ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਨੇ ਕਿਉਂ ਚੱਬਿਆ ਅੱਕ

TeamGlobalPunjab
11 Min Read

ਡਾ. ਰਤਨ ਸਿੰਘ ਢਿੱਲੋਂ

-ਸੀਨੀਅਰ ਪੱਤਰਕਾਰ

ਹਰਿਆਣਾ ਵਿਧਾਨ ਸਭਾ 2019 ਦੀਆਂ ਚੋਣਾਂ ਦੇ ਨਤੀਜਿਆਂ ਵਿਚ ਜਿੱਥੇ ਕਾਂਗਰਸ ਨੇ ਬੀਬੀ ਸ਼ੈਲਜਾ ਅਤੇ ਭੁਪਿੰਦਰ ਸਿੰਘ ਹੁੱਡਾ ਦੀ ਰਹਿਨੁਮਾਈ ‘ਚ ਆਪਣੀ ਸਥਿਤੀ ਮਜ਼ਬੂਤ ਕਰਦਿਆਂ ਭਾਜਪਾ ਦੇ 75 ਪਾਰ ਦੇ  ਸੁਪਨੇ ਦੀ ਫੂਕ ਕੱਢਦਿਆਂ ਉਸ ਨੂੰ ਜਜਪਾ ਨਾਲ ਸਮਝੌਤਾ ਕਰ ਕੇ ਗੱਠ-ਜੋੜ ਦੀ ਸਰਕਾਰ ਬਣਾ ਕੇ ਚਲਾਉਣ ਦੀ ਚੁਣੌਤੀ ਦਿੱਤੀ ਹੈ, ਉਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹਰਿਆਣਾ ਦੇ ਸਿੱਖਾਂ ਦਾ ਰਹਿੰਦਾ ਖੂੰਹਦਾ ਮਨੋਬਲ ਵੀ ਤੋੜ ਕੇ ਰੱਖ ਦਿੱਤਾ ਹੈ। 75 ਪਾਰ ਦੀਆਂ ਟਾਹਰਾਂ ਮਾਰਨ ਵਾਲੀ ਭਾਜਪਾ ਮੂਧੇ-ਮੂੰਹ ਡਿੱਗੀ ਹੈ ਜਦੋਂਕਿ ਅਕਾਲੀ ਦਲ ਦੇ ਤਿੰਨੇ ਉਮੀਦਵਾਰ ਹਾਰ ਗਏ ਹਨ। ਭਾਜਪਾ ਨੂੰ 40 ਅਤੇ ਕਾਂਗਰਸ ਨੂੰ ਜਨਤਾ ਨੇ 30 ਸੀਟਾਂ ਦਿੱਤੀਆਂ ਹਨ। ਚੌਟਾਲਾ ਪਰਿਵਾਰ ‘ਚ ਹੋਈ ਸਿਆਸੀ ਭੰਨ-ਤੋੜ ਦੇ ਨਤੀਜੇ ਵਜੋਂ 9 ਦਸੰਬਰ 2018 ਨੂੰ ਹੋਂਦ ਵਿਚ ਆਈ ਦੇਵੀ ਲਾਲ ਦੇ ਪੜਪੌਤੇ, ਚੌਥੀ ਪੀੜ੍ਹੀ ਦੇ ਦੁਸ਼ਯੰਤ ਚੌਟਾਲਾ ਦੀ ਨਵੀਂ ਜਨਨਾਇਕ ਜਨਤਾ ਪਾਰਟੀ ਇਨ੍ਹਾਂ ਚੋਣਾਂ ਵਿਚ 10 ਸੀਟਾਂ ਲੈ ਗਈ ਹੈ। ਇਸ ਪਾਰਟੀ ਦੇ ਹੋਂਦ ਵਿਚ ਆਉਣ ਦਾ ਕਾਰਨ 7 ਅਕਤੂਬਰ 2018 ਨੂੰ ਗੋਹਾਣਾ ਵਿਚ ਹੋਈ ਇਨੈਲੋ ਦੀ ਉਹ ਰੈਲੀ ਸੀ ਜਿਸ ਵਿਚ ਮੰਡੀਰ ਨੇ ਦੁਸ਼ਯੰਤ ਚੌਟਾਲਾ ਦੇ ਪ੍ਰਵੇਸ਼ ਸਮੇਂ ਆਇਆ ਆਇਆ ਸੀ.