ਪਰਿਵਾਰ ਨਾਲ ਛੁੱਟੀਆਂ ਮਨਾਉਣ ਥਾਈਲੈਂਡ ਗਏ ਇੰਗਲੈਂਡ ਦੇ ਵਾਸੀ ਪੰਜਾਬੀ ਨੌਜਵਾਨ ਦਾ ਹੋਟਲ ‘ਚ ਕਤਲ ਹੋ ਗਿਆ। ਖਬਰਾਂ ਅਨੁਸਾਰ 34 ਸਾਲ਼ਾ ਅਮਿਤਪਾਲ ਸਿੰਘ ਬਜਾਜ ਆਪਣੀ ਪਤਨੀ ਅਤੇ ਦੋ ਸਾਲਾ ਪੁੱਤਰ ਨਾਲ ਛੁੱਟੀਆਂ ਮਨਾਉਣ ਥਾਈਲੈਂਡ ਗਏ ਸਨ ਜਿੱਥੇ ਉਹ ਫੁਕੇਟ ਦੇ ਪੰਜ ਸਿਤਾਰਾ ‘ਸੈਂਟਾਰਾ ਗਰੈਂਡ ਹੋਟਲ’ ‘ਚ ਠਹਿਰੇ ਸਨ ।
ਰਿਪੋਰਟਾਂ ਅਨੁਸਾਰ ਹੋਟਲ ਦੇ ਨਾਲ ਵਾਲੇ ਕਮਰੇ ‘ਚ ਰੁਕੇ ਕੁਝ ਵਿਅਕਤੀ ਬਹੁਤ ਜ਼ਿਆਦਾ ਰੌਲ਼ਾ ਪਾ ਰਹੇ ਸਨ ਜਿਸ ਕਾਰਨ ਉਨ੍ਹਾਂ ਦੀ ਪਤਨੀ ਤੇ ਬੱਚੇ ਨੂੰ ਨੀਂਦ ਨਹੀਂ ਆ ਰਹੀ ਸੀ। ਇਸੇ ਲਈ ਜਦੋਂ ਅਮਿਤਪਾਲ ਨਾਲ ਦੇ ਕਮਰੇ ਦਾ ਦਰਵਾਜ਼ਾ ਖੜਕਾ ਕੇ ਕਹਿਣ ਗਏ ਕਿ ਰੌਲ਼ਾ ਨਾ ਪਾਓ, ਤਾਂ ਉਨ੍ਹਾਂ ਦੀ 55 ਸਾਲ਼ਾ ਰੋਜਰ ਬੁੱਲਮੈਨ ਨਾਲ ਲੜਾਈ ਹੋ ਗਈ।
ਉੱਥੇ ਹੀ ਮੀਡੀਆ ਰਿਪੋਰਟਾਂ ਅਨੁਸਾਰ ਅਮਿਤਪਾਲ ਸਿੰਘ ਬਜਾਜ ਦੀ ਪਤਨੀ ਬੰਧਨਾ ਕੌਰ ਬਜਾਜ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਨੇ ਆਪਣੇ 2 ਸਾਲ਼ਾ ਬੱਚੇ ਤੇ ਮੇਰੀ ਜਾਨ ਬਚਾਉਣ ਲਈ ਆਪਣੀ ਜਾਨ ਗਵਾ ਦਿੱਤੀ ।
34 ਸਾਲਾ ਬੰਧਨਾ ਕੌਰ ਬਜਾਜ ਨੇ ਦੱਸਿਆ ਕਿ ਉਹ ਵਿਅਕਤੀ ਕਮਰੇ ਦੀ ਬਾਲਕੋਨੀ ਰਾਹੀਂ ਉਨ੍ਹਾਂ ਦੇ ਕਮਰੇ ਵਿੱਚ ਜ਼ਬਰਦਸਤੀ ਦਾਖ਼ਲ ਹੋ ਗਿਆ ਤੇ ਉਹ ਪੂਰੀ ਤਰ੍ਹਾਂ ਨੰਗਨ ਸੀ। ਉਸ ਨੇ ਅੰਦਰ ਆਉਂਦੇ ਹੀ ਅਮਿਤਪਾਲ ਤੇ ਹਮਲਾ ਕਰ ਦਿੱਤਾ ਉਸੇ ਦੌਰਾਨ ਮੇਰੇ ਪਤੀ ਨੇ ਆਪਣੇ ਦੋ ਸਾਲਾ ਪੁੱਤਰ ਵੀਰ ਸਿੰਘ ਨੂੰ ਲੈ ਕੇ ਇੱਥੋਂ ਬਾਹਰ ਜਾਣ ਲਈ ਕਿਹਾ ਤੇ ਮੈਂ ਬੱਚਾ ਲੈ ਕੇ ਉਸੇ ਵੇਲੇ ਹੋਟਲ ਦੇ ਕਮਰੇ ’ਚੋਂ ਬਾਹਰ ਭੱਜ ਗਈ’।
ਬੰਧਨਾ ਕੌਰ ਨੇ ਕਿਹਾ ਕਿ ਮੈਂ ਕਮਰੇ ਤੋਂ ਬਾਹਰ ਜਾ ਇੱਕ ਰੁੱਖ ਪਿੱਛੇ ਲੁਕ ਗਈ ਤੇ ਮੋਬਾਇਲ ਰਾਹੀਂ ਉਸਨੇ ਰਿਸੈਪਸ਼ਨ ਉੱਤੇ ਫੋਨ ਕੀਤਾ ਤੇ ਕਿਹਾ ਮੇਰੇ ਪਤੀ ਤੇ ਹਮਲਾ ਹੋਇਆ ਹੈ ਜਲਦੀ ਮਦਦ ਭੇਜੀ ਜਾਵੇ। ਬੰਧਨਾ ਦੇ ਦੱਸਿਆ ਜਿਸ ਦੌਰਾਨ ਉਹ ਫੋਨ ਤੇ ਗੱਲ ਕਰ ਰਹੀ ਸੀ ਹਮਲਾਵਰ ਦੇ ਚੀਕਣ ਦੀ ਆਵਾਜ਼ ਆ ਰਹੀ ਸੀ।
ਕੁਝ ਹੀ ਸਮੇਂ ਚ ਐਂਬੂਲੈਂਸ ਤੇ ਪੁਲਿਸ ਹੋਟਲ ਪਹੁੰਚ ਗਈ ਤੇ ਅਮਿਤਪਾਲ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ।
ਰਿਪੋਰਟਾਂ ਅਨੁਸਾਰ ਨਾਰਵੇ ਦੇ ਵਿਦੇਸ਼ੀ ਮੰਤਰਾਲੇ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕੀਤੀ ਹੈ ਤੇ ਉਨ੍ਹਾਂ ਨੇ ਕਿਹਾ ਹਮਲਾਵਰ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।