ਕਿਚਨ ਗਾਰਡਨ – ਬੈਂਗਣ ਦੀ ਕਾਸ਼ਤ ਸਬੰਧੀ ਜ਼ਰੂਰੀ ਨੁਕਤੇ

TeamGlobalPunjab
8 Min Read

ਨਿਊਜ਼ ਡੈਸਕ(ਨਵਦੀਪ ਸਿੰਘ ਗਿੱਲ ਅਤੇ ਵਿਵੇਕ ਕੁਮਾਰ):  ਬਹੁਤ ਸਾਰੇ ਲੋਕਾਂ ਨੇ ਘਰਾਂ ‘ਚ ਕਿਚਨ ਗਾਰਡਨ ਬਣਾਏ ਹੋਏ  ਹਨ। ਇਥੋਂ ਉਹ ਘਰ ਦੀ ਖਪਤ ਲਈ ਸਬਜ਼ੀਆਂ ਤੇ ਹੋਰ ਖਾਦਾਂ ਰਹਿਤ ਯਾਨੀ ਆਰਗੈਨਿਕ ਫਲ ਤੇ ਸਬਜ਼ੀਆਂ ਉਗਾ ਸਕਦੇ ਹਨ। ਪੜ੍ਹੋ ਖੇਤਾਂ ਤੇ ਕਿਚਨ ਗਾਰਡਨ ‘ਚ ਬੈਂਗਣ ਦੀ ਕਾਸ਼ਤ ਕਰਨ ਸੰਬੰਧੀ ਜ਼ਰੂਰੀ ਜਾਣਕਾਰੀ:

ਸਬਜੀਆਂ ਦੀ ਕਾਸ਼ਤ ਵਿੱਚ ਮੁਨਾਫ਼ੇ ਵਜੋਂ ਬੈਂਗਣ ਇੱਕ ਅਹਿਮ ਸਥਾਨ ਰੱਖਦੇ ਹਨ। ਇਸ ਨੂੰ ਪੌਸ਼ਟਿਕ ਸਬਜੀ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇਸ ਵਿੱਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਕੈਲਸ਼ੀਅਮ ਅਤੇ ਵਿਟਾਮਿਨ ਕਾਫ਼ੀ ਮਾਤਰਾ ਵਿੱਚ ਪਾਏ ਜਾਂਦੇ ਹਨ। ਪੰਜਾਬ ਵਿੱਚ ਬੈਂਗਣਾ ਦੀ ਕਾਸ਼ਤ ਲਗਭਗ 5.42 ਹਜ਼ਾਰ ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ। ਜਿਸ ਤੋਂ ਔਸਤਨ 220.96 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਦੇ ਹਿਸਾਬ ਨਾਲ 119.65 ਹਜ਼ਾਰ ਟਨ ਪੈਦਾਵਾਰ ਪ੍ਰਾਪਤ ਹੁੰਦੀ ਹੈ। ਇਸ ਦੇ ਚੰਗੇ ਵਾਧੇ ਵਿਕਾਸ ਲਈ ਲੰਮੇ ਅਤੇ ਗਰਮ ਮੌਸਮ ਦੀ ਲੋੜ ਹੁੰਦੀ ਹੈ ਅਤੇ ਜ਼ਿਆਦਾ ਕੋਰਾ ਜਾਂ ਕੜਕਦੀ ਠੰਢ ਇਸ ਫ਼ਸਲ ਲਈ ਨੁਕਸਾਨਦਾਇਕ ਹੁੰਦੇ ਹਨ। ਬਰਸਾਤੀ ਮੌਸਮ ਵਿੱਚ ਖੇਤ ਵਿੱਚ ਪਾਣੀ ਖੜ੍ਹੇ ਰਹਿਣ ਨਾਲ ਵੀ ਫ਼ਸਲ ਦਾ ਨੁਕਸਾਨ ਹੁੰਦਾ ਹੈ। ਇਸ ਲਈ ਇਸ ਦੀ ਕਾਸ਼ਤ ਲਈ ਚੰਗੇ ਜਲ ਨਿਕਾਸ ਵਾਲੀ ਜ਼ਰਖੇਜ ਰੇਤਲੀ ਮੈਰਾ ਜਾਂ ਚੀਕਨੀ ਮੈਰਾ ਜ਼ਮੀਨ ਸਭ ਤੋਂ ਢੁਕਵੀਂ ਹੁੰਦੀ ਹੈ। ਇਸ ਫ਼ਸਲ ਦੀ ਸਹੀ ਵਿਉਂਤਬੰਦੀ ਕਰਕੇ ਸਾਰਾ ਸਾਲ ਕਾਸ਼ਤ ਕੀਤੀ ਜਾ ਸਕਦੀ ਹੈ।

