ਕੋਵਿਡ-19 : ਬ੍ਰਿਟੇਨ ਨੇ ਕੇਰਲਾ ‘ਚ ਫਸੇ 268 ਵਿਦੇਸ਼ੀ ਨਾਗਰਿਕਾਂ ਨੂੰ ਕੀਤਾ ਏਅਰਲਿਫਟ

TeamGlobalPunjab
2 Min Read

ਕੋਚੀ (ਕੇਰਲਾ) : ਬ੍ਰਿਟੇਨ ਸਰਕਾਰ ਨੇ ਕੇਰਲ ‘ਚ ਲਾਕਡਾਊਨ ਕਾਰਨ ਫਸੇ ਆਪਣੇ 268 ਬ੍ਰਿਟਿਸ਼ ਨਾਗਰਿਕਾਂ ਨੂੰ ਏਅਰਲਿਫਟ ਕੀਤਾ ਹੈ। ਬ੍ਰਿਟਿਸ਼ ਏਅਰਵੇਜ਼ ਨੇ ਕੱਲ ਸ਼ਾਮ 7:30 ਵਜੇ 110 ਬ੍ਰਿਟਿਸ਼ ਯਾਤਰੀਆਂ ਨਾਲ ਤ੍ਰਿਵੇਂਦਰਮ ਏਅਰਪੋਰਟ ਤੋਂ ਕੋਚਿਨ ਏਅਰਪੋਰਟ ਲਈ ਉਡਾਣ ਭਰੀ। ਜਿਸ ਤੋਂ ਬਾਅਦ 158 ਹੋਰ ਬ੍ਰਿਟਿਸ਼ ਨਾਗਰਿਕਾਂ ਨੂੰ ਲੈ ਕੇ ਜਹਾਜ਼ ਰਾਤ 10:07 ਵਜੇ ਕੋਚਿਨ ਏਅਰਪੋਰਟ ਤੋਂ ਲੰਦਨ ਲਈ ਰਵਾਨਾ ਹੋਇਆ। ਦੱਸ ਦਈਏ ਕਿ ਇਹ ਸਾਰੇ ਯਾਤਰੀ ਬ੍ਰਿਟਿਸ਼ ਨਾਗਰਿਕ ਹਨ ਜਿਹੜੇ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਕਾਰਨ ਲਾਕਡਾਊਨ ਦੌਰਾਨ ਕੇਰਲ ‘ਚ ਫਸੇ ਹੋਏ ਸਨ। ਇਨ੍ਹਾਂ ਯਾਤਰੀਆਂ ‘ਚ ਉਹ ਲੋਕ ਵੀ ਸ਼ਾਮਲ ਸਨ ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਉਨ੍ਹਾਂ ਦਾ ਕੋਚਿਨ ਵਿਖੇ ਸਫਲਤਾਪੂਰਵਕ ਇਲਾਜ ਕੀਤਾ ਗਿਆ ਸੀ।

ਲਾਕਡਾਊਨ ਦੌਰਾਨ ਯੂਰਪ ਤੋਂ ਕੇਰਲ ‘ਚ ਫਸੇ ਯਾਤਰੀਆਂ ਨੂੰ ਵਾਪਸ ਆਪਣੇ ਦੇਸ਼ ਲਿਜਾਉਣ ਲਈ ਇਹ ਜਹਾਜ਼ ਦੀ ਤੀਸਰੀ ਉਡਾਣ ਹੈ। ਇਸ ਤੋਂ ਪਹਿਲਾਂ 31 ਮਾਰਚ ਨੂੰ ਏਅਰ ਇੰਡੀਆ ਦਾ ਇੱਕ ਵਿਸ਼ੇਸ਼ ਜਹਾਜ਼ 232 ਯਾਤਰੀਆਂ ਨੂੰ ਲੈ ਕੇ ਜਰਮਨੀ ਲਈ ਰਵਾਨਾ ਹੋਇਆ ਸੀ। ਉਸ ਤੋਂ ਚਾਰ ਦਿਨ ਬਾਅਦ ਇੱਕ ਵਿਸ਼ੇਸ਼ ਜਹਾਜ਼ ਨੇ 112 ਯਾਤਰੀਆਂ ਨੂੰ ਲੈ ਕੇ ਫਰਾਂਸ ਲਈ ਉਡਾਣ ਭਰੀ ਸੀ।

ਇਨ੍ਹਾਂ 268 ਯਾਤਰੀਆਂ ਵਿਚ, ਆਸਟਰੀਆ, ਕੈਨੇਡਾ, ਪੁਰਤਗਾਲ, ਆਇਰਲੈਂਡ, ਲਿਥੁਆਨੀਆ ਦੇ ਨਾਗਰਿਕ ਸ਼ਾਮਲ ਹਨ। ਬੀਤੀ 23 ਮਾਰਚ ਤੋਂ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਕਾਰਨ ਦੇਸ਼ ‘ਚ 14 ਅਪ੍ਰੈਲ ਤੱਕ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਪ੍ਰਧਾਨ ਮੰਤਰੀ ਵੱਲੋਂ 3 ਮਈ ਤੱਕ ਵਧਾ ਦਿੱਤਾ ਗਿਆ ਹੈ। ਕੇਰਲਾ ਦੇ ਸੈਰ ਸਪਾਟਾ ਮੰਤਰੀ ਕਦਾਕਮਪੱਲੀ ਸੁਰੇਂਦਰਨ ਨੇ ਹਵਾਈ ਯਾਤਰਾ ਦੀ ਸਹੂਲਤ ‘ਤੇ ਖੁਸ਼ੀ ਜ਼ਾਹਰ ਕੀਤੀ ਹੈ।

ਵਿਸ਼ਵ ਪੱਧਰ ‘ਤੇ ਕੋਰੋਨਾ ਦਾ ਕਹਿਰ ਜਾਰੀ ਹੈ। ਹੁਣ ਤੱਕ ਦੁਨੀਆ ਭਰ ‘ਚ ਕੋਰੋਨਾ ਮਹਾਮਾਰੀ ਨਾਲ 1 ਲੱਖ 34 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 20 ਲੱਖ ਤੋਂ ਵੱਧ ਲੋਕ ਇਸ ਮਹਾਮਾਰੀ ਦੀ ਲਪੇਟ ‘ਚ ਹਨ। ਦੇਸ਼ ‘ਚ ਕੋਰੋਨਾ ਦੇ 12 ਹਜ਼ਾਰ ਤੋੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ‘ਚੋਂ 415 ਲੋਕਾਂ ਦੀ ਮੌਤ ਹੋ ਗਈ ਹੈ। ਬ੍ਰਿਟੇਨ ‘ਚ ਕੋਰੋਨਾ ਨਾਲ ਮੌਤ ਦਾ ਅੰਕੜਾ 12 ਹਜ਼ਾਰ ਤੋਂ ਪਾਰ ਚਲਾ ਗਿਆ ਹੈ ਤੇ 98 ਹਜ਼ਾਰ ਲੋਕ ਇਸ ਵਾਇਰਸ ਦੀ ਲਪੇਟ ‘ਚ ਹਨ।

- Advertisement -

Share this Article
Leave a comment