ਸੁਖਬੀਰ ਬਾਦਲ ਪੰਥਕ ਅਤੇ ਰਾਜਸੀ ਚੁਣੌਤੀਆਂ ਦਾ ਕਰ ਸਕਣਗੇ ਟਾਕਰਾ?

TeamGlobalPunjab
6 Min Read

-ਜਗਤਾਰ ਸਿੰਘ ਸਿੱਧੂ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਰਾਜਸੀ ਅਤੇ ਪੰਥਕ ਮਾਮਲਿਆਂ ‘ਚ ਚੁਣੌਤੀਆਂ ਆਏ ਦਿਨ ਨਵੀਆਂ ਮੁਸ਼ਕਲਾਂ ਖੜ੍ਹੀਆਂ ਕਰ ਰਹੀਆਂ ਹਨ। ਹਾਲਾਂਕਿ ਅਕਾਲੀ ਦਲ ਆਪਣੇ ਵਿਰੋਧੀ ਪ੍ਰਚਾਰ ਦੇ ਟਾਕਰੇ ਲਈ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਿਹਾ ਹੈ। ਪਰ ਇਹ ਲੜਾਈ ਕਈ ਪੱਧਰ ‘ਤੇ ਹੋਣ ਕਾਰਨ ਹਰ ਰੋਜ਼ ਅਕਾਲੀ ਦਲ ਲਈ ਨਵੇਂ ਸਵਾਲ ਉੱਠ ਰਹੇ ਹਨ। ਇਸ ਲੜਾਈ ਵਿਚ ਰਾਜਸੀ ਪੱਧਰ ‘ਤੇ ਉਸ ਦੀ ਰਵਾਇਤੀ ਵਿਰੋਧੀ ਧਿਰ ਕਾਂਗਰਸ ਅਤੇ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨਾਲ ਟੱਕਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਪਿਛਲੇ ਤਿੰਨ ਸਾਲ ‘ਚ ਲੋਕਾਂ ਦਾ ਭਰੋਸਾ ਨਹੀਂ ਜਿੱਤ ਸਕੀ ਕਿਉਂ ਜੋ ਪੰਜਾਬੀਆਂ ਨਾਲ ਪਿਛਲੀ ਵਿਧਾਨ ਸਭਾ ‘ਚ ਕੀਤੇ ਵਾਅਦੇ ਪੂਰੇ ਨਹੀਂ ਹੋਏ। ਇਸ ਦੇ ਬਾਵਜੂਦ ਕਾਂਗਰਸ ਸਰਕਾਰ ਅਤੇ ਪਾਰਟੀ ਵੱਡੇ ਮੁੱਦਿਆਂ ਲਈ ਕੇਂਦਰ ਸਰਕਾਰ ਨੂੰ ਘੇਰ ਰਹੀ ਹੈ ਅਤੇ ਉਨ੍ਹਾਂ ਹੀ ਮੁੱਦਿਆਂ ‘ਤੇ ਕਾਂਗਰਸ ਵੱਲੋਂ ਅਕਾਲੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੇਵਲ ਐਨਾ ਹੀ ਨਹੀਂ ਸਗੋਂ ਸਮੁੱਚੇ ਪੰਜਾਬੀਆਂ ਨਾਲ ਜੁੜੇ ਅਤਿ ਸੰਵੇਦਨਸ਼ੀਲ ਮੁੱਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ‘ਚ ਵੀ ਡੇਰਾ ਸਿਰਸਾ ਮੁਖੀ ਨਾਲ ਸਾਂਝ ਦੇ ਸਵਾਲ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਚੁੱਕੇ ਜਾ ਰਹੇ ਹਨ। ਕੈਪਟਨ ਸਰਕਾਰ ਨੇ ਡੇਰਾ ਮੁਖੀ ਵਿਰੁੱਧ ਐੱਫ.ਆਈ.ਆਰ. ਤਾਂ ਦਰਜ ਕਰਵਾਈ ਹੈ ਪਰ ਪਿਛਲੇ ਤਿੰਨ ਸਾਲ ‘ਚ ਇਹ ਮਾਮਲਾ ਕੋਈ ਠੋਸ ਨਤੀਜੇ ‘ਤੇ ਨਹੀਂ ਪੁੱਜ ਸਕਿਆ। ਪੰਜਾਬ ਦੀਆਂ ਵਿਸ਼ੇਸ਼ ਜਾਂਚ ਟੀਮਾਂ ਮਾਮਲਿਆਂ ਦੇ ਨਤੀਜੇ ‘ਤੇ ਪੁੱਜਣ ਦਾ ਦਾਅਵਾ ਜ਼ਰੂਰ ਕਰ ਰਹੀਆਂ ਹਨ। ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ. ਵੱਖ-ਵੱਖ ਅਦਾਲਤਾਂ ‘ਚ ਆਪਣਾ ਰਾਗ ਅਲਾਪ ਰਹੀ ਹੈ ਅਤੇ ਮਾਮਲਾ ਅਦਾਲਤੀ ਦਲੀਲਾਂ ‘ਚ ਉਲਝਿਆ ਹੋਇਆ ਹੈ। ਅਕਾਲੀ ਦਲ ਦੀ ਲੀਡਰਸ਼ਿਪ ਵਾਰ-ਵਾਰ ਆਖ ਰਹੀ ਹੈ ਕਿ ਜਿਹੜੇ ਵੀ ਦੋਸ਼ੀ ਹਨ, ਉਨ੍ਹਾਂ ਨੂੰ ਸਖਤ ਸਜ਼ਾਵਾਂ ਮਿਲਣ।

