ਦਾਦ ਦੀ ਹੱਕਦਾਰ ਹੈ ਸਿੱਧੂ ਦੀ ਹਿੰਮਤ, ਪਰ ਸਾਰੀ ਕਾਂਗਰਸ ਨਵਜੋਤ ਨੂੰ ਦਬਾਉਣ ‘ਤੇ ਲੱਗੀ ਹੋਈ ਹੈ: ਕੇਜਰੀਵਾਲ

TeamGlobalPunjab
4 Min Read

ਅੰਮ੍ਰਿਤਸਰ/ਚੰਡੀਗੜ੍ਹ : ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਬੜੀ ਬੇਬਾਕੀ ਅਤੇ ਸਪੱਸ਼ਟਤਾ ਨਾਲ ਜਵਾਬ ਦਿੰਦਿਆਂ ਜਿੱਥੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹਵਾਲੇ ਨਾਲ ਸੱਤਾਧਾਰੀ ਕਾਂਗਰਸ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਤੇ ਚੁਟਕੀਆਂ ਲਈਆਂ, ਉੱਥੇ 2022 ਦੀਆਂ ਚੋਣਾਂ ਦੇ ਮੱਦੇਨਜ਼ਰ ‘ਆਪ’ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਲਈ ਸਹੀ ਸਮੇਂ ਬਾਰੇ ਵੀ ਦੱਸਿਆ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ‘ਆਪ’ ਦੀ ਸਰਕਾਰ ਬਣਨ ਉਪਰੰਤ ਇਸ ਗੱਲ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ ਕਿ ਪੰਜਾਬ ਦਾ ਖ਼ਜ਼ਾਨਾ ਕਿਸ ਨੇ ਅਤੇ ਕਿਵੇਂ ਖ਼ਾਲੀ ਕੀਤਾ? ਖ਼ਜ਼ਾਨੇ ਦੀ ਇਸ ਅੰਨੀ ਲੁੱਟ ‘ਚ ਸ਼ਾਮਲ ਰਸੂਖਵਾਨਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਨਵਜੋਤ ਸਿੰਘ ਸਿੱਧੂ ਬਾਰੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕੇਜਰੀਵਾਲ ਨੇ ਕਿਹਾ, ”ਸਿੱਧੂ ਦੀ ਹਿੰਮਤ ਦੀ ਦਾਦ ਦੇਣੀ ਪਵੇਗੀ। ਜਦੋਂ ਨਾਲ ਬੈਠ ਕੇ ਮੁੱਖ ਮੰਤਰੀ ਚੰਨੀ ਰੇਤਾ ਅਤੇ ਬਿਜਲੀ ਸਸਤੀ ਕਰਨ ਦੇ ਦਾਅਵੇ ਕਰ ਰਿਹਾ ਸੀ ਤਾਂ ਨਵਜੋਤ ਸਿੰਘ ਸਿੱਧੂ ਨੇ ਤੁਰੰਤ ਕਿਹਾ ਕਿ ਚੰਨੀ ਝੂਠ ਬੋਲ ਰਹੇ ਹਨ। ਸਿੱਧੂ ਜਨਤਾ ਦਾ ਮੁੱਦੇ ਉਠਾ ਰਹੇ ਹਨ ਪਰ ਸਾਰੀ ਕਾਂਗਰਸ ਸਿੱਧੂ ਨੂੰ ਦਬਾਉਣ ਲੱਗੀ ਹੋਈ ਹੈ। ਕੈਪਟਨ ਵਾਂਗ ਹੁਣ ਚੰਨੀ ਸਾਹਿਬ ਵੀ ਸਿੱਧੂ ਦੇ ਪਿੱਛੇ ਪੈ ਗਏ।”

