ਸੰਤ ਸਮਾਜ ਵੱਲੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਹਮਾਇਤ ਦਾ ਐਲਾਨ

TeamGlobalPunjab
3 Min Read

ਜਲੰਧਰ : ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਨੇ ਅੱਜ ਪੰਜਾਬ ਦੀਆਂ ਆਉਂਦੀਆਂ ਚੋਣਾਂ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਹਮਾਇਤ ਦਾ ਐਲਾਨ ਕੀਤਾ ਤੇ ਪੰਜਾਬ ਦੀ ਬੇਹਤਰੀ ਲਈ ਸਾਰੇ ਸਿੱਖਾਂ ਤੇ ਪੰਜਾਬੀਆਂ ਨੁੰ ਗਠਜੋੜ ਦੀ ਡਟਵੀਂ ਹਮਾਇਤ ਦੀ ਅਪੀਲ ਕੀਤੀ।

ਅਕਾਲੀ ਦਲ ਤੇ ਬਸਪਾ ਗਠਜੋੜ ਦੀ ਹਮਾਇਤ ਕਰਨ ਦਾ ਫੈਸਲਾ ਅੱਜ ਇਥੇ ਹੋਈ ਮੀਟਿੰਗ ਵਿਚ ਲਿਆ ਗਿਆ ਜਿਸ ਵਿਚ 300 ਦੇ ਕਰੀਬ ਸੰਤਾਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਦੀ ਪ੍ਰਧਾਨ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਕੀਤੀ। ਮੀਟਿੰਗ ਵਿਚ ਉਦਾਸੀਨ, ਨਿਰਮਲੇ, ਕਾਰ ਸੇਵਾ ਵਾਲੇ ਤੇ ਨਿਹੰਗ ਸਿੰਘਾਂ ਸਮੇਤ ਵੱਖ ਵੱਖ ਸੰਪਰਦਾਵਾਂ ਦੇ ਮੁਖੀਆਂ ਤੇ ਪ੍ਰਤੀਨਿਧਾਂ ਨੇ ਭਾਗ ਲਿਆ।
ਸੰਤ ਸਮਾਜ ਦੇ ਫੈਸਲੇ ਦਾ ਐਲਾਨ ਕਰਦਿਆਂ ਸੰਤ ਹਰਨਾਮ ਸਿੰਘ ਧੁੰਮਾਂ ਨੇ ਕਿਹਾ ਕਿ ਇਹ ਫੈਸਲਾ ਪਿਛਲੀਆਂ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਵੱਲੋਂ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਦਿਆਂ ਵੱਡੇ ਵੱਡੇ ਮੋਰਚੇ ਲਗਾ ਕੇ ਦਿੱਤੀਆਂ ਕੁਰਬਾਨੀਆਂ ਨੁੰ ਵੇਖਦਿਆਂ ਲਿਆ ਗਿਆ ਹੈ। ਉਹਨਾਂ ਕਿਹਾ ਕਿ ਪਿਛਲੀਆਂ ਅਕਾਲੀ ਸਰਕਾਰਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਵਿਰਾਸਤੀ ਮਾਰਗ ਦਾ ਸੁੰਦਰੀਕਰਨ, ਜੂਨ 1984 ਦੇ ਸ਼ਹੀਦੀ ਘੱਲੂਘਾਰੇ ਦੀ ਯਾਦਗਾਰ, ਛੋਟੇ ਤੇ ਵੱਡੇ ਘੱਲੂਘਾਰੇ ਦੀ ਯਾਦਗਾਰ, ਵਿਰਾਸਤ ਏ ਖਾਲਸਾ, ਚਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਉਣ ਆਦਿ ਦੀ ਸੇਵਾ ਕਰ ਕੇ ਪੰਥ ਦੇ ਸ਼ਾਨਾਮੱਤੇ ਇਤਿਹਾਸ ਅਤੇ ਵਿਰਾਸਤ ਨੁੰ ਸੰਭਾਲਣ ਲਈ ਕੀਤੇ ਗਏ ਕਾਰਜਾਂ ਉਪਰ ਪੰਥ ਨੁੰ ਮਾਣ ਹੈ। ਉਹਨਾਂ ਨੇ ਸਮੁੱਚੇ ਸੰਤ ਸਮਾਜ ਵੱਲੋਂ ਗੁਰੂ ਪੰਥ ਅਤੇ ਪੰਜਾਬ ਵਾਸੀਆਂ ਨੁੰ ਪੰਜਾਬ ਅਤੇ ਪੰਥ ਦੇ ਵਡੇਰੇ ਹਿੱਤਾਂ ਲਈ 20 ਫਰਵਰੀ ਨੁੰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ।

