ਬਾਬਾ ਸੋਹਨ ਸਿੰਘ ਭਕਨਾ: ਇਨਕਲਾਬੀ ਸੁਪਨਿਆਂ ਦੇ ਸਮਾਜ ਦਾ ਸਿਰਜਕ

TeamGlobalPunjab
8 Min Read

-ਅਵਤਾਰ ਸਿੰਘ

ਇਨਕਲਾਬੀ ਦੇਸ਼ ਭਗਤ ਬਾਬਾ ਸੋਹਨ ਸਿੰਘ ਭਕਨਾ ਵਲੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਗ਼ਦਰ ਪਾਰਟੀ ਅਤੇ ਉਹਨਾਂ ਵਲੋਂ ਚਲਾਈ ਗਈ ਗਦਰ ਲਹਿਰ ਨੇ ਅਹਿਮ ਭੂਮਿਕਾ ਨਿਭਾਈ ਸੀ। ਉਹਨਾਂ ਦਾ ਜੱਦੀ ਪਿੰਡ ਭਕਨਾ ਜ਼ਿਲਾ ਅੰਮ੍ਰਿਤਸਰ ਹੈ। ਉਹਨਾਂ ਦਾ ਜਨਮ 4 ਜਨਵਰੀ 1870 ਨੂੰ ਭਾਈ ਕਰਮ ਸਿੰਘ ਸ਼ੇਰਗਿੱਲ ਦੇ ਘਰ ਮਾਤਾ ਰਾਮ ਕੌਰ ਦੀ ਕੁੱਖੋਂ ਨਾਨਕੇ ਪਿੰਡ ਖਤਰਾਏ ਖੁਰਦ, ਅੰਮ੍ਰਿਤਸਰ ਵਿਖੇ ਹੋਇਆ। ਉਹ ਸਾਲ ਕੁ ਦੇ ਸਨ ਕਿ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਸ ਵੇਲੇ ਪਿੰਡ ਵਿੱਚ ਸਕੂਲ ਨਾ ਹੋਣ ਕਾਰਨ ਪੜ੍ਹਾਈ ਲਈ ਗੁਰਦੁਆਰੇ ਭੇਜਿਆ ਗਿਆ, ਉਦੋਂ 11 ਸਾਲ ਦੇ ਸਨ ਜਦ ਪਿੰਡ ਵਿਚ ਪ੍ਰਾਇਮਰੀ ਸਕੂਲ ਖੁੱਲ੍ਹਣ ‘ਤੇ ਦਾਖਲ ਹੋਏ। 16 ਸਾਲ ਦੇ ਹੋਣ ‘ਤੇ ਪ੍ਰਾਇਮਰੀ ਪਾਸ ਕੀਤੀ।