ਕੇਜਰੀਵਾਲ ਵੱਲੋਂ ਕੀਤੇ ਜਾ ਰਹੇ ਐਲਾਨਾਂ ਲਈ ਪੈਸਾ ਕਿਥੋਂ ਆਵੇਗਾ? ਸਵਾਲ ਦੇ ਜਵਾਬ ‘ਚ ਕੇਜਰੀਵਾਲ ਨੇ ਕਿਹਾ, ” ਸਭ ਕਹਿ ਰਹੇ ਹਨ ਕਿ ਖ਼ਜ਼ਾਨਾ ਖ਼ਾਲੀ ਹੈ। 20-25 ਸਾਲਾਂ ਤੋਂ ਕਾਂਗਰਸ ਕੈਪਟਨ ਅਤੇ ਬਾਦਲ-ਭਾਜਪਾ ਵਾਲਿਆਂ ਨੇ ਰਾਜ ਕੀਤਾ ਅਤੇ ਮਿਲ ਕੇ ਪੰਜਾਬ ਦਾ ਖ਼ਜ਼ਾਨਾ ਲੁੱਟਿਆ। ‘ਆਪ’ ਦੀ ਸਰਕਾਰ ਬਣਨ ‘ਤੇ ਇਸ ਦੀ ਡੂੰਘੀ ਜਾਂਚ ਕਰਾਂਗੇ। ਸ਼ੀਲਾ ਦੀਕਸ਼ਤ ਦੀ 15 ਸਾਲਾਂ ਸਰਕਾਰ ਨੇ ਦਿੱਲੀ ਦਾ ਖ਼ਜ਼ਾਨਾ ਵੀ ਖ਼ਾਲੀ ਕਰ ਦਿੱਤਾ ਸੀ, ਪਰੰਤੂ ਕੇਜਰੀਵਾਲ ਨੂੰ ਖ਼ਾਲੀ ਖ਼ਜ਼ਾਨੇ ਭਰਨੇ ਆਉਂਦੇ ਹਨ, ਕਿਉਂਕਿ ਕੇਜਰੀਵਾਲ ਮਾਫ਼ੀਆ ਨੂੰ ਨੇੜੇ ਵੀ ਫਟਕਣ ਨਹੀਂ ਦਿੰਦਾ ਜਦਕਿ ਚੰਨੀ ਦੇ ਸੱਜੇ ਪਾਸੇ ਰੇਤ ਅਤੇ ਖੱਬੇ ਪਾਸੇ ਟਰਾਂਸਪੋਰਟ ਤੇ ਸ਼ਰਾਬ ਮਾਫ਼ੀਆ ਬੈਠਾ ਹੁੰਦਾ ਹੈ। ਮਾਫ਼ੀਆ ਖ਼ਤਮ ਕਰਕੇ ਹੀ ਭਰੇ ਜਾ ਸਕਦੇ ਹਨ, ਜੋ ਇਹ (ਬਾਦਲ-ਕਾਂਗਰਸੀ) ਨਹੀਂ ਕਰ ਸਕਦੇ।

ਮੁੱਖ ਮੰਤਰੀ ਦੇ ਚਿਹਰੇ ਦੀ ਘੋਸ਼ਣਾ ਬਾਰੇ ਅਰਵਿੰਦ ਕੇਜਰੀਵਾਲ ਨੇ ਦੱਸਿਆ, ”ਕੋਈ ਵੀ ਪਾਰਟੀ ਜੇਕਰ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਦਿੰਦੀ ਹੈ ਤਾਂ ਉਸ ਉਪਰੰਤ ਚੋਣ ਪ੍ਰਚਾਰ ਉੱਪਰ ਹੀ ਉੱਪਰ ਜਾਂਦਾ ਹੈ। ਇਸ ਲਈ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਚੋਣ ਜ਼ਾਬਤਾ ਲੱਗਣ ਦੇ ਨੇੜੇ-ਤੇੜੇ ਕੀਤਾ ਜਾਂਦਾ ਹੈ। ਕਾਂਗਰਸ ਨੇ ਵੀ ਅਜੇ ਤੱਕ ਨਹੀਂ ਕੀਤਾ ਕਿ ਸਿੱਧੂ ਜਾਂ ਰੰਧਾਵਾ ਜਾਂ ਚੰਨੀ ਸਾਹਿਬ ਹੀ ਰਹਿਣਗੇ। ਭਾਜਪਾ ਨੇ ਵੀ ਪੰਜਾਬ, ਉਤਰ ਪ੍ਰਦੇਸ਼, ਉੱਤਰਾਖੰਡ ਅਤੇ ਗੋਆ ‘ਚ ਚਿਹਰੇ ਨਹੀਂ ਐਲਾਨੇ। ਇਸ ਲਈ ਅਸੀਂ ਵੀ ਚੋਣ ਜ਼ਾਬਤੇ ਦੇ ਨੇੜੇ-ਤੇੜੇ ਚਿਹਰਾ ਐਲਾਨ ਦਿਆਂਗੇ, ਪਰੰਤੂ ਐਨਾ ਜ਼ਰੂਰ ਸਪਸ਼ਟ ਕਰਦਾ ਹਾਂ ਕਿ ਪੰਜਾਬ ‘ਚ ਸੀਐਮ ਦਾ ਚਿਹਰਾ ਅਰਵਿੰਦ ਕੇਜਰੀਵਾਲ ਨਹੀਂ ਹੋਵੇਗਾ।”

