ਆਹ ਬੀਬਾ ਹਰਸਿਮਰਤ ਕਰਵਾਊ ਬਾਦਲਾਂ ਨੂੰ ਅੰਦਰ? ਆਹ ਦੇਖੋ ਮੁੱਖ ਮੰਤਰੀ ਖਿਲਾਫ ਫੇਰ ਕੀ ਕਹਿ ਦਿੱਤਾ?

TeamGlobalPunjab
6 Min Read

ਚੰਡੀਗੜ੍ਹ :  ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਦੇ ਨਾਂ ‘ਤੇ ਪਟਿਆਲਾ ਵਿਖੇ ਬਣਨ ਜਾ ਰਹੀ ਖੇਡ ਯੂਨੀਵਰਸਿਟੀ ਦਾ ਨਾਂ ਰੱਖਣ ਜਾ ਰਹੇ ਹਨ ਉੱਥੇ ਦੂਜੇ ਪਾਸੇ ਪਹਿਲਾਂ ਬੀਰ ਦਵਿੰਦਰ ਸਿੰਘ ਤੇ ਹੁਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਦੇ ਇਸ ਪੁਰਖੇ ਦੇ ਖਿਲਾਫ ਅਜਿਹਾ ਮੋਰਚਾ ਖੋਲਿਆ ਹੈ ਕਿ ਇਸ ਮਗਰੋਂ ਮੁੱਖ ਮੰਤਰੀ ਦਾ ਅੱਗ ਬਬੂਲਾ ਹੋਣਾਂ ਲਾਜ਼ਮੀ ਹੈ। ਹਰਸਿਮਰਤ ਬਾਦਲ ਨੇ ਭਾਰਤੀ ਸੰਸਦ  ਵਿੱਚ ਮਹਾਰਾਜਾ ਭੁਪਿੰਦਰ ਸਿੰਘ ਵਿਰੁੱਧ ਬਿਆਨ ਦਿੰਦਿਆਂ ਕਿਹਾ ਹੈ ਕਿ ਜੱਲ੍ਹਿਆਂਵਾਲਾ ਬਾਗ ਕਤਲੇਆਮ ਤੋਂ ਬਾਅਦ ਭੁਪਿੰਦਰ ਸਿੰਘ ਨੇ ਜਨਰਲ ਡਾਇਰ ਨੂੰ ਚਿੱਠੀ ਲਿਖ ਕੇ ਨਾ ਸਿਰਫ ਉਨ੍ਹਾਂ ਵੱਲੋਂ ਲਏ ਗਏ ਉਸ ਐਕਸ਼ਨ ਨੂੰ ਸਹੀ ਠਹਿਰਾਇਆ ਸੀ, ਬਲਕਿ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਡਾਇਰ ਦੇ ਉਸ ਕੰਮ ਦਾ ਗਵਰਨਰ ਜਨਰਲ ਨੇ ਵੀ ਸਮਰਥਨ ਕੀਤਾ ਹੈ। ਜਿਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਦੇ ਇਸ ਬਿਆਨ ਵਿਰੁੱਧ ਭੜਾਸ ਕੱਢਦਿਆਂ ਜਿੱਥੇ ਹਰਸਿਮਰਤ ਬਾਦਲ ਨੂੰ ਝੂਠ ਬੋਲਣ ਦੀ ਆਦੀ ਕਰਾਰ ਦਿੱਤਾ ਉੱਥੇ ਬੀਤੀ ਕੱਲ੍ਹ ਕਾਂਗਰਸੀ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਸਦਨ ਅੰਦਰ ਅਕਾਲੀਆਂ ਵੱਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਦਾ ਮੂੰਹ ਤੋੜ ਜਵਾਬ ਦੇਣ।

