ਜਗਤਾਰ ਸਿੰਘ ਸਿੱਧੂ;
ਪੰਜਾਬ ਦੀਆਂ ਚਾਰ ਜਿਮਨੀ ਚੋਣਾਂ ਲਈ ਭਾਜਪਾ ਮੈਦਾਨ ਵਿੱਚ ਨਿੱਤਰੀ ਹੈ। ਪਾਰਟੀ ਨੇ ਬਰਨਾਲਾ, ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਰ ਚੌਥੀ ਸੀਟ ਚੱਬੇਵਾਲ ਲਈ ਉਮੀਦਵਾਰ ਦਾ ਐਲਾਨ ਅਜੇ ਬਾਕੀ ਹੈ। ਭਾਜਪਾ ਨੇ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਪਾਰਟੀ ਆਪਣੇ ਬਲਬੂਤੇ ਨਾਲ ਪੰਜਾਬ ਦੀ ਰਾਜਨੀਤੀ ਵਿਚ ਪੈਰ ਅਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕਿਸੇ ਵੀ ਹੋਰ ਧਿਰ ਨਾਲ ਸਾਂਝ ਦੀ ਸੰਭਾਵਨਾ ਖਤਮ ਕਰ ਦਿਤੀ ਹੈ। ਪਾਰਟੀ ਵਲੋਂ ਬਰਨਾਲਾ ਲਈ ਕੇਵਲ ਢਿਲੋਂ, ਗਿੱਦੜਬਾਹਾ ਲਈ ਮਨਪ੍ਰੀਤ ਸਿੰਘ ਬਾਦਲ ਅਤੇ ਡੇਰਾ ਬਾਬਾ ਨਾਨਕ ਲਈ ਰਵੀਕਰਨ ਸਿੰਘ ਕਾਹਲੋਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਸ ਤੋਂ ਪਹਿਲਾਂ ਆਪ ਚਾਰ ਉਮੀਦਵਾਰਾਂ ਦਾ ਜਿਮਨੀ ਚੋਣ ਲਈ ਐਲਾਨ ਕਰ ਚੁੱਕੀ ਹੈ।
ਬੇਸ਼ੱਕ ਭਾਜਪਾ ਨੂੰ ਪੰਜਾਬ ਵਿਚ ਕਿਸਾਨੀ ਅੰਦੋਲਨ ਸਣੇ ਕਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਜਿਹੜੇ ਤਿੰਨ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ, ਉਹ ਆਪੋ ਆਪਣੇ ਹਲਕਿਆਂ ਵਿੱਚ ਚੰਗਾ ਅਧਾਰ ਰੱਖਦੇ ਹਨ। ਬਰਨਾਲਾ ਤੋਂ ਕੇਵਲ ਸਿੰਘ ਢਿਲੋਂ ਰਾਜਨੀਤੀ ਵਿਚ ਦਹਾਕਿਆਂ ਤੋ ਚਰਚਿਤ ਚੇਹਰਾ ਹੈ। ਉਹ ਇਸ ਹਲਕੇ ਦੀ ਵਧਾਇਕ ਵਜੋਂ ਪ੍ਰਤੀਨਿਧਤਾ ਕਰਦੇ ਰਹੇ ਹਨ ਅਤੇ ਸਮਾਜਿਕ ਖੇਤਰ ਵਿਚ ਵੀ ਉਨਾਂ ਦਾ ਕੱਦਾਵਰ ਨਾਂ ਹੈ। ਜੇਕਰ ਗਿੱਦੜਬਾਹਾ ਦੀ ਗੱਲ ਕੀਤੀ ਜਾਵੇ ਤਾਂ ਦਹਾਕਿਆਂ ਤੋਂ ਗਿੱਦੜਬਾਹਾ ਅਤੇ ਮਨਪ੍ਰੀਤ ਬਾਦਲ ਦੇ ਨਾਂ ਇਕ ਦੂਜੇ ਨਾਲ ਜੁੜੇ ਹੋਏ ਹਨ। ਅਸਲ ਵਿਚ ਤਾਂ ਆਪਣਾ ਰਾਜਸੀ ਸਫਰ ਹੀ ਮਨਪ੍ਰੀਤ ਬਾਦਲ ਨੇ ਗਿੱਦੜਬਾਹਾ ਦੀ ਜਿਮਨੀ ਚੋਣ ਤੋਂ ਕੀਤਾ ਸੀ। ਇਤਿਫਾਕ ਹੀ ਕਿਹਾ ਜਾ ਸਕਦਾ ਹੈ ਕਿ ਹੁਣ ਭਾਜਪਾ ਵਲੋਂ ਪਹਿਲੀ ਜਿਮਨੀ ਚੋਣ ਲੜਨ ਦਾ ਮੌਕਾ ਵੀ ਮਨਪ੍ਰੀਤ ਬਾਦਲ ਨੂੰ ਮਿਲਿਆ ਹੈ। ਖਾਸ ਤੌਰ ਤੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਗਿੱਦੜਬਾਹਾ ਦੀ ਜਿਮਨੀ ਚੋਣ ਲਈ ਮਨਪ੍ਰੀਤ ਬਾਦਲ ਨੂੰ ਮੈਦਾਨ ਵਿਚ ਉਤਰਿਆ ਸੀ ਤਾਂ ਉਸ ਵੇਲੇ ਸੁਖਬੀਰ ਬਾਦਲ ਦੀ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਹੀ ਨਹੀਂ ਸੀ। ਮਨਪ੍ਰੀਤ ਬਾਦਲ ਨੇ ਉਸ ਵੇਲੇ ਦੇ ਸਖਤ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਂਗਰਸੀ ਉਮੀਦਵਾਰ ਨੂੰ ਹਰਾ ਕੇ ਅਕਾਲੀ ਦਲ ਦੇ ਪੈਰ ਮਜਬੂਤ ਹੋਣ ਦਾ ਸੁਨੇਹਾ ਦਿੱਤਾ ਸੀ। ਡੇਰਾ ਬਾਬਾ ਨਾਨਕ ਰਵੀਕਰਨ ਸਿੰਘ ਕਾਹਲੋਂ ਦਾ ਪਰਿਵਾਰ ਵੀ ਦਹਾਕਿਆਂ ਤੋਂ ਰਾਜਨੀਤੀ ਵਿਚ ਹੈ ਅਤੇ ਉਨਾਂ ਦੇ ਪਿਤਾ ਰਾਜਨੀਤੀ ਅੰਦਰ ਉੱਚੇ ਰੁਤਬਿਆਂ ਤੇ ਰਹੇ ਹਨ। ਭਾਜਪਾ ਨੇ ਬੇਸ਼ਕ ਚੱਬੇਵਾਲ ਲਈ ਐਲਾਨ ਕਰਨਾ ਹੈ ਪਰ ਇੰਨਾਂ ਤਿੰਨ ਸੀਟਾਂ ਲਈ ਵੱਡੇ ਰਾਜਸੀ ਨਾਂ ਤਾਂ ਆਏ ਹਨ ਪਰ ਨਾਲ ਹੀ ਤਿੰਨੇ ਜੱਟ ਸਿੱਖ ਉਮੀਦਵਾਰ ਸਾਹਮਣੇ ਲਿਆਂਦੇ ਹਨ ਜਿਹੜੇ ਕਿ ਪੇਂਡੂ ਖੇਤਰ ਦੇ ਨਾਲ ਨਾਲ ਸ਼ਹਿਰੀ ਖੇਤਰ ਵਿੱਚ ਵੀ ਆਪਣਾ ਪ੍ਰਭਾਵ ਰੱਖਦੇ ਹਨ।
ਭਾਜਪਾ ਨੂੰ ਕਿਸਾਨੀ ਅੰਦੋਲਨ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਤੌਰ ਤੇ ਜਦੋ ਜਿਮਨੀ ਚੋਣ ਹੋ ਰਹੀ ਹੈ ਤਾਂ ਉਸ ਵੇਲੇ ਮੰਡੀਆਂ ਵਿਚ ਝੋਨੇ ਦੀ ਖਰੀਦ ਦਾ ਵੱਡਾ ਮੁੱਦਾ ਬਣਿਆ ਹੋਇਆ ਹੈ ਅਤੇ ਕਿਸਾਨ ਪੰਜਾਬ ਵਿਚ ਰੋਸ ਵਿਖਾਵੇ ਕਰ ਰਹੇ ਹਨ। ਕੇਂਦਰ ਇਸ ਮਸਲੇ ਨੂੰ ਹੱਲ ਕਰਕੇ ਕੀ ਪੰਜਾਬ ਭਾਜਪਾ ਲਈ ਸੁਖ ਦਾ ਸੁਨੇਹਾ ਦੇਵੇਗਾ? ਬਹੁਤ ਕੁਝ ਭਾਜਪਾ ਦੇ ਪੰਜਾਬ ਪ੍ਰਤੀ ਵਤੀਰੇ ਉੱਪਰ ਨਿਰਭਰ ਕਰੇਗਾ।
- Advertisement -
ਮੁਕਾਬਲਿਆਂ ਦੀ ਅਸਲ ਤਸਵੀਰ ਅਗਲੇ ਦਿਨਾਂ ਵਿੱਚ ਸਾਰੀਆਂ ਧਿਰਾਂ ਦੇ ਉਮੀਦਵਾਰ ਮੈਦਾਨ ਵਿਚ ਆਉਣ ਨਾਲ ਹੀ ਸਪਸ਼ਟ ਹੋਵੇਗੀ।
ਸੰਪਰਕ 9814002186