ਗੁਰੂ ਨਾਨਕ ਸਾਹਿਬ ਦਾ ਮਹਿਮਾ ਮੰਡਲ

TeamGlobalPunjab
23 Min Read

ਪ੍ਰੋ, ਪਰਮਜੀਤ ਸਿੰਘ ਢੀਂਗਰਾ

ਗੁਰੂ ਨਾਨਕ ਸਾਹਿਬ ਬ੍ਰਹਿਮੰਡੀ ਪ੍ਰਤਿਭਾ ਦੇ ਮਾਲਕ ਸਨ। ਉਨ੍ਹਾਂ ਦੀ ਕੀਰਤੀ ਦੂਰ ਦੂਰ ਤੱਕ ਫੈਲੀ। ਇਤਿਹਾਸ ਵਿਚ ਦਰਜ ਹੈ ਕਿ ਗੁਰੂ ਜੀ ਦੇ ਆਗਮਨ ਤੋਂ ਪਹਿਲਾਂ ਦਾ ਸਮਾਂ ਬੜਾ ਉਥਲ ਪੁਥਲ ਭਰਿਆ ਸੀ ਤੇ ਉਨ੍ਹਾਂ ਦੇ ਜਨਮ ਨਾਲ ਜਿਵੇਂ ਕੋਈ ਆਲੌਕਿਕ ਵਰਤਾਰਾ ਵਰਤ ਗਿਆ। ਪ੍ਰੋ. ਪ੍ਰੀਤਮ ਸਿੰਘ ਲਿਖਦੇ ਹਨ ਕਿ- ਇਤਿਹਾਸ ਗਵਾਹ ਹੈ ਕਿ ਪੰਜਾਬ ਦੇ ਅਧਿਆਤਮਕ, ਬੌਧਿਕ, ਸਾਹਿਤਕ ਤੇ ਭਾਈਚਾਰਕ ਜੀਵਨ ਵਿਚ ਗੁਰੂ ਨਾਨਕ ਸਾਹਿਬ ਦਾ ਆਗਮਨ ਇਕ ਵੱਡੀ ਘਟਨਾ ਸਿਧ ਹੋਇਆ। ਪੰਜਾਬ ਵਿਚ ਹੀ ਨਹੀਂ, ਸਾਰੇ ਉਤਰੀ ਭਾਰਤ ਵਿਚ, ਬੜੀ ਤੇਜ਼ੀ ਨਾਲ ਆਪਦੀ ਗੁਰਿਆਈ ਦੀ ਮਹਾਨਤਾ ਪਰਵਾਨ ਕਰ ਲਈ ਗਈ ਤੇ ਆਪਦੇ ਉਤਰ ਅਧਿਕਾਰੀ ਗੁਰੂ ਸਾਹਿਬਾਨ, ਪਰਿਵਾਰਕ ਇਤਿਹਾਸਕਾਰਾਂ ਅਰਥਾਤ ਭੱਟਾਂ, ਸਿੱਖ ਸੇਵਕਾਂ ਤੇ ਕਵੀ ਲੋਕਾਂ ਵਲੋਂ ਉਨ੍ਹਾਂ ਦੀ ਮਹਿਮਾ ਦਾ ਭਰਵਾਂ ਗੁਣਗਾਨ ਕੀਤਾ ਗਿਆ। ਉਨ੍ਹਾਂ ਦੇ ਸਮਕਾਲੀਆਂ ਤੋਂ ਲੈ ਕੇ ਪਰਵਰਤੀਆਂ ਤੱਕ ਨੇ ਗੁਰੂ ਨਾਨਕ ਸਾਹਿਬ ਦਾ ਮਹਾਂ ਮਾਨਵ ਬਿੰਬ ਸਿਰਜਣ ਦਾ ਉਪਰਾਲਾ ਕੀਤਾ।

ਅਸਲ ਵਿਚ ਗੁਰੂ ਸਾਹਿਬ ਤੋਂ ਝੱਟ ਪਿਛੋਂ ਉਨ੍ਹਾਂ ਨੂੰ ਪਾਰਬ੍ਰਹਮ ਜਾਂ ਉਹਦਾ ਰੂਪ ਮੰਨਣ ਦਾ ਵਿਚਾਰ ਪ੍ਰਚਲਤ ਹੋ ਗਿਆ ਸੀ। ਉਨ੍ਹਾਂ ਦੇ ਮਹਿਮਾ ਮੰਡਲਾਂ ’ਚੋਂ ਇਹ ਗੱਲ ਨਿਤਰਦੀ ਹੈ ਕਿ ਕਿਵੇਂ ਲੋਕਾਈ ਦੀ ਪੁਕਾਰ ਸਰਬੱਤ ਦੀ ਪੁਕਾਰ ਸੀ ਤੇ ਉਨ੍ਹਾਂ ਦੀ ਬਹੁੜੀ ਸੁਣ ਕੇ ਅਕਾਲ ਪੁਰਖ ਨੇ ਲੋਕਾਈ ਦੇ ਨਿਸਤਾਰੇ ਲਈ ਉਨ੍ਹਾਂ ਨੂੰ ਧਰਤੀ ’ਤੇ ਭੇਜਿਆ। ਕਵੀ ਗੁਰੂ ਨਾਨਕ ਸਾਹਿਬ ਪ੍ਰਤੀ ਪੂਜਾ, ਭਗਤੀ, ਆਦਰ, ਦਾਸਤਾ, ਪ੍ਰੇਮ ਮਈ ਭਾਵਨਾ ਪ੍ਰਗਟ ਕਰਦੇ ਹਨ ਤੇ ਉਨ੍ਹਾਂ ਨੂੰ ਪੈਂਡਿਆਂ ਦਾ ਸੁਆਮੀ, ਇੱਛਾ ਪੂਰਕ ਦਾਤਾ, ਸੁਖ ਦਾਤਾ, ਬ੍ਰਹਮ ਗਿਆਨੀ, ਮੁਕਤੀ ਦਾਤਾ ਤੇ ਪ੍ਰਮੇਸ਼ਵਰ ਦਸਦੇ ਹਨ। ਉਨ੍ਹਾਂ ਦਾ ਦਰਜਾ ਇਸ਼ਟ ਦੇਵਤੇ ਵਾਲਾ ਹੈ। ਕਵੀ ਜਨ ਕੋਈ ਵੀ ਰਚਨਾ ਕਰਦੇ ਹੋਏ ਮੰਗਲ ਦੀ ਪਰੰਪਰਾ ਨਿਭਾਉਂਦੇ ਹਨ। ਇਸ ਮੰਗਲ ਵਿਚ ਭਾਵੇਂ ਉਹ ਮੱਧਕਾਲੀ ਪਰੰਪਰਾ ਅਨੁਸਾਰ ਸਰਸਵਤੀ, ਗਣੇਸ਼ ਜਾਂ ਵਿਸ਼ਨੂੰ ਨੂੰ ਧਿਆਉਂਦੇ ਹਨ ਪਰ ਨਮਸਕਾਰ ਉਹ ਗੁਰੂ ਸਾਹਿਬ ਨੂੰ ਕਰਕੇ ਉਨ੍ਹਾਂ ਅੱਗੇ ਆਪਣੀਆਂ ਸਾਰੀਆਂ ਕਾਮਨਾਵਾਂ, ਇਛਾਵਾਂ, ਮੰਗਾਂ ਲਈ ਪੱਲਾ ਫੈਲਾਉਂਦੇ ਹਨ। ਸਾਰੇ ਦੇਵੀ ਦੇਵਤਿਆਂ ਨਾਲੋਂ ਉਨ੍ਹਾਂ ਦਾ ਵੱਡਾ ਇਤਕਾਦ ਗੁਰੂ ਨਾਨਕ ਸਾਹਿਬ ’ਤੇ ਹੈ।

ਉਨ੍ਹਾਂ ਦੀ ਮਹਿਮਾ ਉਚਾਰਣ ਵਾਲਿਆਂ ਵਿਚ ਹਿੰਦੂ, ਸਿੱਖ, ਉਦਾਸੀ ਸਾਧ, ਅੱਛਣਸ਼ਾਹੀ, ਨਿਰਮਲੇ, ਵਿਰਕਤ ਤੇ ਹੋਰ ਕਈ ਸ਼ਾਖਾਵਾਂ ਦੇ ਸਾਧ-ਸੰਤ ਹਨ। ਗੁਰੂ ਨਾਨਕ ਦੇ ਮਹਿਮਾਕਾਰਾਂ ਵਿਚ ਸਾਧੂ, ਸੰਤਾਂ, ਫਕੀਰਾਂ ਤੋਂ ਇਲਾਵਾ ਰਾਜੇ ਮਹਾਰਾਜੇ, ਗੁਰੂਆਂ ਦੀ ਅੰਸ, ਭੱਲੇ, ਤ੍ਰੇਹਣ, ਬੇਦੀ, ਸੋਢੀ, ਗੁਰੂ ਘਰ ਦੇ ਸ਼ਰਧਾਲੂ, ਵਿਦਵਾਨ, ਪੰਡਿਤ, ਦਰਬਾਰੀ ਕਵੀ, ਕਾਰੋਬਾਰੀ ਤੇ ਇਲਾਕਾਈ ਤੌਰ ’ਤੇ ਪੰਜਾਬੀ, ਸਿੰਧੀ, ਉਤਰ ਪ੍ਰਦੇਸ਼ ਦੇ ਨਿਵਾਸੀ, ਮੱਧ ਪ੍ਰਦੇਸ਼ ਦੇ ਵਸਨੀਕ ਤੇ ਬਿਹਾਰੀ ਕਵੀ ਸ਼ਾਮਲ ਹਨ। ਕਹਿਣ ਦਾ ਭਾਵ ਹੈ ਕਿ ਪੂਰੀ ਲੋਕਾਈ ਗੁਰੂ ਨਾਨਕ ਸਾਹਿਬ ਦੇ ਅਵਤਾਰੀ ਰੂਪ ਦੀ ਸਿਫਤ ਸਲਾਹ ਕਰ ਰਹੀ ਹੈ। ਉਨ੍ਹਾਂ ਨੂੰ ਅਪਰੰਪਾਰ, ਅਕਾਲ ਪੁਰਖ ਦਾ ਸ੍ਰੇਸ਼ਟ ਅਵਤਾਰ, ਗੁਰ ਅਵਤਾਰ ਮੰਨਿਆ ਗਿਆ ਹੈ।

