ਬਠਿੰਡਾ : ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਵਿੱਚੋਂ ਅਸਤੀਫਾ ਦੇਣ ਤੋਂ ਬਾਅਦ ਆਪਣੇ ਹਲਕੇ ਵਿੱਚ ਮੁੜ ਸਰਗਰਮ ਹੋ ਗਏ ਹਨ। ਇਸ ਦੌਰਾਨ ਉਹ ਕਾਂਗਰਸੀ ਵਰਕਰਾਂ ਦੇ ਨਾਲ ਨਾਲ ਆਪਣੇ ਸਾਥੀ ਵਿਧਾਇਕਾਂ ਨਾਲ ਬੈਠਕਾਂ ਵੀ ਕਰ ਰਹੇ ਹਨ, ਤੇ ਇੰਝ ਜਾਪਦਾ ਹੈ ਜਿਵੇਂ ਇਹ ਸਭ ਦੇਖ ਕੇ ਸਿੱਧੂ ਨੂੰ ਆਪਣੀ ਪਾਰਟੀ ਜਾਂ ਗੱਠਜੋੜ ਵਿੱਚ ਸ਼ਾਮਲ ਹੋਣ ਦਾ ਵਾਰ ਵਾਰ ਸੱਦਾ ਦੇਣ ਵਾਲੇ ਸਿਮਰਜੀਤ ਬੈਂਸ ਨੇ ਹੁਣ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਵਿੱਚ ਹਾਰ ਮੰਨ ਲਈ ਹੈ। ਸ਼ਾਇਦ ਇਹੋ ਕਾਰਨ ਹੈ ਕਿ ਬੈਂਸ ਨੇ ਹੁਣ ਇਹ ਕਹਿ ਦਿੱਤਾ ਹੈ ਕਿ ਉਹ ਹੁਣ ਸਿੱਧੂ ਨੂੰ ਉਨ੍ਹਾਂ ਦੀ ਪਾਰਟੀ ‘ਚ ਸ਼ਾਮਲ ਹੋਣ ਲਈ ਨਹੀਂ ਕਹਿਣਗੇ। ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਇੱਥੇ ਪਾਣੀਆਂ ਦੇ ਮੁੱਦੇ ‘ਤੇ ਲੋਕਾਂ ਦੇ ਦਸਤਖਤ ਕਰਾਉਣ ਪਹੁੰਚੇ ਸਨ।
ਇੱਥੇ ਬੋਲਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜੋ ਇਨਸਾਨ ਕਾਂਗਰਸ ਪਾਰਟੀ ‘ਚ ਇੰਨੀ ਬੇਇੱਜ਼ਤੀ ਕਰਵਾ ਰਿਹਾ ਹੈ ਉਸ ਦੀ ਕੋਈ ਮਜਬੂਰੀ ਹੋਵੇਗੀ। ਬੈਂਸ ਅਨੁਸਾਰ ਉਨ੍ਹਾਂ ਨੇ ਬਹੁਤ ਵਾਰ ਕੋਸ਼ਿਸ਼ ਕੀਤੀ ਹੈ ਪਰ ਹੁਣ ਸਿੱਧੂ ਨੂੰ ਹੀ ਸੋਚਣਾ ਚਾਹੀਦਾ ਹੈ ਕਿ ਅੱਗੇ ਕੀ ਕਰਨਾ ਹੈ ਤੇ ਕੀ ਨਹੀਂ। ਇਸ ਤੋਂ ਇਲਾਵਾ ਬੈਂਸ ਨੇ ਪੰਜਾਬ ਦੇ ਪਾਣੀਆਂ ਵਾਲੇ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਪਾਣੀ ਸਾਡਾ ਹੈ ਅਤੇ ਇਸ ‘ਤੇ ਸਾਡਾ ਕਨੂੰਨੀ ਹੱਕ ਹੈ। ਉਨ੍ਹਾਂ ਅੰਕੜੇ ਦੱਸਦਿਆਂ ਕਿਹਾ ਕਿ ਅਸੀਂ ਇਕੱਲੇ ਰਾਜਸਥਾਨ ਨੂੰ ਹੀ 16 ਲੱਖ ਕਰੋੜ ਰੁਪਏ ਦਾ ਪਾਣੀ ਫਰੀ ਦੇ ਚੁਕੇ ਹਾਂ। ਉਨ੍ਹਾਂ ਕਿਹਾ ਕਿ ਇਸੇ ਲਈ ਹੀ ਉਨ੍ਹਾਂ ਨੇ ਇਹ ਦਸਤਖਤ ਕਰਾਉਣ ਦੀ ਮੁਹਿੰਮ ਵਿੱਢੀ ਹੈ ਤਾਂ ਜੋ ਉਹ ਇਹ ਪਟੀਸ਼ਨ ਪੰਜਾਬ ਵਿਧਾਨ ਸਭਾ ਅੰਦਰ ਪੇਸ਼ ਕਰ ਸਕਣ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿਮਰਜੀਤ ਸਿੰਘ ਬੈਂਸ ਨੇ ਨਵਜੋਤ ਸਿੰਘ ਸਿੱਧੂ ਨੂੰ ਲਾਲਚ ਦਿੰਦਿਆਂ ਕਿਹਾ ਸੀ ਕਿ ਜੇਕਰ ਉਹ (ਸਿੱਧੂ) ਉਨ੍ਹਾਂ ਦੀ ਪਾਰਟੀ ‘ਚ ਆਉਂਦੇ ਹਨ ਤਾਂ ਉਹ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਆਹੁਦੇਦਾਰ ਬਣਾ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਲੜਣਗੇ। ਉੱਧਰ ਦੂਜੇ ਪਾਸੇ ਬੈਂਸ ਵੱਲੋਂ ਮਿਲ ਰਹੀਆਂ ਇਨ੍ਹਾਂ ਪੇਸ਼ਕਸ਼ਾਂ ‘ਤੇ ਸਿੱਧੂ ਨੇ ਨਾ ਸਿਰਫ ਚੁੱਪੀ ਧਾਰੀ ਰਹੀ ਬਲਕਿ ਉਹ ਕਾਂਗਰਸ ਪਾਰਟੀ ਵਿੱਚ ਵੀ ਹੁਣ ਤੱਕ ਉਸੇ ਤਰ੍ਹਾਂ ਬਰਕਰਾਰ ਹਨ। ਸ਼ਾਇਦ ਇਹੀ ਕਾਰਨ ਹੈ ਕਿ ਬੈਂਸ ਨੇ ਹੁਣ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਸਿੱਧੂ ਨੂੰ ਆਪਣੀ ਪਾਰਟੀ ‘ਚ ਆਉਣ ਲਈ ਨਹੀਂ ਕਹਿਣਗੇ।