ਾਮਲ ਖੇਤਰਾਂ ਵਿੱਚ ਪੜ੍ਹਾਈ ਕਰਨੀ ਜ਼ਰੂਰੀ ਹੈ।

ਕੈਨੇਡਾ ਨੇ 2025 ਵਿੱਚ 437,000 ਸਟੱਡੀ ਵੀਜ਼ੇ ਜਾਰੀ ਕਰਨ ਦਾ ਟੀਚਾ ਰੱਖਿਆ ਹੈ। ਇਹ ਸੁਧਾਰ ਭਵਿੱਖ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਵਧੇਰੇ ਪ੍ਰਭਾਵੀ ਬਣਾਉਣ ਲਈ ਕੀਤੇ ਗਏ ਹਨ।

Share This Article
Leave a Comment