Home / ਸਿੱਖ ਵਿਰਸਾ / ਖਿਦਰਾਣੇ ਦੀ ਢਾਬ ਤੋਂ ਮੁਕਤਸਰ ਸਾਹਿਬ -ਡਾ. ਰੂਪ ਸਿੰਘ

ਖਿਦਰਾਣੇ ਦੀ ਢਾਬ ਤੋਂ ਮੁਕਤਸਰ ਸਾਹਿਬ -ਡਾ. ਰੂਪ ਸਿੰਘ

14 ਜਨਵਰੀ,2022  : ਮਾਘੀ ’ਤੇ ਵਿਸ਼ੇਸ

ਖਿਦਰਾਣੇ ਦੀ ਢਾਬ ਤੋਂ ਮੁਕਤਸਰ ਸਾਹਿਬ

ਰੂਪ ਸਿੰਘ (ਡਾ)*

ਜ਼ਿਲ੍ਹਾ ਮੁਕਤਸਰ ਵਿੱਚ ਪ੍ਰਸਿੱਧ ਇਤਿਹਾਸਕ ਨਗਰ ਹੈ ਮੁਕਤਸਰ ਸਾਹਿਬ। ਇਸ ਨਗਰ ਦਾ ਪਹਿਲਾ ਨਾਂ ਖਿਦਰਾਣੇ ਦੀ ਢਾਬ ਜਾਂ ਤਾਲ ਖਿਦਰਾਣਾ ਸੀ। ਇਸ ਅਸਥਾਨ ’ਤੇ ਵਰਖਾ ਦਾ ਪਾਣੀ ਚਾਰਾਂ-ਪਾਸਿਆਂ ਤੋਂ ਆ ਕੇ ਇਕੱਤਰ ਹੋ ਜਾਂਦਾ ਜੋ ਸਾਲ ਭਰ ਦੂਰ-ਦੁਰਾਡੇ ਤੱਕ ਲੋਕਾਂ ਦੀ ਪਾਣੀ ਦੀ ਲੋੜ ਨੂੰ ਪੂਰਿਆਂ ਕਰਦਾ। ਇਲਾਕਾ ਰੇਤਲਾ ਸੀ ’ਤੇ ਹੋਰ ਕਿਧਰੇ ਨੇੜੇ-ਨੇੜੇ ਪਾਣੀ ਦੇ ਭੰਡਾਰ ਨਹੀਂ ਸਨ। ਇਸ ਕਰਕੇ ਖਿਦਰਾਣੇ ਦੀ ਢਾਬ ਜਾਂ ਤਾਲ ਪਾਣੀ ਦੀ ਮਹੱਤਤਾ ਕਰਕੇ ਪਹਿਲਾਂ ਹੀ ਇਲਾਕੇ ਵਿੱਚ ਕਾਫੀ ਜਾਣਿਆ-ਪਛਾਣਿਆ ਨਾਂ ਸੀ ਤੇ ਫਿਰ ਇਸ ਅਸਥਾਨ ਨੂੰ ਦਸਮੇਸ਼ ਪਿਤਾ, ਗੁਰੂ ਗੋਬਿਦ ਸਿੰਘ ਜੀ ਦੀ ਪਾਵਨ ਚਰਨ-ਛੂਹ ਪ੍ਰਾਪਤ ਹੋਣ ’ਤੇ ਦਸਮੇਸ਼ ਪਿਆਰੇ ਗੁਰਸਿੱਖਾਂ ਦੇ ਪਵਿੱਤਰ ਖੂਨ ਨਾਲ ਇਹ ਧਰਤੀ ਹਮੇਸ਼ਾਂ-ਹਮੇਸ਼ਾਂ ਪਾਵਨ ਹੋ ਮੁਕਤਸਰ ਸਾਹਿਬ ਅਖਵਾਈ। ਹੁਣ ਲੋਕ ਇਸ ਪਾਵਨ  ਧਰਤੀ ਤੇ ਅੰਮ੍ਰਿਤ ਸਰੋਵਰ ਦੇ ਦਰਸ਼ਨ-ਇਸ਼ਨਾਨ ਕਰ ਜੀਵਨ ਸਫਲ ਕਰਦੇ ਹਨ। ਖਿਦਰਾਣੇ ਦੀ ਢਾਬ ਜਾਂ ਤਾਲ, ਮੁਕਤਸਰ ਸਾਹਿਬ ਕਿਵੇਂ ਬਣਿਆ ?  ਇਤਿਹਾਸਕ ਵਾਕਿਆ ਇਉਂ ਹੈ:

