ਅੰਮ੍ਰਿਤਸਰ : ਪਿਛਲੇ ਲੰਮੇ ਸਮੇਂ ਤੋਂ ਵਿਵਾਦਾਂ ਵਿੱਚ ਘਿਰੇ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਆਖ਼ਿਰਕਾਰ ਅਸਤੀਫਾ ਦੇ ਦਿੱਤਾ ਹੈ। ਆਪਣੇ ਅਸਤੀਫੇ ਵਿੱਚ ਗਿਆਨੀ ਇਕਬਾਲ ਸਿੰਘ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਅਖੋਤੀ ਧਾਰਮਿਕ ਅਤੇ ਰਾਜਨੀਤਕ ਆਗੂਆਂ ਨੇ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਹੈ, ਜਿਨ੍ਹਾਂ ਤੋਂ ਇਹ ਬਰਦਾਸਤ ਨਹੀਂ ਹੋਇਆ ਕਿ ਉਹ (ਗਿਆਨੀ ਇਕਬਾਲ ਸਿੰਘ ) ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਵਾਉਣ। ਗਿਆਨੀ ਇਕਬਾਲ ਸਿੰਘ ਦੇ ਅਸਤੀਫੇ ਤੋਂ ਬਾਅਦ ਸਿੱਖ ਹਲਕਿਆਂ ਵਿੱਚ ਨਵੀਂ ਚਰਚਾ ਛਿੜ ਗਈ ਹੈ।
ਇੱਥੇ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਬਾਰੇ ਇਹ ਦਾਅਵਾ ਕੀਤਾ ਗਿਆ ਸੀ ਕਿ ਵੀਡੀਓ ਵਿੱਚ ਸਿਗਰਟ ਅਤੇ ਸ਼ਰਾਬ ਪੀਂਦਾ ਦਿਖਾਈ ਦੇ ਰਿਹਾ ਸ਼ਕਸ਼ ਗਿਆਨੀ ਇਕਬਾਲ ਸਿੰਘ ਦਾ ਪੁੱਤਰ ਗੁਰਪ੍ਰਸ਼ਾਦ ਸਿੰਘ ਹੈ। ਮਾਮਲਾ ਭਖਣ ਤੋਂ ਬਾਅਦ ਗਿਆਨੀ ਇਕਬਾਲ ਸਿੰਘ ਨੇ ਆਪਣੇ ਪੁੱਤਰ ਨੂੰ ਆਪਣੀ ਜ਼ਿੰਦਗੀ ਅੰਦਰੋਂ ਹਰ ਪਾਸੇ ਤੋਂ ਬੇਦਖ਼ਲ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਜਦੋਂ ਤੱਕ ਗੁਰਪ੍ਰਸ਼ਾਦ ਸਿੰਘ ਜਾਂਚ ਤੋਂ ਬਾਅਦ ਸਾਫ ਅਕਸ਼ ਹੋ ਕੇ ਬਾਹਰ ਨਹੀਂ ਆ ਜਾਂਦਾ ਉਦੋਂ ਤੱਕ ਉਨ੍ਹਾਂ ਦਾ ਗੁਰਪ੍ਰਸ਼ਾਦ ਸਿੰਘ ਨਾਲ ਕੋਈ ਵਾਹ ਵਾਸਤਾ ਨਹੀਂ ਹੋਵੇਗਾ, ਪਰ ਇਸ ਦੇ ਬਾਵਜੂਦ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਕੁਝ ਸੰਗਤਾਂ ਵੱਲੋਂ ਗਿਆਨੀ ਜੀ ਦੇ ਪੁੱਤਰ ਨੂੰ ਗੁਰਦੁਆਰਾ ਕਮੇਟੀ ਦੀ ਨੌਕਰੀ ਤੋਂ ਬਾਹਰ ਕੱਢੇ ਜਾਣ ਦੀ ਮੰਗ ਨੂੰ ਲੈ ਕੇ ਗਿਆਨੀ ਇਕਬਾਲ ਸਿੰਘ ਦੇ ਸਾਹਮਣੇ ਹੀ ਭਾਰੀ ਰੋਸ ਪ੍ਰਦਰਸ਼ਨ ਕੀਤਾ ਸੀ। ਇਨ੍ਹਾਂ ਸੰਗਤਾਂ ਦੀ ਇਹ ਮੰਗ ਸੀ ਕਿ ਗੁਰਪ੍ਰਸ਼ਾਦ ਸਿੰਘ ਦੇ ਨਾਲ ਨਾਲ ਗਿਆਨੀ ਇਕਬਾਲ ਸਿੰਘ ਨੂੰ ਵੀ ਅਹੁਦੇ ਤੋਂ ਹਟਾਇਆ ਜਾਵੇ। ਉਸ ਵੇਲੇ ਗੁਰਦੁਆਰਾ ਕਮੇਟੀ ਵੱਲੋਂ ਉੱਥੇ ਅਕਾਉਂਟੈਂਟ ਵਜੋਂ ਨੌਕਰੀ ਕਰ ਰਹੇ ਗਿਆਨੀ ਇਕਬਾਲ ਸਿੰਘ ਦੇ ਪੁੱਤਰ ਗੁਰਪ੍ਰਸ਼ਾਦ ਸਿੰਘ ਨੂੰ ਤਾਂ ਬਰਖਾਸਤ ਕਰ ਦਿੱਤਾ ਗਿਆ, ਪਰ ਗਿਆਨੀ ਇਕਬਾਲ ਸਿੰਘ ਬਾਰੇ ਫੈਸਲਾ ਪੰਜਾਂ ਤਖ਼ਤਾਂ ਦੇ ਜਥੇਦਾਰਾਂ ‘ਤੇ ਛੱਡ ਦਿੱਤਾ ਸੀ। ਜਿਨ੍ਹਾਂ ਨੇ ਆਖ਼ਿਰਕਾਰ ਅੱਜ ਅਸਤੀਫਾ ਦੇ ਦਿੱਤਾ ਹੈ।
ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਦੇ ਨਾਂ ਭੇਜੇ ਗਏ ਆਪਣੇ ਇਸ ਅਸਤੀਫੇ ਵਿੱਚ ਗਿਆਨੀ ਇਕਬਾਲ ਸਿੰਘ ਨੇ ਲਿਖਿਆ ਹੈ ਕਿ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਅਪਾਰ ਕ੍ਰਿਪਾ ਸਦਕਾ ਉਹ ਪਿਛਲੇ 35 ਸਾਲਾਂ ਤੋਂ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾਂ ਸਹਿਬ ਵਿਖੇ ਬਤੌਰ ਜਥੇਦਾਰ ਸੇਵਾ ਨਿਭਾ ਰਹੇ ਹਨ ਤੇ ਇਸ ਦੌਰਾਨ ਉਨ੍ਹਾਂ ‘ਤੇ ਸਤਿਗੁਰੂ ਜੀ ਦੀ ਅਪਾਰ ਕ੍ਰਿਪਾ ਕਰਕੇ ਨਾਮ ਅਤੇ ਗੁਰਬਾਣੀ ਦਾ ਤਖ਼ਤ ਸ਼੍ਰੀ ਪਟਨਾ ਸਾਹਿਬ ਵਿਖੇ ਪ੍ਰਚਾਰ ਪ੍ਰਸਾਰ ਕਰਵਾਇਆ ਜੋ ਸਾਰੇ ਸੰਸਾਰ ਦੀ ਸੰਗਤ ਦੇ ਸਾਹਮਣੇ ਹੈ। ਉਨ੍ਹਾਂ ਅੱਗੇ ਦੋਸ਼ ਲਾਇਆ ਕਿ ਇਹ ਸਭ ਕੁਝ ਧਾਰਮਿਕ ਅਤੇ ਰਾਜਨੀਤਕ ਲੋਕਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਤੇ ਉਹ ਲੋਕ ਤਖ਼ਤ ਸਾਹਿਬ ਦੇ ਮਾਣ ਸਨਮਾਨ ਨੂੰ ਘਟਾਉਣ ਵਾਸਤੇ ਉਨ੍ਹਾਂ ‘ਤੇ ਤਰ੍ਹਾਂ ਤਰ੍ਹਾਂ ਦੇ ਝੂਠੇ ਇਲਜ਼ਾਮ ਲਾ ਰਹੇ ਹਨ। ਗਿਆਨੀ ਇਕਬਾਲ ਸਿੰਘ ਨੇ ਆਪਣੇ ਅਸਤੀਫੇ ਵਿੱਚ ਕਿਹਾ ਹੈ ਕਿ ਇਨ੍ਹਾਂ ਇਲਜਾਂਮਾਂ ਬਾਰੇ ਉਹ ਸੰਗਤਾਂ ਨੂੰ ਕਈ ਵਾਰ ਸਪੱਸ਼ਟੀਕਰਨ ਦੇ ਚੁੱਕੇ ਹਨ, ਪਰ ਉਹ ਲੋਕ ਵਾਰ ਵਾਰ ਝੂਠ ਬੋਲ ਕੇ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਬਿਲਕੁਲ ਨਿਰਦੋਸ਼ ਹਾਂ ਪਰ ਇਸ ਦੇ ਬਾਵਜੂਦ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਮਾਣ ਸਨਮਾਨ ਨੂੰ ਮੁੰਖ ਰੱਖਦਿਆਂ ਬਿਨਾਂ ਕਿਸੇ ਦਬਾਅ ਅਤੇ ਡਰ ਤੋਂ ਦਸ਼ਮੇਸ਼ ਪਿਤਾ ਜੀ ਵੱਲੋਂ ਬਖਸ਼ੀ ਤਖ਼ਤ ਸ਼੍ਰੀ ਪਟਨਾ ਸਹਿਬ ਜੀ ਦੀ ਜਥੇਦਾਰੀ ਵਾਲੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ। ਅੰਤ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ਧਾਰਮਿਕ ਅਖੌਤੀ ਆਗੂਆਂ ਅਤੇ ਰਾਜਨੀਤਕ ਲੋਕਾਂ ਦੀ ਸਾਜ਼ਿਸ਼ ਦਾ ਸ਼ਿਕਾਰ ਲਿਖਦਿਆਂ ਅਸਤੀਫੇ ‘ਤੇ ਹਸ਼ਤਾਖ਼ਰ ਕੀਤੇ ਹਨ। ਗਿਆਨੀ ਇਕਬਾਲ ਸਿੰਘ ਦੇ ਅਸਤੀਫੇ ਤੋਂ ਬਾਅਦ ਹੁਣ ਫੈਸਲਾ ਉੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ ਕਿ ਇਹ ਅਸਤੀਫਾ ਕਬੂਲ ਕਰਨਾ ਹੈ ਜਾਂ ਨਹੀਂ।