ਸਿੱਧੂ ਮੂਸੇ ਵਾਲੇ ਨੇ ਅਕਾਲ ਤਖਤ ਸਾਹਿਬ ਤੋਂ ਮੰਗੀ ਮਾਫੀ, ਲੋਕ ਕਹਿੰਦੇ ਇਹ “ਉਂਠ ਤਾਂ ਪਹਾੜ ਥੱਲੇ ਆ ਗਿਆ” ਪਰ ਬੱਤੀ ਵਾਲੇ ਬਾਬੇ ਦਾ ਕਦੋਂ ਆਵੇਗਾ?

TeamGlobalPunjab
4 Min Read

ਅੰਮ੍ਰਿਤਸਰ : ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਗੀਤ ਅੜਬ ਮੁਟਿਆਰਾਂ ਤੋਂ ਸ਼ੁਰੂ ਹੋਇਆ ਵਿਵਾਦ ਇੱਥੋਂ ਤੱਕ ਵਧ ਗਿਆ ਹੈ ਕਿ ਜਿਸ ਮੂਸੇ ਵਾਲਾ ਨੂੰ ਅਕਸਰ ਲੋਕ ਇਹ ਕਹਿ ਕੇ ਭੰਡਦੇ ਆਏ ਹਨ ਕਿ ਇਹ ਤਾਂ ਜੀ ਹੰਕਾਰ ‘ਚ ਆ ਗਿਆ ਹੈ ਇਸ ਲਈ ਕਿਸੇ ਦੀ ਸੁਣਦਾ ਹੀ ਨਹੀਂ, ਤੇ ਧੜਾ ਧੜ ਪੁੱਠੇ ਸਿੱਧੇ ਗਾਈ ਹੀ ਜਾਂਦਾ ਹੈ ਉਹ ਸਿੱਧੂ ਮੂਸੇ ਵਾਲਾ ਹੁਣ ਜਦੋਂ ਮਾਈ ਭਾਗੋ ਸਬੰਧੀ ਪੁੱਠਾ ਸਿੱਧਾ ਗਾਣਾ ਗਾ ਕੇ ਜਦੋਂ ਕੜੀਕੀ ‘ਚ ਫਸ ਗਿਆ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਮਾਫੀ ਮੰਗਣ ਦੀਆਂ ਬੇਨਤੀਆਂ ‘ਤੇ ਉਤਰ ਆਇਆ ਹੈ। ਸਿੱਧੂ ਮੂਸੇ ਵਾਲਾ ਨੇ ਇਹ ਬੇਨਤੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਮੇਲ ਭੇਜ ਕੇ ਕੀਤੀ ਹੈ ਜਿਸ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪ੍ਰਤੀਕਿਰਿਆ ਆਉਣੀ ਅਜੇ ਬਾਕੀ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਸਿੱਧੂ ਮੂਸੇ ਵਾਲੇ ਦੇ ਜਾਰੀ ਹੋਏ ਨਵੇਂ ਗੀਤ ਅੜਬ ਮੁਟਿਆਰਾਂ ਸਬੰਧੀ ਮੂਸੇ ਵਾਲਾ ‘ਤੇ ਇਹ ਦੋਸ਼ ਹੈ ਕਿ ਉਸ ਨੇ ਸਿੱਖ ਧਰਮ ਦੀ ਮਹਾਨ ਸਖ਼ਸ਼ੀਅਤ ਮਾਤਾ ਭਾਗ ਕੌਰ ਜੀ (ਮਾਈ ਭਾਗੋ) ਨੂੰ ਅਪਮਾਨ ਜਨਕ ਢੰਗ ਨਾਲ ਗੀਤ ਵਿੱਚ ਪੇਸ਼ ਕੀਤਾ ਹੈ। ਜਿਸ ਤੋਂ ਬਾਅਦ ਉਸ ਖਿਲਾਫ ਪਹਿਲਾਂ ਹੀ ਤਪੇ ਬੈਠੇ ਲੋਕਾਂ ਦੇ ਨਾਲ ਸਿੱਖ ਜਥੇਬੰਦੀਆਂ ਵੀ ਆ ਰਲੀਆਂ ਤੇ ਸਿੱਖ ਜਥੇਬੰਦੀਆਂ ਮੂਸੇ ਵਾਲੇ ਦੇ ਪਿੰਡ ਉਸ ਦੇ ਘਰ ਤੱਕ ਜਾ ਪਹੁੰਚੀਆਂ। ਭਾਵੇਂ ਕਿ ਸਿੱਧੂ ਮੂਸੇ ਵਾਲਾ ਦੀ ਮਾਤਾ ਨੇ ਵੀ ਆਪਣੇ ਪੁੱਤਰ ਵੱਲੋਂ ਗਾਏ ਇਸ ਗੀਤ ਲਈ ਮਾਫੀ ਮੰਗ ਲਈ ਸੀ ਪਰ ਇਸ ਦੇ ਬਾਵਜੂਦ ਸਿੱਖ ਸੰਗਤਾਂ ਦੀ ਸੰਤੁਸ਼ਟੀ ਨਹੀਂ ਹੋਈ ਤੇ ਮੂਸੇ ਵਾਲੇ ਦਾ ਵਿਰੋਧ ਅੱਜ ਵੀ ਜਾਰੀ ਹੈ। ਇਸ ਦੌਰਾਨ ਨਾ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਲਕਿ ਸਿੱਖ ਜਥੇਬੰਦੀਆਂ ਨੇ ਵੀ ਪੁਲਿਸ ਨੂੰ ਸ਼ਿਕਾਇਤ ਦੇ ਕੇ ਸਿੱਧੂ ਮੂਸੇ ਵਾਲੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦਾ ਪਰਚਾ ਦਰਜ ਕਰਨ ਦੀ ਮੰਗ ਕਰ ਦਿੱਤੀ। ਲਿਹਾਜਾ ਚਾਰੋਂ ਪਾਸੋਂ ਘਿਰੇ ਸਿੱਧੂ ਮੂਸੇ ਵਾਲੇ ਨੂੰ ਆਖਰਕਾਰ ਝੁਕਣਾ ਪਿਆ ਤੇ ਹੁਣ ਉਸ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ  ਮਾਫੀ ਵਾਲੀ ਮੇਲ ਭੇਜਣ ਦੇ ਨਾਲ ਨਾਲ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਣ ਦੀ ਵੀ ਇਜਾਜ਼ਤ ਮੰਗੀ ਹੈ।