ਅਕਾਲੀ ਦਲ ਦੀ ਆਪਣੀ ਸਰਕਾਰ ਸਮੇਂ ਦੀ ਭੂਮਿਕਾ ਬਾਰੇ ਵਿਰੋਧੀਆਂ ਵੱਲੋਂ ਜਦੋਂ ਡੇਰੇ ਨਾਲ ਤੰਦਾਂ ਜੋੜੀਆਂ ਜਾਂਦੀਆਂ ਹਨ ਤਾਂ ਅਕਾਲੀ ਦਲ ਦੀ ਭਰੋਸੇਯੋਗਤਾ ਨੂੰ ਵੱਡੀ ਸੱਟ ਲਗਦੀ ਹੈ। ਕੇਵਲ ਭਾਵੁਕ ਮਾਮਲਿਆਂ ਬਾਰੇ ਹੀ ਨਹੀਂ ਸਗੋਂ ਪੰਜਾਬ ਦੀ ਕਿਸਾਨੀ ਦੇ ਮੁੱਦੇ ‘ਤੇ ਵੀ ਅਕਾਲੀ ਦਲ ਕਸੂਤਾ ਫਸਿਆ ਨਜ਼ਰ ਆ ਰਿਹਾ ਹੈ। ਕਾਂਗਰਸ ਅਤੇ ਆਪ ਵੱਲੋਂ ਕੇਂਦਰ ਦੇ ਖੇਤੀ ਆਰਡੀਨੈਂਸਾਂ ਵਿਰੁੱਧ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਦੀ ਹਮਾਇਤ ਕੀਤੀ ਜਾ ਰਹੀ ਹੈ। ਇਨ੍ਹਾਂ ਕੁਝ ਦਿਨਾਂ ਅੰਦਰ ਹੀ ਪਹਿਲਾਂ ਕੁਝ ਕਿਸਾਨ ਜਥੇਬੰਦੀਆਂ ਨੇ ਟਰੈਕਟਰ ਅਤੇ ਟਰਾਲੀਆਂ ਸੜਕਾਂ ‘ਤੇ ਲਿਆ ਕੇ ਖੇਤੀ ਆਰਡੀਨੈਂਸ ਰੱਦ ਕਰਨ ਦੀ ਮੰਗ ਕੀਤੀ। ਇਸ ਤੋਂ ਬਾਅਦ ਕੁਝ ਹੋਰ ਜਥੇਬੰਦੀਆਂ ਨੇ ਬਾਦਲ ਪਿੰਡ ਸਮੇਤ ਪੰਜਾਬ ਦੇ ਪਾਰਲੀਮੈਂਟ ਮੈਂਬਰਾਂ ਦੇ ਘਰਾਂ ਦਾ ਕਈ ਥਾਂ ਘਿਰਾਉ ਵੀ ਕੀਤਾ। ਬਾਦਲ ਪਿੰਡ ਦੇ ਘਿਰਾਉ ‘ਚ ਪੁਲਿਸ ਦੇ ਲਾਠੀਚਾਰਜ ਨਾਲ ਕਈ ਕਿਸਾਨਾਂ ਦੇ ਸਿਰ ਫਟ ਗਏ ਅਤੇ ਹੋਰ ਸੱਟਾਂ ਲੱਗੀਆਂ। ਉਸ ਹੀ ਦਿਨ ਸੁਖਬੀਰ ਬਾਦਲ ਨੇ ਪਿੰਡ ‘ਚ ਕਿਸਾਨਾਂ ਦੇ ਵਫਦ ਨਾਲ ਮੁਲਾਕਾਤ ਕਰਕੇ ਭਰੋਸਾ ਦਿੱਤਾ ਕਿ ਉਹ ਕਿਸਾਨ ਜਥੇਬੰਦੀਆਂ ਨਾਲ ਜਾ ਕੇ ਕੇਂਦਰੀ ਖੇਤੀ ਮੰਤਰੀ ਕੋਲ ਖੇਤੀ ਆਰਡੀਨੈਂਸਾਂ ਬਾਰੇ ਖਦਸਿਆਂ ਦੀ ਗੱਲਬਾਤ ਕਰਨਗੇ। ਉਸ ਗੱਲਬਾਤ ਦੇ ਅਗਲੇ ਹੀ ਦਿਨ ਕੇਂਦਰ ਵੱਲੋਂ ਖੇਤੀ ਆਰਡੀਨੈਂਸ ਲਾਗੂ ਕਰਨ ਦੀ ਮੀਡੀਆ ‘ਚ ਖਬਰ ਵੀ ਆ ਗਈ।

