ਭਾਰਤ ਨੂੰ ਅਮਰੀਕਾ ਦੀ ਚੇਤਾਵਨੀ- ‘ਮਾਸਕੋ ਤੋਂ ਤੇਲ ਅਤੇ ਹੋਰ ਸਮਾਨ ਦੀ ਦਰਾਮਦ ਵਧਾਉਣਾ ਤੁਹਾਡੇ ਹਿੱਤ ਵਿੱਚ ਨਹੀਂ’

TeamGlobalPunjab
2 Min Read

ਵਾਸ਼ਿੰਗਟਨ- ਯੂਕਰੇਨ ‘ਤੇ ਹਮਲੇ ਤੋਂ ਬਾਅਦ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨੇ ਰੂਸ ‘ਤੇ ਕਈ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਅਤੇ ਉਥੋਂ ਕੱਚੇ ਤੇਲ ਅਤੇ ਹੋਰ ਸਮਾਨ ਦੀ ਦਰਾਮਦ ਅਤੇ ਬਰਾਮਦ ‘ਤੇ ਵੀ ਪਾਬੰਦੀ ਲਗਾ ਦਿੱਤੀ। ਹਾਲਾਂਕਿ ਭਾਰਤ ਰੂਸ ਤੋਂ ਕੱਚਾ ਤੇਲ ਅਤੇ ਹੋਰ ਵਸਤੂਆਂ ਦੀ ਦਰਾਮਦ ਕਰ ਰਿਹਾ ਹੈ। ਅਮਰੀਕਾ ਨੇ ਇਸ ਮੁੱਦੇ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਵ੍ਹਾਈਟ ਹਾਊਸ ਨੇ ਸੋਮਵਾਰ ਨੂੰ ਕਿਹਾ ਕਿ ਰੂਸ ਤੋਂ ਊਰਜਾ ਅਤੇ ਹੋਰ ਸਾਮਾਨ ਦੀ ਦਰਾਮਦ ‘ਚ ਤੇਜ਼ੀ ਲਿਆਉਣਾ ਜਾਂ ਵਧਾਉਣਾ ਭਾਰਤ ਦੇ ਹਿੱਤ ‘ਚ ਨਹੀਂ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਭਾਰਤ ਨੂੰ ਮਾਸਕੋ ‘ਤੇ ਨਿਰਭਰਤਾ ਘੱਟ ਕਰਨ ਅਤੇ ਮਦਦ ਲਈ ਅਮਰੀਕਾ ਨਾਲ ਕੰਮ ਕਰਨ ਦੀ ਪੇਸ਼ਕਸ਼ ਕੀਤੀ।

ਭਾਰਤੀ-ਅਮਰੀਕੀ ਸਲਾਹਕਾਰ ਦਲੀਪ ਸਿੰਘ ਦੀ ਪਿਛਲੇ ਹਫ਼ਤੇ ਨਵੀਂ ਦਿੱਲੀ ਫੇਰੀ ਸਬੰਧੀ ਵੇਰਵੇ ਦਿੰਦਿਆਂ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਅਮਰੀਕੀ ਪਾਬੰਦੀਆਂ ਦੀ ਵਿਆਖਿਆ ਕੀਤੀ ਅਤੇ ਦੁਹਰਾਇਆ ਕਿ ਕਿਸੇ ਵੀ ਦੇਸ਼ ਜਾਂ ਸੰਸਥਾ ਨੂੰ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ।

ਆਪਣੀ ਭਾਰਤ ਫੇਰੀ ਦੌਰਾਨ ਉਨ੍ਹਾਂ ਨੇ ਭਾਰਤੀ ਅਧਿਕਾਰੀਆਂ ਨੂੰ ਕਿਹਾ ਕਿ ਰੂਸ ਤੋਂ ਊਰਜਾ ਜਾਂ ਹੋਰ ਵਸਤਾਂ ਦੀ ਦਰਾਮਦ ਵਧਾਉਣਾ ਭਾਰਤ ਦੇ ਹਿੱਤ ਵਿੱਚ ਨਹੀਂ ਹੈ। ਇਸ ਦੇ ਨਾਲ ਹੀ ਸਾਕੀ ਨੇ ਕਿਹਾ ਕਿ ਭਾਰਤ ਰੂਸ ਤੋਂ ਜੋ ਊਰਜਾ ਦਰਾਮਦ ਕਰ ਰਿਹਾ ਹੈ, ਉਹ ਉਸ ਦੇ ਕੁੱਲ ਊਰਜਾ ਆਯਾਤ ਦਾ ਸਿਰਫ ਇਕ ਤੋਂ ਦੋ ਫੀਸਦੀ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਰੂਸ ਤੋਂ ਊਰਜਾ ਲਈ ਨਵੀਂ ਦਿੱਲੀ ਤੋਂ ਕੀਤੇ ਜਾ ਰਹੇ ਭੁਗਤਾਨ ‘ਤੇ ਕੋਈ ਪਾਬੰਦੀ ਨਹੀਂ ਹੈ।

ਅਮਰੀਕਾ ਦੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਲੀਪ ਸਿੰਘ ਨੇ ਰੂਸ ਦੇ ਖਿਲਾਫ਼ ਅਮਰੀਕੀ ਪਾਬੰਦੀਆਂ ਲਗਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਯੂਕਰੇਨ ‘ਤੇ ਰੂਸ ਦੇ ਹਮਲੇ ਲਈ ਭਾਰਤ ਵੱਲੋਂ ਰੂਸ ਦੀ ਆਲੋਚਨਾ ਨਾ ਕਰਨ ਨੂੰ ਲੈ ਕੇ ਪੱਛਮੀ ਸ਼ਕਤੀਆਂ ਵਿਚਾਲੇ ਵਧਦੀ ਬੇਚੈਨੀ ਦਰਮਿਆਨ ਉਹ ਪਿਛਲੇ ਹਫਤੇ ਨਵੀਂ ਦਿੱਲੀ ‘ਚ ਸਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment