ਨਿਊਜ਼ ਡੈਸਕ: ਮੱਧ ਕਮਾਈ ਵਾਲੇ ਦੇਸ਼ਾਂ ਦੇ ਬੱਚੇ ਆਪਣੇ ਜੀਵਨ ਦੇ ਪਹਿਲੇ ਪੰਜ ਸਾਲਾਂ ਦੇ ਦੌਰਾਨ ਔਸਤਨ 25 ਤਰ੍ਹਾਂ ਦੀਆਂ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਕਰ ਲੈਂਦੇ ਹਨ। ਇਹ ਮਾਤਰਾ ਇੰਨੀ ਜ਼ਿਆਦਾ ਹੈ ਕਿ ਇਸ ਕਾਰਨ ਉਨ੍ਹਾਂ ਦੀ ਰੋਗਾਂ ਨਾਲ ਲੜ੍ਹਨ ਦੀ ਸ਼ਕਤੀ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਪਹਿਲਾਂ ਦੀ ਰਿਸਰਚ ਵਿੱਚ ਇਹ ਦੱਸਿਆ ਗਿਆ ਹੈ ਕਿ ਰੋਗਾਣੂਨਾਸ਼ਕ ਪ੍ਰਤੀਰੋਧ ਜਿਸ ਨੂੰ ਐਂਟੀਮਾਈਕਰੋਬਿਅਲ ਰਜਿਸਟੈਂਟ ਕਹਿੰਦੇ ਹਨ, ਇਸ ਦੀ ਵਜ੍ਹਾ ਕਾਰਨ ਦੁਨੀਆ ਵਿੱਚ ਪ੍ਰਤੀ ਸਾਲ ਹਜ਼ਾਰਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ। ਜੇਕਰ ਇਸ ਨੂੰ ਰੋਕਿਆ ਨਹੀਂ ਗਿਆ ਤਾਂ 2050 ਤੱਕ ਇਸ ਦੀ ਵਜ੍ਹਾ ਕਾਰਨ ਹਰ ਸਾਲ ਮਰਨ ਵਾਲਿਆਂ ਦੀ ਗਿਣਤੀ ਇੱਕ ਕਰੋੜ ਤੱਕ ਪਹੁੰਚ ਜਾਵੇਗੀ।
ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਖੋਜਕਾਰਾਂ ਸਣੇ ਟੀਮ ਨੇ ਕਿਹਾ ਕਿ ਇਸ ਵਿਸ਼ਵ ਸਿਹਤ ਸੰਕਟ ਵਿੱਚ ਯੋਗਦਾਨ ਦੇਣ ਵਾਲਾ ਇੱਕ ਮੁੱਖ ਕਾਰਕ ਦੁਨਿਆਭਰ ਵਿੱਚ ਐਂਟੀ ਬਾਇਓਟਿਕ ਦਵਾਈਆਂ ਦੀ ਬਹੁਤ ਜ਼ਿਆਦਾ ਵਰਤੋਂ ਹੈ। ਉਨ੍ਹਾਂ ਨੇ ਦੱਸਿਆ ਕਿ ਚੰਗੀ ਕਮਾਈ ਵਾਲੇ ਦੇਸ਼ਾਂ ਵਿੱਚ ਐਂਟੀਬਾਇਓਟਿਕ ਦੀ ਵਰਤੋਂ ਬਾਰੇ ਜਾਣਕਾਰੀ ਉਪਲੱਬਧ ਹੈ।
ਉੱਥੇ ਹੀ ਮੱਧ ਕਮਾਈ ਵਾਲੇ ਦੇਸ਼ਾਂ ਵਿੱਚ ਖਾਸ ਕਰ ਬੱਚਿਆਂ ਦੇ ਵਿੱਚ ਇਨ੍ਹਾਂ ਦਵਾਈਆਂ ਦੇ ਸੇਵਨ ਬਾਰੇ ਬਹੁਤ ਘੱਟ ਜਾਣਕਾਰੀ ਹੈ। ਉਦਾਹਰਣ ਦੇ ਤੌਰ ‘ਤੇ ਉਨ੍ਹਾਂ ਨੇ ਦੱਸਿਆ ਕਿ ਅਫਰੀਕੀ ਦੇਸ਼ ਤੰਜਾਨੀਆ ਵਿੱਚ 90 ਫੀਸਦੀ ਬੱਚੇ ਜਦੋਂ ਹਸਪਤਾਲ ਜਾਂਦੇ ਹਨ ਉਨ੍ਹਾਂ ਨੂੰ ਐਂਟੀਬਾਇਓਟਿਕ ਦੀ ਇੱਕ ਫੁੱਲ ਡੋਜ਼ ਦਿੱਤੀ ਜਾਂਦੀ ਹੈ, ਜਦਕਿ ਅਸਲ ਵਿੱਚ ਉਨ੍ਹਾਂ ਨੂੰ ਜ਼ਰੂਰਤ ਕੇਵਲ ਉਸ ਦੇ ਪੰਜਵੇਂ ਹਿੱਸੇ ਦੀ ਹੁੰਦੀ ਹੈ।
‘ਲੈਂਸੇਟ ਏਂਫੇਕਸ਼ੀਅਜ਼ ਡਿਸੀਜ਼’ ਨਾਮਕ ਜਰਨਲ ਵਿੱਚ ਪ੍ਰਕਾਸ਼ਿਤ ਆਪਣੀ ਤਰ੍ਹਾਂ ਦੀ ਪਹਿਲੀ ਖੋਜ ਨੇ ਮੱਧ ਕਮਾਈ ਵਾਲੇ ਅੱਠ ਦੇਸ਼ਾਂ ‘ਚ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਐਂਟੀਬਾਇਓਟਿਕ ਨੂੰ ਵੇਖਿਆ। ਇਨ੍ਹਾਂ ਦੇਸ਼ਾਂ ਵਿੱਚ ਨੇਪਾਲ, ਨਾਮੀਬਿਆ, ਕੀਨੀਆ ਤੇ ਹੈਤੀ ਵੀ ਸ਼ਾਮਲ ਸਨ। ਹਾਰਵਰਡ ਯੂਨੀਵਰਸਿਟੀ ਦੀ ਐਸੋਸੀਏਟ ਪ੍ਰੋਫੈਸਰ ਅਤੇ ਇਸ ਰਿਸਰਚ ਦੀ ਸਾਥੀ ਲੇਖਕ ਜੈਸਿਕਾ ਕੋਹੇਨ ਨੇ ਦੱਸਿਆ ਕਿ ਇਸ ਖੋਜ ਦੇ ਜ਼ਰੀਏ ਮੱਧ ਕਮਾਈ ਵਾਲੇ ਦੇਸ਼ਾਂ ਵਿੱਚ ਐਂਟੀਬਾਇਓਟਿਕ ਦੀ ਖਪਤ ਬਾਰੇ ਵਿਆਪਕ ਜਾਣਕਾਰੀ ਮਿਲੀ ਹੈ।