ਦੱਸ ਦਈਏ ਕਿ ਬੀਤੀ ਕੱਲ੍ਹ ਲੋਕ ਸਭਾ ਅੰਦਰ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਰਾਜਾ ਭੁਪਿੰਦਰ ਸਿੰਘ ਬਾਰੇ ਦੋਸ਼ ਲਾਉਂਦਿਆਂ ਕਿਹਾ ਸੀ ਕਿ ਮਹਾਰਾਜਾ ਭੁਪਿੰਦਰ ਸਿੰਘ ਬਾਰੇ ਉਹ ਜੋ ਕੁਝ ਵੀ ਬੋਲ ਰਹੇ ਹਨ ਉਹ ਇੰਨ-ਬਿੰਨ ਸੱਚ ਹੈ ਤੇ ਇਹ ਸਾਰਾ ਕੁਝ ਇਤਹਾਸ ਵਿੱਚ ਦਰਜ ਹੈ। ਉਨ੍ਹਾਂ ਕਿਹਾ ਕਿ ਇਹ ਉਹ ਕਾਂਗਰਸ ਹੈ ਜਿਸ ਦੇ ਪੁਰਖੇ ਜੱਲ੍ਹਿਆਂਵਾਲੇ ਬਾਗ ਦੇ ਕਾਤਲਾਂ ਨਾਲ ਹੱਥ ਹੀ ਨਹੀਂ ਮਿਲਾਉਂਦੇ ਰਹੇ ਬਲਕਿ ਇਕੱਠੇ ਹੋ ਕੇ ਖਾਣਾ ਵੀ ਖਾਂਦੇ ਰਹੇ ਸਨ। ਹਰਸਿਮਰਤ ਬਾਦਲ ਨੇ ਇਸ ਮੌਕੇ ਸਬੂਤ ਵਜੋਂ ਕੁਝ ਤਸਵੀਰਾਂ ਅਤੇ ਦਸਤਾਵੇਜ਼ ਦਿਖਾਉਂਦਿਆਂ ਸਾਬਕਾ ਕਾਂਗਰਸੀ ਆਗੂ ਤੇ ਕੇਂਦਰੀ ਵਿਦੇਸ਼ ਮੰਤਰੀ ਨਟਵਰ ਸਿੰਘ ਦੀ ਉਸ ਸਵੈਜੀਵਨੀ ਦਾ ਵੀ ਹਵਾਲਾ ਦਿੱਤਾ ਜਿਸ ਵਿੱਚ ਨਟਵਰ ਸਿੰਘ ਨੇ ਲਿਖਿਆ ਸੀ ਕਿ ਰਾਜਾ ਭੁਪਿੰਦਰ ਸਿੰਘ ਨੇ ਉਸ ਸਮੇਂ ਜਨਰਲ ਡਾਇਰ ਦੇ ਉਸ ਕੰਮ ਨੂੰ ਸਹੀ ਠਹਿਰਾਉਂਦਿਆਂ ਉਸ ਦਾ ਸਮਰਥਨ ਕੀਤਾ ਸੀ। ਇਸ ਤੋਂ ਇਲਾਵਾ ਹਰਸਿਮਰਤ ਬਾਦਲ ਨੇ ਆਪਣੀ ਆਖੀ ਗੱਲ ਨੂੰ ਸਾਬਤ ਕਰਨ ਲਈ ਸਬੂਤ ਵਜੋਂ ਜਨਰਲ ਡਾਇਰ ਦੀ ਸਵੈ ਜੀਵਨੀ ਦਾ ਵੀ ਹਵਾਲਾ ਦਿੱਤਾ ਅਤੇ ਕਿਹਾ ਕਿ ਇਹ ਗੱਲ ਨਟਵਰ ਸਿੰਘ ਨੇ ਹੀ ਨਹੀਂ ਜਨਰਲ ਡਾਇਰ ਨੇ ਵੀ ਮੰਨੀ ਹੈ। ਇੱਥੇ ਬੀਬਾ ਬਾਦਲ ਨੇ ਦੋਸ਼ ਲਾਉਂਦਿਆਂ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਇਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਮੁੱਖ ਮੰਤਰੀ ਰਹਿਣ ਦਾ ਵੀ ਕੋਈ ਹੱਕ ਨਹੀਂ।

ਉੱਧਰ ਦੂਜੇ ਪਾਸੇ ਹਰਸਿਮਰਤ ਵੱਲੋਂ ਲਾਏ ਗਏ ਇਨ੍ਹਾਂ ਦੋਸ਼ਾਂ ਦਾ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਰਾਰਾ ਜਵਾਬ ਦਿੰਦਿਆਂ ਕਿਹਾ ਹੈ, ਕਿ ਬੀਬਾ ਬਾਦਲ ਝੂਠ ਅਤੇ ਉਲਟਾ ਬੋਲ ਰਹੇ ਹਨ ਕਿਉਂਕਿ ਜੱਲ੍ਹਿਆਂਵਾਲਾ ਬਾਗ ਕਾਂਡ ਤੋਂ ਬਾਅਦ ਉਨ੍ਹਾਂ ਦੇ ਦਾਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਨਹੀਂ, ਬਲਕਿ ਮਜੀਠੀਆ ਪਰਿਵਾਰ ਨੇ ਜਨਰਲ ਡਾਇਰ ਨੂੰ ਖਾਣੇ ਦਾ ਸੱਦਾ ਦਿੱਤਾ ਸੀ।