1704 ਈ: ਤੱਕ ਪਹਾੜੀ ਰਾਜਿਆਂ ਤੇ ਮੁਗਲਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਏ ਬਹੁਤ ਸਾਰੇ ਯੁੱਧਾਂ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ। ਦਸਮੇਸ਼ ਪਿਤਾ ਦੀਆਂ ਲਾਡਲੀਆਂ ਫੌਜਾਂ ਦੀ ਤਾਕਤ ਤੋਂ ਉਹ ਭਲੀ-ਭਾਂਤ ਜਾਣੂ ਸਨ। ਗੁਰੂ ਗੋਬਿੰਦ ਸਿੰਘ ਜੀ ਨਾਲ ਉਨ੍ਹਾਂ ਆਖਰੀ ਵਾਰ ਦੋ ਹੱਥ ਕਰਨ ਲਈ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਤੋਂ ਫੌਜੀ ਮੱਦਦ ਦੀ ਮੰਗ ਕੀਤੀ। ਔਰੰਗਜ਼ੇਬ ਆਪ ਤਾਂ ਉਸ ਸਮੇਂ ਦੱਖਣ ਦੀ ਮਹਿੰਮ ’ਤੇ ਸੀ ਪਰ ਉਸ ਨੇ ਪਹਾੜੀ ਰਾਜਿਆਂ ਦੀ ਮੱਦਦ ਲਈ ਸਰਹਿੰਦ-ਲਾਹੌਰ ਦੇ ਸੂਬੇਦਾਰਾਂ ਨੂੰ ਹੁਕਮ ਜਾਰੀ ਕੀਤੇ। ਇਸ ਤਰ੍ਹਾਂ ਸਰਹਿੰਦ-ਲਾਹੌਰ ਦੇ ਸੂਬੇਦਾਰਾਂ ਤੇ ਪਹਾੜੀ ਰਾਜਿਆਂ ਦੇ ਟਿੱਡੀ ਦਲਾਂ ਨੇ ਮਿਲ ਕੇ ਅਨੰਦਪੁਰ ਸਾਹਿਬ ਨੂੰ ਚੁਫੇਰੇ ਤੋਂ ਘੇਰਾ ਪਾ ਲਿਆ, ਕਿਉਂਕਿ ਦਸਮੇਸ਼ ਪਿਤਾ ਦੇ ਸੂਰਮੇ ਸਿੰਘਾਂ ਨੇ ਪਹਿਲਾਂ ਕਈ ਵਾਰ ਮੈਦਾਨੇ ਜੰਗ ਵਿੱਚ ਪਹਾੜੀ ਰਾਜਿਆਂ ਦੀਆਂ ਦੌੜਾਂ ਲਗਾਈਆਂ ਸਨ। ਉਨ੍ਹਾਂ ਆਹਮੋ ਸਾਹਮਣੀ ਲੜਾਈ ਨਾਲੋਂ ਘੇਰਾਬੰਦੀ ’ਤੇ ਜ਼ਿਆਦਾ ਜ਼ੋਰ ਦਿੱਤਾ।