ਇਸ ਜਲਦੀ ਪ੍ਰਿਥਵੀ ਤੇ ਭੁੱਲੀ ਲੋਕਾਈ ਨੂੰ ਸੱਚ ਦਾ ਰਾਹ ਦਿਖਾਉਣ ਲਈ ਉਨ੍ਹਾਂ ਨਾਲ ਕਈ ਵਿਸ਼ੇਸ਼ਣ ਜੋਡ਼ੇ ਗਏ ਹਨ ਜਿਵੇਂ ਗੁਰੂ ਨਾਨਕ ਸਾਹਿਬ ਨਿਰਵੈਰ ਸਨ, ਸੱਚ ਵਿਚ ਸਮਾਏ ਹੋਏ ਸਨ, ਹਰਿ ਨਾਮ ਦੇ ਰਸਿਕ ਸਨ, ਰਾਜ ਜੋਗ ਵਾਲੇ ਸਨ, ਸਹਿਜ ਯੋਗ ਵਾਲੇ ਸਨ, ਅਕਾਲ ਪੁਰਖ ਦੀ ਅਨਿੰਨ ਭਗਤੀ ਕਰਨ ਵਾਲੇ ਸਨ, ਪਰਮ ਗੁਰੂ ਸਨ, ਨਾਮ ਦੇ ਦਾਤੇ, ਉਨ੍ਹਾਂ ਦਾ ਜੱਸ ਚੌਪਾਸੀਂ ਫੈਲ ਗਿਆ, ਵਿਭਿੰਨ ਵਰਣਾਂ, ਜਾਤਾਂ, ਭੇਖਾਂ, ਵਾਲੇ ਉਨ੍ਹਾਂ ਨੂੰ ਇਸ਼ਟ ਮੰਨਦੇ, ਭਾਈ ਗੁਰਦਾਸ ਗੁਰੂ ਜੀ ਦੀਆਂ ਸਿਫਤਾਂ ਕਰਦੇ ਲਿਖਦੇ ਹਨ- ਉਹ ਅਬਿਗਤ ਹਨ, ਅਲਖ ਹਨ, ਅਭੇਵ ਹਨ, ਅਗਮ ਹਨ, ਅਪਾਰ ਹਨ, ਅਨੰਤ ਹਨ, ਗੁਰ ਹਨ, ਸਤਿਗੁਰ ਹਨ, ਪ੍ਰਾਬ੍ਰਹਮ ਹਨ, ਪੂਰਨ ਬ੍ਰਹਮ ਹਨ, ਅਗਾਧਿ ਹਨ, ਸੁੰਨ ਸਮਾਧ ਹਨ, ਅਪਰਮਿਤ ਹਨ, ਅਪਰੰਪਰ ਹਨ –

ਅਬਿਗਤਿ ਅਲਖ ਅਭੇਵ, ਅਗਮ ਅਪਾਰ ਅਨੰਤ ਗੁਰੂ।

ਸਤਿਗੁਰੂ ਨਾਨਕ ਦੇਵ, ਪਾਰਬ੍ਰਹਮ ਪੂਰਨ ਬ੍ਰਹਮ।।

ਅਗਮ ਅਪਾਰ ਅਨੰਤ ਗੁਰ, ਅਬਿਗਤ ਅਲਖ ਅਭੇਵ।

ਪਾਰਬ੍ਰਹਮ ਪੂਰਨ ਬ੍ਰਹਮ, ਸਤਿਗੁਰੂ ਨਾਨਕ ਦੇਵ।।

ਸਤਿਗੁਰੂ ਨਾਨਕ ਦੇਵ, ਦੇਵ ਦੇਵੀ ਸਭ ਧਿਆਵਹਿ।

ਨਾਦ ਬਾਦ ਬਿਸਮਾਦ, ਰਾਗ-ਰਾਗਨਿ ਗੁਨ ਗਾਵਹਿ।

ਸੁੰਨ ਸਮਾਧਿ ਅਗਾਧਿ, ਸਾਧ ਸੰਗਤਿ ਸਪਰੰਪਰ।।

ਅਬਿਗਤ ਅਲਖ ਅਭੇਵ, ਅਗਮ ਅਪਰਮਿਤ ਅਪਰੰਪਰ।।

ਪ੍ਰਸਿਧ ਵਿਦਵਾਨ ਅਨੰਦਘਣ ਉਦਾਸੀ ਗੁਰੂ ਨਾਨਕ ਸਾਹਿਬ ਨੂੰ ਭ੍ਰਮ ਅੰਧ ਕੂਪ ਅਤੇ ਵਾਟ ਜਲ ਕੱਟਣ ਵਾਲਾ ਕਹਿੰਦਾ ਹੈ। ਜਗਨ ਨਾਥ ਸਰਸਵਤੀ ਉਨ੍ਹਾਂ ਨੂੰ ਬਿਖਮ ਤੇ ਸੁਗਮ ਕਰਨ ਵਾਲਾ, ਦਿਆ ਦਾ ਭੰਡਾਰ ਤੇ ਅੰਮ੍ਰਿਤ ਵਰਗੀ ਬਾਣੀ ਦਾ ਰਚੈਤਾ ਮੰਨਦਾ ਹੈ। ਸੰਤ ਗੁਲਾਬ ਸਿੰਘ ਗੁਰੂ ਜੀ ਨੂੰ ਰਾਮ ਚੰਦਰ ਦਾ ਪ੍ਰਤੱਖ ਤੇਜ ਰੂਪ ਮੰਨਦਾ ਹੈ। ਸੰਤ ਰਾਮ ਦਾਸ ਉਨ੍ਹਾਂ ਨੂੰ ਰੰਕ ਨਿਵਾਜ, ਸੰਤ ਸੂਰ, ਦੰਭ, ਕਪਟ, ਛੱਲ ਤੋਂ ਉਪਰ, ਮਨ ਦੇ ਸੰਸੇ ਖਤਮ ਕਰਨ ਵਾਲਾ ਮੰਨਦਾ ਹੈ। ਸੰਤ ਰੇਣ ਉਨ੍ਹਾਂ ਨੂੰ ਉਦਾਰ, ਪੈਜ ਸਵਾਰਨਹਾਰਾ, ਸੰਗਤ ਨੂੰ ਪਾਰ ਉਤਾਰਨ ਵਾਲਾ ਮੰਨਦੇ ਹਨ। ਭਾਈ ਸੰਤੋਖ ਸਿੰਘ ਗੁਰੂ ਨਾਨਕ ਸਾਹਿਬ ਨੂੰ ਭੁਜ ਭਾਰੀ, ਜਗ ਧੁਰੂ, ਕਲੂ ਕੁਮਾਰ ਵਿਸ਼ੇਸ਼ਣਾਂ ਨਾਲ ਸ਼ਰਧਾ ਭੇਟ ਕਰਦੇ ਹਨ। ਹਰ ਕਵੀ ਆਪਣੀ ਭਾਸ਼ਾ ਸਮਰਥਾ ਅਨੁਸਾਰ ਗੁਰੂ ਜੀ ਨੂੰ ਅਕੀਦਤ ਪੇਸ਼ ਕਰ ਰਿਹਾ ਹੈ। ਇਨ੍ਹਾਂ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਦਾ ਜਸ ਕਿਵੇਂ ਲੋਕਾਈ ਵਿਚ ਫੈਲ ਕੇ ਇਕ ਮਹਾਂ ਬਿੰਬ ਦਾ ਰੂਪ ਧਾਰਨ ਕਰ ਗਿਆ ਸੀ।

