ਬੇਅਦਬੀ ਦੀਆਂ ਘਟਨਾਵਾਂ: ਵੱਡੀ ਸਾਜਿਸ਼

Rajneet Kaur
4 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਸਾਜਿਸ਼ਘਾੜੇ ਕੌਣ ਹਨ? ਬੇਅਦਬੀ ਦੀਆਂ ਘਟਨਾਵਾਂ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ਼ੁਰੂ ਹੋਈਆਂ ਪਰ ਇੱਕ ਦਿਨ ਪਹਿਲਾਂ ਮੋਰਿੰਡਾਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਵਾਪਰੀ ਮੰਦਭਾਗੀ ਘਟਨਾ ਸਮੇਤ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਬਾਰੇ ਵੀ ਕੋਈ ਦੋ ਰਾਏ ਨਹੀਂ ਕਿ ਸਮਿਆਂ ਦੀਆਂ ਸਰਕਾਰਾਂ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ ਅਤੇ ਦੋਸ਼ੀਆਂ ਨੂੰ ਕਟਿਹਰੇ ਵਿਚ ਲਿਆਉਣ ਦੇ ਵਾਰ-ਵਾਰ ਐਲਾਨ ਕੀਤੇ ਗਏ। ਇਸ ਦੇ ਬਾਵਜੂਦ ਅਕਾਲੀ – ਭਾਜਪਾ ਸਰਕਾਰ ਸਮੇਂ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਲਈ ਅੱਜ 2400 ਪੰਨਿਆਂ ਦੀ ਸਪਲੀਮੈਂਟਰੀ ਚਾਰਜ਼ਸ਼ੀਟ ਕੋਟਕਪੂਰਾ ਗੋਲੀਕਾਂਡ ਨਾਲ ਸੰਬੰਧਿਤ ਦੋ ਮਾਮਲਿਆਂ ਵਿਚ ਫਰੀਦਕੋਟ ਦੀ ਅਦਾਲਤ ਅੰਦਰ ਦਾਖਲ ਕੀਤੀ ਗਈ ਹੈ। ਇਹ ਸਹੀ ਹੈ ਕਿ ਚਾਰਜ਼ਸ਼ੀਟ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਪਰ ਅਪਰਾਧ ਨੂੰ ਲੁਕਾਉਣ ਦੇ ਦੋਸ਼ ਹੇਠ ਧਾਰਾ 119 ਲਗਾਈ ਗਈ ਹੈ। ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਉਪਰ ਸਥਿਤੀ ਨੂੰ ਭੜਕਾਉਣ ਦੇ ਦੋਸ਼ ਹੇਠ ਧਾਰਾ 153 ਲਗਾਈ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਇਰਾਦਾ ਕਤਲ ਦੇ ਦੋਸ਼ ਦੀ ਧਾਰਾ 307 ਲਗਾਈ ਗਈ ਹੈ। ਕੁੱਝ ਹੋਰ ਸਾਬਕਾ ਪੁਲਿਸ ਅਧਿਕਾਰੀਆਂ ਦੇ ਨਾਂ ਵੀ ਇਸ ਚਾਰਜ਼ਸ਼ੀਟ ਵਿਚ ਦਾਖਲ ਹਨ। ਤਕਰੀਬਨ ਇਹ ਸਾਰੇ ਹੀ ਅਧਿਕਾਰੀ ਅਤੇ ਰਾਜਸੀ ਨੇਤਾ ਆਪੋ-ਆਪਣੇ ਮਾਮਲਿਆਂ ਵਿਚ ਜ਼ਮਾਨਤਾਂ ਲੈ ਚੁੱਕੇ ਹਨ। ਅੱਜ ਵੀ ਅਦਾਲਤ ਅੰਦਰ ਪੇਸ਼ੀ ਸੀ ਪਰ ਰਾਜਸੀ ਆਗੂਆਂ ਵਿਚੋਂ ਕੋਈ ਵੀ ਹਾਜ਼ਰ ਨਹੀਂ ਹੋਇਆ ਕਿਉਂ ਜੋ ਉਹ ਜਲੰਧਰ ਦੀ ਲੋਕਸਭਾ ਚੋਣ ਵਿਚ ਰੁੱਝੇ ਹੋਏ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਠੀਕ ਨਹੀਂ ਹੈ ਅਤੇ ਇਲਾਜ ਲਈ ਹਸਪਤਾਲ ਦਾਖਲ ਹਨ। ਇਹ ਮਾਮਲਾ ਕੇਵਲ ਕੋਟਕਪੂਰਾ ਗੋਲੀਕਾਂਡ ਨਾਲ ਜੁੜਿਆ ਹੋਇਆ ਹੈ ਜਦੋਂ ਕਿ ਬਹਿਬਲ ਕਲਾਂ ਗੋਲੀਕਾਂਡ ਬਾਰੇ ਅਜੇ ਚਲਾਨ ਪੇਸ਼ ਹੋਣਾ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਅਦਾਲਤੀ ਮਾਮਲੇ ਅਕਸਰ ਗਵਾਹਾਂ ਸਮੇਤ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਲੰਮੇਂ ਚਲੇ ਜਾਂਦੇ ਹਨ। ਇਸ ਲਈ ਇਸ ਮੁੱਦੇ ਉਪਰ ਨਿਆਂ ਤੇ ਇਨਸਾਫ ਲੈਣ ਲਈ ਸਰਕਾਰ ਤੇ ਨਿਰਭਰ ਕਰੇਗਾ ਕਿ ਕਿਨੀਂ ਸੰਜੀਦਗੀ ਨਾਲ ਅਜਿਹੇ ਕੇਸਾਂ ਦੀ ਪੈਰਵੀ ਕੀਤੀ ਜਾਂਦੀ ਹੈ?