ਲੇਖਕ : ਡਾ. ਰੂਪ ਸਿੰਘ

1704 ਈ: ਗਰਮੀ ਦੇ ਮਹੀਨਿਆਂ ਵਿੱਚ ਬਾਰਸ਼ਾਂ ਨਾਲ ਦੁਸ਼ਮਣ ਫੌਜਾਂ ਦਾ ਬੁਰਾ ਹਾਲ ਹੋਣ ਲੱਗਾ। ਸਮੇਂ ਸਮੇਂ ਖਾਲਸਾ ਫੌਜਾਂ ਹਮਲਾ ਕਰਕੇ ਦੁਸ਼ਮਣਾਂ ਦਾ ਜਾਨੀ ਤੇ ਮਾਲੀ ਨੁਕਸਾਨ ਕਰਦੇ ਹੋਏ ਰਸਦਾਂ ਦੀ ਲੁੱਟ-ਮਾਰ ਕਰ ਲੈਂਦੀਆਂ। ਖਾਲਸਾ ਫੌਜ ਦੇ ਅਚਾਨਕ ਹਮਲਿਆਂ ਕਰਕੇ ਦੁਸ਼ਮਣਾਂ ਦੇ ਹੌਸਲੇ ਪਸਤ ਹੋ ਚੱੁਕੇ ਸਨ। ਦੁਸ਼ਮਣ ਫੌਜ ਨੂੰ ਆਪਣੀ ਬਹੁ-ਗਿਣਤੀ ’ਤੇ ਮਾਣ ਸੀ। ਵਜ਼ੀਰ ਖਾਂ ਦੇ ਹੁਕਮ ਨਾਲ ਘੇਰਾਬੰਦੀ ਹੋਰ ਸਖ਼ਤ ਕਰ ਦਿੱਤੀ ਗਈ। ਘੇਰਾ ਲੰਮੇਰਾ, ਸਖ਼ਤ ਹੋਣ ਕਰਕੇ ਨਿਤ ਦੀ ਲੜਾਈ ਨਾਲ ਖਾਲਸਾ ਫੌਜਾਂ ਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਸੀ। ਅਨਾਜ-ਪਾਣੀ ਦੇ ਭੰਡਾਰੇ ਖਤਮ ਹੋਣ ਨੂੰ ਆ ਗਏ। ਪਸ਼ੂਆਂ ਲਈ ਚਾਰੇ ਦੀ ਭਾਰੀ ਕਿੱਲਤ ਆ ਗਈ। ਬਹੁਤ ਸਾਰੇ ਬਹਾਦਰ ਸਿੰਘ ’ਤੇ ਪਾਲਤੂ ਜਾਨਵਰ ਭੁੱਖ ਦੀ ਭੇਟ ਚੜ੍ਹ ਗਏ। ਸਿਦਕੀ ਸਿੰਘਾਂ ਦੀ ਸਿਦਕ-ਸਬੂਰੀ ਦੀ ਪਰਖ ਹੋ ਰਹੀ ਸੀ। ਦੁਸ਼ਮਣ ਦੇ ਬਾਰ-ਬਾਰ ਢੰਡੋਰਾ ਦੇਣ ’ਤੇ ਵੀ ਜੇਕਰ ਕੋਈ ਖਾਲੀ ਹੱਥ ਜਾਣਾ ਚਾਹੇ ਤਾਂ ਉਸ ਨੂੰ ਜਾਣ ਦਿੱਤਾ ਜਾਵੇਗਾ, ਕੋਈ ਵੀ ਸਿੰਘ ਸਿਦਕ ਤੋਂ ਨਹੀ ਡੋਲਿਆ।

ਗੁਰੂ ਜੀ ਨੇ ਪੰਚ-ਪ੍ਰਧਾਨੀ ਸਿੱਧਾਂਤ ਨੂੰ ਸਥਾਪਤ ਕਰ, ਖਾਲਸੇ ਵਿੱਚ ਇਤਨਾ ਆਤਮ-ਵਿਸ਼ਵਾਸ, ਜੁਅਰਤ ਭਰ ਦਿੱਤੀ ਕਿ ਖਾਲਸਾ ਸਮੇਂ-ਸਮੇਂ ਗੁਰੂ ਜੀ ਨੂੰ ਨਿਝਕ ਹੋ ਸਲਾਹ, ਸੁਝਾਅ ਤੇ ਰਾਇ ਦੇ ਸਕਦਾ ਸੀ। ਕੁਝ ਸਿੰਘਾਂ ਸਲਾਹ ਦਿੱਤੀ ਕਿ ਸਾਨੂੰ ਕਿਲ੍ਹਾ ਖਾਲੀ ਕਰ ਦੇਣਾ ਚਾਹੀਦਾ ਹੈ। ਵੱਖ-ਵੱਖ ਸਮੇਂ ਯੁੱਧ ਦੇ ਢੰਗ ਤਰੀਕੇ ਅਲੱਗ-ਅਲੱਗ ਹੁੰਦੇ ਹਨ। ਗੁਰੂ ਜੀ ਨੇ ਇਸ ਸਮੇਂ ‘ਇੰਤਜ਼ਾਰ ਕਰੋ ਤੇ ਦੇਖੋ’ ਦੀ ਪਾਲਸੀ ‘ਤੇ ਚੱਲਣ ਲਈ ਕਿਹਾ। ਪਰ ਕੁਝ ਸਿੰਘ ਇਸ ਬਿਖੜੇ ਸਮੇਂ ਸੁਆਰਥ ਤੇ ਨਿਜਤਵ ਦੇ ਸ਼ਿਕਾਰ ਹੋ ਗਏ। ਮੁਸ਼ਕਲ ਦੀ ਘੜੀ ਕੁਝ ਮਨ ਦੀ ਮਤ ਮਗਰ ਲੱਗ ਮਨਮੁਖ ਬਣ ਗੁਰੂ ਜੀ ਦਾ ਸਾਥ ਛੱਡਣ ਲੱਗੇ। ਗੁਰਦੇਵ ਸਮਰੱਥ ਸਨ। ਜੇਕਰ ਉਹ ਚਾਹੁੰਦੇ ਤਾਂ ਉਸ ਸਮੇਂ ਹੀ ਉਨ੍ਹਾਂ ਦਾ ਭੁਲੇਖਾ ਦੂਰ ਕਰ ਸਕਦੇ ਸਨ। ਪਰ ਗੁਰਦੇਵ ਨੇ ਖਾਲਸੇ ਨੂੰ ਸਰਵ-ਗੁਣ ਸੰਪੰਨ ਬਣਾੳਣਾ ਸੀ। ਭੁੱਲੇ ਨੂੰ ਭੁੱਲ ਦਾ, ਅਹਿਸਾਸ ਕਰਵਾ, ‘ਚਰਣ ਚਲੋ ਮਾਰਗ ਗੋਬਿੰਦ’ ਦੇ ਪਾਂਧੀ ਬਣਾ, ਇਕ ਨਵੀਂ ਮਿਸਾਲ ਬਣਾਉਣਾ ਸੀ। ਭੱੁਲ ਹਰ ਕੋਈ ਕਰ ਸਕਦਾ ਹੈ, ਕਿਉਂਕਿ ਵਿਸ਼ਵ ਦਾ ਹਰ ਮਾਨਵ ਭੱਲਣਹਾਰ ਹੈ, ਕੇਵਲ ਕਰਤਾ ਹੀ ਅਭੁੱਲ ਹੈ:

                                ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰ॥   (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 61)

ਪੇਟ ਦੀ ਭੁੱਖ ਜੋ ਮਨੁੱਖ ਨੂੰ ਨੀਚ ਤੋਂ ਨੀਚ ਕਰਮ ਕਰਨ ਲਈ ਕਈ ਵਾਰ ਮਗ਼ਬੂਰ ਕਰ ਦੇਦੀ ਹੈ। “ਭਗਤ ਕਬੀਰ ਜੀ ਦਾ ਵੀ ਕਥਨ, ਹੈ ਕਿ ਹੇ ਪ੍ਰਭੂ ਆਹ ਆਪਣੀ ਮਾਲਾ ਸਾਭ ਲੈ ਭੁਖੇ ਪੇਟ, ਭਗਤੀ ਨਹੀਂ ਹੋ ਸਕਦੀ ‘ਭੂਖੇ ਭਗਤ ਨ ਕੀਜੈ ਜੇਹਿ ਮਾਲਾ ਆਪਣੀ ਲੀਜੇ” ਇਨ੍ਹਾਂ ਸਿੰਘਾਂ ਉਤੇ ਪੇਟ ਦੀ ਭੁੱਖ ਵੀ ਭਾਰੂ ਹੋਈ। ਭੁੱਖ ਦੇ ਦੁੱਖ ਤੋਂ ਤੰਗ ਆ ਕੇ ਕੁਝ ਸਿੰਘਾਂ ਨੇ (ਜਿਨ੍ਹਾਂ ਦੀ ਗਿਣਤੀ ਇਤਿਹਾਸ ਵਿਚ 40 ਦੱਸੀ ਗਈ ਹੈ) ਗੁਰੂ ਤੋਂ ਬੇਮੁਖ ਹੋ ਅਨੰਦਪੁਰ ਨੂੰ ਛੱਡ ਜਾਣ ਦਾ ਇਰਾਦਾ ਕਰ ਲਿਆ। ਗੁਰੂ ਜੀ ਦੇ ਪੇਸ਼ ਹੋ ਇਨ੍ਹਾਂ ਸਿੰਘਾਂ ਬੇਨਤੀ ਕੀਤੀ : ਗੁਰਦੇਵ! ਅਸੀਂ ਜਾਣਾ ਚਾਹੁਦੇ ਹਾਂ ?

ਦਸਮੇਸ਼ ਪਿਤਾ ਨੇ ਇਨ੍ਹਾਂ ਸਿੰਘਾਂ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਤੱਕਿਆ ਤੇ ਬਚਨ ਕੀਤਾ, ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਚਲੇ ਜਾਓ ਪਰ ਜਾਣ ਦੀ ਨਿਸ਼ਾਨੀ ਦੇ ਜਾਓ ਕਿ ਅਸੀਂ ਛੱਡ ਕੇ ਜਾ ਰਹੇ ਹਾਂ ! ਸਿੰਘਾਂ ਲਿਖ ਕੇ ਦੇ ਦਿੱਤਾ, ਜਿਸ ਨੂੰ ਇਤਿਹਾਸ ਵਿਚ ਬੇਦਾਵਾ ਕਿਹਾ ਗਿਆ ਹੈ। ਇਨ੍ਹਾਂ ਸਿੰਘਾਂ ਨੇ ਅਨੰਦਪੁਰ ਨੂੰ ਛੱਡ ਘਰਾਂ ਵੱਲ ਨੂੰ ਮੂੰਹ ਕੀਤੇ। ਜਿਉਂ ਹੀ ਇਹ ਅਨੰਦਪੁਰ ਤੋਂ ਦੂਰ ਹੋਏ, ਇਨ੍ਹਾਂ ਨੂੰ ਗੁਰੂ ਜੀ ਦੇ ਵਿਛੋੜੇ ਦੀ ਪੀੜਾ ਤੰਗ ਕਰਨ ਲੱਗੀ। ਕਈ ਵਾਰ ਪਿਆਰ ਦਾ ਅਹਿਸਾਸ ਵਿਛੋੜੇ ਵਿਚ ਹੀ ਹੁੰਦਾ ਹੈ। ਜਦ ਘਰੀਂ ਪਹੁੰਚੇ ਤਾਂ ਇਨ੍ਹਾਂ ਨੂੰ ਸ਼ਰਮਿੰਦਗੀ ਨੇ ਪੂਰੀ ਤਰ੍ਹਾਂ ਆ ਘੇਰਿਆ, ਪਰ ਹੁਣ ਸਮਾਂ ਲੰਘ ਚੁੱਕਿਆ ਸੀ।

ਦੂਸਰੇ ਪਾਸੇ ਇਸ ਲੰਮੇਰੀ ਜੰਗ ਤੋਂ ਪਹਾੜੀ ਰਾਜੇ ਵੀ ਪੂਰੀ ਤਰ੍ਹਾਂ ਤੰਗ ਆ ਚੁੱਕੇ  ਸਨ। ਅੰਤ ਤੰਗ ਆ ਕੇ ਪਹਾੜੀ ਰਾਜਿਆਂ ਤੇ ਸਰਹਿੰਦ ਤੇ ਲਾਹੌਰ ਦੇ ਸੂਬੇਦਾਰਾਂ ਨੇ ਆਪਣੇ ਦਸਤਖਤਾਂ ਹੇਠ ਬਾਦਸ਼ਾਹ ਵੱਲੋਂ ਪਰਵਾਨਾ ਭੇਜਿਆ ਕਿ ਜੇਕਰ ਗੁਰੂ ਜੀ ਅਨੰਦਪੁਰ ਸਾਹਿਬ ਨੂੰ ਖਾਲੀ ਕਰ ਜਾਣ ਤਾਂ ਉਨ੍ਹਾਂ ਨੂੰ ਬਿਨਾਂ ਰੋਕ-ਟੋਕ ਦੇ ਜਾਣ ਦਿੱਤਾ ਜਾਵੇਗਾ ਇਸ ਲਈ ਮੁਸਲਮਾਨਾਂ ਨੇ ਕੁਰਾਨ ਤੇ ਪਹਾੜੀ ਰਾਜਿਆਂ ਨੇ ਗਊ ਦੀਆਂ ਕਸਮਾਂ ਵੀ ਖਾਧੀਆਂ।

ਗੁਰਦੇਵ ਪਿਤਾ ਪਹਾੜੀ ਰਾਜਿਆਂ ਦੇ ਚਰਿੱਤਰ ਤੋਂ ਚੰਗੀ ਤਰ੍ਹਾਂ ਜਾਣੂ ਸਨ ਪਰ ਸਿੰਘਾਂ ਇਕੱਤਰ ਹੋ ਸਲਾਹ ਦਿੱਤੀ ਕਿ ਸਾਨੂੰ ਕਿਲ੍ਹਾ ਖਾਲੀ ਕਰ ਦੇਣਾ ਚਾਹੀਦਾ ਹੈ। ਸਲਾਹ ਮਸ਼ਵਰੇ ਪਿੱਛੋਂ ਅਨੰਦਪੁਰ ਨੂੰ ਛੱਡ ਜਾਣ ਦਾ ਫੈਸਲਾ ਹੋ ਗਿਆ। ਦੁਸ਼ਮਣ ਫੌਜਾਂ ਨੇ ਇਕਰਾਰ ਤਹਿਤ ਇੱਕ ਪਾਸਿਓਂ ਕੁਝ ਰਸਤਾ ਦੇ ਦਿੱਤਾ।