ਉੱਨਤ ਕਿਸਮਾਂ ਦੀ ਚੋਣ: ਲੰਬੂਤਰੇ ਬੈਂਗਣਾ ਲਈ ਪੀ ਬੀ ਐਚ ਆਰ-41, ਪੀ ਬੀ ਐਚ ਆਰ-42 ਅਤੇ ਬੀ ਐਚ-2; ਲੰਮੇ ਬੈਂਗਣਾ ਲਈ ਪੰਜਾਬ ਰੌਣਕ, ਪੀ ਬੀ ਐਚ-5, ਪੀ ਬੀ ਐਚ-4, ਪੰਜਾਬ ਬਰਸਾਤੀ ਅਤੇ ਪੰਜਾਬ ਸਦਾਬਹਾਰ, ਅਤੇ ਛੋਟੇ ਬੈਂਗਣਾ ਲਈ ਪੰਜਾਬ ਭਰਭੂਰ, ਪੀ ਬੀ ਐਚ-3 ਅਤੇ ਪੰਜਾਬ ਨਗੀਨਾ ਕਿਸਮਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
ਬੀਜ ਦੀ ਮਾਤਰਾ ਅਤੇ ਪਨੀਰੀ ਤਿਆਰ ਕਰਨ ਦਾ ਢੰਗ: ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ 300 ਤੋਂ 400 ਗ੍ਰਾਮ ਬੀਜ ਕਾਫ਼ੀ ਹੈ । ਇਹ ਬੀਜ 10-15 ਸੈਂਟੀਮੀਟਰ ਉੱਚੀਆਂ ਇਕ ਮਰਲੇ (251 ਮੀਟਰ) ਦੀਆਂ ਕਿਆਰੀਆਂ ‘ਚ ਲਾਉਣਾ ਚਾਹੀਦਾ ਹੈ। ਝੁਲਸ ਰੋਗ ਤੋਂ ਬਚਾਅ ਲਈ ਬਿਜਾਈ ਤੋਂ ਪਹਿਲਾਂ ਬੀਜ ਨੂੰ ਤਿੰਨ ਗ੍ਰਾਮ ਕੈਪਟਾਨ ਦਵਾਈ ਪ੍ਰਤੀ ਇੱਕ ਕਿਲੋ ਬੀਜ ਨਾਲ ਸੋਧ ਲੈਣਾ ਚਾਹੀਦਾ ਹੈ। ਇਸੇ ਤਰਾਂ ਜੜ੍ਹ-ਗੰਢ ਨੀਮਾਟੋਡ ਦੀ ਰੋਕਥਾਮ ਲਈ ਪਨੀਰੀ ਤਿਆਰ ਕਰਨ ਵਾਲੀ ਥਾਂ ਨੂੰ ਭਰਵਾਂ ਪਾਣੀ ਲਾ ਕੇ ਪਲਾਸਟਿਕ ਦੀ ਚਾਦਰ (50 ਮਾਈਕਰੋਨ) ਨਾਲ ਮਈ-ਜੂਨ ਦੇ ਮਹੀਨੇ ਵਿੱਚ ਚੰਗੀ ਤਰ੍ਹਾਂ ਢਕ ਕੇ 40 ਦਿਨਾਂ ਵਾਸਤੇ ਧੁੱਪ ਲਗਾਉਣੀ ਚਾਹੀਦੀ ਹੈ।