ਉਹ ਆਪਣੀ ਜੀਵਨ ਕਥਾ ‘ਜੀਵਨ ਸੰਗਰਾਮ’ ਵਿਚ ਲਿਖਦੇ ਹਨ ਕਿ “ਇਸ ਤਰ੍ਹਾਂ ਮੇਰੇ ਕੀਮਤੀ ਦਸ ਸਾਲ ਤੇ ਧੰਨ ਦੌਲਤ ਬਰਬਾਦ ਹੋਏ ਤੇ ਮੇਰੀ ਉਮਰ ਦੇ 26ਵੇਂ ਸਾਲ ਦੇ ਸ਼ੁਰੂ ਵਿੱਚ ਪਲਟਾ ਆਇਆ। ਇਹ ਪਲਟਾ ਲਿਆਉਣ ਵਾਲੇ ਸਨ ਮੁਹਾਵੇ ਦੇ ਨਾਮਧਾਰੀ ਸੰਤ ਬਾਬਾ ਕੇਸਰ ਸਿੰਘ ਜਿਹਨਾਂ ਦੀ ਬਦੌਲਤ ਉਹਨਾਂ ਨਸ਼ਿਆਂ ਨੂੰ ਤਿਆਗ ਦਿੱਤਾ।” ਬਾਬਾ ਜੀ ਕਰਜ਼ਾ ਉਤਾਰਨ ਲਈ 3-2-1909 ਨੂੰ ਘਰੋਂ ਅਮਰੀਕਾ ਰਵਾਨਾ ਹੋ ਗਏ। ਚਾਰ ਅਪ੍ਰੈਲ ਨੂੰ ਉਥੇ ਪਹੁੰਚਣ ‘ਤੇ ਹਰਨਾਮ ਸਿੰਘ ਸਾਹਰੀ ਨੇ ਕੰਮ ਲੱਭਣ ਵਿੱਚ ਮਦਦ ਕੀਤੀ। ਉਥੇ ਲੱਕੜੀ ਦੀ ਮਿਲ ਵਿਚ ਮਜ਼ਦੂਰੀ ਕਰਨ ਲੱਗੇ। ਅਮਰੀਕਾ ਤੇ ਕੈਨੇਡਾ ਵਰਗੇ ਆਜ਼ਾਦ ਦੇਸ਼ਾਂ ਵਿਚ ਰਹਿ ਰਹੇ ਭਾਰਤੀ ਪੰਜਾਬੀਆਂ ਨੇ ਉਥੇ ਹੁੰਦੇ ਮਾੜੇ ਵਿਹਾਰ ਤੇ ਵਿਤਕਰੇ ਨੂੰ ਵੇਖਦਿਆਂ ਇਕ ਮਜ਼ਬੂਤ ਜਥੇਬੰਦੀ 21-4-1913 ਨੂੰ ‘ਹਿੰਦੀ ਐਸੋਸ਼ੀਏਸਨ ਆਫ ਪੈਸੇਫਿਕ ਕੋਸਟ’ ਨਾਂ ਦੀ ਬਣਾਈ ਜਿਸਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਤੇ ਲਾਲਾ ਹਰਦਿਆਲ ਸਕੱਤਰ ਬਣੇ। ਜਥੇਬੰਦੀ ਨੇ 1857 ਦੇ ਗਦਰ ਦੇ ਨਾਮ ‘ਤੇ ਨਵੰਬਰ 1913 ਨੂੰ ਉਰਦੂ ਅਖ਼ਬਾਰ ‘ਗਦਰ’ ਕੱਢਿਆ ਜੋ ਕੁਝ ਹਫ਼ਤਿਆਂ ਬਾਅਦ ਪੰਜਾਬੀ ਵਿੱਚ ਛਪਣਾ ਸ਼ੁਰੂ ਹੋ ਗਿਆ। ਇਸ ਦੇ ਨਾਂ ‘ਤੇ ਹੀ ਗ਼ਦਰ ਪਾਰਟੀ ਮਸ਼ਹੂਰ ਹੋਈ। 23-7-1914 ਨੂੰ ਕਾਮਾਗਾਟਾ ਮਾਰੂ ਜਹਾਜ਼ ਕੈਨੇਡਾ ਸਰਕਾਰ ਨੇ ਵਾਪਸ ਭਾਰਤ ਭੇਜ ਦਿੱਤਾ ਸੀ, ਉਹ ਬਹੁਤ ਦੁਖੀ ਹੋਏ। ਬਾਬਾ ਭਕਨਾ ਜੀ ਗਦਰ ਲਹਿਰ ਨੂੰ ਤੇਜ਼ ਕਰਨ ਲਈ ਜਹਾਜ਼ ਤੋਸ਼ਾਮਾਰੂ ਰਾਹੀਂ ਕਲਕੱਤਾ ਪਹੁੰਚ ਗਏ।