- Advertisement -

ਇੱਕ ਸਵਾਲ ਦੇ ਜਵਾਬ ‘ਚ ਕੇਜਰੀਵਾਲ ਨੇ ਕਿਹਾ, ”ਜਦੋਂ ਕਿਸੇ ਵਿਅਕਤੀ ਜਾਂ ਵਿਧਾਇਕ ਨੂੰ ਪਾਰਟੀ ਟਿਕਟ ਨਹੀਂ ਮਿਲਦੀ ਤਾਂ ਉਹ ਨਾਰਾਜ਼ ਹੁੰਦਾ ਹੈ। ਕੋਈ ਮੰਨ ਵੀ ਜਾਂਦਾ ਹੈ ਅਤੇ ਕੋਈ ਦੂਸਰੀ ਪਾਰਟੀ ‘ਚ ਚਲਾ ਜਾਂਦਾ ਹੈ। ਅੱਜ ਕਾਂਗਰਸ ਪਾਰਟੀ ਦੇ 25 ਵਿਧਾਇਕ ਅਤੇ 2 ਸੰਸਦ ਮੈਂਬਰ ਸਾਡੇ ਸੰਪਰਕ ‘ਚ ਹਨ। ਇਹ ਮੇਰੀ ਚੁਣੌਤੀ ਹੈ ਪਰ ਅਸੀਂ ਅਜਿਹੇ ਮੁਕਾਬਲੇ ‘ਚ ਨਹੀਂ ਪੈਂਦੇ। ਗੰਦੀ ਰਾਜਨੀਤੀ ‘ਚ ਵਿਸ਼ਵਾਸ ਨਹੀਂ ਕਰਦੇ ਅਤੇ ਨਾ ਹੀ ਦੂਜਿਆਂ ਦਾ ਕੂੜਾ ਕਚਰਾ ਇਕੱਠਾ ਨਹੀਂ ਕਰਦੇ।”

ਇੱਕ ਸਵਾਲ ਦੇ ਜਵਾਬ ‘ਚ ਕੇਜਰੀਵਾਲ ਨੇ ਕਿਹਾ ਕਿ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ, ਲੋਕਾਂ ਨੂੰ ਮੁਫ਼ਤ ਸਿੱਖਿਆ, ਮੁਫ਼ਤ ਇਲਾਜ ਅਤੇ ਮੁਫ਼ਤ ਬਿਜਲੀ ਪਾਣੀ ਨੂੰ ਮੁਫ਼ਤਖ਼ੋਰੀ ਕਹਿਣਾ ਠੀਕ ਨਹੀਂ। ਪੱਛਮੀ ਮੁਲਕਾਂ ‘ਚ ਇਸ ਨੂੰ ਸੋਸ਼ਲ ਸਕਿਉਰਿਟੀ (ਸਮਾਜਿਕ ਸੁਰੱਖਿਆ) ਕਹਿੰਦੇ ਹਨ, ਪਰੰਤੂ ਇੱਕ ਗੱਲ ਅਸੀਂ ਠਾਣ ਚੁੱਕੇ ਹਾਂ ਕਿ ਜੋ ਸਰਕਾਰੀ ਸਹੂਲਤਾਂ ਮੁਫ਼ਤ ‘ਚ ਮੰਤਰੀ ਮਾਣਦੇ ਹਨ ਉਹ ਆਮ ਜਨਤਾ ਨੂੰ ਜ਼ਰੂਰ ਦਿਆਂਗੇ। ਕੇਜਰੀਵਾਲ ਅਨੁਸਾਰ ਸਭ ਤੋਂ ਵੱਡੇ ਮੁਫ਼ਤਖ਼ੋਰ ਮੰਤਰੀ ਅਤੇ ਸਿਆਸਤਦਾਨ ਹੋ ਚੁੱਕੇ ਹਨ।

Share this Article
Leave a comment