ਪਨੀਰੀ ਤਿਆਰ ਕਰਨ ਅਤੇ ਪੁੱਟ ਕੇ ਖੇਤ ਵਿੱਚ ਲਗਾਉਣ ਦਾ ਸਮਾਂ: ਸਾਰਾ ਸਾਲ ਕਾਸ਼ਤ ਕਰਨ ਲਈ ਬੈਂਗਣਾਂ ਦੀਆਂ ਲਗਾਤਾਰ ਚਾਰ ਫ਼ਸਲਾਂ ਲਈਆਂ ਜਾ ਸਕਦੀਆਂ ਹਨ। ਪਹਿਲੀ ਫ਼ਸਲ ਲਈ ਪਨੀਰੀ ਅਕਤੂਬਰ ਵਿਚ ਬੀਜੀ ਜਾਂਦੀ ਹੈ ਅਤੇ ਨਵੰਬਰ ਵਿਚ ਬੂਟੇ ਖੇਤ ਵਿਚ ਲਾਏ ਜਾਂਦੇ ਹਨ। ਦੂਜੀ ਫ਼ਸਲ ਦੀ ਪਨੀਰੀ ਨਵੰਬਰ ਵਿਚ ਅਤੇ ਬੂਟੇ ਪੁੱਟ ਕੇ ਫ਼ਰਵਰੀ ਦੇ ਪਹਿਲੇ ਪੰਦਰ੍ਹਵਾੜੇ ਵਿਚ ਖੇਤ ਵਿਚ ਲਾਏ ਜਾਂਦੇ ਹਨ। ਤੀਜੀ ਫ਼ਸਲ ਦੀ ਪਨੀਰੀ ਫ਼ਰਵਰੀ-ਮਾਰਚ ਵਿਚ ਅਤੇ ਬੂਟੇ ਪੁੱਟ ਕੇ ਅਪੈ੍ਰਲ ਦੇ ਅੰਤ ਤੋਂ ਪਹਿਲਾਂ ਖੇਤ ਵਿਚ ਲਗਾਏ ਜਾਂਦੇ ਹਨ। ਚੌਥੀ ਫ਼ਸਲ ਦੀ ਪਨੀਰੀ ਜੁਲਾਈ ਵਿਚ ਬੀਜੀ ਜਾਂਦੀ ਹੈ ਅਤੇ ਅਗਸਤ ਵਿਚ ਪੁੱਟ ਕੇ ਖੇਤ ਵਿਚ ਲਾਈ ਜਾਂਦੀ ਹੈ।

- Advertisement -

ਪਨੀਰੀ ਖੇਤ ਵਿੱਚ ਲਗਾਉਣ ਦਾ ਢੰਗ: ਬੈਂਗਣਾ ਦੀਆਂ ਵੱਖ-ਵੱਖ ਕਿਸਮਾਂ ਨੂੰ ਕਤਾਰਾਂ ਵਿਚਕਾਰ 67.5 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ 30-45 ਸੈਂਟੀਮੀਟਰ ਫ਼ਾਸਲਾ ਰੱਖ ਕੇ ਲਗਾਉਣਾ ਚਾਹੀਦਾ ਹੈ।

