ਕਿਸਾਨੀ ਮਸਲਾ ਅਤੇ ਗੱਲਬਾਤ – 1

Global Team
4 Min Read

ਜਗਤਾਰ ਸਿੰਘ ਸਿੱਧੂ;

ਕਿਸਾਨੀ ਸੰਕਟ ਦੇ ਹੱਲ ਲਈ ਅਚਾਨਕ ਵੱਡੀ ਪੱਧਰ ਉੱਪਰ ਸ਼ੁਰੂ ਹੋਏ ਉਪਰਾਲੇ ਜਿਥੇ ਸ਼ੁਭ ਸੰਕੇਤ ਦਿੰਦੇ ਹਨ ਉਥੇ ਹੈਰਾਨੀ ਵੀ ਹੁੰਦੀ ਹੈ। ਕੁਝ ਦਿਨ ਪਹਿਲਾਂ ਦੇਸ਼ ਦੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਦੇ ਆਦੇਸ਼ ਉੱਪਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾ ਦੇ ਖੇਤੀ ਸੰਕਟ ਦੇ ਹੱਲ ਲਈ ਪੰਜ ਖੇਤੀ ਮਾਮਲਿਆਂ ਨਾਲ ਜੁੜੇ ਕੱਦਾਵਰ ਮਾਹਿਰਾਂ ਅਤੇ ਕੁਝ ਸੀਨੀਅਰ ਅਧਿਕਾਰੀਆਂ ਦੀ ਕਮੇਟੀ ਦਾ ਗਠਨ ਕੀਤਾ ਗਿਆ। ਕਮੇਟੀ ਦੇ ਚੇਅਰਮੈਨ ਵੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਤਿਕਾਰਤ ਸਾਬਕਾ ਜੱਜ ਬਣਾਏ ਗਏ ਹਨ ਜੋ ਕਿ ਕਿਸਾਨ ਪਿਛੋਕੜ ਨਾਲ ਹੀ ਜੁੜੇ ਹੋਏ ਹਨ। ਇਸ ਕਮੇਟੀ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਸੁਪਰੀਮ ਕੋਰਟ ਨੂੰ ਆਪਣੀ ਪਹਿਲੀ ਰਿਪੋਰਟ ਕਮੇਟੀ 14 ਅਕਤੂਬਰ ਨੂੰ ਦੇ ਦੇਵੇਗੀ ਅਤੇ ਭਵਿਖ ਵਿਚ ਹੋਰ ਮੀਟਿੰਗਾਂ ਅਤੇ ਕਿਸਾਨਾਂ ਨਾਲ ਮੁਲਾਕਾਤਾਂ ਹੋਣਗੀਆਂ। ਦੋ ਦਿਨ ਪਹਿਲਾਂ ਕੇਂਦਰੀ ਖੇਤੀ ਮੰਤਰੀ ਸ਼ਿਵ ਰਾਜ ਚੌਹਾਨ ਵਲੋਂ ਕਿਸਾਨ ਮਸਲੇ ਦੇ ਹੱਲ ਲਈ ਦੇਸ਼ ਦੇ ਕਿਸਾਨਾਂ ਅਤੇ ਜਥੇਬੰਦੀਆਂ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋ ਗਿਆ ਹੈ। ਐਨ ਇਸੇ ਮੌਕੇ ਉੱਤੇ ਹਿਮਾਚਲ ਤੋਂ ਭਾਜਪਾ ਦੇ ਪਾਰਲੀਮੈਂਟ ਮੈਂਬਰ ਕੰਗਨਾ ਰਣੌਤ ਵਲੋਂ ਕਿਸਾਨ ਮਾਮਲਿਆਂ ਬਾਰੇ ਨਿਵੇਕਲਾ ਬਿਆਨ ਜਾਰੀ ਕਰ ਦਿੱਤਾ ਗਿਆ ਹੈ। ਕੰਗਨਾ ਦਾ ਕਹਿਣਾ ਹੈ ਕਿ ਰੱਦ ਕੀਤੇ ਤਿੰਨ ਖੇਤੀ ਕਾਨੂੰਨ ਕਿਸਾਨਾਂ ਨੂੰ ਬਹਾਲ ਕਰਵਾਉਣੇ ਚਾਹੀਦੇ ਹਨ ਕਿਉਂ ਜੋ ਤਿੰਨੇ ਕਾਨੂੰਨ ਦੇਸ਼ ਦੇ ਕਿਸਾਨ ਦੇ ਭਲੇ ਲਈ ਹਨ। ਕੰਗਨਾ ਦਾ ਕਹਿਣਾ ਹੈ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕੁਝ ਸੂਬਿਆਂ ਦੇ ਥੋੜੇ ਜਿਹੇ ਕਿਸਾਨਾਂ ਵਲੋਂ ਕੀਤਾ ਗਿਆ ਸੀ।ਇਹ ਸਭ ਨੂੰ ਜਾਣਕਾਰੀ ਹੈ ਕਿ ਕੰਗਨਾ ਵਲੋਂ ਕਿਸਾਨਾਂ ਦੇ ਵਿਰੋਧ ਵਿੱਚ ਪਹਿਲਾਂ ਵੀ ਵਿਵਾਦਿਤ ਬਿਆਨ ਦਿੱਤੇ ਜਾ ਚੁੱਕੇ ਹਨ। ਹਾਲਾਂ ਕਿ ਬਿਆਨ ਵਿੱਚ ਰੱਦ ਹੋਏ ਤਿੰਨ ਖੇਤੀ ਕਾਨੂੰਨਾਂ ਦੇ ਚੰਗੇ ਹੋਣ ਬਾਰੇ ਕੋਈ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ ਗਈ।

