ਡੀਜੀਪੀ ਦੇ ਬਿਆਨ ਨੇ ਭਖਾਈ ਸਿਆਸਤ! ਅਮਨ ਅਰੋੜਾ ਨੇ ਵੀ ਸੁਣਾਈਆਂ ਖਰੀਆਂ ਖਰੀਆਂ

TeamGlobalPunjab
3 Min Read

ਚੰਡੀਗੜ੍ਹ : ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਬਿਆਨ ਤੋਂ ਬਾਅਦ ਸਿਆਸਤ ਲਗਾਤਰ ਗਰਮਾ ਗਈ ਹੈ। ਇਸ ਨੂੰ ਲੈ ਕੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਮਨ ਅਰੋੜਾ ਨੇ ਵੀ ਸਖਤ ਰੁੱਖ ਅਖਤਿਆਰ ਕਰ ਲਿਆ ਹੈ। ਅਮਨ ਅਰੋੜਾ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਡੀਜੀਪੀ ਵੱਲੋਂ ਦਿੱਤਾ ਗਿਆ ਇਹ ਬਿਆਨ ਜਾਇਜ਼ ਨਹੀਂ ਹੈ।

ਅਮਨ ਅਰੋੜਾ ਨੇ ਕਿਹਾ ਕਿ ਇਸ ਵਿੱਚ ਭਾਵੇਂ ਕੋਈ ਸ਼ੱਕ ਨਹੀਂ ਕਿ ਪੰਜਾਬ ਨੂੰ ਲੰਮਾ ਸਮਾਂ ਅੱਤਵਾਦ ਦਾ ਸੰਤਾਪ ਹੰਢਾਉਂਣਾ ਪਿਆ ਹੈ ਅਤੇ ਜਿੰਨਾ ਜਰੂਰੀ ਉਸ ਪਵਿੱਤਰ ਅਸਥਾਨ ‘ਤੇ  ਨਤਮਸਤਕ ਹੋਣਾ ਹੈ ਉੰਨਾ ਹੀ ਜਰੂਰੀ ਪੰਜਾਬ ਦੀ ਰੱਖਿਆ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਵੀ ਸ਼ੱਕ ਨਹੀਂ ਕਿ ਅੱਜ ਪਾਕਿਸਤਾਨ ਅੱਤਵਾਦ ਦਾ ਕੇਂਦਰ ਬਿੰਦੂ ਬਣ ਗਿਆ ਹੈ।  ਅਰੋੜਾ ਅਨੁਸਾਰ ਪਰ ਇਸ ਕਰਕੇ ਸਾਰੇ ਸ਼ਰਧਾਲੂਆਂ ਲਈ ਅਜਿਹੀ ਗੱਲ ਕਹੀ ਜਾਣਾ ਗਲਤ ਹੈ ਅਤੇ ਇਹ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦੇਣਾ ਚਾਹੀਦਾ ਹੈ। ਅਮਨ ਅਰੋੜਾ ਨੇ ਕਿਹਾ ਕਿ ਜਿਹੜਾ ਕੋਈ ਸ਼ਰਧਾ ਨਾਲ ਜਾ ਰਿਹਾ ਹੈ ਉਹ ਤਾਂ ਬਾਬੇ ਨਾਨਕ ਦੀਆਂ ਖੁਸ਼ੀਆਂ ਲੈਣ ਜਾ ਰਿਹਾ ਹੈ ਪਰ ਜੇਕਰ ਕੋਈ ਸ਼ਰਧਾਲੂ ਦੇ ਰੂਪ ਵਿੱਚ ਸ਼ਰਾਰਤੀ ਅਨਸਰ ਜਾ ਰਿਹਾ ਹੈ ਕਿ ਤਾਂ ਉਸ ਅੰਦਰ ਕੋਈ ਸ਼ਰਧਾ ਨਹੀਂ ਹੈ ਅਤੇ ਜੇਕਰ ਅਜਿਹੀ ਕੋਈ ਸੂਚਨਾ ਡੀਜੀਪੀ ਕੋਲ ਹੈ ਤਾਂ ਉਸ ਬਾਰੇ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ।

ਦੱਸ ਦਈਏ ਕਿ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਰਤਾਰਪੁਰ ਲਾਂਘੇ ‘ਤੇ ਚਿੰਤਾ ਜਤਾਉਂਦਿਆ ਕਿਹਾ ਸੀ ਕਿ ਇਹ ਲਾਂਘਾ ਸੁਰੱਖਿਆ ਨਜ਼ਰੀਏ ਨਾਲ ਸੁਰੱਖਿਆ ਬਲਾਂ ਲਈ ਕਾਫ਼ੀ ਵੱਡੀ ਚੁਣੋਤੀ ਸਾਬਤ ਹੋਵੇਗੀ। ਇੰਡਿਅਨ ਐਕਸਪ੍ਰੈਸ ਦੇ ਇੱਕ ਖਾਸ ਪ੍ਰੋਗਰਾਮ ਵਿੱਚ ਬੋਲਦਿਆਂ ਡੀਜੀਪੀ ਗੁਪਤਾ ਨੇ ਕਿਹਾ ਕਿ ਸਿੱਖ ਧਾਰਮਿਕ ਸਥਾਨ ਦੇ ਦਰਸ਼ਨਾਂ ਲਈ ਵੀਜ਼ਾ ਫਰੀ ਕਾਰਿਡੋਰ ਨੂੰ ਲੰਬੇ ਸਮੇਂ ਤੱਕ ਬੰਦ ਰੱਖਣ ਦੇ ਪਿੱਛੇ ਸੁਰੱਖਿਆ ਵਿਵਸਥਾ ਦਾ ਕਾਰਨ ਸੀ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਸਵੇਰੇ ਨੂੰ ਕਰਾਤਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਂਦਾ ਹੈ ਤਾਂ ਉਹ ਸ਼ਾਮ ਤੱਕ ਅੱਤਵਾਦੀ ਬਣ ਕੇ ਵਾਪਸ ਆ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਉੱਥੇ ਜਾਂਦਾ ਹੈ ਤਾਂ ਛੇ ਘੰਟੇ ਰੁਕਦਾ ਹੈ ਅਤੇ ਇਹ ਸਮਾਂ ਕਾਫੀ ਹੈ ਕਿਸੇ ਨੂੰ ਵੀ ਫਾਇਰਿੰਗ ਰੇਂਜ ਅਤੇ ਆਈ.ਈ.ਡੀ. ਸਿਖਾਉਣ ਦੇ ਲਈ।

- Advertisement -

Share this Article
Leave a comment