ਰਾਤ ਦੇ ਪਹਿਲੇ ਪਹਿਰ ਗੁਰਦੇਵ, ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦੀ ‘ਅਨੰਦਮਈ ਧਰਤ ਸੁਹਾਵੀ’ ਨੂੰ ਹਮੇਸ਼ਾਂ-ਹਮੇਸ਼ਾਂ ਲਈ ਛੱਡ ਦਿੱਤਾ। ਅਨੰਦਪੁਰ ਦਾ ਕਿਲ੍ਹਾ ਖਾਲੀ ਕਰਨ ਦੀ ਦੇਰ ਹੀ ਸੀ ਕਿ ਦੁਸ਼ਮਣ ਫੌਜਾਂ ਨੇ ਸਭ ਕਸਮਾਂ-ਇਕਰਾਰ ਭੁੱਲ ਕੇ ਪਿੱਛੋਂ ਹਮਲਾ ਕਰ ਦਿੱਤਾ। ਸਰਸਾ ਦੇ ਕਿਨਾਰੇ ਪੰਥਕ ਪਰਿਵਾਰ ਤਿੰਨ ਭਾਗਾਂ ਤੇ ਤਿੰਨ ਦਿਸ਼ਾਵਾਂ ’ਚ ਵੰਡਿਆ ਗਿਆ। ਗੁਰੂ ਜੀ ਚਮਕੌਰ ਦੀ ਗੜ੍ਹੀ ਪਹੁੰਚੇ। ਸੰਸਾਰ ਦਾ ਸਬ ਤੋਂ ਅਸਾਵਾਂ ਯੁੱਧ ਲੜਨ ਤੇ ਚਮਕੌਰ ਦੀ ਗੜ੍ਹੀ ਵਿੱਚੋਂ ਮੁਗਲਾਂ ਦੇ ਕੈਂਪ ਵਿਚ ਖਲਬਲੀ ਮਚਾ, ਮਾਛੀਵਾੜੇ ਦੇ ਜੰਗਲਾਂ ਵਿਚ ‘ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਸੁਣਾ , ਦੀਨਾ ਕਾਂਗੜ ਤੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖ-ਪਹੁੰਚਾ, ਕਪੂਰੇ ਤੋਂ ਹੁੰਦੇ ਹੋਏ ਅਪ੍ਰੈਲ ਦੇ ਮਹੀਨੇ ਭਖਦੇ-ਤਪਦੇ ਮਾਰੂਥਲਾਂ ਦੇ ਰਸਤੇ ਖਿਦਰਾਣੇ ਦੀ ਢਾਬ ‘ਤੇ ਪਹੁੰਚੇ। ਵੈਰੀ ਦਾ ਟਿੱਡੀ ਦਲ ਵੀ ਗੁਰੂ ਜੀ ਦੇ ਪਿੱਛੇ-ਪਿੱਛੇ ਆ ਰਿਹਾ ਸੀ । ਖਿਦਰਾਣੇ ਦੀ ਢਾਬ ਖਾਲਸਾ ਫੌਜਾਂ ਦੇ ਘੇਰੇ ਵਿਚ ਸੀ। ਖਿਦਰਾਣੇ ਦੀ ਢਾਬ ਯੁੱਧ ਨੀਤੀ ਦੇ ਪੱਖੋਂ ਬਹੁਤ ਹੀ ਮਹੱਤਵਪੂਰਨ ਸੀ।

