ਅਕਾਲੀ ਦਲ ਦਾ 100 ਸਾਲਾ ਸਥਾਪਨਾ ਦਿਵਸ, ਕਿੱਧਰ ਤੁਰ ਗਏ ਮੋਰਚਿਆਂ ਦੇ ਜਥੇਦਾਰ

TeamGlobalPunjab
6 Min Read

ਜਗਤਾਰ  ਸਿੰਘ ਸਿੱਧੂ

ਸੀਨੀਅਰ ਪੱਤਰਕਾਰ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦਾ 100 ਸਾਲਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਚੇਤੇ ਕਰਨਾ ਬਣਦਾ ਹੈ ਕਿ ਕਿੱਧਰ ਤੁਰ ਗਏ ਪੰਜਾਬ, ਪੰਜਾਬੀਅਤ ਅਤੇ ਪੰਥ ਦੇ ਵੱਡੇ ਹਿੱਤਾਂ ਦੀ ਖਾਤਰ  ਮੋਰਚੇ ਲਾਉਣ ਵਾਲੇ ਜਥੇਦਾਰ? ਕਈ ਇਸ ਦੁਨੀਆਂ ਤੋਂ ਤੁਰ ਗਏ ਅਤੇ ਕਈਆਂ ਨੂੰ ਜਿਉਂਦਿਆਂ ਹੀ ਅਕਾਲੀ ਦਲ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ। ਕਿਵੇਂ ਰੋਲਿਆ ਗਿਆ ਜਿਉਂਦੇ ਜੀਅ ਪੰਥ ਰਤਨ ਗੁਰਚਰਨ ਸਿੰਘ ਟੌਹੜਾ? ਕਿਵੇਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਹਾਥੀ ਤੇ ਚੜ੍ਹਾ ਕੇ ਬਾਅਦ ਵਿੱਚ ਘਰ ਬਿਠਾ ਦਿੱਤਾ? ਕਿਵੇਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਵਾਉਣ ਲਈ ਅਰਦਾਸਾਂ ਕਰਨ ਵਾਲਾ ਦੁਆਬੇ ਦਾ ਨਿਧੜਕ ਜਰਨੈਲ  ਜਥੇਦਾਰ ਕੁਲਦੀਪ ਸਿੰਘ ਵਡਾਲਾ ਇੱਕ ਦਿਨ ਅਕਾਲੀ ਦਲ ਵਿੱਚੋਂ ਹੀ ਬਾਹਰ ਬਿਠਾ ਦਿੱਤਾ। ਕੈਪਟਨ ਕੰਵਲਜੀਤ ਸਿੰਘ ਦੇ ਅੱਖਾਂ ਮੀਚ ਦਿਆਂ ਹੀ ਕਿਵੇਂ ਰੁਲ ਗਿਆ ਉਸ ਦਾ ਪਰਿਵਾਰ। ਜਥੇਦਾਰ ਮਨਜੀਤ ਸਿੰਘ ਕਲਕੱਤਾ  ਅਕਾਲੀ ਦਲ ਤੋਂ ਪਾਸੇ ਕਰਨ ਦੀ ਪੀੜ੍ਹ ਕਦੇ ਨਹੀਂ ਭੁੱਲਦਾ ਸੀ।

ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਸੇਵਾ ਸਿੰਘ ਸੇਖਵਾਂ, ਅਤੇ  ਡਾ. ਰਤਨ ਸਿੰਘ ਅਜਨਾਲਾ ਅਕਾਲੀ ਦਲ ਲਈ ਸਾਰੀ ਉਮਰ ਲਾ ਕੇ ਹੁਣ ਅਕਾਲੀ ਦਲ ਨੂੰ ਬਚਾਉਣ ਦੀ ਲੜਾਈ ਕਿਉਂ ਲੜ ਰਹੇ ਹਨ। ਨੌਜਵਾਨ ਨੇਤਾ ਬੱਬੀ ਬਾਦਲ ਅਤੇ ਹੋਰ ਅਨੇਕਾ ਨੌਜਵਾਨ ਕਿਉਂ ਅਕਾਲੀ ਦਲ ਨੂੰ ਬਚਾਉਣ ਲਈ ਜੂਝ ਰਹੇ ਹਨ। ਜਿਲ੍ਹਾ ਪੱਧਰ ‘ਤੇ ਬਹੁਤ ਸਾਰੇ ਜਥੇਦਾਰ ਹੋਣਗੇ ਜਿਨ੍ਹਾਂ ਨੇ ਮੋਰਚਿਆਂ ਵਿੱਚ ਕੈਦਾਂ ਕੱਟੀਆਂ ਹੋਣਗੀਆਂ, ਡਾਂਗਾਂ ਖਾਧੀਆਂ ਹੋਣਗੀਆਂ ਪਰ ਹੁਣ ਘਰਾਂ ਵਿੱਚ ਬੈਠੇ ਹਨ। ਜਥੇਦਾਰ ਸੁਖਦੇਵ ਸਿੰਘ ਭੌਰ ਨੂੰ ਕਿਉਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਚਾਉਣ ਦੀ ਲੜਾਈ ਲੜਨੀ ਪੈਂ ਰਹੀ ਹੈ।