ਐਮ.ਆਇਆ’ ਦੇ ਨਾਅਰੇ ਲਾਏ ਗਏ ਸਨ ਅਤੇ ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਨੇ ਅਜਿਹੀ ਹਰਕਤ ਨੂੰ ਅਨੁਸ਼ਾਸਨਹੀਣਤਾ ਕਹਿ ਕੇ ਦੁਸ਼ਯੰਤ ਅਤੇ ਉਸ ਦੇ ਸਾਥੀਆਂ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਪਰਿਵਾਰ ਦੀ ਸਿਆਸੀ ਫੁੱਟ ਕਾਰਨ ਚੋਣਾਂ ਵਿਚ ਜਜਪਾ ਆਪਣੀ ਹੀ ਪਰਿਵਾਰਕ ਪਾਰਟੀ ਇਨੈਲੋ ‘ਤੇ ਭਾਰੀ ਪੈ ਗਈ ਜਦੋਂ ਕਿ ਹਰਿਆਣਾ ‘ਚ ਇਨੈਲੋ ਤੀਜੀ ਸ਼ਕਤੀਸ਼ਾਲੀ ਸਿਆਸੀ ਪਾਰਟੀ ਮੰਨੀ ਜਾਂਦੀ ਸੀ।

ਸ਼੍ਰੋਮਣੀ ਅਕਾਲੀ ਦਲ ਭਾਵੇਂ ਭਾਜਪਾ ਨਾਲ ਰਲ ਕੇ ਚੋਣਾਂ ਲੜਦਾ ਅਤੇ ਕੇਂਦਰ ਦੇ ਮੰਤਰੀ ਮੰਡਲ ਵਿਚ ਕੁਰਸੀ ਲੈਂਦਾ ਆ ਰਿਹਾ ਹੈ ਪਰੰਤੂ ਹਰਿਆਣਾ ‘ਚ ਇਹ ਵੱਖਰੀ ਸੁਰ ਅਲਾਪਦਾ ਹੈ। ਇਥੇ ਅਕਾਲੀ ਦਲ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਦੋਸਤੀ ਦਾ ਦਸਤੂਰ ਨਿਭਾਉਂਦਿਆਂ ਚੌਟਾਲਾ ਦੀ ਇਨੈਲੋ ਪਾਰਟੀ ਨੂੰ ਸਮਰਥਨ ਦਿੱਤਾ ਹੈ ਪਰੰਤੂ ਇਸ ਵਾਰ ਓਮ ਪ੍ਰਕਾਸ਼ ਚੌਟਾਲਾ ਅਤੇ ਦੁਸ਼ਯੰਤ ਦੇ ਪਿਤਾ ਡਾ. ਅਜੈ ਸਿੰਘ ਚੌਟਾਲਾ ਦੇ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹੋਣ ਕਰਕੇ ਪਿੱਛੇ ਚਾਚੇ (ਅਭੈ ਸਿੰਘ ਚੌਟਾਲਾ),ਭਤੀਜੇ (ਦੁਸ਼ਯੰਤ ਚੌਟਾਲਾ) ਵਿਚਕਾਰ ਸਿਆਸੀ ਤਕਰਾਰ ਕਾਰਨ ਹਰਿਆਣਾ ‘ਚ ਇਨੈਲੋ ਦੇ ਵਧੇਰੇ ਪ੍ਰਮੁੱਖ ਆਗੂ ਅਤੇ ਜ਼ਮੀਨੀ ਵਰਕਰ ਦੁਸ਼ਯੰਤ ਨਾਲ ਆ ਜੁੜੇ।

- Advertisement -