ਗੁਰੂ ਜੀ ਦਾ ਕੋਈ ਪਾਰਾਵਾਰ ਨਹੀਂ। ਉਹ ਪੂਰਨ ਬ੍ਰਹਮ, ਸਤਿਗੁਰੂ ਤੇ ਪਾਰਬ੍ਰਹਮ ਹਨ। ਜੋ ਅਪਹੁੰਚ ਹੈ, ਜਿਸਦਾ ਪਾਰਾਵਾਰ ਨਹੀਂ, ਜੋ ਬੇਅੰਤ ਹੈ। ਗੌਰਵਮਈ ਹੈ ਉਹ ਪਾਰਬ੍ਰਹਮ ਗੁਰੂ ਨਾਨਕ ਸਾਹਿਬ ਹਨ। ਉਹ ਸਾਰੇ ਨਾਦਾਂ, ਮੱਤ-ਮਤਾਂਤਰਾਂ, ਰਾਗ ਰਾਗਣੀਆਂ ਤੋਂ ਪਰ੍ਹੇ ਹਨ ਏਸੇ ਕਰਕੇ ਸਾਰੇ ਉਨ੍ਹਾਂ ਨੂੰ ਗਾਉਂਦੇ ਹਨ, ਦੇਵੀ, ਦੇਵਤੇ ਉਨ੍ਹਾਂ ਨੂੰ ਧਿਆਂਦੇ ਹਨ। ਉਹ ਸੂਝ ਤੋਂ ਪਰੇ, ਭੇਦ ਵੰਡ ਤੋਂ ਸੁਤੰਤਰ, ਅਪਹੁੰਚ ਤੇ ਗਿਣਤੀਆਂ ਮਿਣਤੀਆਂ ਤੋਂ ਪਰੇ ਹਨ।

ਸਾਧੂ ਜਨ ਗੁਰੂ ਨਾਨਕ ਸਾਹਿਬ ਦੀ ਸਿਫਤ ਕਰਦਾ ਲਿਖਦਾ ਹੈ – ਗੁਰੂ ਨਾਨਕ ਸਾਹਿਬ ਨੇ ਬੇਦੀਆਂ ਦੀ ਕੁਲ ’ਚੋਂ ਹੋ ਕੇ ਵੀ ਆਪਣੇ ਆਪ ਨੂੰ ਨੀਚਾਂ ਤੋਂ ਨੀਚ ਕਹਾਇਆ ਤੇ ਜਗਤ ਨੇ ਉਨ੍ਹਾਂ ਨੂੰ ਸਭਨਾਂ ਤੋਂ ਉਪਰ ਗੁਰੂ ਰੂਪ ਵਿਚ ਪੂਜਿਆ। ਉਨ੍ਹਾਂ ਆਪ ਪ੍ਰਮੇਸ਼ਵਰ ਪ੍ਰਾਪਤ ਕੀਤਾ ਤੇ ਉਹ ਨਿਰੰਕਾਰ ਦੇ ਸਾਰੇ ਭੇਦਾਂ ਤੋਂ ਜਾਣੂੰ ਸਨ। ਧੰਨ ਧੰਨ ਕਹਾਉਣ ਦਾ ਜੱਸ ਉਨ੍ਹਾਂ ਨੇ ਖੱਟ ਲਿਆ। ਬੇਦੀ ਜਾਤ ਦੇ ਖਤਰੀ ਕੁਲ ਦੇ ਨਾਨਕ ਨੇ ਸੰਗਤ ਨੂੰ ਤਾਰਿਆ।

1569 ਵਿਚ ਜਨਮੇ ਗੁਰੂ ਰਾਮ ਦਾਸ ਜੀ ਦੇ ਪੋਤਰੇ ਸੋਢੀ ਮਨੋਹਰ ਦਾਸ ਮਿਹਰਬਾਨ ਨੇ ਆਪਣੇ ਰਚੇ ਗ੍ਰੰਥ ਵਿਚ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰਦਿਆਂ ਲਿਖਿਆ ਹੈ-

ਕਰ ਜੋਰੇ ਪ੍ਰਣਾਮ ਕਰਿ ਧਰੋਂ ਚਰਨ ਪਰ ਸੀਸ।

ਨਾਨਕ ਤੁਮ ਗੁਰਦੇਵ ਜੀ ਪੂਰਨ ਬਿਸੁਏ-ਬੀਸ।।

ਗੁਰੂ ਬਾਬਾ ਨਾਨਕ ਕਰਣਹਾਰੁ ਸੱਚ ਪਰਵਦਿਗਾਰੁ।

ਕਰਿ ਕਰਿ ਕੁਦਰਤ ਦੇਖਦਾ ਅੰਤ ਨ ਪਾਰਾਵਾਰ।।

ਹੱਥ ਜੋੜੀ, ਚਰਨਾਂ ’ਤੇ ਸੀਸ ਧਰ ਕੇ ਨਮਸਕਾਰ ਕਰਦਾ ਹਾਂ ਨਾਨਕ ਜੀ ਤੁਸੀਂ ਵੀਹ ਵਿਸਵੇ ਪੂਰਨ ਗੁਰਦੇਵ ਹੋ, ਤੁਸੀਂ ਆਪ ਤਰਨਹਾਰੇ ਤੇ ਦੂਜਿਆਂ ਨੂੰ ਤਾਰਨਹਾਰੇ ਹੋ ਗੁਰਦੇਵਾਂ ਸਿਰ ਗੁਰਦੇਵ ਹੋ। ਬਾਬਾ ਨਾਨਕ ਜੀ ਸਭ ਕੁਝ ਕਰਨਹਾਰ ਤੇ ਸੱਚੇ ਪਾਲਣਹਾਰ ਹਨ। ਉਨ੍ਹਾਂ ਦੀ ਕੁਦਰਤ ਦਾ ਕੋਈ ਅੰਤ ਪਾਰਾਵਾਰ ਨਹੀਂ।

1642 ਵਿਚ ਰਚੇ ਆਪਣੇ ਗ੍ਰੰਥ ਵਿਚ ਕੇਸ਼ੋ ਦਾਸ ਲਿਖਦਾ ਹੈ- ਤਿੰਨਾਂ ਲੋਕਾਂ ਤੇ ਚੌਦਾਂ ਭਵਨਾਂ ਵਿਚ ਬਾਬਾ ਨਾਨਕ ਹੀ ਗਾਵੀਦਾ ਹੈ। ਲੋਕ ਉਨ੍ਹਾਂ ਦੀ ਓਟ ਤੇ ਆਸਰਾ ਲੈ ਕੇ ਹਰੀ ਦਾ ਨਾਂ ਧਿਆਂਦੇ ਹਨ। ਜਮ ਵੀ ਉਨ੍ਹਾਂ ਕੋਲੋਂ ਥਰ ਥਰ ਕੰਬਦਾ ਹੈ। ਕੇਸ਼ੋ ਦਾਸ ਕਹਿੰਦਾ ਹੈ ਕਿ ਉਹ ਨਾਨਕ ਦੀ ਕਥਾ ਨੂੰ ਛੱਡ ਕੇ ਹੋਰ ਕਿਸੇ ਗੱਲ ਨੂੰ ਨਹੀਂ ਲੋਚਦਾ।

ਭਾਈ ਗੁਰਦਾਸ (ਦੂਜਾ) 1688 ਵਿਚ ਲਿਖਦਾ ਹੈ ਕਿ ਗੁਰੂ ਨਾਨਕ ਦਾ ਭਜਨ ਸਾਰੇ ਦੁਖਾਂ ਦਾ ਨਾਸ਼ ਕਰਨ ਵਾਲਾ ਹੈ। ਮੈਂ ਗੁਰੂ ਦੇ ਚਰਨ ਕੰਵਲਾਂ ਤੋਂ ਬਲਿਹਾਰੀ ਜਾਂਦਾ ਹਾ। ਚੌਰਾਸੀ ਸਿਧ, ਛੇ ਜਤੀ, ਮਹੇਸ਼ਵਰ ਅਥਵਾ ਸ਼ਿਵ ਉਸ ਨੂੰ ਜਪਦੇ, ਉਨ੍ਹਾਂ ਦਾ ਧਿਆਨ ਧਰਦੇ ਹਨ। ਏਸੇ ਕਰਕੇ ਉਹ ਬ੍ਰਹਿਮੰਡ ਦਾ ਨਾਥ ਤੇ ਵਿਸ਼ਵ ਦਾ ਈਸ਼ਵਰ ਹੈ। ਉਹ ਨਿਮਾਣਿਆਂ ਦਾ ਮਾਣ ਤੇ ਮਿੱਤਰ ਹੈ। ਜੱਛ, ਕੱਛ, ਮੱਛ, ਦੇਵਤੇ, ਵਿਸ਼ਨੂੰ ਬ੍ਰਹਮਾ, ਤਪੀਸਰ, ਮੁਨੀ, ਤੁਰਕ ਤੇ ਹਿੰਦੂ ਉਸਨੂੰ ਜਪਦੇ ਹਨ। ਧਰਤੀ ਦੇ ਨੌਂ ਖੰਡ, ਸੱਤ ਦੀਪ ਤੇ ਸੱਤੇ ਸਾਗਰ ਉਹਨੂੰ ਜਪਦੇ ਹਨ। ਕਰੋੜਾਂ ਹੀ ਇੰਦਰ, ਗੰਧਰਵ ਤੇ ਕਰੋੜਾਂ ਦੇਵਤੇ ਉਹਦਾ ਜਾਪ ਕਰਦੇ ਹਨ। ਕਰੋੜਾਂ ਸ਼ੇਸ਼ਨਾਗ, ਗਨੇਸ਼ ਤੇ ਗਿਆਨੀ ਹਾਰ ਕੇ ਨੇਤਿ ਨੇਤਿ ਕਹਿੰਦੇ ਹਨ। ਇਸ ਲਈ ਹੇ ਬੰਦੇ! ਗੁਰੂ ਨਾਨਕ ਦਾ ਜਾਪ ਕਰ ਜੋ ਬ੍ਰਹਿਮੰਡ ਦਾ ਨਾਥ ਤੇ ਵਿਸ਼ਵ ਦਾ ਈਸ਼ਵਰ ਹੈ –