- Advertisement -

ਉਹ ਵੀ ਦਿਨ ਸਨ ਜਦੋਂ ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਿੰਡ ਵਿੱਚ ਤਾਈ ਸਰਿੰਦਰ ਕੌਰ ਅਤੇ ਤਾਇਆ ਪ੍ਰਕਾਸ਼ ਸਿੰਘ ਬਾਦਲ ਨਾਲ ਪਰਿਵਾਰ ਦੇ ਇੱਕ ਮੈਂਬਰ ਵਜੋਂ ਪਿੰਡ ਬਾਦਲ ‘ਚ ਬੈਠ ਕੇ  ਗੱਪਾਂ ਮਾਰਦਾ ਰਹਿੰਦਾ ਸੀ  ਮਨਪ੍ਰੀਤ ਸਿੰਘ ਬਾਦਲ ਮੋਢੇ ‘ਤੇ ਇਕੱਲੀ ਚਾਦਰ ਰੱਖ ਕੇ ਬਾਦਲ ਪਰਿਵਾਰ ਦੇ ਘਰ ਵਿੱਚੋਂ ਵਿਦਾ ਹੋ ਗਿਆ। ਅਖੀਰ ਉਸ ਨੇ ਜਾ ਕੇ ਉਸ ਪਾਰਟੀ ਦੀ ਸ਼ਰਨ ਲਈ ਜਿਸ ਨੂੰ ਸਾਰੀ ਉਮਰ ਵੱਡਾ ਬਾਦਲ ਪੰਜਾਬ ਅਤੇ ਪੰਥ ਦੀ ਦੁਸ਼ਮਣ ਆਖ ਕੇ ਸੱਤਾ ‘ਚ ਆਉਣ ਲਈ ਸਾਰੀ ਉਮਰ ਰਾਜਸੀ ਰੋਟੀਆਂ ਸੇਕਦਾ ਰਿਹਾ ਅਤੇ ਪੰਜ ਵਾਰ ਮੁੱਖ ਮੰਤਰੀ ਬਣਿਆ। ਪੰਜਾਬ ਦਾ ਦੂਜੀ ਵਾਰ ਬਣਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਵਲ ਇੱਕ ਟਿਕਟ ਦੇਣ ਲਈ ਅਕਾਲੀ ਦਲ ਨੂੰ ਛੱਡਣ ‘ਤੇ ਮਜਬੂਰ ਕਰ ਦਿੱਤਾ। ਵੱਡਾ ਬਾਦਲ ਟਿੱਚਰਾਂ ਕਰਦਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ। ਮੈਨੂੰ ਚੇਤੇ ਹੈ ਕਿ ਖਾੜਕੂਵਾਦ ਦੇ ਦੌਰ ਵਿੱਚ ਵੱਡਾ ਬਾਦਲ ਇੱਕ ਦਿਨ ਆਪਣੀ ਚੰਡੀਗੜ੍ਹ ਵਿੱਚ ਸੈਕਟਰ 9 ਵਾਲੀ ਆਪਣੀ ਰਿਹਾਇਸ਼ ‘ਤੇ ਸਰਦੀਆਂ ਦੀ ਦੁਪਿਹਰ ਨੂੰ ਧੁੱਪੇ ਕੁਰਸੀ ਡਾਹ ਕੇ ਨਹੁੰ ਕੱਟ ਰਿਹਾ ਸੀ। ਘਰ ਵਿੱਚ ਇੱਕੋ ਇੱਕ ਉਨ੍ਹਾਂ ਦਾ ਪੀਏ  ਸੀ। ਮੈਂ ਸਵਾਲ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਦਾ ਪ੍ਰਧਾਨ ਬਣਨ ਲਈ ਸਰਗਰਮ ਹੈ। ਬਾਦਲ ਦਾ ਜਵਾਬ ਸੀ ਕਾਕਾ ਜੀ ਭੁੱਲ ਜਾਉ ਕਿ ਕਦੇ ਕੈਪਟਨ ਅਕਾਲੀ ਦਲ ਦਾ ਪ੍ਰਧਾਨ ਬਣੇਗਾ। ਅਕਾਲੀ ਦਲ ਬਹੁਤੇ ਸ਼੍ਰਿਸ਼ਟੀਗੇਟਡ  ਬੰਦਿਆਂ ਦੀ ਪਾਰਟੀ ਨਹੀਂ। “ਸਾਡੇ ਤਾਂ ਉਹ ਪ੍ਰਧਾਨ ਬਣਦਾ ਹੈ ਜਿਹੜਾ ਗੁਰਦੁਆਰਾ ਸਾਹਿਬ ਵਿੱਚੋਂ ਪ੍ਰਸ਼ਾਦ ਲੈ ਕੇ ਹੱਥ ਵੀ ਕਛਿਹਰੇ ਨਾਲ ਹੀ ਪੂੰਝ ਲਵੇ”  ਸਥਾਪਨਾ ਦਿਵਸ ਤੇ ਇਹ ਹੀ ਤਾਂ  ਵਾਰ ਵਾਰ ਚੇਤੇ ਆ ਰਿਹਾ ਹੈ ਕਿ ਕਛਿਹਰਿਆਂ ਨਾਲ ਹੱਥ ਪੂੰਝਣ ਵਾਲੇ (ਭਾਵ ਸਾਦਾ ਇਨਸਾਨ) ਜਥੇਦਾਰ ਕਿੱਥੇ ਤੁਰ ਗਏ? ਮੌਜੂਦਾ ਵਜ਼ਾਰਤ ਵਿੱਚ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੀ ਅਕਾਲੀ ਦਲ ਵਿੱਚੋਂ ਧੱਕੇ ਜਾਣ ਵਾਲਿਆਂ ਵਿੱਚੋਂ ਇੱਕ ਅਹਿਮ ਨਾਂ ਹੈ। ਉਂਝ ਕਾਂਗਰਸ ਦੇ ਕਈ ਵਿਧਾਇਕ ਅਤੇ ਹੋਰ ਨੇਤਾ ਵੀ ਕਿਸੇ ਸਮੇਂ ਅਕਾਲੀ ਦਲ ਵਿੱਚੋਂ ਧੱਕੇ ਗਏ ਸਨ। ਪਰ ਇਸ ਲਿਸਟ ਦਾ ਜਿਕਰ ਕਰਨਾ ਸੰਭਵ ਨਹੀਂ ਹੈ ਕਿਉਂਕਿ ਇਸ ਤਰ੍ਹਾਂ ਇਹ ਸੂਚੀ ਕਾਫੀ ਲੰਬੀ ਹੋ ਜਾਵੇਗੀ।