ਅਕਾਲੀ ਦਲ ਨੂੰ ਮਾਣ ਸੀ ਕਿ ਲੋਕ ਸਭਾ ਚੋਣਾਂ ‘ਚ ਭਾਜਪਾ ਨੇ ਉਨ੍ਹਾਂ ਦੇ ਸਮਰਥਨ ਸਦਕਾ ਹਰਿਆਣਾ ਦੀਆਂ 10 ਦੀਆਂ 10 ਸੀਟਾਂ ਜਿੱਤੀਆਂ ਹਨ ਅਤੇ ਵਿਧਾਨ ਸਭਾ ਚੋਣਾਂ ਵਿਚ ਉਹ ਭਾਜਪਾ ਨਾਲ ਮਿਲ ਕੇ ਜਿੱਤ ਹਾਸਲ ਕਰਨਗੇ ਪਰੰਤੂ ਜਿੱਤ ਦੇ ਨਸ਼ੇ ‘ਚ ਭਾਜਪਾ ਨੇ ਕਿਸੇ ਵੀ ਸਮਝੌਤੇ ਤੋਂ ਸਾਫ ਇਨਕਾਰ ਕਰ ਦਿੱਤਾ ਜਿਸ ਨੂੰ ਸੁਖਬੀਰ ਸਿੰਘ ਬਾਦਲ ਨੇ ਅਨੈਤਿਕ ਅਤੇ ਸਮਝੌਤੇ ਦੀ ਮਰਿਆਦਾ ਭੰਗ ਕਰਨਾ ਦੱਸਿਆ।

ਇਸ ਤੋਂ ਬਾਅਦ ਅਕਾਲੀ ਦਲ ਨੇ ਜਜਪਾ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਅਸਫਲ ਰਿਹਾ। ਅਕਾਲੀ ਦਲ ਅਖੀਰ ਆਨੇ ਵਾਲੀ ਥਾਂ ਤੇ ਆ ਗਿਆ ਅਤੇ ਇਨੈਲੋ ਨਾਲ ਰਲ ਕੇ ਚੋਣ ਲੜਨ ਦੇ ਫੈਸਲੇ ਦਾ ਹਰਿਆਣਾ ਦੇ ਅਕਾਲੀਆਂ ਨੂੰ ਫਤਵਾ ਜਾਰੀ ਕਰ ਦਿੱਤਾ। ਇਹ ਵੀ ਕਿਹਾ ਗਿਆ ਕਿ ਜਿਥੇ ਇਨੈਲੋ ਉਮੀਦਵਾਰ ਨਹੀਂ ਹੈ ਉਥੇ ਆਜ਼ਾਦ ਉਮੀਦਵਾਰਾਂ ਦੀ ਮੱਦਦ ਕੀਤੀ ਜਾਵੇ। ਨਤੀਜਾ ‘ਆਪ ਡੁੱਬੀ ਡੂਮਣੀ ਨਾਲ ਪਰਭ ਵੀ ਡੋਬੇ ਵਾਂਗ ਇਹ ਨਿਕਲਿਆ ਕਿ ਇਨੈਲੋ ਦੇ ਕੇਵਲ ਅਭੈ ਸਿੰਘ ਨੂੰ ਸੀਟ ਮਿਲੀ ਜਦੋਂਕਿ ਅਕਾਲੀਆਂ ਦੇ ਖੜੇ ਕੀਤੇ ਤਿੰਨੋ ਦੇ ਤਿੰਨੇ ਉਮੀਦਵਾਰ ਹਾਰ ਗਏ। ਇਨ੍ਹਾਂ ‘ਚੋਂ ਕਾਲਾਂਵਾਲੀ ਦਾ ਅਕਾਲੀ ਉਮੀਦਵਾਰ ਰਜਿੰਦਰ ਸਿੰਘ ਦੇਸੂਜੋਧਾ ਕਾਂਗਰਸ ਦੇ ਉਮੀਦਵਾਰ ਸ਼ੀਸ਼ਪਾਲ ਸਿੰਘ ਕੋਲੋਂ ਹਾਰ ਗਿਆ।