ਗੁਰੂ ਨਾਨਕ ਕ੍ਰਿਪਾਲ ਭਜ ਮਨ ਸਰਬ ਦੂਖ ਬਿਨਾਸਨੰ

ਸ੍ਰੀ ਗੁਰੂ ਚਰਨਕੰਜ ਬਲਿਹਾਰ ਨਾਨਕ ਸਰਬ ਸੂਖ ਨਿਵਾਸਨੰ

ਜਹ ਜਪਤ ਸਿਧ-ਚੌਰਾਸੀ ਖਟਿ ਜਹਿ ਧਯਾਨ ਧਾਰ ਮਹੇਸ਼ਵਰੰ

ਭਜ ਦੀਨ ਬੰਧੂ ਗੁਰਦੇਵ ਨਾਨਕ ਵਿਸ਼ਵਨਾਥ ਵਿਸ਼੍ਵੇਸ਼ਵਰੰ।।

1740 ਵਿਚ ਹੋਇਆ ਦੀਵਾਨ ਸੂਰਤ ਸਿੰਘ ਉਰਦੂ, ਹਿੰਦੀ, ਪੰਜਾਬੀ ਤੇ ਸਿੰਧੀ ਦਾ ਉਘਾ ਕਵੀ ਸੀ। ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰਦਾ ਉਹ ਕਹਿੰਦਾ ਹੈ – ਜਿਸ ਦਾ ਸ਼ਾਹ ਗੁਰੂ ਨਾਨਕ ਹੈ ਉਸ ਨੂੰ ਕਿਸ ਗੱਲ ਦੀ ਪਰਵਾਹ ਹੈ। ਜਿਸਦਾ ਸਾਥੀ ਗੁਰੂ ਹੈ ਉਹ ਰਾਹ ਤੋਂ ਭਟਕ ਕੇ ਕੁਰਾਹੇ ਨਹੀਂ ਪੈ ਸਕਦਾ। ਉਹ ਬਦਕਾਰ ਨੂੰ ਬਖਸ਼ਣ ਵਾਲਾ ਅਤੇ ਭੁਖੇ ਨੰਗੇ ਲਈ ਦਾਤਾ ਹੈ। ਹਰ ਬਿਮਾਰ ਨੂੰ ਰਾਜ਼ੀ ਕਰਨ ਵਾਲਾ ਤੇ ਭੁਲਿਆਂ, ਭਟਕਿਆਂ ਨੂੰ ਰਾਹ ਪਾਉਣ ਵਾਲਾ ਹੈ। ਉਹਦੇ ਜਾਪ ਨਾਲ ਚੋਰ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ। ਬੰਦਾ ਭਵਜਲ ਵਿਚ ਕਦੇ ਨਹੀਂ ਡੁਬਦਾ ਤੇ ਨਾ ਅੱਗ ਉਹਨੂੰ ਸਾੜਦੀ ਹੈ। ਉਹ ਰਾਮ, ਰਹੀਮ, ਪੁਰਾਣ, ਕੁਰਾਨ ਹੈ ਜਿਸਨੂੰ ਹਿੰਦੂ, ਮੁਸਲਮਾਨ ਸਾਰੇ ਜਪਦੇ ਹਨ। ਇੰਦਰ ਦੇ ਦੇਸ਼, ਬ੍ਰਹਮਾ ਦੇ ਦੇਸ਼ ਕੈਲਾਸ਼, ਸ਼ਿਵ ਦੇ ਦੇਸ਼ ਸਭ ਥਾਈਂ ਉਹਦੀ ਧਾਂਕ ਹੈ। ਤੂੰ ਆਦਿ, ਅਨੀਲ, ਅਲਖ, ਅਗਮ ਹੈ। ਸ਼ਾਹਾਂ ਦੇ ਪਾਤਸ਼ਾਹ ਨਾਨਕ ਸ਼ਾਹ ਤੇਰਾ ਨਾਮ ਜਪ ਕੇ ਕਰੋੜਾਂ ਤਰ ਗਏ ਹਨ।

1775 ਈ. ਵਿਚ ਹੋਏ ਸੂਰਤ ਰਾਮ ਉਦਾਸੀ ਨੇ ਲਿਖਿਆ ਹੈ- ਧਰਤੀ ਦੇ ਨੌਂ ਖੰਡ, ਸੱਤ ਸਾਗਰ, ਅਕਾਸ਼, ਪਤਾਲ, ਗਿਣਤੀਆਂ, ਮਿਣਤੀਆਂ ਵਾਲੇ ਦੇਵੀ ਦੇਵਤੇ ਸਭ ਤੈਨੂੰ ਜਪਦੇ ਹਨ। ਜਿਨ੍ਹਾਂ ਦੇ ਸਿਰ ਮੌਤ ਆਈ ਹੈ ਤੇ ਜਿਨ੍ਹਾਂ ਦੇ ਸਿਰੋਂ ਟਲ ਗਈ ਹੈ, ਅਗਨੀ, ਜਪੀ, ਤਪੀ, ਸਿਧ, ਬ੍ਰਹਮਾਦਿਕ, ਵਿਸ਼ਵਨਾਦਿਕ, ਸ਼ਿਵਾਦਿਕ ਸਾਰੇ ਗੁਰੂ ਨਾਨਕ ਦਾ ਨਾਮ ਜਪਦੇ ਹਨ। ਨਾਮ ਜਪਣ ਵਾਲੇ ਭਵ ਸਾਗਰ ਤੋਂ ਤਰ ਜਾਂਦੇ ਹਨ ਤੇ ਜੈ ਜੈ ਕਾਰ ਕਰਦੇ ਹਨ ਕਿ ਗੁਰਦੇਵ ਨਾਨਕ ਪ੍ਰਤੱਖ ਪਾਰਬ੍ਰਹਮ ਹਨ-

ਜਪੈ ਨਉਖੰਡ ਪ੍ਰਿਥਵੀ ਸਪਤ ਸਾਗਰ ਜਪੈ ਅਕਾਸ ਪਤਾਲ ਮਾਨਕ

ਜਪੈ ਸਾਮੀਰ ਅਰ ਮੀਰ ਬੈਸੰਤਰੋ ਜਪੈ ਕੈਲਾਸ ਸੁਮੇਰ ਥਾਨਕ

ਜਪੈ ਬ੍ਰਹਮਾਦਿ ਬਿਸਨਾਦਿ ਰੁਦ੍ਰਾਦਿ ਫੁਨ ਜਪੈ ਸਨਕਾਦਿ ਇੰਦ੍ਰਾਦਿ ਭਾਨਕ

ਸ੍ਰਿਸ਼ਟ ਜਪ ਜਪੈ ਤਰੈ ਸਕਲ ਜੈ ਜੈ ਕਰੇ

ਪ੍ਰਗਟ ਪਾਰਬ੍ਰਹਮ ਗੁਰਦੇਵ ਨਾਨਕ।

ਮਹਿਮਾ ਪ੍ਰਕਾਸ਼ ਦਾ ਰਚਨਹਾਰਾ ਸਰੂਪ ਚੰਦ ਭੱਲਾ ਗੁਰੂ ਅਮਰਦਾਸ ਸਾਹਿਬ ਦੀ ਵੰਸ਼ ਵਿਚੋਂ ਸੀ। ਮੁਕਤ ਕੰਠ ਨਾਲ ਉਹ ਗੁਰੂ ਨਾਨਕ ਸਾਹਿਬ ਦੀ ਉਪਮਾ ਕਰਦਾ ਹੈ –