ਗੁਰੂ ਜੀ ਆਪ ਟਿੱਬੀ ਸਾਹਿਬ ਦੇ ਸਥਾਨ ’ਤੇ ਜਾ ਬਿਰਾਜੇ, ਦੁਸ਼ਮਣ ਫੌਜਾਂ ਨੇ ਹਮਲਾ ਕਰ ਦਿੱਤਾ।ਥੋੜ੍ਹਾ ਚਿਰ ਘਮਸਾਨ ਦਾ ਯੁੱਧ ਹੋਇਆ।ਦੇਖੋ! ਯੁੱਧ ਵਿੱਚ ਸਭ ਤੋਂ ਅੱਗੇ ਉਹੀ ਸਿੰਘ ਮਾਤਾ ਭਾਗੋ ਜੀ ਦੀ ਅਗਵਾਈ ਵਿੱਚ ਲੜ ਰਹੇ ਸਨ ਜੋ ਗੁਰਦੇਵ ਜੀ ਤੋਂ ਬੇਮੁਖ ਹੋ ਅਨੰਦਪੁਰ ਛੱਡ ਆਏ ਸਨ।ਗੁਰਦੇਵ ਪਿਤਾ ਸੂਰਮਿਆਂ ਨੂੰ ਰਣ-ਤੱਤੇ ਵਿੱਚ ਜੂਝਦਿਆਂ ਤੱਕ ਖੁਸ਼ ਹੋ ਰਹੇ ਸਨ।ਸਮੇਂ-ਸਮੇਂ ਗੁਰਦੇਵ ਦੁਸ਼ਮਣ ਦਲਾਂ ’ਤੇ ਤੀਰਾਂ ਦੀ ਵਰਖਾ ਕਰਦੇ।ਦੁਸ਼ਮਣ ਫੌਜ ਅਣਗਿਣਤ ਤੇ ਸਿੰਘ ਗਿਣਤੀ ਦੇ ਸਨ ਪਰ ਇਕ ਪਾਸੇ ਗੁਰੂ ਪ੍ਰੀਤੀ ਤੇ ਦੂਸਰੇ ਪਾਸੇ ਮੁਲਾਜ਼ਮਤ,ਮਜ਼ਬੂਰੀ ਤੇ ਮਜ਼ਦੂਰੀ।ਦਿਨ ਗਰਮੀ ਦੇ ਸਨ ਪਾਣੀ ਦਾ ਕਬਜ਼ਾ ਸਿੰਘਾਂ ਦੇ ਹੱਥ, ਦੁਸ਼ਮਣ ਫੌਜਾਂ ਦੀ  ਹਾਰ ਹੋਈ ਤੇ  ਮੈਦਾਨ ਖਾਲਸੇ ਨੇ ਫਤਹਿ ਕੀਤਾ।

ਦੁਸ਼ਮਣ ਫੌਜਾਂ ਹਰਨ ਹੋ ਗਈਆਂ।ਦਸਮੇਸ਼ ਪਿਤਾ ਆਪ ਮੈਦਾਨ ਜੰਗ ਵਿੱਚ ਆਏ ਜਿਥੇ ਬੇਦਾਵੀਏ ਸਿੰਘਾਂ ਨੇ ਭੁੱਲ ਬਖਸ਼ਾਉਣ ਲਈ ਜੀਵਨ ਨਿਛਾਵਰ ਕਰ ਦਿੱਤੇ ਸਨ।ਯੁੱਧ ਦੇ ਮੈਦਾਨ ਵਿੱਚ ਗੁਰਦੇਵ ਹਰ ਸਿੰਘ ਦੀ ਪਵਿੱਤਰ ਸਰੀਰ ਪਾਸ ਜਾਂਦੇ ’ਤੇ ਸਿੰਘਾਂ ਦੇ ਮੁਖੜੇ ਸਾਫ ਕਰਦੇ ਅਤੇ ਬਖਸ਼ਿਸ਼ਾਂ ਕਰਦੇ : ਇਹ ਮੇਰਾ ਪੰਜ ਹਜ਼ਾਰੀ ,ਇਹ ਮੇਰਾ ਦਸ ਹਜ਼ਾਰੀ, ਇਹ ਮੇਰਾ ਤੀਹ ਹਜ਼ਾਰੀ ! ਬਖਸ਼ਿਸ਼ਾਂ ਕਰਦੇ ਗੁਰਦੇਵ ਪਿਤਾ ਪਹੁੰਚੇ ਸਰਦਾਰ ਮਹਾਂ ਸਿੰਘ ਦੇ ਪਾਸ, ਮਹਾਂ ਸਿੰਘ ਦੇ ਸੁਆਸ ਅਜੇ ਚਲ ਰਹੇ ਸਨ।ਗੁਰਦੇਵ ਨੇ ਸੂਰਮੇ ਸਿੰਘ ਦਾ ਮੁਖੜਾ ਸਾਫ ਕੀਤਾ ਤੇ ਮੂੰਹ ਵਿੱਚ ਪਾਣੀ ਪਾਇਆ।ਸੀਸ ਗੋਦ ਵਿੱਚ ਰੱਖਿਆ ਤੇ ਕਿਹਾ,  ਮੁਕਤਿ ਭੁਗਤਿ ਜੁਗਤਿ ਸਭ ਹਾਜ਼ਰ ਹੈ…. ਮੰਗ ਭਾਈ ਮਹਾਂ ਸਿੰਘ ! ਜੋ ਚਾਹੁੰਦਾ ਹੈ? ਮਹਾਂ ਸਿੰਘ ਗਿੜਗਿੜਾਇਆ, ਦਸਮੇਸ਼ ਪਿਤਾ ! ਦਰਸ਼ਨਾਂ ਦੀ ਸਿੱਕ ਸੀ, ਪੂਰੀ ਹੋ ਗਈ! ਨਹੀਂ, ਪਿਆਰੇ ਮਹਾਂ ਸਿੰਘ ! ਕੁਝ ਹੋਰ ! ਗੁਰਦੇਵ ਪਿਤਾ ਤੁੱਠੇ ਹੋ ਕਿਰਪਾ ਨਿਧਾਨ ਤਾਂ ਸਾਡੀ ਟੁੱਟੀ ਮੇਲ ਲਵੋ ਕਾਗਜ਼ ਦਾ ਉਹ ਟੁਕੜਾ ਪਾੜ ਦਿਓ ਜੋ ਅਸੀਂ ਦੇ ਆਏ ਸਾਂ ! ਮਹਾਂ ਸਿੰਘ ਦੀ ਖਾਹਸ਼ ਪੂਰੀ ਕਰਨ ਲਈ ਗੁਰਦੇਵ ਪਿਤਾ ਨੇ ਸੰਭਾਲਿਆਂ ਹੋਇਆ, ਕਾਗਜ਼ ਟੁਕੜੇ-ਟੁਕੜੇ ਕਰ ਦਿੱਤਾ।

