ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 16ਵਾਂ ਰਾਗ ਬਿਲਾਵਲ – ਡਾ. ਗੁਰਨਾਮ ਸਿੰਘ

TeamGlobalPunjab
9 Min Read

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ -16

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 16ਵਾਂ ਰਾਗ ਬਿਲਾਵਲ

*ਗੁਰਨਾਮ ਸਿੰਘ (ਡਾ.)

ਬਿਲਾਵਲ  ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਕ੍ਰਮ ਵਿਚ ਸੋਲਵੇਂ ਸਥਾਨ ’ਤੇ ਅੰਕਿਤ ਕੀਤਾ ਗਿਆ ਹੈ। ਇਹ ਰਾਗ ਭਾਰਤੀ ਸੰਗੀਤ ਅਤੇ ਗੁਰਮਤਿ ਸੰਗੀਤ ਪਰੰਪਰਾ ਦਾ ਪ੍ਰਮੁਖ ਤੇ ਪ੍ਰਸਿੱਧ ਰਾਗ ਹੈ। ਬਿਲਾਵਲ ਦੇ ਸ਼ਾਬਦਿਕ ਅਰਥ ਖੁਸ਼ੀ, ਪ੍ਰਸੰਨਤਾ ਅਤੇ ਮੰਗਲ ਮੰਨੇ ਗਏੇ ਹਨ। ਇਸ ਰਾਗ ਵਿੱਚ ਸਮੂਹ ਗੁਰੂ ਸਾਹਿਬਾਨ ਨੇ ਬਾਣੀ ਉਚਾਰੀ ਹੈ, ਜਿਸ ਤੋਂ ਇਸ ਰਾਗ ਦਾ ਭਰਪੂਰ ਪ੍ਰਚਲਨ ਤੇ ਲੋਕਪ੍ਰਿਯਤਾ ਪ੍ਰਤੱਖ ਹੈ। ਬਿਲਾਵਲ ਰਾਗ ਦੀ ਮਹੱਤਵ ਸਬੰਧੀ ਗੁਰੂ ਅਮਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੮੪੯ ’ਤੇ ਇਸ ਰਾਗ ਸਬੰਧੀ ਫੁਰਮਾਇਆ ਹੈ ਕਿ ਬਿਲਾਵਲੁ ਰਾਗ ਉਦੋਂ ਹੀ ਗਾਉਣਾ ਚਾਹੀਦਾ ਹੈ ਜਦੋਂ ਮੁਖ ’ਤੇ ਪਰਮੇਸ਼ਰ ਨਾਮ ਹੋਵੇ। ਗੁਰੂ ਰਾਮਦਾਸ ਜੀ  ਨੇ ਵੀ ਆਪਣੀ ਬਾਣੀ ਵਿਚ ਇਸ ਰਾਗ ਸੰਬੰਧੀ ਉਲੇਖ ਕੀਤਾ ਹੈ ਕਿ ਬਿਲਾਵਲ ਰਾਗ ਦਾ ਗਾਇਨ ਦੁਆਰਾ ਉਸ ਸਰਵਉੱਚ ਹਰੀ ਪ੍ਰਭੂ ਦੀ ਸਿਫਤ-ਸਲਾਹ ਕਰਨੀ ਚਾਹੀਦੀ ਹੈ।

