ਓਟਾਵਾ : ਇਸ ਹਫਤੇ ਫੈਡਰਲ ਸਰਕਾਰ ਨੂੰ ਫਾਈਜ਼ਰ-ਬਾਇਓਐਨਟੈਕ ਕੋਵਿਡ-19 ਵੈਕਸੀਨ ਦੀਆਂ 2·3 ਮਿਲੀਅਨ ਡੋਜ਼ਾਂ ਹਾਸਲ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਕੋਵਿਡ-19 ਦੀ ਚੌਥੀ ਵੇਵ ਆਉਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਓਟਾਵਾ ਨੂੰ ਪਹਿਲਾਂ ਹੀ ਹੁਣ ਤੱਕ 66 ਮਿਲੀਅਨ ਕੋਵਿਡ-19 ਵੈਕਸੀਨ ਡੋਜ਼ਾਂ ਹਾਸਲ ਹੋ ਚੁੱਕੀਆਂ ਹਨ ਜੋ ਕਿ ਯੋਗ ਕੈਨੇਡੀਅਨਜ਼ ਨੂੰ ਪੂਰੀ ਤਰ੍ਹਾਂ ਇਮਿਊਨਾਈਜ਼ ਕਰਨ ਲਈ ਕਾਫੀ ਹਨ। ਫੈਡਰਲ ਸਰਕਾਰ ਕੋਲ ਆਪਣੇ ਖਜ਼ਾਨੇ ਵਿੱਚ 6·7 ਮਿਲੀਅਨ ਕੋਵਿਡ-19 ਵੈਕਸੀਨਜ਼ ਸਨ। ਲੋੜ ਪੈਣ ਉੱਤੇ ਪ੍ਰੋਵਿੰਸ ਤੇ ਟੈਰੇਟਰੀਜ਼ ਇੱਥੋਂ ਹੋਰ ਡੋਜ਼ ਲੈ ਸਕਦੀਆਂ ਹਨ।
ਕੋਵਿਡ-19 ਵੈਕਸੀਨ ਦੀ ਨਵੀਂ ਖੇਪ ਇਸ ਲਈ ਆ ਰਹੀ ਹੈ ਕਿਉਂਕਿ ਵੈਕਸੀਨੇਸ਼ਨ ਦੀ ਦਰ ਵਧਣ ਤੋਂ ਪਹਿਲਾਂ ਪਬਲਿਕ ਹੈਲਥ ਪਾਬੰਦੀਆਂ ਹਟਾਏ ਜਾਣ ਦੇ ਚੱਲਦਿਆਂ ਕੈਨੇਡਾ ਦੇ ਉੱਘੇ ਡਾਕਟਰਾਂ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਅਸੀਂ ਚੌਥੀ ਵੇਵ ਵੱਲ ਵੱਧ ਰਹੇ ਹਾਂ।