ਖੁਫ਼ੀਆ ਪੁਲਿਸ ਦੀ ਰਿਪੋਰਟ ‘ਤੇ ਉਨਾਂ ਨੂੰ 13 ਅਕਤੂਬਰ 1914 ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਪਹਿਲਾਂ ਲੁਧਿਆਣੇ ਤੇ ਫਿਰ ਮੁਲਤਾਨ ਜੇਲ੍ਹ ਭੇਜ ਦਿੱਤਾ। ਲਾਹੌਰ ਸਾਜਿਸ਼ ਕੇਸ ਵਿਚ 24 ਗਦਰੀਆਂ ਨੂੰ ਫਾਂਸੀ ਦੀ ਸਜਾ ਹੋਈ ਜਿਨ੍ਹਾਂ ਵਿਚੋਂ 17 ਨੂੰ ਉਮਰ ਕੈਦ ਤੇ ਕਾਲੇ ਪਾਣੀ ਦੀ ਸਜਾ ਮਿਲੀ ਸੀ ਇਸੇ ਸਜ਼ਾ ਅਧੀਨ ਬਾਬਾ ਜੀ ਨੂੰ ਕਾਲੇ ਪਾਣੀ ਭੇਜ ਦਿੱਤਾ। 1921 ਵਿਚ ਮਦਰਾਸ, 1928 ਵਿਚ ਲਾਹੌਰ ਤਬਦੀਲ ਕੀਤਾ ਗਿਆ। 14 ਦੀ ਥਾਂ 16 ਸਾਲ ਕੈਦ ਕੱਟੀ ਤੇ ਇਸ ਦੌਰਾਨ ਸ਼ਹੀਦ ਭਗਤ ਸਿੰਘ ਤੇ ਹੋਰ ਕਰਾਂਤੀਆਂ ਨਾਲ ਰਲ ਕੇ ਭੁੱਖ ਹੜਤਾਲ ਵੀ ਰੱਖਦੇ ਰਹੇ। ਜਦੋਂ ਭਗਤ ਸਿੰਘ ਨੇ ਉਹਨਾਂ ਨੂੰ ਬਜ਼ੁਰਗ ਹੋਣ ਕਾਰਣ ਭੁੱਖ ਹੜਤਾਲ ਨਾ ਕਰਨ ਲਈ ਕਿਹਾ ਤਾਂ ਉਹਨਾਂ ਕਿਹਾ, “ਇਨਕਲਾਬੀ ਕਦੇ ਬੁੱਢੇ ਨਹੀਂ ਹੁੰਦੇ।” 90 ਦਿਨ ਦੀ ਭੁੱਖ ਹੜਤਾਲ ਕਰਨ ‘ਤੇ ਰਿਹਾਅ ਕੀਤਾ ਗਿਆ। 1938 ਨੂੰ ਕਿਸਾਨ ਤੇ ਮੁਜ਼ਾਰਿਆਂ ਦੇ ਮੋਰਚੇ ਵਿਚ ਇਕ ਸਾਲ ਕੈਦ ਕੱਟੀ। ਦੂਜੀ ਵਿਸ਼ਵ ਜੰਗ ਲਗਣ ‘ਤੇ ਫਿਰ ਗ੍ਰਿਫਤਾਰ ਕਰਨ ਮਗਰੋਂ 1943 ਵਿੱਚ ਰਿਹਾਅ ਕੀਤਾ ਗਿਆ। 1948 ਵਿੱਚ ਗ੍ਰਿਫਤਾਰ ਕਰਕੇ ਯੋਲ ਕੈਂਪ ਵਿੱਚ ਭੇਜਿਆ ਤੇ ਉਥੇ ਮਾੜੀ ਖੁਰਾਕ ਦੇਣ ਖਿਲਾਫ 27-28 ਦਿਨ ਅਖੀਰਲੀ ਭੁੱਖ ਹੜਤਾਲ ਕੀਤੀ। ਉਹ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਵੀ ਰਹੇ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿਸਾਨ ਸੰਘਰਸ਼ ਕਮੇਟੀ ਤੇ ਕਮਿਊਨਿਸਟ ਪਾਰਟੀ ਆਫ ਇੰਡੀਆ ਨਾਲ ਅਖੀਰ ਤਕ ਜੁੜੇ ਰਹੇ। ਉਹਨਾਂ ਲਿਖਿਆ, “ਮੈਂ ਰੱਬ ਦੇ ਨਾਂ ਦੀ ਮਾਲਾ ਤਾਂ ਨਹੀਂ ਫੇਰਦਾ, ਪਰ ਦੁਨੀਆਂ ਭਰ ਦੇ ਸ਼ਹੀਦਾਂ ਚਾਹੇ ਉਹ ਕਿਸੇ ਵੀ ਦੇਸ ਜਾਂ ਕੌਮ ਦੇ ਹੋਣ, ਜ੍ਹਿਨਾਂ ਨੇ ਦੁਖੀ ਦੁਨੀਆਂ ਨੂੰ ਜ਼ਾਲਮਾਂ, ਠੱਗਾਂ ਤੇ ਵਹਿਮਪ੍ਰਸਤਾਂ ਦੇ ਪੰਜੇ ਤੋਂ ਛੁਡਾਉਣ ਲਈ ਆਪਣੀਆਂ ਆਹੂਤੀਆਂ ਦਿੱਤੀਆਂ, ਦੇ ਨਾਮ ਦੀ ਮਾਲਾ ਜ਼ਰੂਰ ਫੇਰਦਾ ਹਾਂ। ਇਹੀ ਮੇਰਾ ਅਕੀਦਾ ਹੈ ਇਹੀ ਮੇਰਾ ਧਰਮ ਹੈ।”