ਜਾਹਿ ਨਾਨਕ ਨਾਮ ਉਚਾਰ ਹੋਇ ਸਦ ਮੰਗਲ ਤਹਿ ਹੋਏ

ਧੰਨ ਧੰਨ ਸਤਿਗੁਰ ਦਿਆਲ ਭਵਨਿਧ ਤਾਰਨ ਸੋਇ।।

ਦਿਆਲ ਬਰ ਗੁਰੂ ਹਮਾਰਾ ਜਗ ਜਲ ਕਮਲ ਨਯਾਰਾ

ਜਿਨ ਦਾਸ ਪਰਸ ਕੀਨਾ ਹਿਰਦੈ ਪ੍ਰਕਾਸ਼ ਚੀਨਾ

ਮਹਿਬੂਬ ਕੀ ਕਹਾਨੀ ਆਸ਼ਕ ਹੀਏ ਸਮਾਨੀ

ਤਬ ਸੁਰਤ ਸਬਕ ਪਾਗੀ ਅਨਹਦ ਸਮਾਧ ਲਾਗੀ।।

ਸਾਡਾ ਗੁਰੂ ਵੱਡਾ ਦਿਆਲੂ ਹੈ। ਉਹ ਸੰਸਾਰ ਦੇ ਜਲ ਤੋਂ ਕੰਵਲ ਵਾਂਗ ਨਿਖੜਵਾਂ ਹੈ। ਜਿਸ ਸੇਵਕ ਨੇ ਉਹਦੇ ਚਰਨਾਂ ਨੂੰ ਛੋਹ ਲਿਆ ਉਹਦੇ ਅੰਦਰ ਗਿਆਨ ਦਾ ਚਾਣਨ ਹੋ ਗਿਆ। ਪਿਆਰੇ ਦੀ ਕਹਾਣੀ ਪਿਆਰ ਕੁਠਿਆਂ ਦੇ ਮਨ ਵਿਚ ਵਸ ਗਈ। ਸੁਰਤ ਸ਼ਬਦ ਵਿਚ ਜੁੜ ਗਈ ਤੇ ਅਣਮੁੱਕ ਸਮਾਧੀ ਲਗ ਗਈ। ਉਹ ਅੱਗੇ ਲਿਖਦਾ ਹੈ ਕਿ ਕਾਲੇ ਪਹਾੜ ਸਾਰੇ ਸਮੁੰਦਰਾਂ ਵਿਚ ਘੋਲ ਕੇ ਸਿਆਹੀ ਬਣਾ ਲਈਏ। ਸਾਰੀ ਬਨਸਪਤੀ ਤੋਂ ਕਲਮਾਂ ਘੜ ਲਈਏ ਤੇ ਸਾਰੀ ਧਰਤੀ ਕਾਗਜ਼ ਬਣਾ ਲਈਏ। ਬਾਣੀ ਦੀ ਦੇਵੀ ਸਰਸਵਤੀ ਵਰਣਨ ਕਰਨ ਲੱਗੇ ਤੇ ਸਿਧੀ ਵਿਨਾਇਕ ਗਣੇਸ਼ ਲਿਖਣ ਲੱਗ ਪਵੇ ਤਾਂ ਉਹ ਸਾਰੇ ਥਕ ਜਾਣਗੇ ਵਿਚਾਰੇ ਮਨੁੱਖ ਤਾਂ ਕਿਸੇ ਗਿਣਤੀ ਵਿਚ ਨਹੀਂ ਆਉਂਦੇ ਕਿਉਂਕਿ ਗੁਰੂ ਜੀ ਦੀ ਮਹਿਮਾ ਅਪਰੰਪਾਰ ਹੈ। ਜਮਰਾਜ ਗੁਰੂ ਨਾਨਕ ਦੀ ਸ਼ਰਨ ਵਿਚ ਆਉਣ ਵਾਲਿਆਂ ਦੀ ਗਤੀ ਵੇਖ ਕੇ ਸ਼ਰਮਿੰਦਾ ਹੋ ਗਿਆ। ਚਾਰ ਮੂੰਹਾਂ ਵਾਲੇ ਬ੍ਰਹਮਾ, ਪੰਜ ਮੂੰਹਾਂ ਵਾਲੇ ਸ਼ਿਵ ਤੇ ਹਜ਼ਾਰਾਂ ਮੂੰਹਾਂ ਵਾਲੇ ਸ਼ੇਸ਼ਨਾਗ ਹਾਰ ਗਏ, ਗੁਰੂ ਨਾਨਕ ਦੀ ਪ੍ਰਤਿਭਾ ਏਨੀ ਵੱਡੀ ਹੈ ਕਿ ਉਹਦੇ ਚਰਨਾਂ ਦੀ ਉਪਮਾ ਨਾ ਲਿਖੀ ਜਾ ਸਕਦੀ ਹੈ ਨਾ ਕਹੀ ਜਾ ਸਕਦੀ ਹੈ।

ਸੰਤ ਦਾਸ ਛਿੱਬਰ ਦਾ ਰਚਨਾ ਕਾਲ 1777 ਈ. ਹੈ। ਉਹਦੀ ਕਵਿਤਾ ਦੀ ਭਾਸ਼ਾ ਸਰਲ ਸਿਧੀ ਤੇ ਪੌਰਾਣਿਕ ਹਵਾਲਿਆਂ ਨਾਲ ਓਤਪੋਤ ਹੈ। ਉਹ ਗੁਰੂ ਨਾਨਕ ਸਾਹਿਬ ਨੂੰ ਰਾਜੇ ਜਨਕ ਦਾ ਅਵਤਾਰ ਮੰਨਦਾ ਹੈ ਜੋ ਭਗਤ ਦਾ ਰੂਪ ਧਾਰ ਕੇ ਕਲਜੁੱਗ ਦਾ ਨਿਸਤਾਰਾ ਕਰਨ ਆਇਆ ਹੈ। ਉਹਦੇ ਬਰਾਬਰ ਦੂਜਾ ਕੋਈ ਨਹੀਂ। ਉਹ ਆਪ ਨਰਾਇਣ ਨਰ ਹੈ। ਉਹਦੇ ਤੇ ਵਿਸ਼ਨੂੰ ਵਿਚ ਕੋਈ ਅੰਤਰ ਨਹੀਂ। ਭਗਤੀ ਭਾਵ ਕਰਕੇ ਉਹ ਸੰਸਾਰ ਪ੍ਰਸਿਧ ਹੈ –

ਜਨਕ ਰਾਜ ਨਾਨਕ ਅਵਤਾਰਾ

ਭਗਤਿ ਰੂਪ ਧਰਯੋ ਕਰਤਾਰਾ

ਭਗਤਿ ਅਵਤਾਰ ਕਲਜੁੱਗ ਮੈ ਹੋਈ।

ਜਿਹ ਸਮਾਨ ਦੂਆ ਨਹੀਂ ਕੋਈ

ਆਪ ਨਰਾਇਣ ਨਰ ਦੇਹ ਧਰਈ

ਜਿਹ ਲਗ ਸਭ ਜਗ ਭਵਜਲ ਤਰਹੀ।।

ਕਾਲੇ ਘਨੂਪੁਰ ਦਾ ਜੰਮਪਲ ਕਵੀਂ ਸੌਂਧਾ ਨੇ ਆਪਣੀ ਰਚਨਾ 1810 ਈ. ਵਿਚ ਰਚੀ। ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰਦਾ ਉਹ ਦਸਦਾ ਹੈ ਕਿ ਮੱਛ ਤੇ ਕੱਛ ਜਲ ਵਿਚ ਹੀ ਗੁਰੂ ਨਾਨਕ ਸਾਹਿਬ ਨੂੰ ਜਪਦੇ ਹਨ। ਚੰਦ, ਤਾਰੇ ਤੇ ਸੂਰਜ ਨਿੱਤ ਅਕਾਸ਼ ਵਿਚ ਹਰ ਸਵੇਰੇ ਉਨ੍ਹਾਂ ਨੂੰ ਜਪਦੇ ਹਨ। ਵਣਾਂ ਪਰਬਤਾਂ ਵਿਚ ਮੋਰ, ਚਕੋਰ ਜਪਦੇ ਹਨ ਤੇ ਪਤਾਲ ਵਿਚ ਅਨੇਕਾਂ ਨਾਗ ਜਪਦੇ ਹਨ। ਜਿਹਡ਼ਾ ਵੀ ਗੁਰੂ ਨਾਨਕ ਦਾ ਨਾਮ ਮਨ ਨਾਲ ਜਪੇਗਾ ਕਾਲ ਦਾ ਅਜਗਰ ਉਹਦੇ ਨੇਡ਼ੇ ਨਹੀਂ ਆਏਗਾ।
ਕੁਸ਼ਲ ਦਾਸ ਇਕ ਪ੍ਰਸਿਧ ਕਵੀ ਹੋਇਆ ਹੈ ਜਿਸਦਾ ਰਚਨਾ ਕਾਲ 1816 ਈ. ਮੰਨਿਆ ਜਾਂਦਾ ਹੈ। ਉਸਦੀ ਇਕ ਪ੍ਰਸਿਧ ਰਚਨਾ ਹੈ ਸਵੱਈਏ ਉਸਤਤਿ ਸ੍ਰੀ ਸਤਿਗੁਰੂ ਬਾਬੇ ਨਾਨਕ ਜੀ ਕੀ। ਉਹ ਲਿਖਦਾ ਹੈ-

