ਚੰਡੀਗੜ੍ਹ : ਬੀਤੀ ਕੱਲ੍ਹ ਪਾਕਿਸਤਾਨ ਵੱਲੋਂ ਭਾਰਤੀ ਹਵਾਈ ਸੈਨਾ ਦੇ ਜਿਸ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਥਾਮਨ ਨੂੰ ਹਿਰਾਸਤ ਵਿੱਚ ਲਿਆ ਸੀ ਉਸ ਨੂੰ ਉਨ੍ਹਾਂ ਵੱਲੋਂ ਹੁਣ ਬਿਨਾਂ ਕਿਸੇ ਸ਼ਰਤ ਰਿਹਾਅ ਕਰਕੇ ਭਾਰਤ ਭੇਜਣ ਦਾ ਐਲਾਨ ਕਰ ਦਿੱਤਾ ਗਿਆ ਹੈ। ਐਲਾਨ ਮੁਤਾਬਿਕ ਭਾਰਤੀ ਪਾਇਲਟ ਕੱਲ੍ਹ ਆਪਣੇ ਦੇਸ਼ ਪਰਤ ਆਵੇਗਾ।
ਜਿਕਰਯੋਗ ਹੈ ਕਿ ਬੀਤੀ ਦਿਨ ਭਾਰਤੀ ਸੈਨਾ ਵੱਲੋਂ ਪਾਕਿਸਤਾਨ ਅੰਦਰ ਵੜ ਕੇ ਅੱਤਵਾਦੀ ਠਿਕਾਣਿਆਂ ਤੇ ਮਿਗ ਅਤੇ ਕੁਝ ਹੋਰ ਜਹਾਜ਼ਾ ਰਾਹੀਂ ਹਮਲਾ ਕੀਤਾ ਗਿਆ ਸੀ ਤੇ ਇਸ ਦੌਰਾਨ ਪਾਕਿਸਤਾਨ ਵੱਲੋਂ ਕੀਤੇ ਗਏ ਦਾਅਵਿਆਂ ਅਨੁਸਾਰ ਉਨ੍ਹਾਂ ਨੇ ਜਵਾਬੀ ਹਮਲੇ ਦੌਰਾਨ ਭਾਰਤੀ ਸੈਨਾ ਦਾ ਇੱਕ ਮਿਗ ਜਹਾਜ਼ ਸੁੱਟ ਲਿਆ ਸੀ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ ਵਿੱਚ ਦਿਖਾਈ ਦਿੱਤਾ ਕਿ ਭਾਰਤੀ ਹਵਾਈ ਸੈਨਾਂ ਦਾ ਇੱਕ ਪਾਇਲਟ ਪਾਕਿਸਤਾਨੀ ਲੋਕਾਂ ਦੀ ਭੀੜ੍ਹ ਅਤੇ ਫੌਜੀਆਂ ਵਿੱਚ ਘਿਰਿਆ ਹੋਇਆ ਹੈ ਤੇ ਲੋਕ ਉਸ ਨੂੰ ਕੁੱਟ ਰਹੇ ਹਨ। ਜਿਸ ਨੂੰ ਪਾਕਿਸਤਾਨ ਦੇ ਸੈਨਿਕ ਲੋਕਾਂ ਕੋਲੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਵੀਡੀਓ ਅਨੁਸਾਰ ਪਾਇਲਟ ਨੂੰ ਫੜ ਕੇ ਕਿਸੇ ਅਣਜਾਣ ਜਗ੍ਹਾ ‘ਤੇ ਲਿਜਾਇਆ ਗਿਆ ਜਿਸ ਤੋਂ ਥੋੜੀ ਦੇਰ ਬਾਅਦ ਉਸੇ ਵੀਡੀਓ ਅੰਦਰ ਪਾਇਲਟ ਕੋਲੋਂ ਪਾਕਿਸਤਾਨ ਦੀ ਫੌਜ ਪੁੱਛਗਿੱਛ ਕਰਦੀ ਦਿਖਾਈ ਦਿੱਤੀ ਤੇ ਉਸ ਸਮੇਂ ਪਾਇਲਟ ਅਭਿਨੰਦਨ ਬਿਲਕੁਲ ਸਹੀ ਹਾਲਤ ‘ਚ ਬੈਠਾ ਦਿਖਾਈ ਦਿੱਤਾ। ਇਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਕੋਲੋਂ ਇਹ ਮੰਗ ਰਹੀ ਸੀ ਕਿ ਪਾਇਲਟ ਅਭਿਨੰਦਨ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਏ ਉਸ ਦੀ ਸੁਰੱਖਿਆ ਯਕੀਨੀ ਬਣਾਉਂਦਿਆਂ ਤੁਰੰਤ ਰਿਹਾਅ ਕੀਤਾ ਜਾਵੇ।
ਇਸ ਤੋਂ ਕੁਝ ਚਿਰ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਭਾਰਤ ਸਰਕਾਰ ਨੂੰ ਜੰਗ ਨਾ ਕਰਨ ਦੀ ਅਪੀਲ ਕਰਦਿਆਂ ਭਾਰਤੀ ਪਾਇਲਟ ਦੇ ਸੁਰੱਖਿਅਤ ਹੋਣ ਦੀ ਤਸੱਲੀ ਦਿੱਤੀ ਸੀ। ਤੇ ਅੱਜ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉੱਥੋਂ ਦੀ ਸੰਸਦ ਵਿੱਚ ਇਹ ਬਿਆਨ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਦੇਸ਼ ਨਾ ਤਾਂ ਪਹਿਲਾਂ ਯੁੱਧ ਚਾਹੁੰਦਾ ਸੀ ਤੇ ਨਾ ਅੱਜ ਚਾਹੁੰਦਾ ਹੈ। ਇਸ ਮੌਕੇ ਇਮਰਾਨ ਖਾਨ ਨੇ ਸੰਸਦ ਦੇ ਵਿਸ਼ੇਸ਼ ਸ਼ੈਸ਼ਨ ਵਿੱਚ ਐਲਾਨ ਕੀਤਾ ਕਿ ਉਹ ਭਾਰਤੀ ਪਾਇਲਟ ਅਭਿਨੰਦਨ ਵਰਥਮਾਨ ਨੂੰ ਰਿਹਾਅ ਕਰਨ ਜਾ ਰਹੇ ਹਨ। ਇਮਰਾਨ ਖਾਨ ਨੇ ਇਸ ਬਿਆਨ ਦਾ ਅਜੇ ਤੱਕ ਭਾਰਤ ਵੱਲੋਂ ਅਧਿਕਾਰ ਬਿਆਨ ਨਹੀਂ ਦਿੱਤਾ ਗਿਆ ਪਰ ਇਸ ਬਿਆਨ ਨੂੰ ਦੇਖ ਸੁਣ ਕੇ ਸੋਸ਼ਲ ਮੀਡੀਆ ‘ਤੇ ਲੋਕ ਇਮਰਾਨ ਖਾਨ ਦੀ ਸਰਾਹਣਾ ਜਰੂਰ ਕਰ ਰਹੇ ਹਨ।