ਇਸ ਬਾਰੇ ਕੋਈ ਦੋ ਰਾਏ ਨਹੀਂ ਕਿ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰਣ ਬਾਰੇ ਅਕਾਲੀ ਲੀਡਰਸ਼ਿਪ ਸਿੱਧੇ ਤੌਰ ’ਤੇ ਪੰਜਾਬੀਆਂ ਦੇ ਸਵਾਲਾਂ ਦੇ ਨਿਸ਼ਾਨੇ ਉਪਰ ਆ ਗਈ। ਇਹ ਹੀ ਕਾਰਨ ਹੈ ਕਿ ਰਾਜਸੀ ਤੌਰ ’ਤੇ ਇਸ ਵੇਲੇ ਅਕਾਲੀ ਦਲ ਬਿਲਕੁਲ ਹਾਸ਼ੀਏ ਉਪਰ ਚਲਾ ਗਿਆ ਹੈ। ਦੂਜੇ ਸਾਬਕਾ ਮੁੱਖ ਮੰਤਰੀਆਂ ਵਿਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਨਿਆਂ ਦਾ ਦਿੱਤਾ ਗਿਆ ਭਰੋਸਾ ਕਿਸੇ ਤਣਪੱਤਣ ਨਹੀਂ ਲੱਗਾ ਤਾਂ ਉਹ ਵੀ ਪੰਜਾਬ ਦੀ ਮੁੱਖ ਰਾਜਸੀ ਲਹਿਰ ਵਿਚੋਂ ਬਾਹਰ ਹੋ ਗਏ। ਅਜਿਹਾ ਹੀ ਵਰਤਾਰਾ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਨਾਲ ਵੀ ਵਾਪਰਿਆ ਹੈ ਕਿਉਂ ਜੋ ਉਸ ਵੱਲੋਂ ਵੀ ਨਿਆਂ ਲਈ ਕੀਤਾ ਵਾਅਦਾ ਸਿਰੇ ਨਹੀਂ ਲੱਗਾ। ਹੁਣ ਮੁੱਖ ਮੰਤਰੀ ਭਗਵੰਤ ਮਾਨ ਲਈ ਵੀ ਇਸ ਮਾਮਲੇ ਨੂੰ ਲੈ ਕੇ ਇਮਤਿਹਾਨ ਦੀ ਘੜੀ ਹੈ। ਮਾਨ ਸਰਕਾਰ ਵੱਲੋਂ ਇੱਕ ਵਾਰ ਤਾਂ ਬਾਦਲਾਂ ਦਾ ਨਾਂ ਚਾਰਜ਼ਸ਼ੀਟ ਵਿਚ ਸ਼ਾਮਿਲ ਕਰਕੇ ਉਹਨਾਂ ਨੂੰ ਕਟਿਹਰੇ ਵਿਚ ਖੜਾ ਕਰ ਦਿੱਤਾ ਹੈ ਪਰ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਮਾਮਲੇ ਵਿਚ ਸਰਕਾਰ ਕਿਹੜੇ ਕਦਮ ਉਠਾਉਂਦੀ ਹੈ।

ਹੁਣ ਮੋਰਿੰਡਾਂ ਦੇ ਇਤਿਹਾਸਕ ਗੁਰਦੁਆਰਾ ਵਿਚ ਇੱਕ ਵਿਅਕਤੀ ਵੱਲੋਂ ਬੇਅਦਬੀ ਦੀ ਵਾਪਰੀ ਮੰਦਭਾਗੀ ਘਟਨਾ ਨੂੰ ਲੈ ਕੇ ਸਿੱਖ ਪੰਥ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਵੱਲੋਂ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਇਸ ਘਟਨਾ ਉਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਹ ਵੀ ਸਵਾਲ ਉਠ ਰਿਹਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਪਿਛੇ ਕਿਹੜੀ ਡੂੰਘੀ ਸਾਜਿਸ਼ ਕੰਮ ਰਹੀ ਹੈ? ਕੀ ਇਸ ਸਥਿਤੀ ਦੇ ਟਾਕਰੇ ਲਈ ਪੰਥਕ ਧਿਰਾਂ ਸਿਰ ਜੋੜ ਕੇ ਕੋਈ ਫੈਸਲਾ ਲੈਣਗੀਆਂ?

- Advertisement -

Share this Article
Leave a comment