ਕੰਗਨਾ, ਖੱਟਰ ਅਤੇ ਕੇਜਰੀਵਾਲ; ਕਿਸਾਨੀ ਮੁੱਦੇ ਦੀ ਗੱਲਬਾਤ-2

Global Team
4 Min Read

ਜਗਤਾਰ ਸਿੰਘ ਸਿੱਧੂ;

ਕੇਂਦਰ ਸਰਕਾਰ ਵਲੋਂ ਇਕ ਪਾਸੇ ਖੇਤੀ ਮੰਤਰੀ ਸ਼ਿਵ ਰਾਜ ਚੌਹਾਨ ਕਿਸਾਨ ਆਗੂਆਂ ਨਾਲ ਗੱਲਬਾਤ ਕਰ ਰਹੇ ਹਨ ਅਤੇ ਉਸੇ ਸਮੇਂ ਜਿਥੇ ਕੰਗਨਾ ਹਣੌਤ ਵਿਵਾਦਤ ਤਿੰਨ ਖੇਤੀ ਕਾਨੂੰਨਾਂ ਦੇ ਹੱਕ ਵਿਚ ਬਿਆਨ ਦੇਕੇ ਪਿੱਛੇ ਹਟ ਰਹੇ ਹਨ ਉਥੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੰਦੋਲਨਕਾਰੀ ਕਿਸਾਨਾਂ ਨੂੰ ਨਕਲੀ ਕਿਸਾਨ ਆਖ ਰਹੇ ਹਨ। ਅੰਦਾਜਾ ਲਾਇਆ ਜਾ ਸਕਦਾ ਹੈ ਕਿ ਹਰਿਆਣਾ ਦੀ ਚੋਣ ਜਿੱਤਣ ਲਈ ਭਾਜਪਾ ਬਹੁਪੱਖੀ ਨੀਤੀ ਉੱਪਰ ਵੱਲ ਰਹੀ ਹੈ। ਜਿਥੇ ਕਿਸਾਨ ਭਾਜਪਾ ਦਾ ਵਿਰੋਧ ਕਰ ਰਹੇ ਹਨ ਉਥੇ ਭਾਜਪਾ ਹਰਿਆਣਾ ਦੇ ਪੰਜਾਬੀ ਭਾਈਚਾਰੇ ਅਤੇ ਗੈਰ ਕਿਸਾਨੀ ਵਰਗਾਂ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੀ ਸਫਲਤਾ ਦਾ ਪਤਾ ਤਾਂ ਹਰਿਆਣਵੀ ਵੋਟਰਾਂ ਦੇ ਫਤਵੇ ਨਾਲ ਹੀ ਲੱਗੇਗਾ ਪਰ ਭਾਜਪਾ ਲਈ ਹਰਿਆਣਾ ਦੀ ਚੋਣ ਵੱਡੀ ਚੁਣੌਤੀ ਬਣਦੀ ਨਜ਼ਰ ਆ ਰਹੀ ਹੈ।

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੀ ਮੌਜੂਦਾ ਸਥਿਤੀ ਵਿੱਚ ਭਾਜਪਾ ਉੱਤੇ ਕਈ ਪਾਸਿਆਂ ਤੋਂ ਤਿੱਖਾ ਹਮਲਾ ਬੋਲਿਆ ਹੈ। ਇਕ ਪਾਸੇ ਹਰਿਆਣਾ ਦੀਆਂ ਚੋਣਾਂ ਵਿਚ ਭਾਜਪਾ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਖੱਟਰ ਨੂੰ ਨਿਸ਼ਾਨੇ ਤੇ ਲੈਂਦਿਆਂ ਕੇਜਰੀਵਾਲ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਨਕਲੀ ਕਿਸਾਨ ਆਖਣ ਵਾਲੇ ਖੱਟਰ ਆਪ ਨਕਲੀ ਕਿਸਾਨ ਹਨ। ਸਾਬਕਾ ਮੁੱਖ ਮੰਤਰੀ ਹਰਿਆਣਾ ਅੰਦਰ ਗੈਰ ਜਾਟ ਵੋਟਾਂ ਇੱਕਠੀਆਂ ਕਰਨ ਦੀ ਕੋਸ਼ਿਸ਼ ਕਰ ਹਨ ਪਰ ਕੋਈ ਬਹੁਤੀ ਸਫਲਤਾ ਮਿਲਦੀ ਨਜਰ ਨਹੀ ਆ ਰਹੀ ਕਿਉਂ ਜੋ ਭਾਜਪਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਦਾ ਨਜ਼ਰ ਨਹੀਂ ਆ ਰਿਹਾ ਹੈ।