ਸੁਰੰਗ ਖੇਤੀ: ਘੱਟ ਤਾਪਮਾਨ ਅਤੇ ਕੋਰੇ ਤੋਂ ਬਚਾਉਣ ਲਈ ਅਤੇ ਅਗੇਤੀ ਫ਼ਸਲ ਲੈਣ ਲਈ ਬੈਗਣ ਨੂੰ ਸੁਰੰਗ ਵਿਧੀ ਨਾਲ ਵੀ ਉਗਾਇਆ ਜਾ ਸਕਦਾ ਹੈ। ਇਸ ਵਿਧੀ ਰਾਹੀ ਪਨੀਰੀ ਨੂੰ ਕਤਾਰ ਤੋਂ ਕਤਾਰ ਦਾ ਫਾਸਲਾ 90 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 30 ਸੈਂਟੀਮੀਟਰ ਰੱਖਦੇ ਹੋਏ ਨਵੰਬਰ ਦੇ ਪਹਿਲੇ ਪੰਦਰਵਾੜੇ ਵਿਚ ਬੈੱਡ ਉੱਤੇ ਲਗਾਉਣਾ ਚਾਹੀਦਾ ਹੈ। ਦਸੰਬਰ ਦੇ ਪਹਿਲੇ ਹਫਤੇ ਲੋਹੇ ਦੇ ਸਰੀਏ ਦੇ ਅਰਧ ਗੋਲੇ ਬਣਾ ਕੇ 2-2 ਮੀਟਰ ਦੀ ਵਿੱਥ ਤੇ ਲਗਾ ਦੇਣੇ ਚਾਹੀਦੇ ਹਨ ਅਤੇ ਇਹਨਾਂ ਗੋਲਿਆਂ ਉੱਪਰ 50 ਮਾਈਕ੍ਰੋਨ ਮੋਟੀ ਪਲਾਸਟਿਕ ਸ਼ੀਟ ਪਾ ਕੇ ਬੂਟਿਆਂ ਨੂੰ ਸੁਰੰਗਾਂ ਹੇਠਾਂ ਢੱਕ ਦੇਣਾ ਚਾਹੀਦਾ ਹੈ। ਅੱਧ ਫਰਵਰੀ ਵਿੱਚ ਤਾਪਮਾਨ ਵਧਣ ਤੇ ਪਲਾਸਟਿਕ ਸ਼ੀਟ ਨੂੰ ਚੁੱਕ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਬੈਗਣ ਦੀ ਅਗੇਤੀ (ਮਾਰਚ-ਅਪ੍ਰੈਲ) ਫ਼ਸਲ ਲਈ ਜਾ ਸਕਦੀ ਹੈ ਜੋ ਕਿ ਆਮ ਫ਼ਸਲ ਨਾਲੋਂ ਜ਼ਿਆਦਾ ਝਾੜ ਅਤੇ ਮੁਨਾਫ਼ਾ ਦਿੰਦੀ ਹੈ।

ਖਾਦ ਪ੍ਰਬੰਧਨ: ਪੌਦੇ ਖੇਤ ਵਿਚ ਲਾਉਣ ਸਮੇਂ 10 ਟਨ ਗਲੀ ਸੜੀ ਰੂੜੀ, 55 ਕਿਲੋ ਯੂਰੀਆ, 155 ਕਿਲੋ ਸੁਪਰਫ਼ਾਸਫੇਟ ਅਤੇ 20 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਦੋ ਤੁੜਾਈਆਂ ਪਿਛੋਂ 55 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਫਿਰ ਪਾੳਣੀ ਚਾਹੀਦੀ ਹੈ।