- Advertisement -

ਬਾਬਾ ਜੀ ਦੀ ਜ਼ਿੰਦਗੀ ਦੀ ਇਕ ਮਾਰਮਿਕ ਘਟਨਾ ਉਦੋਂ ਦੀ ਹੈ ਜਦੋਂ ਉਹਨਾਂ ਦੇ ਮਾਤਾ ਬੀਬੀ ਰਾਮ ਕੌਰ ਜੀ ਉਹਨਾਂ ਨੂੰ ਮੁਲਤਾਨ ਦੀ ਜੇਲ੍ਹ ਵਿੱਚ ਉਦੋਂ ਮਿਲਣ ਗਏ ਜਦੋਂ ਬਾਬਾ ਜੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾ ਚੁਕੀ ਸੀ। ਕੁਝ ਲੋਕ ਗਦਰੀਆਂ ਨੂੰ ਮੁਆਫੀਨਾਮੇ ਲਿਖ ਕੇ ਦੇਣ ਲਈ ਕਹਿ ਰਹੇ ਸਨ, ਉਸ ਵੇਲੇ ਮਾਤਾ ਜੀ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਪੁੱਤਰਾ, ਦੇਸ਼ ਲਈ ਕੁਰਬਾਨ ਹੋ ਜਾਣਾ ਪਰ ਮੁਆਫੀ ਨਾ ਮੰਗੀ।