ਇੱਥੇ ਇਹ ਵੀ ਧਿਆਨਦੇਣਯੋਗ ਹੈ ਕਿ ਇੱਕ ਪਾਸੇ ਪੰਜਾਬ ਦੀਆਂ ਵਿਰੋਧੀ ਧਿਰਾਂ ਤੇ ਸੱਤਾਧਾਰੀਆਂ ਦੇ ਕੁਝ ਆਪਣੇ ਹੀ ਲੋਕ ਸਿੱਧੇ ਜਾਂ ਅਸਿੱਧੇ ਢੰਗ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਇਹ ਦੋਸ਼ ਲਾਉਂਦੇ ਰਹਿੰਦੇ ਹਨ ਕਿ ਕੈਪਟਨ ਤੇ ਬਾਦਲ ਆਪਸ ਵਿੱਚ ਰਲੇ ਹੋਏ ਹਨ, ਉੱਥੇ ਦੂਜੇ ਪਾਸੇ ਬਾਦਲ ਪਰਿਵਾਰ ਦੀ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਸਮੇਂ ਸਮੇਂ ‘ਤੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਅਜਿਹੇ ਬਿਆਨ ਦਿੰਦੀ ਰਹਿੰਦੀ ਹੈ ਜਿਨ੍ਹਾਂ ਨੂੰ ਪੜ੍ਹ ਸੁਣ ਕੇ ਕੈਪਟਨ ਨੂੰ ਗੁੱਸਾ ਆਉਣਾ ਲਾਜ਼ਮੀ ਹੈ। ਸ਼ਾਇਦ ਇਹੋ ਕਾਰਨ ਹੈ ਕਿ ਬੀਤੇ ਦਿਨ ਜਦੋਂ ਹਰਸਿਮਰਤ ਨੇ ਨਸ਼ਿਆਂ ਦੇ ਮੁੱਦੇ ‘ਤੇ ਇੱਕ ਟਵੀਟ ਕਰਦਿਆਂ ਕੈਪਟਨ ਦੀ ਗੁੱਟਕਾ ਸਾਹਿਬ ਮੱਥੇ ਨਾਲ ਲਾਉਂਣ ਵਾਲੀ ਫੋਟੋ ਆਪਣੀ ਟਵੀਟਰ ਹੈਂਡਲ ‘ਤੇ ਪਾ ਕੇ ਮੁੱਖ ਮੰਤਰੀ ਖਿਲਾਫ ਸਿਆਸੀ ਚੁੰਡੀ ਵੱਢ ਬਿਆਨ ਦਿੱਤਾ ਸੀ, ਤਾਂ ਉਸ ਵੇਲੇ ਮੁੱਖ ਮੰਤਰੀ ਨੇ ਜਵਾਬ ਵਿੱਚ ਇੱਥੋਂ ਤੱਕ ਕਹਿ ਦਿੱਤਾ ਸੀ, ਕਿ ਮੇਰੇ ਮੰਤਰੀ ਤਾਂ ਬਾਦਲਾਂ ਦੇ ਪਹਿਲਾਂ ਹੀ ਖੂਨ ਦੇ ਪਿਆਸੇ ਹਨ ਤੇ ਉਨ੍ਹਾਂ ਨੂੰ ਬਿਨਾਂ ਬੇਅਦਬੀ ਮਾਮਲਿਆਂ ਦੀ ਜਾਂਚ ਕੀਤਿਆਂ ਜੇਲ੍ਹ ਭੇਜਣਾ ਚਾਹੁੰਦੇ ਹਨ, ਤੇ ਜੇਕਰ ਤੁਹਾਡਾ ਇਹੋ ਰਵੱਈਆ ਰਿਹਾ ਤਾਂ ਇਹ ਨਾ ਹੋਵੇ ਕਿ ਕਿਤੇ ਮੈਨੂੰ ਉਨ੍ਹਾਂ ਦੀ ਗੱਲ ਮੰਨਣੀ ਪੈ ਜਾਵੇ। ਉਸ ਤੋਂ ਬਾਅਦ ਤਾਂ ਭਾਵੇਂ ਹਰਸਿਮਰਤ ਕੌਰ ਬਾਦਲ ਨੇ ਦੜ ਵੱਟ ਲਈ ਸੀ, ਪਰ ਇਸ ਵਾਰ ਉਨ੍ਹਾਂ ਨੇ ਕੈਪਟਨ ਵਿਰੁੱਧ ਭਾਰਤੀ ਸੰਸਦ ਅੰਦਰ ਜਿਹੜਾ ਬਿਆਨ ਦਿੱਤਾ ਹੈ ਉਹ ਮੁੱਖ ਮੰਤਰੀ ਦੇ ਪੁਰਖਿਆਂ ਨਾਲ ਜੁੜਿਆ ਹੈ, ਤੇ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਵਿਖੇ ਸ਼ੁਰੂ ਕੀਤੀ ਜਾ ਰਹੀ ਖੇਡ ਯੂਨੀਵਰਸਿਟੀ ਦਾ ਨਾਂ ਆਪਣੇ ਦਾਦੇ ਮਹਾਰਾਜਾ ਭੁਪਿੰਦਰ ਸਿੰਘ ਦੇ ਨਾਮ ‘ਤੇ ਰੱਖਣ ਜਾ ਰਹੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਆਪਣੇ ਪੁਰਖਿਆਂ ‘ਤੇ ਹਰਸਿਮਰਤ ਵੱਲੋਂ ਕੀਤੇ ਗਏ ਹਮਲੇ ਦਾ ਜਵਾਬ ਕੈਪਟਨ ਕਿਸ ਢੰਗ ਨਾਲ ਦਿੰਦੇ ਹਨ ਕਿਉਂਕਿ ਜਿਸ ਵੇਲੇ ਹਰਸਿਮਰਤ ਵੱਲੋਂ ਸੰਸਦ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਦੇ ਖਿਲਾਫ ਬਿਆਨ ਦਿੱਤਾ ਜਾ ਰਿਹਾ ਸੀ ਤਾਂ ਉਸ ਵੇਲੇ ਕਾਂਗਰਸੀ ਸੰਸਦ ਮੈਂਬਰਾਂ ਨੇ ਬੀਬਾ ਬਾਦਲ ਨੂੰ ਨਸ਼ਾ ਤਸਕਰੀ ਦੇ ਸਬੰਧ ਵਿੱਚ ਲਿਖੀਆਂ ਤਖਤੀਆਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ।