- Advertisement -

ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਖੇਤੀ ਆਰਡੀਨੈਂਸ ਲਾਗੂ ਹੋਣ ਤੋਂ ਬਾਅਦ ਗੱਲਬਾਤ ਦਾ ਕੀ ਅਰਥ ਰਹਿ ਗਿਆ ਹੈ। ਕਿਸਾਨ ਆਗੂ ਆਖ ਰਹੇ ਹਨ ਕਿ ਕੇਂਦਰ ‘ਚ ਬੀਬਾ ਹਰਸਿਮਰਤ ਬਾਦਲ ਦੀ ਵਜ਼ਾਰਤ ਬਚਾਉਣ ਖਾਤਰ ਅਕਾਲੀ ਦਲ ਆਰਡੀਨੈਂਸਾਂ ਦੀ ਹਮਾਇਤ ਕਰ ਰਿਹਾ ਹੈ। ਕਈ ਅਕਾਲੀ ਨੇਤਾ ਪ੍ਰਾਈਵੇਟ ਗੱਲਬਾਤ ‘ਚ ਇਹ ਮੰਨਦੇ ਵੀ ਹਨ ਕਿ ਖੇਤੀ ਆਰਡੀਨੈਂਸ ਕਈ ਪਹਿਲੂਆਂ ਤੋਂ ਕਿਸਾਨੀ ਦੇ ਵਿਰੁੱਧ ਹਨ। ਸਭ ਤੋਂ ਵੱਡੀ ਮਾਰ ਖੇਤੀ ਆਰਡੀਨੈਂਸਾਂ ਦੀ ਪੰਜਾਬ ਨੂੰ ਪੈ ਰਹੀ ਹੈ। ਦਹਾਕਿਆਂ ‘ਚ ਅਰਬਾਂ ਰੁਪਏ ਖਰਚ ਕਰਕੇ ਖੜ੍ਹਾ ਕੀਤਾ ਮੰਡੀ ਢਾਂਚਾ ਬਰਬਾਦ ਹੋ ਜਾਵੇਗਾ। ਫਸਲਾਂ ਦੀ ਸਹਾਇਕ ਕੀਮਤ ਖਤਮ ਹੋਣ ਬਾਰੇ ਕਿਸਾਨੀ ‘ਚ ਵੱਡੇ ਖਦਸ਼ੇ ਹਨ। ਇਹ ਮੁੱਦਾ ਹੁਣ ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ‘ਚ ਪੁੱਜ ਗਿਆ ਹੈ। ਅਕਾਲੀ ਲੀਡਰਸ਼ਿਪ ਲਗਾਤਾਰ ਇਹ ਆਖ ਰਹੀ ਹੈ ਕਿ ਖੇਤੀ ਆਰਡੀਨੈਂਸ ਕਿਸਾਨਾਂ ਦੇ ਹੱਕ ‘ਚ ਹਨ। ਇਹੋ ਜਿਹੀ ਸਥਿਤੀ ‘ਚ ਕੀ ਅਕਾਲੀ ਦਲ ਆਪਣੇ ਕਿਸਾਨੀ ਦੇ ਖੇਤਰ ਨੂੰ ਸੰਭਾਲ ਸਕੇਗਾ? ਤ੍ਰਾਸਦੀ ਇਹ ਹੈ ਕਿ ਪੰਜਾਬ ਦੇ ਪਿੰਡਾਂ ‘ਚ ਭਾਜਪਾ ਦੇ ਪ੍ਰਧਾਨ ਦਾ ਨਾਂ ਵੀ ਸ਼ਾਇਦ ਕੋਈ ਨਾ ਜਾਣਦਾ ਹੋਵੇ ਪਰ ਆਰਡੀਨੈਂਸ ਦੀ ਹਮਾਇਤ ਦੀ ਸਹੀ ਲੜਾਈ ਅਕਾਲੀ ਦਲ ਲੜ ਰਿਹਾ ਹੈ।

