ਖਹਿਰਾ ਦੀ ਕਾਂਗਰਸ ‘ਚ ਵਾਪਸੀ – ਸਿਆਸੀ ਹਲਕਿਆਂ ਵਿੱਚ ਮੱਚੀ ਵੱਡੀ ਹਲਚਲ

TeamGlobalPunjab
6 Min Read

-ਜਗਤਾਰ ਸਿੰਘ ਸਿੱਧੂ
ਸੀਨੀਅਰ ਪੱਤਰਕਾਰ;

ਪੰਜਾਬ ਦੀ ਰਾਜਨੀਤੀ ਦੇ ਚਰਚਿਤ ਚੇਹਰੇ ਸੁਖਪਾਲ ਖਹਿਰਾ ਵੱਲੋਂ ਆਪਣੇ ਦੋ ਸਾਥੀ ਵਿਧਾਇਕਾਂ ਸਮੇਤ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਨਾਲ ਸੂਬੇ ਦੀ ਰਾਜਨੀਤੀ ‘ਚ ਇਕ ਵਾਰ ਮੁੜ ਨਵੀ ਹਲਚਲ ਮਚ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਹੈਲੀਪੈਡ ‘ਤੇ ਖਹਿਰਾ ਅਤੇ ਉਸ ਦੇ ਦੋ ਸਾਥੀ ਵਿਧਾਇਕਾਂ ਨੂੰ ਕਾਂਗਰਸ ਵਿਚ ਸ਼ਾਮਲ ਹੋਣ ਲਈ ਥਾਪੜਾ ਦਿੱਤਾ। ਇਹ ਦੋਵੇਂ ਵਿਧਾਇਕ ਹਲਕਾ ਮੌੜ ਅਤੇ ਹਲਕਾ ਭਦੌੜ ਤੋਂ ਪਿਛਲੀ ਵਿਧਾਨ ਸਭਾ ਦੀ ਚੋਣ ਵੇਲੇ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਜਿੱਤੇ ਸਨ। ਇਹ ਸਾਰਾ ਕੁਝ ਇੰਨੀ ਕਾਹਲ ਵਿਚ ਹੋਇਆ ਕਿ ਖਹਿਰਾ ਅਤੇ ਉਸ ਦੇ ਸਾਥੀਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਦਾ ਮੌਕਾ ਵੀ ਨਹੀਂ ਮਿਲਿਆ। ਹੈਰਾਨੀ ਦੀ ਗੱਲ ਹੈ ਕਿ ਸੁਖਪਾਲ ਖਹਿਰਾ ਅਤੇ ਉਸ ਦੇ ਸਾਥੀਆਂ ਵੱਲੋਂ ਕਾਂਗਰਸ ਵਿਚ ਸ਼ਾਮਲ ਹੋਣ ਦੀ ਜਾਣਕਾਰੀ ਪਾਰਟੀ ਹਾਈ ਕਮਾਂਡ ਵੱਲੋਂ ਦਿੱਲੀ ਤੋਂ ਜਾਰੀ ਕੀਤੀ ਗਈ।ਇਸ ਨਾਲ ਇਹ ਵੀ ਸ਼ਪਸ਼ਟ ਹੋ ਗਿਆ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਕਹਿਣ ਉੱਤੇ ਹੀ ਪੰਜਾਬ ਦੇ ਇਨ੍ਹਾਂ ਤਿੰਨਾਂ ਆਗੂਆਂ ਨੂੰ ਕਾਂਗਰਸ ਵਿਚ ਦਾਖਲਾ ਮਿਲਿਆ ਹੈ। ਪਾਰਟੀ ਹਲਕਿਆਂ ਅਨੁਸਾਰ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਕੁਝ ਦਿਨ ਪਹਿਲਾਂ ਸੁਖਪਾਲ ਖਹਿਰਾ ਨੂੰ ਨਾਲ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕੀਤੀ ਸੀ। ਰਾਵਤ ਨੇ ਉਸ ਮੀਟਿੰਗ ਵਿਚ ਹੀ ਸਾਫ ਕਰ ਦਿੱਤਾ ਸੀ ਕਿ ਪਾਰਟੀ ਹਾਈ ਕਮਾਂਡ ਖਹਿਰਾ ਅਤੇ ਉਸ ਦੇ ਸਾਥੀਆਂ ਨੂੰ ਕਾਂਗਰਸ ਵਿਚ ਸ਼ਾਮਲ ਕਰ ਰਹੀ ਹੈ।

ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸੁਖਪਾਲ ਖਹਿਰਾ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਨ ਦੇ ਹੱਕ ਵਿਚ ਨਹੀ ਸੀ ਪਰ ਪਾਰਟੀ ਹਾਈ ਕਮਾਂਡ ਦੇ ਕਹਿਣ ਨਾਲ ਉਨ੍ਹਾਂ ਨੇ ਸਹਿਮਤੀ ਦੇ ਦਿੱਤੀ। ਮੁੱਖ ਮੰਤਰੀ ਦੇ ਕਈ ਨਜ਼ਦੀਕੀ ਵਿਧਾਇਕ ਅਤੇ ਮੰਤਰੀ ਵੀ ਖਹਿਰਾ ਨਾਲ ਸਹਿਮਤ ਨਹੀਂ ਹਨ। ਇਹ ਕਿਹਾ ਜਾਂਦਾਂ ਹੈ ਕਿ ਖਹਿਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਵੱਡੇ ਆਲੋਚਕ ਰਹੇ ਹਨ। ਉਨ੍ਹਾਂ ਵੱਲੋ ਕੈਪਟਨ ਦੇ ਨਿਜੀ ਜੀਵਨ ਬਾਰੇ ਟਿਪਣੀਆਂ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਗਿਆ। ਕੈਪਟਨ ਦੇ ਇਕ ਨਜ਼ਦੀਕੀ ਸਾਥੀ ਅਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਉਪਰ ਅਜਿਹੇ ਦੋਸ਼ ਲਗਾਏ ਗਏ ਸਨ ਕਿ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਅਸਤੀਫਾ ਦੇਣਾ ਪੈ ਗਿਆ ਸੀ।

ਸੁਖਪਾਲ ਖਹਿਰਾ ਅਤੇ ਉਸ ਦੇ ਸਾਥੀਆ ਵੱਲੋਂ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਰਾਜਸੀ ਆਗੂਆਂ ਦੀ ਮੌਕਾਪ੍ਰਸਤੀ ਉਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।ਸੁਖਪਾਲ ਖਹਿਰਾ ਨੇ ਪਿਛਲੀ ਵਿਧਾਨ ਸਭਾ ਦੀ ਚੋਣ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਜਿਤੀ ਸੀ। ਆਪ ਵੱਲੋਂ ਖਹਿਰਾ ਨੂੰ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਬਣਾਇਆ ਗਿਆ ਸੀ। ਬਾਅਦ ਵਿਚ ਆਪ ਦੇ ਸੁਪਰੀਮੋ ਕੇਜਰੀਵਾਲ ਨਾਲ ਮੱਤਭੇਦ ਪੈਦਾ ਹੋ ਗਏ ਅਤੇ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਜਦੋਂ ਖਹਿਰਾ ਨੇ ਕੇਜਰੀਵਾਲ ਵਿਰੁਧ ਬੋਲਣਾ ਸ਼ੁਰੂ ਕੀਤਾ ਤਾਂ ਉਸ ਨੂੰ ਪਾਰਟੀ ਵਿਚੋਂ ਸਸਪੈਂਡ ਕਰ ਦਿੱਤਾ ਗਿਆ। ਇਸ ਤਰ੍ਹਾਂ ਖਹਿਰਾ ਆਪਣੀ ਪਾਰਟੀ ਬਣਾਉਣ ਸਮੇਤ ਵੱਖ-ਵੱਖ ਰਾਜਸੀ ਪਾਰਟੀ ਵਿਚ ਸ਼ਾਮਲ ਹੋਣ ਦਾ ਤਜ਼ਰਬਾ ਪਹਿਲਾ ਵੀ ਕਰ ਚੁੱਕੇ ਹਨ। ਖਹਿਰਾ ਵੱਲੋਂ ਪੰਜਾਬ ਦੇ ਕਈ ਛੋਟੇ ਰਾਜਸੀ ਧੜਿਆਂ ਨਾਲ ਵੀ ਮੀਟਿੰਗਾਂ ਕੀਤੀਆਂ ਗਈਆ ਪਰ ਆਖਰ ਵਿਚ ਉਹ ਕਾਂਗਰਸ ਪਾਰਟੀ ਅੰਦਰ ਦਾਖਲਾ ਲੈਣ ਵਿਚ ਕਾਮਯਾਬ ਹੋ ਗਏ।

- Advertisement -

ਖਹਿਰਾ ਦੇ ਵਿਰੋਧੀਆ ਵੱਲੋ ਇਹ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਆਪ ਵਿਚ ਰਹੇ ਖੁਦਮੁਖ਼ਤਿਆਰੀ ਦੀ ਗੱਲ ਕਰਨ ਵਾਲੇ ਖਹਿਰਾ ਦਾ ਹੁਣ ਕੀ ਬਣੇਗਾ?

ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮੁੱਦੇ ਉੱਤੇ ਨਿਆਂ ਦੀ ਲੜਾਈ ਦਾ ਦਾਅਵਾ ਕਰਨ ਵਾਲਾ ਖਹਿਰਾ ਕੀ ਹੁਣ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾ ਦੂਆ ਸਕੇਗਾ? ਇਸ ਮਾਮਲੇ ਨੂੰ ਲੈ ਕੇ ਖਹਿਰਾ ਬਰਗਾੜੀ ਦੇ ਧਰਨੇ ਵਿਚ ਵੀ ਸ਼ਾਮਲ ਹੁੰਦੇ ਰਹੇ ਹਨ। ਇਹ ਜ਼ਰੂਰ ਹੈ ਕਿ ਖਹਿਰਾ ਨੂੰ ਹੁਣ ਆਪ ਅਤੇ ਅਕਾਲੀ ਦਲ ਦੇ ਵਿਰੱਧ ਬੋਲਣ ਲਈ ਕਾਂਗਰਸ ਦਾ ਵੱਡਾ ਪਲੇਟਫਾਰਮ ਮਿਲ ਗਿਆ ਹੈ। ਖਹਿਰਾ ਇਹ ਵੀ ਆਖ ਰਹੇ ਹਨ ਕਿ ਉਹ ਕਾਂਗਰਸ ਅੰਦਰ ਜਾ ਕੇ ਵੀ ਆਪਣੇ ਮੁਦਿਆਂ ਨੂੰ ਪੂਰਾ ਕਰਨ ਲਈ ਗੱਲ ਕਰਦੇ ਰਹਿਣਗੇ। ਬੇਅਦਬੀ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਅੰਦਰ ਇਕ ਧੜਾ ਪਹਿਲਾ ਹੀ ਬਾਦਲਾਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਿਹਾ ਹੈ। ਇਸ ਤਰ੍ਹਾਂ ਖਹਿਰਾ ਨੂੰ ਇਸ ਮਾਮਲੇ ਵਿਚ ਗੱਲ ਕਰਨ ਲਈ ਕਾਂਗਰਸ ਪਾਰਟੀ ਦੇ ਅੰਦਰੋਂ ਵੀ ਹਮਾਇਤ ਮਿਲੇਗੀ।
ਦੂਜੇ ਪਾਸੇ ਆਮ ਆਦਮੀ ਪਾਰਟੀ ਖਹਿਰਾ ਦੀ ਕਾਂਗਰਸ ਵਿਚ ਸ਼ਾਮਲ ਹੋਣ ਦੀ ਕਾਰਵਾਈ ਨੂੰ ਸਿਰੇਂ ਦੀ ਮੌਕਾਪ੍ਰਸਤੀ ਦਸ ਰਹੀ ਹੈ। ਆਪ ਦਾ ਕਹਿਣਾ ਹੈ ਉਹਨਾਂ ਨੇ ਪਹਿਲਾਂ ਹੀ ਖਹਿਰਾ ਨੂੰ ਪਾਰਟੀ ਤੋਂ ਵੱਖ ਕਰ ਦਿਤਾ ਹੈ ਅਤੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਆਪ ਨੂੰ ਕੋਈ ਫਰਕ ਨਹੀਂ ਪਏਗਾ। ਰਾਜਸੀ ਹਲਕਿਆਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਨੂੰ ਖਹਿਰਾ ਦੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਚਾਹੇ ਕੋਈ ਖਾਸ ਫਾਇਦਾ ਨਾ ਹੋਵੇ ਪਰ ਕਾਂਗਰਸ ਪਾਰਟੀ ਨੂੰ ਵਿਧਾਨ ਸਭਾ ਚੋਣਾ ਤੋਂ ਪਹਿਲਾ ਇਕ ਚਰਚਿਤ ਰਾਜਸੀ ਨੇਤਾ ਮਿਲ ਗਿਆ ਹੈ। ਖਹਿਰਾ ਦਾ ਖਾਸ ਤੌਰ ‘ਤੇ ਪੰਜਾਬ ਦੇ ਨੌਜਵਾਨਾਂ ਉਪਰ ਵੀ ਪ੍ਰਭਾਵ ਹੈ।

ਕਾਂਗਰਸ ਪਾਰਟੀ ਨੂੰ ਨਵਜੋਤ ਸਿੱਧੂ ਤੋਂ ਇਲਾਵਾ ਅਕਾਲੀ ਦਲ ‘ਤੇ ਤਿੱਖੇ ਹਮਲੇ ਕਰਨ ਵਾਲਾ ਇਕ ਹੋਰ ਰਾਜਸੀ ਚਿਹਰਾ ਮਿਲ ਗਿਆ ਹੈ। ਇਹ ਸਵਾਲ ਅਜੇ ਬਰਕਰਾਰ ਰਹੇਗਾ ਕਿ ਕੀ ਖਹਿਰਾ ਹੁਣ ਆਪ ਦੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣਗੇ ਅਤੇ ਭੁਲੱਥ ਹਲਕੇ ਵਿਚ ਵਿਧਾਨ ਸਭਾ ਦੀ ਉਪ ਚੋਣ ਹੋਏਗੀ?

ਸੰਪਰਕ-9814002186

Share this Article
Leave a comment