ਹੁਣ ਇਕੋ ਸਮੇਂ ਕਿਸਾਨਾਂ ਦੀ ਬੇਹਤਰੀ ਲਈ ਤਿੰਨ ਅਵਾਜਾਂ ਉੱਠ ਰਹੀਆਂ ਹਨ। ਕਿਸਾਨ ਕਿਹੜੇ ਪਲੇਟਫਾਰਮ ਕੋਲ ਜਾਏਗਾ? ਸੁਪਰੀਮ ਕੋਰਟ ਦੀ ਕਿਸਾਨਾਂ ਬਾਰੇ ਬਣੀ ਕਮੇਟੀ ਦੀ ਰਿਪੋਰਟ ਦੀ ਉਡੀਕ ਕਰੇਗਾ? ਕੇਂਦਰੀ ਖੇਤੀ ਮੰਤਰੀ ਚੌਹਾਨ ਦੇ ਭਰੋਸੇ ਉੱਪਰ ਕਿਸਾਨ ਭਰੋਸਾ ਕਰੇਗਾ? ਬੀਬੀ ਕੰਗਨਾ ਦਾ ਸੁਝਾਅ ਮੰਨ ਕੇ ਕਿਸਾਨ ਤਿੰਨੇ ਖੇਤੀ ਕਾਨੂੰਨ ਬਹਾਲ ਕਰਨ ਦੀ ਹਮਾਇਤ ਕਰੇਗਾ ਜਿਹੜੇ ਕਾਨੂੰਨ ਰੱਦ ਕਰਵਾਉਣ ਲਈ ਸੈਂਕੜੇ ਕਿਸਾਨਾਂ ਨੂੰ ਸ਼ਹਾਦਤ ਦੇਣੀ ਪਈ? ਇਸ ਦਾ ਜਵਾਬ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਕੋਲੋਂ ਵੀ ਲੈਣਾ ਬਣਦਾ ਹੈ ਕਿ ਕਿਸਾਨ ਦੀ ਬੇਹਤਰੀ ਲਈ ਇਕੋ ਸਮੇਂ ਤਿੰਨ ਰਾਹ ਵਿਖਾਉਣ ਦੇ ਪਿੱਛੇ ਮੰਤਵ ਕੀ ਹੈ?