ਤ੍ਰੇਤੇ ਜਨਕ ਜੁ ਭਵਿਓ ਛਿੰਨਵੈ ਕੋਟ ਉਧਾਰੀ।

ਨਰਕਹੁ ਕਾਢੇ ਜਾਇ ਘਟੀ ਕੈ ਭਜਨ ਮੁਰਾਰੀ।

ਕਲਜੁਗਿ ਲੈ ਅਵਤਾਰ ਸਿਖ ਕਰ ਚਰਨ ਲਗਾਏ।

ਕੀਨੋ ਪਰਉਪਕਾਰ ਧਰਮ ਉਪਦੇਸ਼ ਦਿਡ਼ਾਏ।

ਭਾਵ ਤ੍ਰੇਤੇ ਜੁੱਗ ਵਿਚ ਜਦੋਂ ਰਾਜਾ ਜਨਕ ਹੋਇਆ ਤਾਂ ਉਸਨੇ ਛਿਆਨਵੇਂ ਕੋਟਿ ਪਾਪੀ ਨਰਕਾਂ ’ਚੋਂ ਕਢਾਏ। ਆਪਣਾ ਇਕ ਘਡ਼ੀ ਦਾ ਪ੍ਰਭੂ ਦੇ ਭਜਨ ਦਾ ਫਲ ਕੁਰਬਾਨ ਕਰਕੇ ਆਪ ਜਾ ਕੇ ਨਰਕੋਂ ਕਢਾ ਲਿਆਏ, ਕਲਜੁਗ ਵਿਚ ਅਵਤਾਰ ਲੈ ਕੇ ਨਾਨਕ ਦੇ ਰੂਪ ਵਿਚ ਉਨ੍ਹਾਂ ਨੂੰ ਸਿਖ ਬਣਾ ਕੇ ਚਰਨੀਂ ਲਾਇਆ। ਪਰਉਪਕਾਰ ਕੀਤਾ ਤੇ ਧਰਮ ਦਾ ਉਪਦੇਸ਼ ਪੱਕਾ ਕਰਾਇਆ। ਧਰਮ ਸਥਾਨ ਕਾਇਮ ਕਰਕੇ ਕਲਜੁੱਗ ਵਿਚ ਪ੍ਰਭੂ ਦੀ ਮਹਿਮਾ ਪ੍ਰਗਟਾਈ। ਗੁਰੂ ਨਾਨਕ ਪ੍ਰਭੂ ਧੰਨ ਹੈ ਪਰੇ ਤੋਂ ਪਰੇ ਪਰਮ ਤੋਂ ਵੀ ਪਰੇ ਉਹਦੀ ਮਹਿਮਾ ਅਪਰੰਪਾਰ ਹੈ।

ਬਿਧਿ ਦਾਸ ਉਦਾਸੀ ਸਾਧੂ ਸੀ ਜੋ ਉਨੀਂਵੀ ਸਦੀ ਦੇ ਮੁਢਲੇ ਦਹਾਕਿਆਂ ਵਿਚ ਹੋਇਆ। ਉਹ ਗੁਰੂ ਨਾਨਕ ਸਾਹਿਬ ਨੂੰ ਸ਼ਾਖਸਾਤ ਬ੍ਰਹਮਾ, ਬਿਸ਼ਨ ਮਹੇਸ਼ ਦਾ ਰੂਪ ਮੰਨਦੇ ਹਨ। ਉਹ ਵੀ ਪਰਵਰਤੀ ਸਾਧਾਂ ਸੰਤਾਂ ਵਾਂਗ ਨਾਨਕ ਨੂੰ ਰਾਜੇ ਜਨਕ ਦਾ ਅਵਤਾਰ ਤਸੱਵਰ ਕਰਦੇ ਹਨ।

ਗੁਰੂ ਨਾਨਕ ਧਾਰਾ ਅਵਤਾਰਾ। ਨਾਮ ਜਹਾਜ ਰਚਾ ਜਗ ਭਾਰਾ।

ਜੈ ਹੈ ਚਡ਼੍ਹ ਭਵਜਲ ਪਾਰ ਉਤਰਈ। ਸੁਗਮ ਨ ਸਾਧਨ ਕੋਈ ਕਰਈ।

ਗੁਰੂ ਨਾਨਕ ਨੇ ਅਵਤਾਰ ਧਾਰਿਆ। ਸੰਸਾਰ ਨੂੰ ਤਾਰਨ ਲਈ ਨਾਮ ਦਾ ਭਾਰੀ ਜਹਾਜ ਰਚਿਆ। ਜੋ ਚੜ ਜਾਣਗੇ ਭਵ ਸਾਗਰ ਤੋਂ ਪਾਰ ਹੋ ਜਾਣਗੇ। ਇਸ ਤੋਂ ਸੌਖਾ ਸਾਧਨ ਹੋਰ ਕੋਈ ਨਹੀਂ ਕਰਕੇ ਦੇਂਦਾ। ਜਿਹੜੇ ਉਨ੍ਹਾਂ ਦੀ ਸ਼ਰਨ ਆਏ ਉਹ ਸਾਰੇ ਪਾਪਾਂ ਤੋਂ ਮੁਕਤ ਹੋ ਗਏ। ਕਾਲ ਦੇ ਜਾਲ ਮਿਟਾਉਣ ਵਾਲੇ, ਸਿਧੀਆਂ, ਸੰਪਤੀਆਂ ਬਖਸ਼ਣ ਵਾਲੇ ਤੇ ਦੁਨੀਆ ਦੇ ਕਲ, ਕਲੇਸ਼ਾਂ ਨੂੰ ਮੇਟਣ ਵਾਲੇ ਹਨ।

ਬਾਬਾ ਰਾਮ ਦਾਸ ਜਿਸਦਾ ਰਚਨਾ ਕਾਲ ਉਨੀਂਵੀ ਸਦੀ ਹੈ – ਗੁਰੂ ਜੀ ਦੀ ਵਡਿਆਈ ਕਰਦਾ ਲਿਖਦਾ ਹੈ- ਜਦੋਂ ਗੁਰੂ ਨਾਨਕ ਸਾਹਿਬ ਦਾ ਆਉਣਾ ਸੁਣਾਂ ਤੇ ਸੁਆਗਤ ਲਈ ਝੱਟ ਦੌੜਾਂ। ਦਰਸ਼ਨ ਦੇਖ ਕੇ ਬਾਰ ਬਾਰ ਨਮਸਕਾਰ ਕਰਾਂ, ਬੇਨਤੀਆਂ ਕਰਾਂ। ਪਰਿਕਰਮਾ ਕਰਕੇ ਪੈਰੀਂ ਪਵਾਂ, ਚਰਨਾਂ ਦੀ ਧੂੜ ਸਿਰ ਮੱਥੇ ਲਾਵਾਂ, ਉਨ੍ਹਾਂ ਦੇ ਗਲ ਲਈ ਫੁਲਾਂ ਦੀਆਂ ਮਾਲਾਂ ਪਾਵਾਂ। ਆਪਣਾ ਸਿਰ ਵੱਢ ਕੇ ਉਹਦਾ ਸਿੰਘਾਸਣ ਬਣਾਵਾਂ ਤਾਂ ਜੋ ਉਨ੍ਹਾਂ ਤੇ ਜਗਤ ਦਾ ਈਸ਼ਵਰ ਬਿਰਾਜਮਾਨ ਹੋ ਸਕੇ। ਪਿਆਰ ਨਾਲ ਚਰਨ ਧੋਵਾਂ, ਸੋਨੇ ਦੇ ਥਾਲ ਨਾਲ ਆਰਤੀ ਉਤਾਰਾਂ। ਚੋਆ, ਚੰਦਨ, ਕਪੂਰ ਜੁਟਾਵਾਂ, ਕਸਤੂਰੀ, ਮੋਤੀ ਤੇ ਦੀਵੇ ਪੂਰ ਕੇ ਆਰਤੀ ਉਤਾਰਾਂ। ਹੱਥੀਂ ਪ੍ਰੀਤ ਨਾਲ ਪੱਖਾ ਝੁਲਾਵਾਂ। ਕੇਸਾਂ ਨਾਲ ਚੌਰ ਝੁਲਾਵਾਂ। ਦੁਨੀਆ ਭਰ ਦੀਆਂ ਰਸੀਲੀਆਂ ਵਸਤਾਂ, ਮਿਠਾਈਆਂ, ਸੁਗੰਧੀਆਂ ਰਚੀਆਂ, ਪਾਨ, ਸੁਪਾਰੀਆਂ, ਲੌਂਗ ਲੈਚੀਆਂ, ਲਿਆਵਾਂ, ਮੋਤੀਆਂ ਦੀਆਂ ਮਾਲਾਂ, ਕੇਸਰ ਦੇ ਟਿੱਕੇ ਮੱਥੇ ਲਾਵਾਂ, ਦਿਨ ਰਾਤ ਦਰਸ਼ਨ ਕਰਾਂ ਤੇ ਅੱਖਾਂ ਰਾਹੀਂ ਅੰਮ੍ਰਿਤ ਰਸ ਮਾਣਾਂ। ਗੁਰੂ ਜੀ ਨਰ ਤੋਂ ਤਨ ਵਟਾ ਕੇ ਦਿਓਤੇ ਬਣਾ ਦੇਣਗੇ।