ਆਪ ਦੇ ਸੁਪਰੀਮੋ ਕੇਜਰੀਵਾਲ ਨੇ ਇਸੇ ਮੌਕੇ ਆਰ ਐਸ ਐਸ ਮੁੱਖੀ ਮੋਹਨ ਭਾਗਵਤ ਨੂੰ ਪ੍ਰਧਾਨ ਮੰਤਰੀ ਮੋਦੀ ਬਾਰੇ ਸਵਾਲ ਕਰਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰੇ ਹਨ। ਇੱਕ ਪਾਸੇ ਮੋਦੀ ਨੂੰ ਨਿਸ਼ਾਨੇ ਉੱਤੇ ਲਿਆ ਹੈ ਤਾਂ ਦੂਜੇ ਪਾਸੇ ਆਰ ਐਸ ਐਸ ਆਮ ਲੋਕਾਂ ਵਿਚ ਜਵਾਬਦੇਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਪ ਆਗੂ ਨੇ ਪੱਤਰ ਲਿਖ ਕੇ ਪੁੱਛਿਆ ਹੈ ਕਿ ਕੀ ਭ੍ਰਿਸ਼ਟ ਆਗੂਆਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਦੀ ਨੀਤੀ ਨਾਲ ਆਰ ਐਸ ਐਸ ਸਹਿਮਤ ਹੈ । ਇਹ ਵੀ ਕਿਹਾ ਗਿਆ ਹੈ ਕਿ 75 ਸਾਲ ਦੀ ਉਮਰ ਵਿਚ ਸਿਆਸੀ ਆਗੂ ਦੀ ਸੇਵਾਮੁਕਤੀ ਦੀ ਸੰਘ ਦੀ ਨੀਤੀ ਮੋਦੀ ਉਪਰ ਵੀ ਲਾਗੂ ਹੁੰਦੀ ਹੈ? ਕੇਂਦਰੀ ਏਜੰਸੀਆਂ ਈਡੀ ਅਤੇ ਸੀ ਬੀਆਈ ਵਲੋਂ ਵਿਰੋਧੀਆਂ ਨੂੰ ਡਰਾਉਣ ਧਮਕਾਉਣ ਦੀ ਨੀਤੀ ਨਾਲ ਮੋਹਨ ਭਾਗਵਤ ਸਹਿਮਤ ਹਨ?

- Advertisement -

ਹਰਿਆਣਾ ਅੰਦਰ ਹੀ ਚੋਣਾਂ ਦੇ ਚਲਦਿਆਂ ਭਾਜਪਾ ਨੇ ਕੰਗਨਾ ਵਲੋਂ ਜਿੱਥੇ ਖੇਤੀ ਕਾਨੂੰਨਾਂ ਬਾਰੇ ਦਿੱਤੇ ਬਿਆਨ ਨਾਲੋਂ ਆਪਣਾ ਪੱਲਾ ਝਾੜ ਲਿਆ ਹੈ ਉੱਥੇ ਕੰਗਨਾ ਨੇ ਵੀਡੀਓ ਪਾਕੇ ਖੇਤੀ ਬਾਰੇ ਦਿੱਤੇ ਬਿਆਨ ਦੀ ਸਫਾਈ ਦਿੱਤੀ ਹੈ ਅਤੇ ਆਖਿਆ ਹੈ ਕਿ ਉਨਾਂ ਦਾ ਬਿਆਨ ਭਾਜਪਾ ਦੀਆਂ ਨੀਤੀਆਂ ਨਾਲ ਮੇਲ ਨਹੀਂ ਖਾਂਦਾ ਹੈ। ਉਸ ਨੇ ਕਿਹਾ ਹੈ ਕਿ ਖੇਤੀ ਬਾਰੇ ਬਿਆਨ ਨਾਲ ਕਈਆਂ ਨੂੰ ਨਿਰਾਸ਼ਤਾ ਹੋਈ ਹੈ ਅਤੇ ਇਸ ਦਾ ਉਸ ਨੂੰ ਅਫਸੋਸ ਹੈ। ਕੀ ਪਾਰਟੀ ਦੀ ਪਾਰਲੀਮੈਂਟ ਮੈਂਬਰ ਨੂੰ ਪਾਰਟੀ ਨੀਤੀ ਖਿਲਾਫ ਬਿਆਨ ਦੇਣ ਦਾ ਅਧਿਕਾਰ ਹੈ ? ਕੀ ਭਾਜਪਾ ਦੇ ਬੁਲਾਰੇ ਵਲੋਂ ਬਿਆਨ ਨਾਲੋਂ ਪੱਲਾ ਝਾੜਨ ਦੀ ਗੱਲ ਆਖਣ ਨਾਲ ਸਥਿਤੀ ਸਾਫ ਹੋ ਗਈ ਹੈ? ਪਾਰਲੀਮੈਂਟ ਅੰਦਰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਕੰਗਨਾ ਦੇ ਬਿਆਨ ਬਾਰੇ ਸਵਾਲ ਕੀਤੇ ਹਨ? ਸਵਾਲਾਂ ਦਾ ਸਵਾਲ ਤਾਂ ਇਹ ਹੈ ਕਿ ਹਰਿਆਣਾ ਦੀਆਂ ਚੋਣਾਂ ਦੇ ਸਿਖਰ ਤੇ ਜਾ ਕੇ ਖੱਟਰ ਅਤੇ ਕੰਗਨਾ ਵਲੋਂ ਅੰਦੋਲਨਕਾਰੀ ਕਿਸਾਨਾਂ ਵਿਰੁੱਧ ਕੀਤੀ ਜਾ ਰਹੀ ਬਿਆਨਬਾਜੀ ਕਿਧਰੇ ਭਾਜਪਾ ਅੱਗੇ ਉਸ ਤੋਂ ਵੱਡੇ ਖੱਡੇ ਤਾਂ ਨਹੀਂ ਪੁੱਟ ਰਹੀ ਜਿੰਨੇ ਵੱਡੇ ਖੱਡੇ ਖੱਟਰ ਸਰਕਾਰ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਉਪਰ ਹੀ ਕਿਸਾਨਾਂ ਨੂੰ ਹਰਿਆਣਾ ਵਿੱਚ ਦਿੱਲੀ ਜਾਣ ਲਈ ਦਾਖਲ ਹੋਣ ਤੋਂ ਰੋਕਣ ਲਈ ਸੂਬੇ ਦੀਆਂ ਸੜਕਾਂ ਉੱਤੇ ਪੁੱਟੇ ਸਨ।

ਇਹ ਵੀ ਪੜ੍ਹੋ: ਕਿਸਾਨੀ ਮਸਲਾ ਅਤੇ ਗੱਲਬਾਤ – 1

ਸੰਪਰਕਃ 9814002186

Share this Article
Leave a comment