- Advertisement -

ਕੁੱਲ ਮਿਲਾ ਕੇ ਇਹ ਸਭ ਦੇਖਣ ਤੋਂ ਬਾਅਦ ਹੁਣ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਜਿਨ੍ਹਾਂ ਵਿੱਚੋਂ ਇੱਕ ਚਰਚਾ ਇਹ ਵੀ ਹੈ ਕਿ ਹੁਣ ਤੱਕ ਤਾਂ ਭਾਵੇਂ ਕੈਪਟਨ ਨੇ ਬਾਦਲਾਂ ਨੂੰ ਆਪਣੇ ਮੌਜੂਦਾ ਰਾਜ ਦੌਰਾਨ ਕੁਝ ਵੀ ਨਹੀਂ ਕਿਹਾ, ਪਰ ਜੇਕਰ ਬੀਬਾ ਬਾਦਲ ਨੇ ਮੁੱਖ ਮੰਤਰੀ ਵਿਰੁੱਧ ਵਾਰ ਵਾਰ ਇਹੋ ਜਿਹੀਆਂ ਕਾਰਵਾਈ ਕਰਨੀਆਂ ਜਾਰੀ ਰੱਖੀਆਂ ਤਾਂ ਕਿਤੇ ਇਹ ਨਾ ਹੋਵੇ ਕਿ ਕੈਪਟਨ ਨੂੰ ਇੱਥੋਂ ਤੱਕ ਗੁੱਸਾ ਆ ਜਾਵੇ ਕਿ ਉਨ੍ਹਾਂ ਨੂੰ ਆਪਣੇ ਮੰਤਰੀਆਂ ਦੀ ਗੱਲ ਵਾਕਿਆ ਹੀ ਮੰਨਣੀ ਪੈ ਜਾਵੇ, ਤੇ ਉਸ ਹਾਲਤ ਵਿੱਚ ਬਾਦਲਾਂ ਨੂੰ ਜੇਲ੍ਹ ਜਾਣ ਤੋਂ ਕੋਈ ਬਚਾਅ ਪਾਵੇਗਾ।

Share this Article
Leave a comment