ਉਘੇ ਹਿਸਟੋਰੀਅਨ ਹਰੀਸ਼ ਪੁਰੀ ਲਿਖਦੇ ਹਨ ਕਿ ਸੰਨ 1967-68 ਦੌਰਾਨ ਬਾਬਾ ਸੋਹਣ ਸਿੰਘ ਭਕਨਾ ਨਾਲ ਮੇਰਾ ਮੇਲ-ਮਿਲਾਪ ਰਿਹਾ। ਮੇਰੇ ਮਨ ‘ਤੇ ਬਾਬਾ ਜੀ ਦੀ ਜੋ ਪੱਕੀ ਤਸਵੀਰ ਬਣੀ, ਉਹ ਗਹਿਰ ਗੰਭੀਰ ਨਿਰਮਾਣਤਾ ਦੇ ਪੰਜ ਦੀ ਤਸਵੀਰ ਹੈ। ਉਹ ਗਦਰ ਪਾਰਟੀ ਦੇ ਬਾਨੀ-ਪ੍ਰਧਾਨ ਸਨ। ਨੇਕ ਇਨਸਾਨ ਤੇ ਇਨਕਲਾਬੀ ਵਜੋਂ ਹਰ ਕੋਈ ਉਹਨਾਂ ਦਾ ਬੇਹੱਦ ਸਤਿਕਾਰ ਤੇ ਪਿਆਰ ਕਰਦਾ ਸੀ। ਸਾਰੀ ਜ਼ਿੰਦਗੀ ਦੀ ਘਾਲਣਾ ਕਰਕੇ ਉਹਨਾਂ ਦੀ ਪਿੱਠ ਕਮਾਨ ਵਾਂਗ ਮੁੜ ਚੁੱਕੀ ਸੀ। ਉਦੋਂ ਉਹ ਬੜੇ ਬਿਰਧ ਹੋ ਚੁੱਕੇ ਸਨ। ਉਹਨਾਂ ਦੇ ਉਚੇਰੇ ਧੀਮੇ ਬੋਲ ਸੁਣਨ ਵਾਲੇ ਨੂੰ ਕੀਲ ਲੈਂਦੇ ਤੇ ਇੰਜ ਲੱਗਦਾ ਕਿ ਉਹ ਆਪ ਪਛਾਨਣ, ਸਮਾਜ ਤੇ ਸਿਆਸਤ ਨੂੰ ਬਦਲਣ ਲਈ ਉਹਨਾਂ ਨੂੰ ਪ੍ਰੇਰ ਰਹੇ ਹਨ। ਗਦਰ ਲਹਿਰ ਵਿੱਚ ਉਹਨਾਂ ਨਾਲ ਮੁੱਢ ਤੋਂ ਰਹੇ ਪ੍ਰਿਥਵੀ ਸਿੰਘ ਆਜ਼ਾਦ ਨੇ ਮੇਰੇ ਕੋਲ ਦਰਜ ਕਰਵਾਈ ਇੰਟਰਵਿਊ ਵਿੱਚ ਬਾਬਾ ਬਾਰੇ ਤੇ ਭਾਈ ਵਸਾਖਾ ਸਿੰਘ, ਭਾਈ ਜਵਾਲਾ ਸਿੰਘ ਤੇ ਭਾਈ ਸੰਤੋਖ ਸਿੰਘ ਹੁਰਾਂ ਦੀ ਗੱਲ ਕਰਦਿਆਂ ਸਰ ਨਿਵਾ ਕੇ ਹੌਲੀ ਜਿਹੀ ਆਖਿਆ ਸੀ: ”ਉਹ ਤਾਂ ਤਪੀਸ਼ਰ ਸਨ। ਇਨਸਾਨੀਅਤ ਦੇ ਲੇਖੇ ਲੱਗੀਆਂ ਨੇਕ ਰੂਹਾਂ।”

