ਵੈਕਸੀਨੇਸ਼ਨ ਬਾਰੇ ਹੈਲਥ ਕੈਨੇਡਾ ਦੀ ਹਫਤਾਵਾਰੀ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਜੂਨ ਵਿੱਚ ਆਪਣੇ ਕੋਵਿਡ-19 ਵੈਕਸੀਨੇਸ਼ਨ ਸ਼ਡਿਊਲ ਤਹਿਤ 1·3 ਮਿਲੀਅਨ ਕੈਨੇਡੀਅਨਜ਼ ਨੇ ਮਿਕਸਡ ਡੋਜ਼ ਲਵਾਉਣ ਦਾ ਫੈਸਲਾ ਕੀਤਾ।
ਪਬਲਿਸ਼ ਹੋਈ ਇਸ ਰਿਪੋਰਟ ਵਿੱਚ ਆਖਿਆ ਗਿਆ ਕਿ 31 ਮਈ ਤੇ 26 ਜੂਨ ਦਰਮਿਆਨ ਆਪਣਾ ਦੂਜਾ ਸ਼ੌਟ ਲਵਾਉਣ ਵਾਲੇ 6·5 ਮਿਲੀਅਨ ਲੋਕਾਂ ਵਿੱਚੋਂ ਹਰੇਕ ਪੰਜ ਵਿੱਚੋਂ ਇੱਕ ਨੇ ਆਪਣ ਪਹਿਲੇ ਸ਼ੌਟ ਵਿੱਚ ਵਰਤੀ ਗਈ ਵੈਕਸੀਨ ਨਾਲੋਂ ਦੂਜੀ ਵਾਰੀ ਵੱਖਰੀ ਵੈਕਸੀਨ ਦਾ ਸ਼ੌਟ ਲਵਾਇਆ। ਕੁੱਝ ਪ੍ਰੋਵਿੰਸਾਂ ਨੇ ਦੋ ਐਮਆਰਐਨਏ ਵੈਕਸੀਨਜ਼ ਫਾਈਜ਼ਰ-ਬਾਇਓਐਨਟੈਕ ਤੇ ਮੌਡਰਨਾ ਨੂੰ ਅਪਰੈਲ ਵਿੱਚ ਹੀ ਮਿਕਸ ਕਰਕੇ ਦੇਣਾ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਪ੍ਰੋਵਿੰਸਾਂ ਨੇ ਜਿਹੜੀ ਸਪਲਾਈ ਮਿਲਦੀ ਸੀ ਉਸ ਹਿਸਾਬ ਨਾਲ ਟੀਕੇ ਲਾਏ।
ਇਹ ਰੁਝਾਨ ਜੂਨ ਦੇ ਤੀਜੇ ਮਹੀਨੇ ਵਿੱਚ ਉਦੋਂ ਆਮ ਹੋ ਗਿਆ ਜਦੋਂ ਫਾਈਜ਼ਰ ਵੱਲੋਂ ਵੈਕਸੀਨ ਦੀ ਖੇਪ ਪਹੁੰਚਾਉਣ ਵਿੱਚ ਹੋਈ ਦੇਰ ਤੋਂ ਬਾਅਦ ਕੁੱਝ ਦਿਨਾਂ ਲਈ ਪ੍ਰੋਵਿੰਸਾਂ ਨੇ ਮੌਡਰਨਾ ਹੀ ਲਾਉਣੀ ਸ਼ੁਰੂ ਕਰ ਦਿੱਤੀ ਸੀ। ਦੋ ਤਰ੍ਹਾਂ ਦੀਆਂ ਵੈਕਸੀਨਜ਼ ਮਿਕਸ ਕਰਨ ਦਾ ਸਿਲਸਿਲਾ ਜੂਨ ਦੇ ਸ਼ੁਰੂ ਵਿੱਚ ਹੀ ਅਮਲ ਵਿੱਚ ਲਿਆਂਦਾ ਗਿਆ। ਇਹ ਰੁਝਾਨ ਉਸ ਸਮੇਂ ਸ਼ੁਰੂ ਹੋਇਆ ਜਦੋਂ ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ (ਐਨ ਏ ਸੀ ਆਈ) ਨੇ ਇਹ ਆਖਿਆ ਕਿ ਐਸਟ੍ਰਾਜ਼ੈਨੇਕਾ ਦਾ ਪਹਿਲਾ ਸ਼ੌਟ ਲੈ ਚੁੱਕੇ ਲੋਕਾਂ ਨੂੰ ਐਮਆਰਐਨਏ ਵੈਕਸੀਨ ਦਾ ਦੂਜਾ ਸ਼ੌਟ ਦਿੱਤਾ ਜਾ ਸਕਦਾ ਹੈ ਤੇ ਇਹ ਸੇਫ ਹੈ।ਫਿਰ 17 ਜੂਨ ਨੂੰ ਐਨ ਏ ਸੀ ਆਈ ਨੇ ਆਖਿਆ ਕਿ ਐਸਟ੍ਰਾਜ਼ੈਨੇਕਾ ਤੋਂ ਬਾਅਦ ਐਮਆਰਐਨਏ ਵੈਕਸੀਨ ਦਾ ਸ਼ੌਟ ਲੈਣਾ ਸਗੋਂ ਚੰਗਾ ਬਦਲ ਹੈ।