ਸਿੰਚਾਈ: ਪਹਿਲਾ ਪਾਣੀ ਪਨੀਰੀ ਖੇਤ ਵਿਚ ਲਾਉਣ ਤੋਂ ਤੁਰੰਤ ਬਾਅਦ ਲਾਉਣਾ ਚਾਹੀਦਾ ਹੈ। ਗਰਮੀਆਂ ਵਿਚ ਸਿੰਚਾਈ ਦਾ ਵਕਫਾ ਜ਼ਮੀਨ ਦੀ ਕਿਸਮ ਤੇ ਨਿਰਭਰ ਕਰਦਾ ਹੈ । ਫ਼ਸਲ ਨੂੰ ਕੁੱਲ 10-16 ਪਾਣੀਆਂ ਦੀ ਲੋੜ ਪੈਂਦੀ ਹੈ। ਵਧੇਰੇ ਝਾੜ ਲੈਣ ਲਈ ਅਤੇ 50% ਤੱਕ ਪਾਣੀ ਦੀ ਬੱਚਤ ਕਰਨ ਲਈ ਤੁਪਕਾ ਸਿੰਚਾਈ ਵਿਧੀ ਨਾਲ ਸਿੰਚਾਈ ਕਰਨ ਅਤੇ ਮਲਚ ਪਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਸ ਵਿਧੀ ਨਾਲ ਸਿੰਚਾਈ 2 ਦਿਨਾਂ ਦੇ ਅੰਤਰਾਲ ਤੇ ਕੀਤੀ ਜਾਂਦੀ ਹੈ। ਇਸ ਵਿਧੀ ਲਈ ਬੈਂਗਣ ਦੀਆਂ 2 ਕਤਾਰਾਂ 40 ਸੈਂਟੀਮੀਟਰ ਦੇ ਫ਼ਾਸਲੇ ਤੇ ਬਣਾਏ 80 ਸੈਂਟੀਮੀਟਰ ਚੌੜੇ ਬੈੱਡ ਤੇ ਲਗਾਈਆਂ ਜਾਂਦੀਆਂ ਹਨ ਅਤੇ ਕਤਾਰਾਂ ਦੇ ਵਿੱੱਚ ਫ਼ਾਸਲਾ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦੀ ਦੂਰੀ 45 ਸੈਂਟੀਮੀਟਰ ਰੱਖੀ ਜਾਂਦੀ ਹੈ। ਇਹ ਬੈੱਡ 25 ਮਾਈਕਰੋਨ ਦੀ ਮੋਟਾਈ ਵਾਲੀ ਪਲਾਸਟਿਕ (ਚਾਂਦੀ ਰੰਗੀ/ਕਾਲੀ) ਨਾਲ ਢੱਕੇ ਜਾਂਦੇ ਹਨ। ਇਸ ਫ਼ਸਲ ਨੂੰ ਪਾਣੀ ਦੇਣ ਲਈ ਇਕ ਡਰਿਪ ਲੇਟਰਲ ਪ੍ਰਤੀ ਬੈੱਡ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਜੇਕਰ ਲੇਟਰਲ ਉੱਤੇ ਡਰਿਪਰ ਤੋਂ ਡਰਿਪਰ ਦੀ ਦੂਰੀ 30 ਸੈਂਟੀਮੀਟਰ ਅਤੇ ਡਿਸਚਾਰਜ 2.2 ਲਿਟਰ ਪ੍ਰਤੀ ਘੰਟੇ ਦਾ ਹੋਵੇ ਤਾਂ ਅਗਸਤ ਵਿੱਚ ਸਿੰਚਾਈ ਦਾ ਸਮਾਂ 36 ਮਿੰਟ, ਸਤੰਬਰ ਵਿੱਚ 40 ਮਿੰਟ, ਅਕਤੂਬਰ ਵਿੱਚ 60 ਮਿੰਟ ਅਤੇ ਨਵੰਬਰ ਵਿੱਚ 68 ਮਿੰਟ ਰੱਖਣਾ ਚਾਹੀਦਾ ਹੈ।ਜੇ ਡਿਸਚਾਰਜ ਵੱਖਰਾ ਹੋਵੇ ਤਾਂ ਸਿੰਚਾਈ ਦਾ ਸਮਾਂ ਹੇਠ ਦੱਸੇ ਫਾਰਮੂਲੇ ਨਾਲ ਕੱਢਿਆ ਜਾ ਸਕਦਾ ਹੈ:
ਸਮਾਂ = (2.2 × ਸਿੰਚਾਈ ਦਾ ਸਮਾਂ (ਮਿੰਟ)*) × ਡਰਿੱਪਰ ਦੀ ਪਾਣੀ ਕੱਢਣ ਦੀ ਸਮਰੱਥਾ (ਲਿਟਰ ਪ੍ਰਤੀ ਘੰਟਾ)