ਕਾਲਾਂਵਾਲੀ (ਰਾਖਵਾਂ) ਹਲਕਾ ਜ਼ਿਲ੍ਹਾ ਸਿਰਸਾ ‘ਚ ਪੈਂਦਾ ਹੈ ਅਤੇ ਪੰਜਾਬ ਦੇ ਨਾਲ ਲਗਦਾ ਹੈ। ਇਸ ਹਲਕੇ ‘ਚ ਐਸ/ਸੀ ਆਬਾਦੀ ਕਰੀਬ 32.68 ਫੀਸਦ ਹੈ। ਸਾਲ 2009 ਦੀਆਂ ਚੋਣਾਂ ਵਿਚ ਇਸ ਹਲਕੇ ਤੋਂ ਅਕਾਲੀ ਦਲ ਦੇ ਚਰਨਜੀਤ ਸਿੰਘ ਅਤੇ ਸਾਲ 2014 ਵਿਚ ਬਲਕੌਰ ਸਿੰਘ ਜੇਤੂ ਰਹੇ ਸਨ। ਸਾਲ 2019 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਨੇ ਸਿਆਸੀ ਚਾਲ ਚਲਦਿਆਂ ਬਲਕੌਰ ਸਿੰਘ ਨੂੰ ਭਗਵੀਂ ਪਾਰਟੀ ਵਿਚ ਰਲ਼ਾ ਲਿਆ ਤਾ ਕਿ ਇਹ ਸੀਟ ਅਕਾਲ਼ੀਆਂ ਕੋਲੋਂ ਖੋਹੀ ਜਾ ਸਕੇ। ਅਕਾਲੀ ਦਲ ਨੇ ਇਸ ਵੇਰ ਰਜਿੰਦਰ ਸਿੰਘ ਦੇਸੂਜੋਧਾ ਨੂੰ ਮੈਦਾਨ ਵਿਚ ਉਤਾਰਿਆ। ਨਤੀਜਾ ਇਹ ਨਿਕਲਿਆ ਕਿ ਇਹ ਸੀਟ ਨਾ ਅਕਾਲੀਆਂ ਨੂੰ ਮਿਲੀ ਤੇ ਨਾ ਹੀ ਭਾਜਪਾ ਨੂੰ, ਕਾਂਗਰਸ ਉਮੀਦਵਾਰ ਸ਼ੀਸ਼ਪਾਲ ਸਿੰਘ ਨੇ ਇਹ ਸੀਟ 53059 ਵੋਟਾਂ ਲੈ ਕੇ ਜਿੱਤ ਲਈ ਜਦੋਂ ਕਿ ਨੰਬਰ-2 ਤੇ ਰਹੇ ਅਕਾਲੀ ਉਮੀਦਵਾਰ ਨੂੰ 33816 ਵੋਟਾਂ ਮਿਲੀਆਂ।ਭਾਜਪਾ ਦਾ ਬਲਕੌਰ ਸਿੰਘ 30134 ਵੋਟਾਂ ਨਾਲ ਤੀਜੇ ਨੰਬਰ ‘ਤੇ ਰਿਹਾ। ਇਸ ਹਲਕੇ ਤੋਂ ਅਕਾਲੀਆਂ ਦਾ ਵੋਟ ਸ਼ੇਅਰ ਪਿਛਲੀਆਂ ਚੋਣਾਂ ਤੋਂ ਘਟਣਾ ਸ਼ੁਰੂ ਹੋ ਗਿਆ ਸੀ। ਜੋ ਵੋਟ ਸ਼ੇਅਰ 2009 ਵਿਚ 50.97 ਫੀਸਦ ਸੀ ਉਹ 2014 ਵਿਚ ਘੱਟ ਕੇ 40.29 ਫੀਸਦ ਰਹਿ ਗਿਆ ਸੀ। ਜ਼ਿਲ੍ਹਾ ਫਤਿਹਾਬਾਦ ਦਾ ਰਤੀਆ (ਰਾਖਵਾਂ) ਹਲਕਾ ਜ਼ਿਆਦਾਤਰ ਇਨੈਲੋ ਦਾ ਗੜ੍ਹ ਰਿਹਾ ਹੈ। 1982 ਵਿਚ ਕਾਂਗਰਸ ਦੇ ਨੇਕੀ ਰਾਮ ਨੇ ਇਥੋਂ ਚੋਣ ਜਿੱਤੀ ਸੀ ਜਾਂ ਫਿਰ 2011 ਵਿਚ ਜ਼ਿਮਨੀ ਚੋਣ ਦੌਰਾਨ ਕਾਂਗਰਸ ਦੇ ਉਮੀਦਵਾਰ ਜਰਨੈਲ ਸਿੰਘ ਨੇ ਜਿੱਤ ਹਾਸਲ ਕੀਤੀ ਸੀ। 