ਗੁਰੂ ਕਾਲ ਦੇ ਸਮਕਾਲੀ ਭਾਰਤੀ ਸੰਗੀਤ ਗ੍ਰੰਥਾਂ ਵਿਚੋਂ ‘ਸੰਗੀਤ ਰਤਨਾਕਰ’ ਵਿਚ ‘ਵੇਲਾਵਲੀ’ ਦਾ ਉਲੇਖ ਪ੍ਰਾਪਤ ਹੁੰਦਾ ਹੈ। ਬਿਲਾਵਲ ਰਾਗ ਦਾ ਉਲੇਖ ਮੱਧ ਕਾਲ ਦੇ ਗ੍ਰੰਥਾਂ ਵਿਚ ਅਕਸਰ ਮਿਲਦਾ ਹੈ। ਸੰਸਕ੍ਰਿਤ ਦੇ ਗ੍ਰੰਥਾਂ ਵਿਚ ਇਸ ਦਾ ਨਾਂ ‘ਵੇਲਾਵਲੀ’, ‘ਵਿਲਾਵਲੀ’, ‘ਬਿਲਾਵਲੀ’ ਆਦਿ ਵੀ ਮਿਲਦਾ ਹੈ। ਕੁਝ ਸੰਗੀਤਕਾਰ ਵਿਦਵਾਨ ਇਸ ਨੂੰ ਰਾਗ ਰਾਗਣੀ ਪੱਧਤੀ ਅਨੁਸਾਰ ਰਾਗਣੀ ਮੰਨਦੇ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਨੂੰ ‘ਰਾਗ ਬਿਲਾਵਲ’ ਦੇ ਨਾਂ ਨਾਲ ਹੀ ਅੰਕਿਤ ਕੀਤਾ ਗਿਆ ਹੈ।

- Advertisement -

ਰਾਗ ਬਿਲਾਵਲ ਥਾਟ ਬਿਲਾਵਲ ਦਾ ਆਸ਼ਰਿਯ ਰਾਗ ਹੈ। ਇਹ ਸ਼ੁੱਧ ਸੁਰਾਂ ਦਾ ਰਾਗ ਹੈ ਪਰ ਕਈ ਵਾਰ ਧੈਵਤ ਸੁਰ ਦੇ ਸੰਯੋਗ ਨਾਲ ਕੋਮਲ ਨਿਸ਼ਾਦ ਅਲਪ ਕਣ ਰੂਪ ਵਿਚ ਪ੍ਰਯੋਗ ਕੀਤਾ ਜਾਂਦਾ ਹੈ। ਕੁਝ ਸੰਗੀਤ ਵਿਦਵਾਨ ਇਸ ਨੂੰ ਸਵੇਰ ਦਾ ਕਲਿਆਣ ਵੀ ਕਹਿੰਦੇ ਹਨ। ਬਿਲਾਵਲ ਰਾਗ ਵਿਚ ਵਾਦੀ ਧੈਵਤ ਅਤੇ ਸੰਵਾਦੀ ਗੰਧਾਰ ਹੋਣ ਕਾਰਨ ਇਸ ਨੂੰ ਉਤਰਾਂਗਵਾਦੀ ਰਾਗ ਮੰਨਿਆ ਜਾਂਦਾ ਹੈ। ਕੁਝ ਵਿਦਵਾਨ ਇਸ ਰਾਗ ਦੀ ਜਾਤੀ ਸੰਪੂਰਨ, ਕੁਝ ਸ਼ਾੜਵ-ਸੰਪੂਰਨ ਅਤੇ ਕੁਝ ਸ਼ਾੜਵ-ਵਕਰ ਸੰਪੂਰਨ ਮੰਨਦੇ ਹਨ। ਇਸ ਰਾਗ ਦੇ ਆਰੋਹ ਵਿਚ ਮਧਿਅਮ ਸੁਰ ਆਮ ਤੌਰ ਤੇ ਵਰਜਿਤ ਕੀਤਾ ਜਾਂਦਾ ਹੈ ਅਤੇ ਅਵਰੋਹ ਵਿਚ ਵਕਰ ਰੂਪ ਨਾਲ ਸੱਤ ਸੁਰ ਪ੍ਰਯੋਗ ਕੀਤੇ ਜਾਂਦੇ ਹਨ। ਇਸੇ ਕਰਕੇ ਇਸ ਦੀ ਜਾਤੀ ਸ਼ਾੜਵ-ਵਕਰ ਸੰਪੂਰਨ ਮੰਨਣਾ ਉਚਿਤ ਹੋਵੇਗਾ। ਇਹ ਇਕ ਸੁਤੰਤਰ ਰਾਗ ਹੈ। ਇਸ ਰਾਗ ਦਾ ਗਾਇਨ ਸਮਾਂ ਦਿਨ ਦਾ ਦੂਜਾ ਪਹਿਰ ਹੈ। ਇਸ ਦਾ ਆਰੋਹ ਸ਼ੜਜ, ਰਿਸ਼ਭ ਗੰਧਾਰ, ਮਧਿਅਮ ਧੈਵਤ, ਧੈਵਤ ਨਿਸ਼ਾਦ ਸ਼ੜਜ (ਤਾਰ ਸਪਤਕ), ਅਵਰੋਹ ਸ਼ੜਜ (ਤਾਰ ਸਪਤਕ) ਨਿਸ਼ਾਦ ਧੈਵਤ, ਪੰਚਮ, ਮਧਿਅਮ ਗੰਧਾਰ, ਰਿਸ਼ਭ ਸ਼ੜਜ ਹੈ।

