ਅਮਨ ਅਰੋੜਾ ਨੂੰ ਪਾਰਟੀ ‘ਚੋਂ ਬਾਹਰ ਕੱਢਣ ਦੀ ਤਿਆਰੀ, 6 ਸਤੰਬਰ ਨੂੰ ਆਪ ਨੇ ਸੱਦ ਲਈ ਮੀਟਿੰਗ, ਹੁਣ ਬਹੁਤ ਹੋ ਗਿਆ, ਫੈਸਲੇ ਦੀ ਘੜੀ ਆ ਗਈ ਹੈ : ਆਪ

TeamGlobalPunjab
4 Min Read

ਚੰਡੀਗੜ੍ਹ : ਪਹਿਲਾਂ ਹੀ ਫੁੱਟ ਦਾ ਸ਼ਿਕਾਰ ਹੋ ਕੇ ਬੁਰੀ ਤਰ੍ਹਾਂ ਲੀਰੋ ਲੀਰ ਹੋ ਚੁਕੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਹੁਣ ਆਪਣੇ ਸਭ ਤੋਂ ਕਾਬਲ ਵਿਧਾਇਕਾਂ ਵਿੱਚੋਂ ਇੱਕ ਮੰਨੇ ਜਾਂਦੇ ਅਮਨ ਅਰੋੜਾ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਦੀ ਤਿਆਰੀ ਕਰ ਲਈ ਹੈ। ਇਸ ਸਬੰਧੀ ਆਉਣ ਵਾਲੀ 6 ਸਤੰਬਰ ਨੂੰ ਇੱਕ ਹੰਗਾਮੀਂ ਮੀਟਿੰਗ ਵੀ ਸੱਦ ਲਈ ਗਈ ਹੈ ਜਿਸ ਵਿੱਚ ਅਰੋੜਾ ਖਿਲਾਫ ਕਾਰਵਾਈ ਦਾ ਫੈਸਲਾ ਕੀਤਾ ਜਾਣਾ ਹੈ।  ਇਸ ਸਬੰਧੀ ਪਾਰਟੀ ਦੀ ਅਨੁਸਾਸ਼ਨਿਕ ਕਮੇਟੀ ਦੇ ਕਨਵੀਨਰ ਜਰਬੀਰ ਸਿੰਘ ਬੀਰ ਨੇ ਵੀ ਪੁਸ਼ਟੀ ਕਰ ਦਿੱਤੀ ਹੈ। ਜਿਨ੍ਹਾਂ ਦਾ ਕਹਿਣਾ ਹੈ ਕਿ ਅਰੋੜਾ ਆਪਣੀ ਹੀ ਪਾਰਟੀ ਦੇ ਆਗੂਆਂ ਵਿਰੁੱਧ ਬਿਆਨਬਾਜ਼ੀ ਕਰ ਰਹੇ ਹਨ ਜੋ ਕਿ ਨਾ-ਕਾਬਲ-ਏ-ਬਰਦਾਸ਼ਤ ਹੈ।

ਦੱਸ ਦਈਏ ਕਿ ਅਮਨ ਅਰੋੜਾ ਨੇ ਲੰਘੀ 31 ਅਗਸਤ ਨੂੰ ਇੱਕ ਬਿਆਨ ਜਾਰੀ ਕਰਕੇ ਆਪਣੀ ਪਾਰਟੀ ਦੀ ਲੀਡਰਸ਼ਿੱਪ ਤੇ ਵਿਰੋਧੀਧਿਰ ਦੇ ਆਗੂ ਹਰਪਾਲ ਚੀਮਾਂ ਦੇ ਉਸ ਬਿਆਨ ‘ਤੇ ਇਤਰਾਜ਼ ਜਤਾਇਆ ਸੀ, ਜਿਸ ਵਿੱਚ ਉਨ੍ਹਾਂ ਨੇ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਸਬੰਧੀ ਇਨਸਾਫ ਮਿਲਣ ਦੀ ਉਮੀਦ ਛੱਡ ਦੇਣ ਦੀ ਗੱਲ ਆਖੀ ਸੀ। ਉਨ੍ਹਾਂ ਕਿਹਾ ਸੀ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੇ ਸਮੇਂ ਦੌਰਾਨ ਕਾਂਗਰਸ ਅਤੇ ਅਕਾਲੀ ਭਾਜਪਾ ਦੀਆਂ ਸਰਕਾਰਾਂ ਵੇਲੇ ਕੈਪਟਨ ਬਾਦਲ ਜੋੜੀ ਨੇ ਆਪਣੇ ਗੁਨਾਹ ਅਤੇ ਨਾਕਾਮੀਆਂ ਲੁਕਾਉਣ ਲਈ ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ‘ਤੇ ਖੂਬ ਸਿਆਸੀ ਰੋਟੀਆਂ ਸੇਕਦਿਆਂ ਇਨ੍ਹਾਂ ਕੇਸਾਂ ਦੀ ਜਾਂਚ ਕਰਨ ਵਾਲੀਆਂ ਏਜੰਸੀਆਂ ਦੀ ਦੁਰਵਰਤੋਂ ਕੀਤੀ ਹੈ ਜੋ ਕਿ ਸਿੱਖ ਕੌਮ ਨਾਲ ਧੋਖਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਨੂੰ ਇਨਸਾਫ ਮਿਲਣ ਦੀ ਉਮੀਦ ਹੀ  ਛੱਡ ਦੇਣੀ ਚਾਹੀਦੀ ਹੈ। ਅਮਨ ਅਰੋੜਾ ਅਨੁਸਾਰ ਆਪ ਇੱਕ ਪੰਜਾਬ ਅੰਦਰ ਇੱਕ ਮੁੱਖ ਵਿਰੋਧੀ ਪਾਰਟੀ ਹੈ ਤੇ ਇਸ ਦੇ ਆਗੂਆਂ ਦੇ ਅਜਿਹੇ ਬਿਆਨ ਨਾਲ ਉਨ੍ਹਾਂ ਨੂੰ ਨਾਮੋਸ਼ੀ ਹੋਈ ਹੈ।ਉਨ੍ਹਾਂ ਕਿਹਾ ਕਿ ਸੂਬੇ ਦੀ ‘ਆਪ’ ਲੀਡਰਸ਼ਿਪ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਆਮ ਆਦਮੀ ਪਾਰਟੀ ਸੰਘਰਸ਼ਾਂ ਵਿੱਚੋਂ ਨਿੱਕਲੀ ਹੋਈ ਪਾਰਟੀ ਹੈ ਤੇ ਜੇ ਇਸੇ ਪਾਰਟੀ ਦੇ ਕਨਵੀਨਰ ਕੇਜਰੀਵਾਲ ਉਸ ਵੇਲੇ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਲੜਾਈ ਅੱਧ ਵਿਚਕਾਰ ਛੱਡ ਦਿੰਦੇ ਤਾਂ ਅੱਜ ਦਿੱਲੀ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਤੋਂ ਮੁਕਤੀ ਨਹੀਂ ਮਿਲਣੀ ਸੀ।  ਉਨ੍ਹਾਂ ਕਿਹਾ ਕਿ ਸਾਨੂੰ ਸੰਘਰਸ਼ ਕਰਨਾ ਚਾਹੀਦਾ ਹੈ ਤੇ ਲੋਕਾਂ ਨੂੰ ਵਿਸ਼ਵਾਸ ਦਵਾਉਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਉਹ ਇਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਜਰੂਰ ਦਵਾਉਣਗੇ।