2014 ਵਿਚ ਇਨੈਲੋ ਦੇ ਪ੍ਰੋ. ਰਵਿੰਦਰ ਬਲਿਆਲਾ ਨੇ ਭਾਜਪਾ ਦੀ ਸ਼੍ਰੀਮਤੀ ਸੁਨੀਤਾ ਦੁੱਗਲ ਨੂੰ ਹਰਾਇਆ ਸੀ ਜੋ ਹੁਣ ਸਿਰਸਾ ਹਲਕੇ ਤੋਂ ਅਸ਼ੋਕ ਤੰਵਰ ਨੂੰ ਹਰਾ ਕੇ ਲੋਕ ਸਭਾ ਦੀ ਮੈਂਬਰ ਬਣੀ ਹੈ। ਇਸ ਵੇਰ ਇਨੈਲੋ ਨੇ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਦਿੱਤੀ। ਅਕਾਲੀ ਦਲ ਨੇ ਕੁਲਵਿੰਦਰ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਜੋ ਕੇਵਲ 9965 ਵੋਟਾਂ ਲੈ ਕੇ ਚੌਥੇ ਨੰਬਰ ਤੇ ਰਿਹਾ। ਇਸ ਹਲਕੇ ਤੋਂ ਭਾਜਪਾ ਦਾ ਲਕਸ਼ਮਨ ਨਾਪਾ    55160 ਵੋਟਾਂ ਲੈ ਕੇ ਜੇਤੂ ਰਿਹਾ।

ਤੀਜਾ ਹਲਕਾ ਗੂਹਲਾ ਵੀ ਰਾਖਵਾਂ ਹੈ ਜਿਥੋਂ ਅਕਾਲੀ ਦਲ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅਕਾਲੀਆਂ ਨੇ ਇਥੋਂ ਰਾਮ ਕੁਮਾਰ ਵਾਲਮੀਕੀ ਨੂੰ ਉਮੀਦਵਾਰ ਬਣਾਇਆ ਸੀ ਜੋ ਕੇਵਲ 3355 ਵੋਟਾਂ (2.71ਫੀਸਦ) ਲੈ ਕੇ 5ਵੇਂ ਸਥਾਨ ਤੇ ਰਿਹਾ ਹੈ। ਇਸ ਹਲਕੇ ਤੋਂ ਮਾਨ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੀ ਭੁਪਿੰਦਰ ਸਿੰਘ ਨਾਂ ਦਾ ਉਮੀਦਵਾਰ ਮੈਦਾਨ ਵਿਚ ਉਤਾਰਿਆ ਸੀ ਜੋ ਕੇਵਲ 806 (0.61ਫੀਸਦ) ਵੋਟਾਂ ਹੀ ਲੈ ਸਕਿਆ।

ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਰਾਖਵੀਆਂ ਸੀਟਾਂ ਤੇ ਉਮੀਦਵਾਰ ਖੜੇ ਕੀਤੇ ਅਤੇ ਤਿੰਨੇ ਬੁਰੀ ਤਰ੍ਹਾਂ ਹਾਰ ਗਏ।