ਮਹਾਂ ਸਿੰਘ ਨੇ ਭੁੱਲਾਂ ਬਖਸ਼ਾ ਸ਼ੁਕਰੀਆ ਅੰਦਾਜ਼ ਵਿੱਚ ਹੱਥ ਉੱਪਰ ਚੁੱਕੇ ਤੇ ਹਮੇਸ਼ਾਂ ਲਈ ਦਸਮੇਸ਼ ਪਿਤਾ ਦੀ ਗੋਦ ਵਿੱਚ ਸੌਂ ਗਿਆ।ਗੁਰੂ ਜੀ ਨੇ ਇਨ੍ਹਾਂ ਸ਼ਹੀਦਾਂ ਦਾ ਆਪਣੇ ਹੱਥੀਂ ਸਸਕਾਰ ਕੀਤਾ ਤੇ ਇਨ੍ਹਾਂ ਨੂੰ ਮੁਕਤਿਆਂ ਦੀ ਉਪਾਧੀ ਬਖਸ਼ਿਸ਼ ਕੀਤੀ।ਬੇਦਾਵੀਏ ਸਿੰਘ ਮੁਕਤ ਹੋਏ। ਖਿਦਰਾਣੇ ਦੀ ਢਾਬ ਉਸ ਦਿਨ ਤੋਂ ਮੁਕਤਸਰ ਸਾਹਿਬ ਅਖਵਾਈ। ਇਸ ਧਰਤ ਸੁਹਾਵੀ ਤੋਂ ਇਹੀ ਸੰਦੇਸ਼ ਮਿਲਦਾ ਹੈ ਕਿ ਗੁਰੂ ਤੋਂ ਬੇਮੁਖ ਹੋ ਕੇ ਫਿਰ ਸਨਮੁੱਖ ਹੋਣ ਵਾਸਤੇ ਜੀਵਨ ਤੱਕ ਕੁਰਬਾਨ ਕਰਨਾ ਪੈਂਦਾ ਹੈ। ਇਹ ਸਮਾਂ ਹੈ ਵਿਚਾਰ ਕਰਨ ਦਾ ਕਿ ਅਸੀਂ ਗੁਰੂ ਦੇ ਸਨਮੁੱਖ ਹੋਣਾ ਹੈ ਜਾਂ ਬੇਮੁੱਖ ਹੋ ਗੁਰੂ ਦੀ ਰਹਿਮਤ-ਬਖਸ਼ਿਸ ਤੋਂ ਦੂਰ ਹੋਣਾ?ਆਓ ! ਸਦ ਗੁਣਾਂ ਦੇ ਧਾਰਣੀ ਬਣ , ਸਨਮੁੱਖ ਬਣੀਏ ।

*roopsz@yahoo.com

Check Also

Today’s Hukamnama from Sri Darbar Sahib Amritsar (Golden Temple) ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ- 18th January 2022, Ang 636

January 18, 2022 ਮੰਗਲਵਾਰ, 05 ਮਾਘਿ (ਸੰਮਤ 553 ਨਾਨਕਸ਼ਾਹੀ) Ang 636; Guru Nanak Dev Ji; …

Leave a Reply

Your email address will not be published. Required fields are marked *