ਭਾਈ ਵੀਰ ਸਿੰਘ ਬਲ ਵੀ ਲਗਪਗ ਏਸੇ ਸਮੇਂ ਹੋਇਆ। ਗੁਰੂ ਨਾਨਕ ਸਾਹਿਬ ਦੀ ਮਹਿਮਾ ਗਾਉਂਦਾ ਉਹ ਲਿਖਦਾ ਹੈ- ਕਿ ਮਹਾਂ ਪੁਰਖ ਕਾਲੂ ਦੇ ਘਰ ਗੁਰੂ ਨਾਨਕ ਨਿਰੰਕਾਰ ਦੇ ਰੂਪ ਵਿਚ ਰੂਪਮਾਨ ਹੋਇਆ। ਉਹਦੇ ਘਰ ਨਾਨਕ ਪੁੱਤਰ ਪੈਦਾ ਹੋਇਆ ਜਿਸਦਾ ਨਾਂ ਲਿਆਂ ਜੰਜਾਲ ਟੁੱਟ ਜਾਂਦੇ ਹਨ। ਧਰਤੀ ਦੇ ਨੌਂ ਖੰਡਾਂ ਵਿਚ ਉਸਦੇ ਤੇਜ ਦਾ ਚਾਣਨ ਫੈਲ ਗਿਆ, ਸੁਰਗ, ਪਤਾਲ ਉਹਦਾ ਜਾਪ ਕਰਦੇ ਹਨ। ਨਾਨਕ ਦਾ ਨਾਂ ਇਸ ਸੰਸਾਰ ਵਿਚ ਜੋ ਵੀ ਜਪਦਾ ਹੈ ਨਾਨਕ ਸਦਾ ਉਹਦੀ ਰਖਿਆ ਕਰਦਾ ਹੈ ਤੇ ਸਹਾਈ ਹੁੰਦਾ ਹੈ।

ਉਘੇ ਇਤਿਹਾਸਕਾਰ ਤੇ ਮਹਾਂ ਕਵੀ ਭਾਈ ਸੰਤੋਖ ਸਿੰਘ, ਜਿਨ੍ਹਾਂ ਨੇ ਵੱਡ ਅਕਾਰੀ ਗੁਰ ਪ੍ਰਤਾਪ ਸੂਰਜ ਦੀ ਰਚਨਾ ਕੀਤੀ, ਉਹ ਅਨੇਕਾਂ ਥਾਵਾਂ ’ਤੇ ਗੁਰੂ ਨਾਨਕ ਸਾਹਿਬ ਦੀ ਸਿਫਤ ਸਲਾਹ ਕਰਦਿਆਂ ਉਨ੍ਹਾਂ ਦੇ ਆਲੌਕਿਕ ਰੂਪ ਦਾ ਬਖਾਨ ਕਰਦੇ ਹਨ-

ਹੌਂ ਨਿਕਟ ਬਖਾਨੀ ਇਹ ਬਰ ਬਾਨੀ ਨਾਨਕ ਸਾਨੀ ਅਵਰ ਨਹੀਂ

ਜੋ ਰਘੁਬਰ ਕ੍ਰਿਸ਼ਨਾ ਧਰਿ ਤਨ ਬਿਸ਼ਨਾ ਹੈ ਪਤਿ ਤ੍ਰਿਸ਼ਨਾ ਰੂਪ ਸਹੀ

ਯੁਗ ਪਦ ਅਰਬਿੰਦਾ ਆਨੰਦ ਕੰਦਾ ਸੁਖਦ ਮੁਕੰਦਾ ਅਘ ਦਾਰੀ।

ਜਨ ਕਰੁਨਾ ਕਰਿ ਸਭਿ ਜਗ ਠਾਕੁਰ ਗਯਾਨ ਦਿਵਾਕਰ ਭੁਜ ਭਾਰੀ

ਮੇਰੇ ਇਕ ਨਿਕਟਵਰਤੀ ਨੇ ਇਹ ਵਧੀਆ ਗੱਲ ਕਹੀ ਕਿ ਗੁਰੂ ਨਾਨਕ ਵਰਗਾ ਦੂਸਰਾ ਕੋਈ ਨਹੀਂ। ਉਹ ਰਾਮ ਕ੍ਰਿਸ਼ਨ ਦਾ ਰੂਪ ਧਾਰਨ ਵਾਲਾ ਵਿਸ਼ਨੂੰ ਹੈ ਤੇ ਤ੍ਰਿਸ਼ਨਾ ਅਥਵਾ ਮਾਇਆ ਦਾ ਪਤੀ ਹੈ। ਉਸਦੇ ਦੋਵੇਂ ਚਰਨ ਕੰਵਲ ਅਨੰਦ ਦੀ ਜੜ੍ਹ , ਸੁਖ ਦੇਣ ਵਾਲੇ, ਮੁਕੰਦ, ਪਾਪਾਂ ਨੂੰ ਧੋਣ ਵਾਲੇ ਹਨ। ਉਹ ਸੇਵਕ ’ਤੇ ਤਰਸ ਕਰਨ ਵਾਲਾ ਸਾਰੇ ਜੱਗ ਦਾ ਠਾਕੁਰ ਹੈ, ਗਿਆਨ ਦਾ ਸੂਰਜ ਤੇ ਬਲਵਾਨ ਹੈ।

ਉਨੀਂਵੀ ਸਦੀ ਦੇ ਅੱਧ ਵਿਚ ਰਚਨਾ ਕਰਨ ਵਾਲਾ ਕਵੀ ਬਸੰਤ ਸਿੰਘ ਰਿਤੁਰਾਜ ਬੜੇ ਅਨੋਖੇ ਤੇ ਦਿਲਚਸਪ ਢੰਗ ਨਾਲ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰਦਾ ਲਿਖਦਾ ਹੈ- ਸਤਿਗੁਰੂ ਨਾਨਕ ਦੇ ਦੋਵੇਂ ਚਰਨ ਕਮਲ ਸ਼ਰਨ ਆਇਆਂ ਨੂੰ ਸੁਖ ਦੇਂਦੇ ਹਨ। ਮੈਂ ਦੋਵੇਂ ਹੱਥ ਜੋੜ ਕੇ ਉਨ੍ਹਾਂ ਨੂੰ ਬੰਦਨਾ, ਨਮਸਕਾਰ ਕਰਦਾ ਹਾਂ। ਗੁਰੂ ਨਾਨਕ ਮਿਹਰਾਂ ਦੀ ਪੂੰਜੀ ਤੇ ਬੇਆਸਰਿਆਂ ਦੇ ਆਸਰਾ ਹਨ। ਉਨ੍ਹਾਂ ਦੇ ਦੋਹਾਂ ਚਰਨ ਕਮਲਾਂ ਨੂੰ ਬਾਰ ਬਾਰ ਮਨ ਵਿਚ ਧਾਰਨ ਕਰਨਾ ਅਥਵਾ ਸਿਮਰਨਾ ਚਾਹੀਦੈ। ਸਤਿਗੁਰੂ ਨਾਨਕ ਦੇ ਚਰਨ ਕਮਲਾਂ ਦੀ ਮਹਾਨ ਖੁਸ਼ਬੋਈ ਸਿਰ ’ਤੇ ਧਰਨੀ ਚਾਹੀਦੀ ਹੈ। ਉਨ੍ਹਾਂ ਦੇ ਚਰਨ ਕਮਲਾਂ ਦੀ ਉਪਮਾ ਲਈ ਕੋਈ ਉਪਮਾਨ ਨਹੀਂ। ਉਨ੍ਹਾਂ ਦੀ ਬਾਰ-ਬਾਰ ਬੰਦਨਾ ਕਰਨੀ ਚਾਹੀਦੀ ਹੈ। ਨਮਸਕਾਰ ਕਰਨੀ ਚਾਹੀਦੀ ਹੈ।