ਹਰਿਆਣਾ ਦੇ ਅਕਾਲੀ ਇਸ ਹਾਰ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਿਸ਼ੇਸ਼ ਕਰਕੇ ਹਰਿਆਣਾ ਦੇ ਇੰਚਾਰਜ ਬਲਵਿੰਦਰ ਸਿੰਘ ਭੂੰਦੜ ਨੂੰ ਜਿੰਮੇਵਾਰ ਮੰਨਦੇ ਹਨ। ਜੇਲ੍ਹਾਂ ਕੱਟਣ ਅਤੇ ਪੁਲੀਸ ਦੀ ਮਾਰ ਖਾਣ ਵਾਲੇ ਟਕਸਾਲੀ ਅਕਾਲੀ ਆਗੂ ਜਥੇਦਾਰ ਸੁਖਦੇਵ ਸਿੰਘ ਗੋਬਿੰਦਗੜ੍ਹ, ਜੋ ਖੁਦ ਇਕ ਵੇਰ ਅੰਬਾਲਾ ਸ਼ਹਿਰ ਹਲਕੇ ਤੋਂ ਚੋਣ ਲੜ ਕੇ ਆਪਣੀ ਕਿਸਮਤ ਅਜਮਾ ਚੁੱਕੇ ਹਨ, ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੇ ਆਪਣੇ ਸਵਾਰਥ ਨੂੰ ਮੁੱਖ ਰਖਦਿਆਂ ਉਨ੍ਹਾਂ ਨੂੰ ਹਮੇਸ਼ਾ ਪੁਤਲੀਆਂ ਸਮਝਿਆ ਹੈ। ਆਗੂ ਮਨਮਰਜ਼ੀ ਕਰਦਿਆਂ ਆਪਣੀ ਚਲਾਉਂਦੇ ਰਹੇ ਅਤੇ ਹਰਿਆਣਾ ਦੇ ਸਿੱਖਾਂ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ, ਮੰਨਣੀ ਤਾਂ ਦੂਰ ਦੀ ਗੱਲ ਹੈ। ਹਰਿਆਣਾ ਵਿਚ ਅਕਾਲੀ ਦਲ ਇਸੇ ਵਜ੍ਹਾ ਕਰਕੇ ਲੋਕਾਂ ਨਾਲ ਜੁੜ ਨਹੀਂ ਸਕਿਆ। ਲੋਕ ਸਮਝ ਗਏ ਕਿ ਆਗੂ ਨਿਰਸਵਾਰਥ ਨਹੀਂ ਹਨ। ਇਹੀ ਵਜ੍ਹਾ ਹੈ ਕਿ ਅਕਾਲੀਆਂ ਨਾਲ ਬਾਬਾ ਲੋਹਗੜ੍ਹ, ਪੱਕੀ ਪਕਾਈ ਖੋਹ ਖੜ ਵਾਲੀ ਗੱਲ ਹੋਈ ਹੈ। ਜਥੇਦਾਰ ਗੋਬਿੰਦਗੜ੍ਹ ਨੇ ਦੱਸਿਆ ਕਿ ਹਰਿਆਣਾ ਵਿਚ ਸਿੱਖਾਂ ਦੀਆਂ 18 ਲੱਖ ਦੇ ਕਰੀਬ ਵੋਟਾਂ ਹਨ ਜਿਨ੍ਹਾਂ ਵਿਚੋਂ 13-14 ਲੱਖ ਵੋਟਰ ਭਾਜਪਾ ਦੇ ਵਿਰੁਧ ਭੁਗਤਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਵੋਟਰਾਂ ਵੱਲੋਂ ਭਾਜਪਾ ਦਾ ਹੰਕਾਰ ਤੋੜਨ ਅਤੇ ਸਿੱਖਾਂ ਨੂੰ ਕਈ ਵੇਰ ਜ਼ਲੀਲ ਕਰਨ ਦਾ ਕਰਾਰਾ ਜਵਾਬ ਦੇਣ ਲਈ ਧੰਨਵਾਦ ਕਰਨਾ ਬਣਦਾ ਹੈ। ਗੋਬਿੰਦਗੜ੍ਹ ਅਨੁਸਾਰ ਭਾਜਪਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਦੇ ਸ਼ਹੀਦ ਸੰਤ ਜਰਨੈਲ ਸਿੰਘ ਦੀ ਤਸਵੀਰ ਨੂੰ ਲੈ ਕੇ ਅਤੇ ਕਦੇ ਅਕਾਲੀ ਦਲ ਵੱਲੋਂ ਚੋਣਾਂ ਰਲ ਕੇ ਲੜਨ ਨੂੰ ਲੈ ਕੇ ਸਿੱਖਾਂ ਨੂੰ ਜ਼ਲੀਲ ਕੀਤਾ ਹੈ।