ਸੁਖਦੇਵ ਸਿੰਘ ਢੀਂਡਸਾ ਉਨ੍ਹਾਂ ਗਿਣੇ  ਚੁਣੇ ਲੀਡਰਾਂ ਵਿੱਚੋਂ ਇੱਕ ਹੈ ਜਿਸ ਨੇ ਵੱਡੇ ਬਾਦਲ ਦੇ ਮੋਢੇ ਨਾਲ ਮੋਢਾ ਲਾ ਕੇ ਅਕਾਲੀ ਦਲ ਦੇ ਹਰ ਮੋਰਚੇ ਅਤੇ ਮੁਸ਼ਕਲ ਵਿੱਚ ਸਾਥ ਦਿੱਤਾ ਸੀ। ਸੰਗਰੂਰ ਜਿਲ੍ਹੇ ਨਾਲ ਹੀ ਸਬੰਧਤ ਸੁਰਜੀਤ ਸਿੰਘ ਬਰਨਾਲਾ ਜਦੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਕਤਲ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਵੱਡੇ ਬਾਦਲ ਨੇ ਪਾਰਟੀ ਨੂੰ ਬਰੇਕਾਂ ਲਾ ਦਿੱਤੀਆਂ। ਇਹ ਵੱਖਰੀ ਗੱਲ ਹੈ ਕਿ ਸੁਰਜੀਤ ਸਿੰਘ ਬਰਨਾਲਾਂ ਦੀਆਂ ਆਪਣੀਆਂ ਕਮਜੋਰੀਆਂ ਸਨ ਅਤੇ ਉਹ ਵੀ ਅਖੀਰ ਵਿੱਚ ਸਦਾ ਲਈ  ਅਕਾਲੀ ਦਲ ਤੋਂ ਬਾਹਰ ਹੋ ਗਿਆ। ਇਸ ਸਾਰੀ ਲੜਾਈ ਵਿੱਚ ਵੀ ਢੀਂਡਸਾ ਨੇ ਵੱਡੇ ਬਾਦਲ ਦਾ ਸਾਥ ਦਿੱਤਾ। ਪਾਰਟੀ ਅੰਦਰ ਦਹਾਕਿਆਂ ਤੱਕ ਸਕੱਤਰ ਜਨਰਲ ਦਾ ਇੱਕੋ ਇੱਕ ਆਹੁਦਾ ਸੀ ਅਤੇ ਢੀਂਡਸਾ ਇਸ ਆਹੁਦੇ ਦਾ ਇੱਕੋ ਇੱਕ ਨੇਤਾ ਸੀ। ਕੋਈ ਕੋਰ ਕਮੇਟੀ ਅਜਿਹੀ ਨਹੀਂ ਸੀ ਜਿਸ ਵਿੱਚ ਢੀਂਡਸਾ ਮੋਹਰੀ ਕਤਾਰ ਵਿੱਚ ਨਾ ਹੋਣ। ਕੁੱਝ ਹੋਰ ਵੀ ਪਾਰਟੀ ਅੰਦਰ ਹੀ ਸੀਨੀਅਰ ਨੇਤਾ ਸਨ। ਅੱਜ ਕਿਉਂ ਪਾਰਟੀ ਦੇ ਕਈ ਸੀਨੀਅਰ ਨੇਤਾ ਢੀਂਡਸਾ ਕੋਲ ਆ ਕੇ ਰੋ ਰਹੇ ਹਨ ਕਿ ਪਾਰਟੀ ਅੰਦਰ ਸੁਣਵਾਈ ਨਹੀਂ। ਢੀਂਡਸਾ ਨੂੰ ਕਹਿਣਾ ਪੈ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ‘ਤੇ ਇੱਕੋ ਹੀ ਬਾਦਲ ਪਰਿਵਾਰ ਦਾ ਕਬਜਾ ਹੈ। ਕੀ ਇਨ੍ਹਾਂ ਸਾਰਿਆਂ ਨੂੰ ਅਕਾਲੀ ਦਲ ਤੋਂ ਬਾਹਰ ਦਾ ਰਾਹ ਦਿਖਾਉਣ ਵਾਲਾ ਅਤੇ ਪਾਰਟੀ ਅੰਦਰ ਮੌਜੂਦਾ ਪ੍ਰਸਥਿਤੀਆਂ ਪੈਦਾ ਕਰਨ ਵਾਲਾ ਇੱਕੋ ਇੱਕ ਵੱਡਾ ਬਾਦਲ ਜਿੰਮੇਵਾਰ ਹੈ?

(ਬਾਕੀ ਕੱਲ੍ਹ)

Share this Article
Leave a comment