ਜਿਹੜੇ ਪ੍ਰੁਮੱਖ ਸੰਤਾਂ ਨੇ ਅੱਜ ਦੀ ਮੀਟਿੰਗ ਵਿਚ ਭਾਗ ਲਿਆ ਉਹਨਾਂ ਵਿਚ ਬਾਬਾ ਗੁਰਦਿਆਲ ਸਿੰਘ ਟਾਂਡੇਵਾਲੇ, ਬਾਬਾ ਮਹਿੰਦਰ ਸਿੰਘ ਜਨੇਰ ਵਾਲੇ, ਬਾਬਾ ਹਾਕਮ ਸਿੰਘ, ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣਾਂ ਵਾਲੇ, ਤਰਲੋਕ ਸਿੰਘ ਖਿਆਲੇ ਵਾਲੇ, ਸੁਰਜੀਤ ਸਿੰਘ ਘਨੁਰਕੀ ਵਾਲੇ, ਬਾਬਾ ਅਮਰਜੀਤ ਸਿੰਘ ਹਰਖੋਵਾਲ, ਅਵਤਾਰ ਸਿੰਘ ਧੂਲਕੋਟ, ਭਾਈ ਅਮਰਜੀਤ ਸਿੰਘ ਚਾਵਲਾ, ਮਾਨ ਸਿੰਘ ਮੜ੍ਹੀਆਂਵਾਲੇ, ਬਾਬਾ ਧੰਨਾ ਸਿੰਘ ਨਾਨਕਸਰ ਬੂੜੰਦੀ ਨੇ ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ ਸਮੇਤ ਵੱਡੀ ਗਿਣਤੀ ਵਿਚ ਸੰਤ ਮਹਾਂਪੁਰਖ ਸ਼ਾਮਲ ਸਨ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਸ ਹਮਾਇਤ ਲਈ ਸੰਤ ਸਮਾਜ ਦਾ ਦਿਲੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਜੋ ਜ਼ਿੰਮੇਵਾਰੀ ਉਹਨਾਂ ਨੇ ਮੇਰੇ ਮੋਢਿਆਂ ’ਤੇ ਪਾਈ ਹੈ, ਉਹ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਅਕਾਲ ਪੁਰਖ ਮੈਨੁੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵਿਰਾਸਤ ਨੁੰ ਅੱਗੇ ਲਿਜਾਣ ਦਾ ਬੱਲ ਬਖਸ਼ੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹੀ ਸੂਬੇ ਵਿਚ ਵਿਰਸੇ ਤੇ ਸਭਿਆਚਾਰ ਦੀ ਰਾਖੀ ਵਾਸਤੇ ਸਿਰਤੋੜਨ ਯਤਨ ਕੀਤੇ।

ਉਨ੍ਹਾਂ ਕਿਹਾ ਕਿ ਮੈਂ ਭਰੋਸਾ ਦੁਆਉਂਦਾ ਹਾਂ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਪੰਥਕ ਤੇ ਪੰਜਾਬੀ ਵਿਰਸੇ ਤੇ ਕਦਰਾਂ ਕੀਮਤਾਂ ਨੁੰ ਬਾਹਰਲਿਆਂ ਦੇ ਹਮਲੇ ਤੋਂ ਬਚਾਉਣ ਲਈ ਕੰਮ ਕਰਦੀ ਰਹੇਗੀ ਅਤੇ ਸ਼ਾਂਤੀ ਤੇ ਖੁਸ਼ਹਾਲੀ ਲਈ ਸਮੁੱਚੇ ਪੰਥ ਨੁੰ ਨਾਲ ਲੈਕੇ ਚੱਲੇਗੀ।

Share This Article
Leave a Comment