- Advertisement -

ਸੂਤਰਾਂ ਅਨੁਸਾਰ ਚੋਣ ਨਤੀਜੇ ਤੋਂ ਬਾਅਦ 75 ਪਾਰ ਦੇ ਦਮਗਜ਼ੇ ਮਾਰਨ ਵਾਲੀ ਭਾਜਪਾ ਨੂੰ ਸਰਕਾਰ ਬਣਾਉਣ ਲਈ ਜਦੋਂ ਬਹੁਮੱਤ ਵੀ ਨਹੀਂ ਮਿਲਿਆ ਤਾਂ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਲੀ ਬੁਲਾਇਆ ਅਤੇ ਸਰਕਾਰ ਬਣਾਉਣ ਲਈ ਜਜਪਾ ਦਾ ਸਮਰਥਨ ਦਿਵਾਉਣ/ਮਨਾਉਣ ਦੀ ਡਿਊਟੀ ਸੌਂਪੀ। ਸੂਤਰਾਂ ਅਨੁਸਾਰ ਦੋਹਾਂ ਪਾਰਟੀਆਂ ਦਾ ਬਾਦਲ ਸਾਹਿਬ ਨੇ ਸਮਝੌਤਾ ਕਰਾਇਆ ਹੈ ਇਹ ਜਾਣਦਿਆਂ ਹੋਇਆਂ ਵੀ ਕਿ ਹਰਿਆਣਾ ਵਿਚ ਅਕਾਲੀ ਉਮੀਦਵਾਰਾਂ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ। ਭਾਜਪਾ ਨੇ ਵੀ ਮਰਦਿਆਂ ਸਮਝੌਤੇ ਲਈ ਅੱਕ ਚੱਬਿਆ ਹੈ ਕਿਉਂਕਿ ਚੋਣ ਪ੍ਰਚਾਰ ਦੇ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਜਜਪਾ ਨੂੰ ‘ਜਮਾਨਤ ਜਬਤ ਪਾਰਟੀ’ ਦੱਸ ਰਹੇ ਸਨ। ਇਕ ਮੋਸਟ ਸੀਨੀਅਰ ਆਗੂ ਤਾਂ ਇਸ ਪਾਰਟੀ ਦਾ ਮਜ਼ਾਕ ਉਡਾਉਂਦਿਆਂ ਪੈਰੋਡੀ ਵੀ ਗਾ ਰਿਹਾ ਸੀ ‘ਦੋ ਵਿਚਾਰੇ, ਬਿਨਾ ਸਹਾਰੇ, ਦੇਖੋ ਪੂਛ ਪੂਛ ਕਰ ਹਾਰੇ, ਬਿਨ ਤਾਲੇ ਕੀ ਚਾਬੀ ਲੇ ਕਰ ਫਿਰਤੇ ਮਾਰੇ ਮਾਰੇ…’, ਅਤੇ ਹੁਣ ਉਸੇ ਬੇਸਹਾਰੇ ਵਾਲੇ ਦੀ ਚਾਬੀ ਨਾਲ ਸੱਤਾ ਦੇ ਤਖਤੇ ਤੇ ਕਾਮਯਾਬ ਹੋ ਰਹੇ ਹਨ।