ਬਿਲਾਵਲ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ ਦੇ ਚਾਰ ਪਦੇ, ਦੋ ਅਸ਼ਟਪਦੀਆਂ ਅਤੇ ਥਿਤੀ; ਗੁਰੂ ਅਮਰਦਾਸ  ਜੀ ਦੇ ਛੇ ਪਦੇ, ਨੌਂ ਅਸ਼ਟਪਦੀਆਂ, ਦੋ ਵਾਰਸਤ ਬਾਣੀ ਰੂਪ; ਗੁਰੂ ਰਾਮਦਾਸ ਜੀ ਦੇ ਸੱਤ ਪਦੇ, ਛੇ ਅਸ਼ਟਪਦੀਆਂ, ਦੋ ਛੰਤ, ਇੱਕ ਵਾਰ, ਇੱਕ ਪੜਤਾਲ, ਗੁਰੂ ਅਰਜਨ ਦੇਵ ਜੀ 129 ਪਦੇ, ਦੋ ਅਸ਼ਟਪਦੀਆਂ, ਤਿੰਨ ਛੰਤ, ਦੋ ਪੜਤਾਲ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਤਿੰਨ ਪਦੇ, ਦਰਜ ਹਨ। ਗੁਰੂ ਸਹਿਬਾਨ ਤੋਂ ਇਲਾਵਾ ਭਗਤ ਕਬੀਰ ਜੀ ਦੇ ਬਾਰਾਂ; ਭਗਤ ਨਾਮਦੇਵ ਜੀ ਦਾ ਇਕ; ਭਗਤ ਰਵਿਦਾਸ ਜੀ ਦੇ ਦੋ ਅਤੇ ਭਗਤ ਸਧਨਾ ਜੀ ਦਾ ਇੱਕ ਸਬਦ ਇਸ ਰਾਗ ਅਧੀਨ ਅੰਕਿਤ ਹੈ।

ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਦਿਨ ਦੇ ਦੂਸਰੇ ਪਹਿਰ ਤੋਂ ਬਿਲਾਵਲ ਦੀ ਚੌਕੀ ਦਾ ਆਰੰਭ ਹੁੰਦਾ ਹੈ ਅਤੇ ਕ੍ਰਮਵਾਰ ਬਿਲਾਵਲ ਦੇ ਨਾਮ ਹੇਠ ਸਭ ਤੋਂ ਵੱਧ ਚਾਰ ਚੌਕੀਆਂ ਲਗਾਈਆਂ ਜਾਂਦੀਆਂ ਹਨ ਜਿਨ੍ਹਾਂ ਵਿਚ ਬਿਲਾਵਲ ਅਤੇ ਇਸ ਸਮੇਂ ਦੇ ਹੋਰ ਰਾਗਾਂ ਦਾ ਗਾਇਨ ਕੀਤਾ ਜਾਂਦਾ ਹੈ। ‘ਗੁਰ ਸ਼ਬਦ ਰਤਨਾਕਰ ਮਹਾਨ ਕੋਸ਼’ ਵਿਚ ਇਸ ਰਾਗ ਨੂੰ ਦੂਸਰੇ ਪਹਿਰ ਦੇ ਨਾਲ^ਨਾਲ ਅਨੰਦ ਮੰਗਲ ਵੇਲੇ ਗਾਉਣ ਦੀ ਰੀਤ ਦਰਸਾਈ ਗਈ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਬਿਲਾਵਲ ਦੇ ਅਧੀਨ ਬਿਲਾਵਲ ਦੱਖਣੀ ਨੂੰ  ਇੱਕ ਰਾਗ ਵਜੋਂ ਅੰਕਿਤ ਕੀਤਾ ਗਿਆ ਹੈ। ਆਧੁਨਿਕ ਦੱਖਣੀ ਭਾਰਤੀ ਸੰਗੀਤ ਵਿਚ ਇਸ ਰਾਗ ਨੂੰ ‘ਬੇਲਾਵਲੀ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਬਿਲਾਵਲ ਦਖਣੀ ਅਧੀਨ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਕ ਛੰਤ ਪੰਨਾ ੮੪੩ ਉਪਰ ‘ਬਿਲਾਵਲ ਮਹਲਾ ੧ ਛੰਤ ਦਖਣੀ’ ਦੇ ਸਿਰਲੇਖ ਅਧੀਨ ਆਉਂਦਾ ਹੈ। ਇਹ ਰਾਗ ਦੋਨਾਂ ਸੰਗੀਤ ਪੱਧਤੀਆਂ ਵਿਚ ਪੁਰਾਤਨ ਅਤੇ ਪ੍ਰਸਿੱਧ ਰਾਗ ਹੈ। ‘ਸਵਰਮੇਲ ਕਲਾਨਿਧੀ ’ ਗ੍ਰੰਥ ਵਿਚ ਬਿਲਾਵਲ ਦਖਣੀ ਦਾ ਉਲੇਖ ਮਿਲਦਾ ਹੈ। ਰਾਮਾਮਾਤਯ ਦੇ ਇਸ ਗ੍ਰੰਥ ਅਨੁਸਾਰ ਇਸ ਰਾਗ ਦੀ ਜਾਤੀ ਸੰਪੂਰਨ ਮੰਨੀ ਹੈ। ਇਸ ਦਾ ਨਿਆਸ ਦਾ ਸੁਰ ਤੇ ਗ੍ਰਹਿ ਸੁਰ ਧੈਵਤ ਹੈ ਅਤੇ ਗਾਇਨ ਸਮਾਂ ਸਵੇਰ ਦਾ ਹੈ। ਕੁਝ ਸੰਗੀਤਕਾਰ ਇਸ ਰਾਗ ਵਿਚ ਸੁਰ ਰਿਸ਼ਭ ਤੇ ਪੰਚਮ ਵਰਜਿਤ ਮੰਨਦੇ ਹਨ। ਰਾਗ ਬਿਲਾਵਲ ਦਖਣੀ ਦੇ ਦੋ ਸਰੂਪ ਪ੍ਰਚਾਰ ਵਿਚ ਹਨ। ਪਹਿਲਾ ਸਰੂਪ ਅਧੁਨਿਕ ਦਖਣੀ ਭਾਰਤੀ ਸੰਗੀਤ ਵਿਚ ਰਾਗ ਵੇਲਾਵਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦੇ ਆਰੋਹ ਵਿਚ ਗੰਧਾਰ ਅਤੇ ਨਿਸ਼ਾਦ ਸੁਰ ਵਰਜਿਤ ਹਨ। ਅਵਰੋਹ ਸੰਪੂਰਨ ਹੋਣ ਕਰਕੇ ਇਸ ਦੀ ਜਾਤੀ ਔੜਵ-ਸੰਪੂਰਨ ਹੈ। ਇਸ ਦਾ ਵਾਦੀ ਸੁਰ ਧੈਵਤ ਅਤੇ ਸੰਵਾਦੀ ਸੁਰ ਰਿਸ਼ਭ ਹੈ। ਇਹ ਰਾਗ ਦਿਨ ਦੇ ਪਹਿਲੇ ਪਹਿਰ ਗਾਇਆ ਵਜਾਇਆ ਜਾਂਦਾ ਹੈ। ਦੂਜਾ ਸਰੂਪ ਰਾਗ ਨਿਰਣਾਇਕ ਕਮੇਟੀ ਦੁਆਰਾ ਇਸ ਤਰਾਂ ਪ੍ਰਵਾਨਿਆ ਗਿਆ ਹੈ: – ਜਿਸ ਵਿਚ ਇਸ ਦਾ ਗੰਧਾਰ ਕੋਮਲ ਤੇ ਬਾਕੀ ਸੁਰ ਸ਼ੁੱਧ ਮੰਨੇ ਗਏ ਹਨ। ਇਸ ਦੇ ਆਰੋਹ ਵਿਚ ਗੰਧਾਰ ਅਤੇ ਨਿਸ਼ਾਦ ਵਰਜਿਤ ਹੋਣ ਕਾਰਨ ਇਸ ਦੀ ਜਾਤੀ ਔੜਵ-ਸੰਪੂਰਨ ਹੈ। ਇਸ ਰਾਗ ਦਾ ਵਾਦੀ ਸੁਰ ਰਿਸ਼ਭ ਅਤੇ ਸੰਵਾਦੀ ਸੁਰ ਪੰਚਮ ਹੈ। ਇਸ ਰਾਗ ਨੂੰ ਦਿਨ ਦੇ ਤੀਜੇ ਪਹਿਰ ਗਾਇਆ ਵਜਾਇਆ ਜਾਂਦਾ ਹੈ।

ਰਾਗ ਬਿਲਾਵਲ ਦੇ ਅਧੀਨ ਇਕ ਹੋਰ ਰਾਗ ਬਿਲਾਵਲੁ ਮੰਗਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੮੪੪ ‘ਤੇ ਦਰਜ ਹੈ। ਇਸ ਰਾਗ ਅਧੀਨ ਮਹਲਾ ੪ ਅਤੇ ਮਹਲਾ ੫ ਦੀ ਬਾਣੀ ਦਰਜ ਹੈ। ਜਿਸ ਦਾ ਸਿਰਲੇਖ ਕ੍ਰਮਵਾਰ ‘ਛੰਤ ਬਿਲਾਵਲ ਮਹਲਾ ੪ ਮੰਗਲ’ ਅਤੇ ‘ਬਿਲਾਵਲ ਮਹਲਾ ੫ ਛੰਤ ਮੰਗਲ’ ਦਰਜ ਹੈ। ਗੁਰਮਤਿ ਸੰਗੀਤ ਆਚਾਰੀਆ ਪ੍ਰੋ. ਤਾਰਾ ਸਿੰਘ ਇਸ ਨੂੰ ਸੁਤੰਤਰ ਰਾਗ ਵਜੋਂ ਸਥਾਪਤ ਕਰਦੇ ਹੋਏ ਸ੍ਰੀ ਸਰਬਲੋਹ ਗ੍ਰੰਥ ਵਿਚੋਂ ਇਸ ਦੀ ਉਦਾਹਰਣ ਦਿੰਦੇ ਹਨ। ਇਸ ਤਰਾਂ ਬਿਲਾਵਲ ਮੰਗਲ ਗੁਰਮਤਿ ਸੰਗੀਤ ਪਰੰਪਰਾ ਦਾ ਮੌਲਿਕ ਰਾਗ ਹੈ ਜੋ ਕਿ ਦੋ ਵਿਭਿੰਨ ਰਾਗਾਂ ਬਿਲਾਵਲ ਅਤੇ ਮੰਗਲ ਦਾ ਸੁਮੇਲ ਹੈ। ਇਸ ਰਾਗ ਵਿਚ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਦੇ ਛੰਤ ਅੰਕਿਤ ਹਨ। ਕੁਝ ਵਿਦਵਾਨ ਸੰਕੇਤ ਮੰਗਲ ਦਾ ਅਰਥ ਖੁਸ਼ੀ ਦਾ ਗੀਤ ਸਮਝਦੇ ਹਨ। ਸੰਗੀਤ ਦੀ ਇਕ ਪ੍ਰਸਿੱਧ ਪੁਸਤਕ ‘ਸਵਰਤਾਲ ਸਮੂਹ’ ਦੇ ਪੰਨਾ 113 ’ਤੇ ਬਿਲਾਵਲ ਰਾਗ ਦੇ 15 ਪ੍ਰਕਾਰਾਂ ਦਾ ਉਲੇਖ ਮਿਲਦਾ ਹੈ ਜਿਨ੍ਹਾਂ ਵਿਚ ਇਕ ਪ੍ਰਕਾਰ ਮੰਗਲ ਬਿਲਾਵਲ ਦਾ ਵੀ ਹੈ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਮੰਗਲ ਜਾਂ ਮੰਗਲਨ ਰਾਗ ਪ੍ਰਾਚੀਨ ਅਤੇ ਅਪ੍ਰਚਲਿਤ ਰਾਗ ਹੈ ਜਿਸ ਨੂੰ ਗੁਰੂ ਸਾਹਿਬਾਨ ਨੇ ਰਾਗ ਬਿਲਾਵਲ ਨਾਲ ਸੁਮੇਲ ਕਰਕੇ ਗੁਰਬਾਣੀ ਉਪੇਦਸ਼ਾਂ ਦੇ ਪ੍ਰਚਾਰ ਹਿੱਤ ਗਾਇਨ ਲਈ ਵਰਤਿਆ। ਗੁਰਮਤਿ ਸੰਗੀਤ ਪਰੰਪਰਾ ਵਿਚ ਇਹ ਰਾਗ ਆਪਣੇ ਸੁਤੰਤਰ ਰੂਪ ਵਿਚ ਗਾਇਨ ਕੀਤਾ ਜਾਂਦਾ ਹੈ। ਇਸ ਰਾਗ ਦਾ ਸ਼ਾਸਤਰਾਤਮਕ ਅਤੇ ਸਰਬਪ੍ਰਵਾਣਿਤ ਸਰੂਪ ਇਸ ਪ੍ਰਕਾਰ ਹੈ। ਰਾਗ ਬਿਲਾਵਲ ਮੰਗਲ ਥਾਟ ਬਿਲਾਵਲ ਤੋਂ ਉਤਪੰਨ ਹੋਇਆ ਮੰਨਿਆ ਜਾਂਦਾ ਹੈ। ਇਸ ਰਾਗ ਦੇ ਆਰੋਹ ਵਿਚ ਪੰਚਮ ਸੁਰ ਵਰਜਿਤ ਕੀਤਾ ਜਾਂਦਾ ਹੈ ਅਤੇ ਅਵਰੋਹ ਵਿਚ ਸੱਤ ਸੁਰ ਪ੍ਰਯੋਗ ਕੀਤੇ ਜਾਂਦੇ ਹਨ। ਇਸ ਲਈ ਇਸ ਰਾਗ ਦੀ ਜਾਤੀ ਸ਼ਾੜਵ-ਸੰਪੂਰਨ ਮੰਨੀ ਜਾਂਦੀ ਹੈ। ਇਸ ਦਾ ਵਾਦੀ ਸੁਰ ਮਧਿਅਮ ਅਤੇ ਸੰਵਾਦੀ ਸੁਰ ਸ਼ੜਜ ਮੰਨਿਆ ਜਾਂਦਾ ਹੈ। ਇਸ ਰਾਗ ਨੂੰ ਦਿਨ ਦੇ ਪਹਿਲੇ ਪਹਿਰ ਗਾਇਆ ਵਜਾਇਆ ਜਾਂਦਾ ਹੈ।

- Advertisement -

ਭਾਰਤੀ ਰਾਗ ਧਿਆਨ ਪਰੰਪਰਾ ਵਿਚ ਰਾਗ ਬਿਲਾਵਲ ਦੇ ਪੁਰਾਤਨ ਚਿਤਰ ਉਪਲਬਧ ਹਨ। ਪ੍ਰਸਿੱਧ ਚਿੱਤਰਕਾਰ ਦੇਵਿੰਦਰ ਸਿੰਘ ਕੋਲੋਂ ਅਸੀਂ ਬਾਣੀ ‘ਤੇ ਆਧਾਰਿਤ ਬਿਲਾਵਲ ਰਾਗ ਦਾ ਚਿੱਤਰ, ਅਦੁੱਤੀ ਗੁਰਮਤਿ ਸੰਗੀਤ  ਸੰਮੇਲਨ ਸਿਮ੍ਰਤੀ ਗ੍ਰੰਥ, 1992 ਲਈ ਤਿਆਰ ਕਰਵਾਇਆ ਸੀ, ਜਿਸ ‘ਤੇ ਬਿਲਾਵਲ ਰਾਗ ਦੀ ਬਾਣੀ ਦੇ ਪ੍ਰਸੰਗ ਵਿਚ ਕਲਾਤਮਕ ਪਛਾਣ ਉਜਾਗਰ ਹੁੰਦੀ ਹੈ।

ਵੀਹਵੀਂ ਸਦੀ ਦੀਆਂ ਸਬਦ ਕੀਰਤਨ ਰਚਨਾਵਾਂ ਦੇ ਸੰਦਰਭ ਵਿਚ ਵਾਚੀਏ ਤਾਂ ਇਸ ਰਾਗ ਵਿਚ ਸ. ਗਿਆਨ ਸਿੰਘ ਐਬਟਾਬਾਦ, ਭਾਈ ਅਵਤਾਰ ਸਿੰਘ ਗੁਰਚਰਨ ਸਿੰਘ, ਪ੍ਰੋ. ਤਾਰਾ ਸਿੰਘ, ਸੰਤ ਸਰਵਣ ਸਿੰਘ ਗੰਧਰਵ, ਪ੍ਰਿੰਸੀਪਲ ਦਿਆਲ ਸਿੰਘ, ਡਾ. ਜਗੀਰ ਸਿੰਘ, ਪ੍ਰੋ. ਕਰਤਾਰ ਸਿੰਘ, ਡਾ. ਗੁਰਨਾਮ ਸਿੰਘ (ਲੇਖਕ), ਜਸਵੰਤ ਸਿੰਘ ਤੀਬਰ, ਪ੍ਰੋ. ਪਰਮਜੋਤ ਸਿੰਘ, ਸ. ਹਰਮਿੰਦਰ ਸਿੰਘ ਆਦਿ ਨੇ ਸੰਗੀਤਕਾਰਾਂ ਨੇ ਕੀਰਤਨ ਰਚਨਾਵਾਂ ਨੂੰ ਸੁਰਲਿਪੀਬੱਧ ਕੀਤਾ।

ਬਿਲਾਵਲ ਰਾਗ ਨੂੰ ਗੁਰਮਤਿ ਸੰਗੀਤ ਪਰੰਪਰਾ ਦੇ ਸੰਗੀਤਕਾਰਾਂ ਨੇ ਆਪਣੇ-ਆਪਣੇ ਅੰਦਾਜ਼ ਵਿੱਚ ਬਾਖੂਬੀ ਗਾਇਆ ਹੈ, ਜਿਹਨਾਂ ਦੀ ਰਿਕਾਰਡਿੰਗ ਅਸੀਂ www.gurmatsangeetpup.com, www.sikh-relics.com, www.vismaadnaad.org, www.sikhsangeet.com, ਅਤੇ www.jawaditaksal.org. ਵੈਬ ਸਾਈਟਸ ‘ਤੇ ਸੁਣ ਸਕਦੇ ਹਾਂ।

*drgnam@yahoo.com

Share this Article
Leave a comment