ਜੇਕਰ ਗੱਲ ਕੇਂਦਰੀ ਖੇਤੀ ਮੰਤਰੀ ਚੌਹਾਨ ਵਲੋਂ ਸ਼ੁਰੂ ਕੀਤੀ ਹਫਤਾਵਾਰ ( ਹਰ ਮੰਗਲਵਾਰ) ਕਿਸਾਨਾਂ ਨਾਲ ਮੁਲਾਕਾਤ ਦੀ ਕੀਤੀ ਜਾਵੇ ਤਾਂ ਮਸਲੇ ਦੇ ਹੱਲ ਲਈ ਜਾਣਕਾਰੀ ਹਾਸਲ ਕਰਨਾ ਚੰਗਾ ਕਦਮ ਹੈ ਪਰ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਹੱਲ ਸਰਕਾਰ ਕਿਸਾਨਾਂ ਦੀ ਮੰਗ ਅਨੁਸਾਰ ਕਰੇਗੀ ਜਾਂ ਸਰਕਾਰੀ ਸਰਵੇ ਦੇ ਢੰਗ ਨਾਲ ਇਹ ਅੰਕੜੇ ਪੇਸ਼ ਕਰ ਦਿਤੇ ਜਾਣਗੇ ਕਿ ਬਹੁਗਿਣਤੀ ਕਿਸਾਨ ਮਸਲੇ ਦਾ ਕੀ ਹੱਲ ਮੰਗਦੇ ਹਨ। ਜਿਹੜੇ ਕੇਂਦਰੀ ਮੰਤਰੀ ਨਾਲ ਮੀਟਿੰਗ ਦੀ ਜਾਣਕਾਰੀ ਆਈ ਹੈ ਉਸ ਹਿਸਾਬ ਨਾਲ ਦੇਸ਼ ਦੇ ਵੱਖ ਵੱਖ ਖੇਤਰਾਂ ਦੇ ਪੰਜਾਹ ਕਿਸਾਨ ਆਗੂਆਂ ਨੇ ਗੱਲਬਾਤ ਵਿੱਚ ਹਿੱਸਾ ਲਿਆ ਹੈ। ਮੀਟਿੰਗ ਦੇ ਵੇਰਵੇ ਹਨ ਕਿ ਕੇਂਦਰੀ ਮੰਤਰੀ ਨੇ ਫਸਲਾਂ ਦੀ ਕੀਮਤ ਤੈਅ ਕਰਨ ਸਮੇਤ ਕਈ ਮੁੱਦਿਆਂ ਬਾਰੇ ਧਿਆਨ ਨਾਲ ਕਿਸਾਨਾਂ ਦਾ ਪੱਖ ਸੁਣਿਆ ਹੈ। ਕਿਸਾਨਾਂ ਦੀ ਖੂਬ ਸ਼ਲਾਘਾ ਹੋਈ ਹੈ।ਇਹ ਵੀ ਜਾਣਕਾਰੀ ਆਈ ਹੈ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਉਪਰ ਮੋਰਚਾ ਲਾ ਕੇ ਬੈਠੇ ਕਿਸਾਨਾਂ ਦਾ ਕੋਈ ਆਗੂ ਮੀਟਿੰਗ ਵਿੱਚ ਨਹੀਂ ਸੀ। ਇਸੇ ਤਰਾਂ ਖੇਤੀ ਮੁੱਦਿਆਂ ਉੱਤੇ ਅੰਦੋਲਨ ਕਰਨ ਵਾਲੇ ਦੂਜੇ ਕਿਸਾਨ ਆਗੂਆਂ ਵਿਚੋਂ ਕੋਈ ਨਾਂ ਸਾਹਮਣੇ ਨਹੀਂ ਆਇਆ। (ਚਲਦਾ)

- Advertisement -

ਸੰਪਰਕਃ 9814002186

Share this Article
Leave a comment