ਸੁਖਬੀਰ ਸਿੰਘ ਬਾਦਲ ਨੂੰ ਬਜ਼ੁਰਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਦੇ ਸਰਗਰਮ ਸਿਆਸਤ ਤੋਂ ਪਾਸੇ ਹੋਣ ਬਾਅਦ ਸਭ ਤੋਂ ਵੱਡੀ ਲੜਾਈ ਅਕਾਲੀ ਦਲ ਨੂੰ ਬਚਾਉਣ ਦੀ ਲੜਨੀ ਪੈ ਰਹੀ ਹੈ। ਅਕਾਲੀ ਦਲ ਦੀ ਤ੍ਰਾਸਦੀ ਵੀ ਦੇਖੋ ਕਿ ਜਦੋਂ ਅਕਾਲੀ ਦਲ ਆਪਣੀ ਸਥਾਪਨਾ ਦੀ 100ਵੀਂ ਵਰ੍ਹੇਗੰਢ ‘ਚ ਦਾਖਲ ਹੋ ਗਿਆ ਹੈ ਤਾਂ ਅਕਾਲੀ ਦਲ ਦੇ ਮੌਜੂਦਾ ਆਗੂਆਂ ਤੇ ਪਾਰਟੀ ਦੇ ਸਿਧਾਂਤਾਂ ਨੂੰ ਤਿਲਾਂਜਲੀ ਦੇਣ ਦੇ ਸਵਾਲ ਉੱਠ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਦੇ ਸਮਿਆਂ ‘ਚ ਵੀ ਪਾਰਟੀ ਅੰਦਰ ਮਤਭੇਦ ਅਤੇ ਲੜਾਈਆਂ ਹੋਈਆਂ ਹਨ ਪਰ ਪ੍ਰਕਾਸ਼ ਸਿੰਘ ਬਾਦਲ ਦੀ ਰਾਜਸੀ ਅਤੇ ਜਨਤਕ ਪੱਧਰ ਦੀ ਕਾਰਜਸ਼ੈਲੀ ਦਾ ਸੁਖਬੀਰ ਸਿੰਘ ਬਾਦਲ ਦੀ ਕਾਰਜਸ਼ੈਲੀ ਨਾਲੋਂ ਵੱਡਾ ਅੰਤਰ ਸੀ। ਇਹ ਵੀ ਵੱਡਾ ਕਾਰਨ ਪਾਰਟੀ ਦੇ ਤਿੜਕਣ ਦਾ ਬਣ ਰਿਹਾ ਹੈ।

(ਇਸ ਲੇਖ ਦਾ ਬਾਕੀ ਹਿੱਸਾ ਕੱਲ੍ਹ (ਐਤਵਾਰ) ਨੂੰ ਇਥੇ ਹੀ ਪੜ੍ਹਿਆ ਜਾਵੇ)

ਸੰਪਰਕ : 98140-02186

- Advertisement -
Share this Article
Leave a comment