ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਨੂੰ ਭਾਰਤ ਰਤਨ ਦੇਣ ‘ਤੇ ਕਾਂਗਰਸੀ ਅਤੇ ਅਕਾਲੀ ਹੋਏ ਮਿਹਣੋ-ਮਿਹਣੀ !

TeamGlobalPunjab
2 Min Read

ਅੰਮ੍ਰਿਤਸਰ : ਸਿਆਸਤਦਾਨਾਂ ਵਿਚਕਾਰ ਆਪਸੀ ਬਿਆਨਬਾਜ਼ੀਆਂ ਚਲਦੀਆਂ  ਹੀ ਰਹਿੰਦੀਆਂ ਹਨ। ਇਸੇ ਸਿਲਸਿਲੇ ‘ਚ ਹੁਣ ਸਿਆਸਤਦਾਨਾਂ ਵਿਚਕਾਰ  ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਨੂੰ ਭਾਰਤ ਰਤਨ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ਨੂੰ ਲੈ ਕੇ ਰੌਲਾ ਪੈ ਗਿਆ ਹੈ। ਦਰਅਸਲ ਕਾਂਗਰਸ ਦੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਇਨ੍ਹਾਂ ਤਿੰਨਾਂ ਮਹਾਨ ਸ਼ਹੀਦਾਂ ਨੂੰ ਭਾਰਤ ਦੇ ਸਰਬੋਤਮ ਨਾਗਰਿਕ ਪੁਰਸਕਾਰ ਭਾਰਤ ਰਤਨ ਨਾਲ ਸਨਮਾਨਿਤ ਕਰਨ ਮੰਗ ਕੀਤੀ ਹੈ।

ਜਾਣਕਾਰੀ ਮੁਤਾਬਿਕ ਇਸ ਸਬੰਧੀ ਤਿਵਾੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਵੀ ਲਿਖਿਆ ਹੈ। ਤਿਵਾੜੀ ਦੇ ਇਸ ਪੱਤਰ ‘ਤੇ ਹੁਣ ਸਿਆਸਤ ਵੀ ਸ਼ੁਰੂ ਹੋ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਮਨੈਜਮੈਂਟ ਕਮੇਟੀ ਪ੍ਰਧਾਨ ਮਨਜਿੰਦਰ ਸਿਰਸਾ ਨੇ ਇਸ ਪੱਤਰ ਨੂੰ ਲੈ ਕੇ ਤਿਵਾੜੀ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਕਾਂਗਰਸ ਨੂੰ 70 ਸਾਲਾ ਬਾਅਦ ਸ਼ਹੀਦ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਦੀ ਯਾਦ ਆਈ ਹੈ। ਸਿਰਸਾ ਅਨੁਸਾਰ ਪਹਿਲਾਂ ਤਾਂ ਇਨ੍ਹਾਂ ਨੂੰ ਰਾਜੀਵ ਗਾਂਧੀ ਤੇ ਇੰਦਰਾ ਗਾਂਧੀ ਹੀ ਯਾਦ ਰਹੇ ਸਨ।

ਸਿਰਸਾ ਨੇ ਬੋਲਦਿਆਂ ਰਾਜੀਵ ਗਾਂਧੀ ਨੂੰ 84 ਸਿੱਖ ਕਤਲੇਆਮ ਦਾ ਸਭ ਤੋਂ ਵੱਡਾ ਕਾਤਲ ਗਰਦਾਨ ਦਿੱਤਾ। ਉਨ੍ਹਾਂ ਕਿਹਾ ਕਿ ਉਸ ਸਮੇਂ ਸਿਰਫ ਇਨ੍ਹਾਂ ਨੂੰ ਭਾਰਤ ਰਤਨ ਦੇਣ ਲਈ ਰਾਜੀਵ ਗਾਂਧੀ ਹੀ ਮਿਲੇ ਸਨ।

ਇਸ ਦੇ ਨਾਲ ਹੀ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਵੀ ਮਨੀਸ਼ ਤਿਵਾੜੀ ਨੂੰ ਘੇਰਿਆ। ਗਰੇਵਾਲ ਨੇ ਕਿਹਾ ਕਿ ਮਨੀਸ਼ ਤਿਵਾੜੀ ਦੱਸੇ ਕਿ ਕਾਂਗਰਸ ਨੇ ਕਿੰਨੇ ਸ਼ਹੀਦਾਂ ਨੂੰ ਭਾਰਤ ਰਤਨ ਅਵਾਰਡ ਦਿੱਤਾ ਹੈ।

- Advertisement -

ਮਨਜਿੰਦਰ ਸਿਰਸਾ ਨੇ ਮੰਗ ਕੀਤੀ ਕਿ ਰਾਜੀਵ ਗਾਂਧੀ ਤੋਂ ਭਾਰਤ ਰਤਨ ਅਵਾਰਡ ਵਾਪਿਸ ਲੈ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਦਿੱਤਾ ਜਾਵੇ, ਅਤੇ ਕਿਹਾ ਇਸ ਅਵਾਰਡ ‘ਤੇ ਇਹਨਾਂ ਸ਼ਹੀਦਾਂ ਦਾ ਹੀ ਹੱਕ ਬਣਦਾ ਸੀ। ਆਉਣ ਵਾਲੇ ਦਿਨਾਂ ਵਿੱਚ ਇਸ ਮੁੱਦੇ ‘ਤੇ ਸਿਆਸਤ ਹੋਰ ਵੀ ਗਰਮਾ ਸਕਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸੀ ਲੀਡਰ ਅਕਾਲੀ ਦਲ ਨੂੰ ਕਿਸ ਅੰਦਾਜ ‘ਚ ਇਸ ਮੁੱਦੇ ‘ਤੇ ਜਵਾਬ ਦਿੰਦੇ ਹਨ।

Share this Article
Leave a comment