ਦੁਸ਼ਿਅੰਤ ਚੌਟਾਲਾ ਵੀ ਹਰਿਆਣਾ ਨੂੰ ਚਾਰ ਵੇਰ ਸਾੜਨ ਅਤੇ ਪੰਚਕੂਲਾ ਵਿਚ ਡੇਰਾ ਸਿਰਸਾ ਦੇ ਨਿਹੱਥੇ ਸ਼ਰਧਾਲੂਆਂ ਤੇ ਗੋਲੀਆਂ ਚਲਾਉਣ ਲਈ ਖੱਟਰ ਨੂੰ ਜ਼ਿੰਮੇਵਾਰ ਠਹਿਰਾਉਂਦਾ ਸੀ। ਹੁਣ ਸੱਤਾ ਤੇ ਕਾਬਜ ਹੋਣ ਲਈ ਸਭ ਗਿਲੇ-ਸ਼ਿਕਵੇ ਜਾਂਦੇ ਰਹੇ ਹਨ ਅਤੇ ਭਾਜਪਾ ਨੇ ਦੁਸ਼ਯੰਤ ਚੌਟਾਲਾ ਨੂੰ ਉੱਪ ਮੁੱਖ ਮੰਤਰੀ ਦੀ ਕੁਰਸੀ ਦੇ ਕੇ ਜਜਪਾ ਨਾਲ ਸਮਝੌਤਾ ਕਰ ਲਿਆ ਹੈ।ਇਸ ਨਾਲ ਜਜਪਾ ਦੇ ਕਨਵੀਨਰ ਦੁਸ਼ਯੰਤ ਨੂੰ ਯਕਦਮ ਰਾਹਤ ਮਿਲ ਗਈ ਕਿ ਉਸ ਦੇ ਪਿਤਾ ਡਾ. ਅਜੈ ਸਿੰਘ ਉਸੇ ਦਿਨ ਤਿਹਾੜ ਜੇਲ੍ਹ ਵਿਚੋਂ ਫਰਲੋ ਤੇ ਰਿਹਾਅ ਹੋ ਕੇ ਬੇਟੇ ਨੂੰ ਉੱਪ-ਮੁੱਖ ਮੰਤਰੀ ਵਜੋਂ ਸਹੁੰ ਚੁਕਦਿਆਂ ਦੇਖਣ ਲਈ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਪਹੁੰਚ ਗਏ ਜਿਥੇ ਅਸ਼ੀਰਵਾਦ ਦੇਣ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਵੀ ਮੰਚ ਤੇ ਮੌਜੂਦ ਸਨ। ਸਿਆਸਤ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਭਾਜਪਾ ਅਤੇ ਜਜਪਾ ਦੀ ਸਾਂਝ ਪੰਜ ਸਾਲ ਚੱਲਣ ਵਾਲੀ ਨਹੀਂ ਹੈ ਕਿਉਂਕਿ ਜਾਟ ਖੱਟਰ ਨੂੰ ਪਹਿਲਾਂ ਹੀ ਨਕਾਰ ਚੁੱਕੇ ਹਨ, ਜਦੋਂਕਿ ਜਜਪਾ ਪਰੋ-ਜਾਟ ਪਾਰਟੀ ਹੈ। ਸ਼ਾਇਦ ਇਸੇ ਕਰਕੇ ਦੋਹਾਂ ਪਾਰਟੀਆਂ ਦੀ ਮੰਤਰੀ ਮੰਡਲ ਸਬੰਧੀ ਅਜੇ ਸਹਿਮਤੀ ਨਹੀਂ ਬਣ ਸਕੀ। ਖੱਟਰ ਨੇ ਆਪਣੇ ਨਾਂ ਨਾਲੋਂ ਖੱਟਰ ਉਤਾਰ ਕੇ ਅਤੇ ‘ਹਰਿਆਣਾ ਏਕ-ਹਰਿਆਣਵੀ ਏਕ’ ਦਾ ਨਾਅਰਾ ਵੀ ਦੇ ਕੇ ਦੇਖ ਲਿਆ ਪਰੰਤੂ ਜਾਟ ਸਿਆਸਤ ਨਹੀਂ ਚਾਹੁੰਦੀ ਕਿ ਇਕ ਪੰਜਾਬੀ ਉਨ੍ਹਾਂ ਤੇ ਰਾਜ ਕਰੇ।

Share this Article
Leave a comment