ਉਨੀਂਵੀ ਸਦੀ ਦੇ ਅੱਧ ਵਿਚ ਧਰਮ ਸਿੰਘ ਕਵੀ ਗੁਰੂ ਜੀ ਨਾਲ ਜੁੜੀਆਂ ਸਾਖੀਆਂ ਰਾਹੀਂ ਉਨਾਂ ਦੀ ਮਹਿਮਾ ਦਾ ਬਖਾਨ ਕਰਦਾ ਹੈ- ਪੂਰਨ ਬ੍ਰਹਮ ਅਤੇ ਉਦਾਰ ਗੁਰੂ ਨਾਨਕ ਗੁਰਦੇਵ ਹੋ ਗਿਆ ਹੈ। ਸੰਸਾਰ ਤਾਰਨ ਲਈ ਵਿਸ਼ਨੂੰ, ਰਾਮ, ਕ੍ਰਿਸ਼ਨ, ਪ੍ਰਮਾਤਮਾ ਨੇ ਦੇਹ ਧਾਰੀ ਹੈ। ਧਰਤੀ ’ਤੇ ਮਲੇਛਾਂ ਦੇ ਰਾਜ ਨੇ ਦਿਓਤਿਆਂ ਦੇ ਧਾਮ ਵਿਗਾਡ਼ ਦਿਤੇ। ਉਹ ਬ੍ਰਾਹਮਣਾਂ, ਗਊਆਂ, ਗਰੀਬਾਂ ਨੂੰ ਦੁਖ ਦੇਂਦੇ ਹਨ ਤੇ ਨਿਮਾਣੇ ਕੋਮਲ ਪਸ਼ੂਆਂ ਨੂੰ ਮਾਰਦੇ ਹਨ। ਉਨ੍ਹਾਂ ਦੇ ਦੁਖ ਹਰਨ ਲਈ ਵਿਸ਼ਨੂੰ ਨਾਨਕ ਦਾ ਅਵਤਾਰ ਧਾਰ ਕੇ ਆਇਆ ਹੈ ਜਿਸਨੇ ਤ੍ਰੇਤੇ ਜੁੱਗ ਵਿਚ ਰਾਵਣ ਮਾਰਿਆ ਸੀ। ਉਹਨੇ ਮੱਕੇ ਜਾ ਕੇ ਆਪਣੇ ਪੈਰਾਂ ਨਾਲ ਕਾਬਾ ਫੇਰ ਦਿਤਾ ਤੇ ਮਲੇਛਾਂ ਦਾ ਤੇਜ ਘਟਾ ਦਿਤਾ। ਉਹਨੇ ਮਦੀਨੇ ਜਾ ਕੇ ਗੋਸ਼ਟਿ ਕੀਤੀ ਤੇ ਬਲਵਾਨ ਜਿੱਤ ਲਏ। ਉਨ੍ਹਾਂ ਨਾਲ ਬਹਿਸਣ ਵਾਲੇ ਨਿਵਾ ਦਿਤੇ। ਜਦੋਂ ਮੂਰਖਾਂ ਦਾ ਜੋਰ ਨਾ ਚਲਿਆ ਤਾਂ ਉਹ ਹਾਰ ਕੇ ਗੁਰੂ ਜੀ ਦੇ ਲਡ਼ ਲਗ ਗਏ ਸੁਮੇਰ ਪਰਬਤ ’ਤੇ ਉਨ੍ਹਾਂ ਸਿਧਾਂ ਨਾਲ ਗੋਸ਼ਟਿ ਕੀਤੀ। ਉਨ੍ਹਾਂ ਦਾ ਤੇਜ ਦੇਖ ਕੇ ਉਹ ਹਾਰ ਗਏ। ਇੰਜ ਕੁਲ ਲੋਕਾਈ ਨੂੰ ਨਾਨਕ ਨੇ ਸੱਚ ਦਾ ਉਪਦੇਸ਼ ਦੇ ਕੇ ਲੜ ਲਾਇਆ।

ਹੋਰ ਬਹੁਤ ਸਾਰੇ ਕਵੀਆਂ ਨੇ ਗੁਰੂ ਨਾਨਕ ਸਾਹਿਬ ਦਾ ਗੁਣਗਾਨ ਕਰਦਿਆਂ ਲਿਖਿਆ ਹੈ- ਉਹ ਸ਼ੁਧ ਬ੍ਰਹਮ ਹਨ ਜਿਵੇਂ ਅਕਾਲ ਪੁਰਖ ਆਪ ਅਵਤਾਰ ਧਾਰ ਕੇ ਗੁਰੂ ਨਾਨਕ ਦੇ ਰੂਪ ਵਿਚ ਆਇਆ ਹੋਵੇ। ਜਿਵੇਂ ਸੂਰਜ ਤੇ ਅਗਨੀ ਪਾਲੇ ਦਾ ਨਾਸ ਕਰਦੇ ਹਨ ਤਿਵੇਂ ਗੁਰੂ ਨਾਨਕ ਦਾ ਨਾਮ ਮਨ ਦਾ ਹਨੇਰਾ ਮਿਟਾਉਂਦਾ ਹੈ, ਗਿਆਨ ਦਾ ਪ੍ਰਕਾਸ਼ ਦੇਂਦਾ ਹੈ, ਭਰਮਾਂ ਦਾ ਨਾਸ ਮਾਰ ਕੇ, ਨਾਮ ਦਾ ਨਿੱਘ ਦੇਂਦਾ ਹੈ। ਪੂਰਨ ਬ੍ਰਹਮ ਅਤੇ ਉਦਾਰ ਗੁਰੂ ਨਾਨਕ ਗੁਰਦੇਵ ਹੋ ਗਿਆ ਹੈ। ਉਹ ਗਊ-ਗਰੀਬ ਦਾ ਰਾਖਾ ਤੇ ਮਲੇਛਾਂ ਦਾ ਨਾਸ ਕਰਨ ਵਾਲਾ ਹੈ। ਉਹ ਪੂਰੀ ਕਾਇਨਾਤ ਦਾ ਸੁਆਮੀ, ਭਿੰਨ ਭਿੰਨ ਜੋਤਾਂ ਉਸ ਇਕ ਜੋਤ ਵਿਚ ਸਮਾਈਆਂ ਹੋਈਆਂ ਹਨ। ਉਹ ਸੰਸਾਰ ਦਾ ਤਾਰਣਹਾਰਾ ਨਿਰਗੁਣ ਵੀ ਹੈ, ਸਰਗੁਣ ਵੀ ਹੈ। ਸੱਚੀ ਗੱਲ ਕਹਾਂ ਤਾਂ ਗੁਰੂ ਨਾਨਕ ਕੀ ਹੈ, ਕੌਣ ਹੈ, ਇਹ ਗੱਲ ਗੁਰੂ ਨਾਨਕ ਆਪ ਹੀ ਜਾਣਦਾ ਹੈ।
ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਰਾਹੀਂ ਨਿਰੰਕਾਰ ਦੇ ਨਾਮ ਨੂੰ ਦ੍ਰਿੜ੍ਹ ਕਰਾਇਆ ਤੇ ਭੁਲੀ ਭਟਕੀ ਲੋਕਾਈ ਨੂੰ ਬੁਰਾਈਆਂ, ਭੈੜਾਂ, ਕੁਰੀਤੀਆਂ, ਠੱਗੀਆਂ ਤੋਂ ਮੁਕਤ ਕਰਕੇ ਨਿਮਰ ਹੋਣਾ, ਚੰਗੇ ਗੁਣਾਂ ਨੂੰ ਧਾਰਨਾ ਤੇ ਉਸ ਇਕ ਅਕਾਲ ਪੁਰਖ ਦੀ ਵਡਿਆਈ ਕਰਨ ਦੀ ਜਾਚ ਦਸੀ। ਉਨ੍ਹਾਂ ਦਾ ਮੂਲ ਸਿਧਾਂਤ ਹੀ ਇਹੀ ਸੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਅੱਜ ਦੇ ਵਿਕਸਤ ਤੇ ਤਕਨਾਲੌਜੀ ਵਿਚ ਅੰਨ੍ਹੇ ਹੋਏ ਸੰਸਾਰ ਨੂੰ ਨਾਨਕ ਬਾਣੀ ਆਪਣਾ ਅੰਦਰ ਫਰੋਲਣ ਦਾ ਸੱਦਾ ਦੇਂਦੀ ਹੈ। ਆਪਣੇ ਕੋਲ ਬਹਿਣ ਦਾ ਮੌਕਾ ਦੇਂਦੀ ਹੈ। ਆਪਣੇ ਆਪ ਨੂੰ ਜਾਣਨ ਦੀ ਜਾਚ ਸਿਖਾਂਦੀ ਹੈ। ਜਿਵੇਂ ਜਿਵੇਂ ਅਸੀਂ ਕਿਰਤ ਤੋਂ ਦੂਰ ਜਾ ਰਹੇ ਹਾਂ ਤਿਵੇਂ ਤਿਵੇਂ ਪਸ਼ੂ ਬਣ ਰਹੇ ਹਾਂ। ਜਿਵੇਂ ਜਿਵੇਂ ਵੰਡ ਖਾਣ ਦੀ ਪਿਰਤ ਤੋਂ ਮੂੰਹ ਮੋਡ਼ ਰਹੇ ਹਾਂ ਤਿਵੇਂ ਤਿਵੇਂ ਸਮਾਜ ਵਿਚ ਅਸਮਾਨਤਾ ਵਧ ਰਹੀ ਹੈ। ਜਿਵੇਂ ਜਿਵੇਂ ਨਾਮ ਦੀ ਮਹਿਮਾ ਦੇ ਗੁਣਾਂ ਤੋਂ ਪਰੇ ਧੱਕੇ ਗਏ ਹਾਂ ਤਿਵੇਂ ਤਿਵੇਂ ਹਿੰਸਕ, ਖੂੰਖਾਰ ਤੇ ਨੀਚ ਬਿਰਤੀਆਂ ਦੇ ਧਾਰਨੀ ਬਣ ਰਹੇ ਹਾਂ। ਮੱਧ ਕਾਲ ਦੇ ਇਨ੍ਹਾਂ ਕਵੀਆਂ ਦਾ ਮਹਿਮਾ ਸੰਸਾਰ ਸਾਨੂੰ ਗੁਰੂ ਨਾਨਕ ਦੀ ਵਡਿਆਈ ਕਰਨ ਦੇ ਨਾਲ ਨਾਲ ਸੋਚਣ, ਸਮਝਣ ਤੇ ਗਿਆਨ ਦੇ ਪਾਂਧੀ ਬਣਨ ਦਾ ਸੱਦਾ ਵੀ ਦੇਂਦਾ ਹੈ।

Share This Article
Leave a Comment