ਫਰਟੀਗੇਸ਼ਨ: ਤੁਪਕਾ ਸਿੰਚਾਈ ਪ੍ਰਣਾਲੀ ਨਾਲ ਖਾਦਾਂ ਪਾਣੀ ਵਿੱਚ ਘੋਲ ਕੇ ਫ਼ਸਲ ਨੂੰ ਪਾਈਆਂ ਜਾਂਦੀਆਂ ਹਨ। ਇਸ ਵਿਧੀ ਨੂੰ ਫ਼ਰਟੀਗੇਸ਼ਨ ਕਿਹਾ ਜਾਂਦਾ ਹੈ। ਦਰਮਿਆਨੀਆਂ ਜ਼ਮੀਨਾਂ ਲਈ 80 ਕਿਲੋ ਯੂਰੀਆ, 33 ਕਿਲੋ ਮੋਨੋ ਅਮੋਨੀਅਮ ਫ਼ਾਸਫ਼ੇਟ ਅਤੇ 16 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਫ਼ਸਲ ਲਾਉਣ ਦੇ ਪਹਿਲੇ ਹਫ਼ਤੇ ਖਾਦ ਪਾਉਣੀ ਸ਼ੁਰੂ ਕਰਨੀ ਚਾਹੀਦੀ ਹੈ ਅਤੇ 25% ਖਾਦ ਫ਼ਸਲ ਲਾਉਣ ਦੇ ਪਹਿਲੇ ਮਹੀਨੇ ਹਰ ਚੌਥੇ ਦਿਨ 7 ਬਰਾਬਰ ਹਿੱਸਿਆਂ ਵਿੱਚ ਵੰਡ ਕੇ ਪਾਉਣੀ ਚਾਹੀਦੀ ਹੈ। ਬਾਕੀ ਬਚੀ ਖਾਦ ਦੂਜੇ ਮਹੀਨੇ ਤੋਂ ਹਰ ਚੌਥੇ ਦਿਨ 20 ਬਰਾਬਰ ਹਿੱਸਿਆ ਵਿੱਚ ਵੰਡ ਕੇ ਪਾਉਣੀ ਚਾਹੀਦੀ ਹੈ। ਅਜਿਹਾ ਕਰਨ ਨਾਲ 20% ਖਾਦਾਂ ਦੀ ਬੱਚਤ ਹੁੰਦੀ ਹੈ ।

- Advertisement -

ਤੁੜਾਈ, ਸਾਂਭ-ਸੰਭਾਲ ਅਤੇ ਮੰਡੀਕਰਨ: ਜਦੋਂ ਫ਼ਲ ਪੂਰੇ ਆਕਾਰ ਦੇ ਅਤੇ ਨਰਮ ਹੋ ਜਾਣ ਤਾਂ ਭਰ ਮੌਸਮ ਵਿੱਚ ਹਫ਼ਤੇ ਪਿੱਛੋਂ ਤੁੜਾਈ ਕਰਨੀ ਚਾਹੀਦੀ ਹੈ। ਬੈਂਗਣ ਨੂੰ ਗੱਤੇ ਦੀਆਂ ਟਰੇਆਂ ਵਿੱਚ ਰੱਖਣ ਉਪਰੰਤ ਸ਼ਰਿੰਕ ਜਾਂ ਕਲਿੰਗ ਫਿਲਮ ਨਾਲ ਪੈਕ ਕਰਕੇ ਆਮ ਮੰਡੀਆਂ ਵਿੱਚ 7 ਦਿਨਾਂ ਲਈ ਚੰਗੀ ਗੁਣਵੱਤਾ ਨਾਲ ਮੰਡੀਕਰਨ ਕੀਤਾ ਜਾ ਸਕਦਾ ਹੈ ।

Share this Article
Leave a comment