ਜਾਣਕਾਰੀ ਮੁਤਾਬਿਕ ਸਿੱਧੂ ਮੂਸੇ ਵਾਲੇ ਨੇ ਇਸ ਮੇਲ ‘ਚ ਇਹ ਲਿਖਿਆ ਹੈ ਕਿ ਉਸ ਤੋਂ ਇਹ ਭੁੱਲ ਅਣਜਾਣੇ ਵਿੱਚ ਹੋਈ ਹੈ ਅਤੇ ਇਸ ਗਲਤੀ ਲਈ ਉਹ ਸਿਰ ਝੁਕਾ ਕੇ ਮਾਫੀ ਮੰਗਦਾ ਹੈ। ਉਸ ਨੇ ਇਹ ਵੀ  ਦਾਅਵਾ ਕੀਤਾ ਹੈ ਕਿ ਉਸ ਵੱਲੋਂ ਅੱਗੇ ਤੋਂ ਅਜਿਹੀ ਗਲਤੀ ਨਹੀਂ ਹੋਵੇਗੀ। ਮੂਸੇ ਵਾਲੇ ਨੇ ਮੇਲ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਦਿਆਂ ਕਿਹਾ ਕਿ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਗਲਤੀ ਲਈ ਜੋ ਵੀ ਸਜ਼ਾ ਮਿਲੇਗੀ ਹੈ ਉਸ ਨੂੰ ਉਹ ਮਨਜੂਰ ਹੈ ਅਤੇ ਉਹ ਨਵੰਬਰ ਦੇ ਅਖੀਰ ਵਿੱਚ ਭਾਰਤ ਆ ਰਿਹਾ ਹੈ ਜਿਸ ਦੌਰਾਨ ਉਹ ਉਸ ਵੇਲੇ ਪਰਿਵਾਰ ਸਮੇਤ ਸ੍ਰੀ ਅਕਾਲ ਤਖਤ ਸਾਹਿਬ ‘ਤੇ ਨਤਮਸਤਕ ਹੋਵੇਗਾ ਤੇ ਉਸ ਦੌਰਾਨ ਅਕਾਲ ਤਖਤ ਸਾਹਿਬ ਵੱਲੋਂ ਉਸ ਨੂੰ ਜੋ ਸਜ਼ਾ ਲਗਾਈ ਜਾਵੇਗੀ ਉਸ ਨੂੰ ਮਨਜੂਰ ਹੋਵੇਗੀ।

ਕੁੱਲ ਮਿਲਾ ਕਿ ਇਹ ਕਿਹਾ ਜਾ ਸਕਦਾ ਹੈ ਕਿ ਇਹ ਡਾਇਆਲਾਗ ਹਾਲੇ ਤੱਕ ਆਪਾਂ ਗੱਭਰ ਸਿੰਘ ਤੋਂ ਹੀ ਸੁਣਦੇ ਆਏ ਹਾਂ ਕਿ ਆਜ ਆਇਆ ਹੈ ਉਂਠ ਪਹਾੜ ਕੇ ਨੀਚੇ ਪਰ ਅਸਲ ਵਿੱਚ ਕਿਵੇਂ ਆਉਂਦਾ ਹੈ ਇਹ ਹੁਣ ਇਹੋ ਜਿਹੇ ਗਾਇਕਾਂ ਵੱਲੋਂ ਇਸ ਤਰ੍ਹਾਂ ਮਾਫੀਆਂ ਮੰਗਣ ਦੇ ਅੰਦਾਜ ਤੋਂ ਪਤਾ ਲੱਗਦਾ ਹੈ। ਹੁਣ ਬੱਤੀ ਵਾਲੇ ਬਾਬੇ ਦਾ ਇਹ ਉਂਠ ਹੁਣ ਕਦੋ ਪਹਾੜ ਨੀਚੇ ਆਵੇਗਾ ਜਨਤਾ ਇਸ ਗੱਲ ਨੂੰ ਦੇਖਣ ਲਈ ਬੜੀ ਬੇਸਬਰੀ ਨਾਲ ਇੰਤਜਾਰ ਕਰ ਰਹੀ ਹੈ।

- Advertisement -

Share this Article
Leave a comment