ਇਸ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ਲੀਡਰਸ਼ਿੱਪ ਨੇ ਇੰਨਾ ਬੁਰਾ ਮਨਾਇਆ ਹੈ ਕਿ ਉਨ੍ਹਾਂ ਨੇ ਆਉਣ ਵਾਲੀ 6 ਸਤੰਬਰ ਨੂੰ ਪਾਰਟੀ ਦੀ ਅਨੁਸਾਸ਼ਨਿਕ ਕਮੇਟੀ ਦੀ ਇੱਕ ਹੰਗਾਮੀ ਮੀਟਿੰਗ ਸੱਦ ਲਈ ਹੈ ਜਿਸ ਵਿੱਚ ਸ੍ਰੀ ਅਰੋੜਾ ਵੱਲੋਂ ਪਿਛਲੇ ਸਮੇਂ ਦੌਰਾਨ ਦਿੱਤੇ ਗਏ ਸਾਰੇ ਬਿਆਨ ਦੀ ਪੜਚੋਲ ਕੀਤੀ ਜਾਵੇਗੀ। ਇਸ ਸਬੰਧੀ ਗਲੋਬਲ ਪੰਜਾਬ ਟੀਵੀ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੀ ਅਨੁਸਾਸ਼ਨਿਕ ਕਮੇਟੀ ਦੇ ਕਨਵੀਨਰ ਰਿਟਾਇਰਡ ਆਈਏਐਸ ਜਸਬੀਰ ਸਿੰਘ ਬੀਰ ਨੇ ਦੱਸਿਆ ਕਿ ਅਮਨ ਅਰੋੜਾ ਵੱਲੋਂ ਬੀਤੇ ਸਮੇਂ ਦੌਰਾਨ ਮੀਡੀਆ ਨੂੰ ਜਿਹੜੇ ਬਿਆਨ ਦਿੱਤੇ ਉਸ ‘ਤੇ ਪਾਰਟੀ ਨੂੰ ਇਤਰਾਜ਼ ਹੈ ਤੇ ਆਉਣ ਵਾਲੀ 6 ਸਤੰਬਰ ਨੂੰ ਸੱਦੀ ਗਈ ਅਨੁਸਾਸ਼ਨਿਕ ਕਮੇਟੀ ਦੀ ਮੀਟਿੰਗ ਵਿੱਚ ਇਸ ਸਾਰੇ ਮਾਮਲੇ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਜਦੋਂ ਉਨ੍ਹਾਂ ਨੂੰ ਇਹ ਸਵਾਲ ਕੀਤਾ ਗਿਆ ਕਿ ‘ਆਪ’ ਨੂੰ ਤਾਂ ਪਹਿਲਾਂ ਹੀ ਫੁੱਟ ਦਾ ਸ਼ਿਕਾਰ ਹੋਣ ਤੋਂ ਬਾਅਦ ਵੱਡੀ ਢਾਹ ਲੱਗ ਚੁਕੀ ਹੈ ਤੇ ਹੁਣ ਅਮਨ ਅਰੋੜਾ ਦੇ ਵਿਰੁੱਧ ਕਾਰਵਾਈ ਕਰਨਾ ਕੀ ਠੀਕ ਹੋਵੇਗਾ ਤਾਂ ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ‘ਤੇ ਵਿਚਾਰ ਕਰਨ ਲਈ ਹੀ 6 ਸਤੰਬਰ ਨੂੰ ਮੀਟਿੰਗ ਸੱਦੀ ਗਈ ਹੈ ਤੇ ਉਸ ਦਿਨ ਹੀ ਇਸ ਬਾਰੇ ਫੈਸਲਾ ਲਿਆ ਜਾਵੇਗਾ।

Share this Article
Leave a comment