ਇਸੇ ਤਰ੍ਹਾਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਾਬਾ ਸੋਹਣ ਸਿੰਘ ਭਕਨਾ ਨਾਲ ਉਹਨਾਂ ਦੇ ਘਰ ਕਰੀਬ 14 ਸਾਲ ਰਹੇ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਪਸ਼ੌਰਾ ਸਿੰਘ ਢਿੱਲੋਂ ਲਿਖਦੇ ਹਨ ਕਿ ਬਾਬਾ ਸੋਹਣ ਸਿੰਘ ਭਕਨਾ ਨਾਲ ਮੇਰਾ ਨੇੜੇ ਦਾ ਸਾਕ ਹੈ। ਉਹਨਾਂ ਦੀ ਪਤਨੀ ਮੇਰੇ ਦਾਦੇ ਦੀ ਭੈਣ ਸੀ। ਮੇਰੇ ਪਰਿਵਾਰ ਦੇ 1947 ਵਾਲੇ ਉਜਾੜਿਆਂ ਦੇ ਦੁਖਾਂਤ ਦੇ ਬਾਜਵਜੂਦ ਮੈਂ ਆਪਣਾ ਸੁਭਾਗ ਸਮਝਦਾ ਹਾਂ ਕਿ ਕਰੀਬੀ ਰਿਸ਼ਤੇਦਾਰ ਹੋਣ ਕਰਕੇ ਪਰਿਵਾਰ ਦੇ ਉਥੇ ਟਿਕਣ ਸਦਕਾ ਮੈਂ ਬਾਬੇ ਦੇ ਇਸ ਡੇਰੇ ਵਿੱਚ 6 ਤੋਂ 20 ਸਾਲ ਦੀ ਉਮਰ ਤਕ ਰਹਿ ਕੇ ਵੱਡਾ ਹੋਇਆ ਸਾਂ। ਬਦਕਿਸਮਤੀ ਨੂੰ 1960 ਵਿੱਚ ਉਹ ਮੁਕੱਦਸ ਅਸਥਾਨ ਢਹਿ ਢੇਰੀ ਹੋ ਗਿਆ ਸੀ ਤੇ ਬਾਬਾ ਜੀ ਤੀਸਰੀ ਵਾਰ ਨਵੀਂ ਥਾਂ ਸਕੂਲ ਨੇੜੇ ਝੁੱਗੀ ਪਾ ਕੇ ਰਹਿਣ ਲੱਗ ਪਏ ਸਨ। ਤਦ ਤੱਕ ਬਹੁਤ ਸਾਰਾ ਪਾਣੀ ਪੁੱਲਾਂ ਹੇਠੋਂ ਲੰਘ ਚੁੱਕਾ ਸੀ। ਮੈਂ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਗ੍ਰੈਜੂਏਸ਼ਨ ਕਰਕੇ ਪਿੰਜੌਰ ਬਾਗ਼ ਵਿੱਚ ਬਾਗਬਾਨੀ ਇੰਸਪੈਕਟਰ ਲੱਗ ਗਿਆ ਸੀ ਤੇ ਆਉਣ ਵਾਲੇ ਵਕਤਾਂ ਵਿੱਚ ਦੂਰੋਂ ਦੂਰ ਹੁੰਦੇ ਜਾਣਾ ਸੀ। ਤ੍ਰਾਸਦੀ ਇਹ ਹੈ ਕਿ ਬਾਬਾ ਜੀ ਦੇ ਸਕਿਆਂ ਸੋਧਰੀਆਂ ਨੇ ਸੁਖ ਨਾਲ ਉਸ ਝੋਂਪੜੀ ਦਾ ਵੀ ਖੁਰਾ-ਖੋਜ ਮਿਟਾ ਕੇ ਖੇਤਾਂ ਵਿੱਚ ਸ਼ਾਮਿਲ ਕਰ ਲਿਆ ਹੈ। ਬਾਬਾ ਜੀ ਯਾਦ ਨਾਲ ਜੁੜੀਆਂ ਇਹਨਾਂ ਦੋਵਾਂ ਥਾਂਵਾਂ ਉੱਤੇ ਉਹਨਾਂ ਦਾ ਹੁਣ ਭਾਂਵੇਂ ਕੋਈ ਨਾਮ ਨਿਸ਼ਾਨ ਬਾਕੀ ਨਹੀਂ ਰਿਹਾ ਪਰ ਮੇਰੇ ਖਿਆਲਾਂ ਵਿੱਚ ਸਮਾਂ ਜਿਉਂ ਦਾ ਤਿਉਂ ਹੀ ਖਲੋਤਾ ਹੈ ਤੇ ਉਹ ਨੀਵੇਂ ਲੱਕ ਚਿੱਟੇ ਵਸਤਰ ਪਾਈ ਅੱਜ ਵੀ ਉਥੇ ਕੀਤੇ ਹੀ ਘੁੰਮਦੇ ਫਿਰਦੇ ਦਿਖਾਈ ਦਿੰਦੇ ਰਹਿੰਦੇ ਹਨ।

ਉਹ ਨਮੂਨੀਏ ਦੀ ਬਿਮਾਰੀ ਕਾਰਣ 20-21 ਦਸੰਬਰ 1968 ਦੀ ਰਾਤ ਨੂੰ ਸਦਾ ਲਈ ਵਿਛੜ ਗਏ। ਪਿੰਡ ਭਕਨਾ ਵਿਖੇ ਉਨਾਂ ਦੀ ਯਾਦ ਵਿਚ ਉਹਨਾਂ ਦੇ ਜਨਮ ਦਿਨ ਉਪਰ ਹਰ ਸਾਲ 4 ਜਨਵਰੀ ਨੂੰ ਸਮਾਗਮ ਕੀਤਾ ਜਾਂਦਾ ਹੈ।

Share this Article
Leave a comment