ਅਫ਼ਗਾਨੀ ਸਿੱਖਾਂ ਦੀ ਵਿਥਿਆ (ਭਾਗ -5)- ਡਾ. ਰੂਪ ਸਿੰਘ

TeamGlobalPunjab
7 Min Read

      ‘ਅਫ਼ਗਾਨੀ ਸਿੱਖਾਂ ਦੀ ਵਿਥਿਆ’ ਡਾ. ਰੂਪ ਸਿੰਘ ਦੇ ਇਸ ਖੋਜ ਭਰਪੂਰ ਆਰਟੀਕਲ ਤੋਂ ਜਿੱਥੇ ਅਫ਼ਗਾਨਿਸਤਾਨ ਦੇ ਸਿੱਖਾਂ ਦੀਆਂ ਦਰਪੇਸ਼ ਮੁਸਕਲਾਂ ਦਾ ਪਤਾ ਲੱਗਦਾ ਹੈ ਉਥੇ ਅਫ਼ਗਾਨਿਸਤਾਨ ਵਿਚਲੇ ਪਾਵਨ ਗੁਰੂ ਧਾਮਾਂ ਬਾਰੇ ਵੀ ਵੱਡਮੁਲੀ ਇਤਿਹਾਸ ਜਾਣਕਾਰੀ ਮਿਲਦੀ ਹੈ। ਵਰਤਮਾਨ ਸਮੇਂ ਜੋ ਭਇਆਨਕ ਹਾਲਾਤ ਅਫ਼ਗਾਨਿਸਤਾਨ ਦੇ ਹੋਏ ਪਏ ਨੇ ਉਹ ਕਿਸੇ ਤੋਂ ਲੁਕੇ ਨਹੀਂ ਹਨ ਅਜਿਹੇ ਵਿੱਚ ਜਿਥੇ ਇਸ ਸਮੇਂ ਅਫ਼ਗਾਨੀ ਸਿੱਖ ਪਰਵਾਰਾਂ ਨਾਲ ਖੜਨ ਦੀ ਸਖਤ ਲੋੜ ਹੈ ਜੋ ਸਾਡਾ ਫਰਜ ਤੇ ਧਰਮ ਵੀ ਹੈ ਉਥੇ ਇਨ੍ਹਾਂ ਬਚੇ ਹੋਏ ਪਾਵਨ ਇਤਿਹਾਸਕ ਗੁਰੂਧਾਮਾਂ (ਜੋ  ਇਸ ਵਕਤ  ਸਿੱਖਾਂ ਤੋਂ  ਸਖਣੇ  ਹੋ ਗਏ ਨੇ) ਨੂੰ ਸੰਭਾਲ ਲਈ ਵੀ ਇਕਜੁਟ ਹੋਣ ਦੀ ਜ਼ਰੂਰਤ ਹੈ। ਇਹ ਤਾਂ ਹੀ ਸੰਭਵ ਹੈ ਜੇ ਦੁਨੀਆਂ ਭਰ ਦੇ ਸਿੱਖ ਮਿਲ ਕੇ ਹੰਭਲਾ ਮਾਰੇ। ਅੱਜ ਅਹਿਸਾਸ ਹੁੰਦਾ ਹੈ ਕਿ ਸਿੱਖੀ, ਸਿੱਖ ਤੇ ਆਪਣੀ ਹੋਂਦ ਨੂੰ ਸੰਸਾਰ ਪੱਧਰ ‘ਤੇ ਹੋਰ ਪ੍ਰਪੱਕ ਤੇ ਮਜ਼ਬੂਤ ਕਰਨ ਦੀ ਲੋੜ ਹੈ। -ਡਾ. ਗੁਰਦੇਵ ਸਿੰਘ।


ਲੜੀ ਜੋੜਨ ਲਈ ਪਿਛਲਾ ਅੰਕ ਪੜੋ  : https://scooppunjab.com/global/afghani-sikhan-di-vithia-part-4-dr-roop-singh/

ਅਫ਼ਗਾਨੀ ਸਿੱਖਾਂ ਦੀ ਵਿਥਿਆ (ਭਾਗ -5)

*ਡਾ. ਰੂਪ ਸਿੰਘ

ਕੰਧਾਰ ਦੇ ਗੁਰਦੁਆਰੇ

ਅਫ਼ਗਾਨਿਸਤਾਨ ਦੇ ਪੁਰਾਣੇ ਸ਼ਹਿਰਾਂ ਵਿਚੋਂ ਇੱਕ ਹੈ ਕੰਧਾਰ, ਜੋ ਕਾਬਲ ਤੋਂ 320 ਮੀਲ ਭਾਵ 450 ਕਿਲੋਮੀਟਰ ਦੀ ਦੂਰੀ ਤੇ ਹੈ। 2500 ਦੇ ਕਰੀਬ ਹਿੰਦੂ-ਸਿੱਖ ਰਹਿੰਦੇ ਸਨ। ਇੰਨ੍ਹਾਂ ਨੂੰ ਸਿੱਖ-ਸੇਵਕ ਕਿਹਾ ਜਾਂਦਾ ਸੀ। ਕੇਸਾਧਾਰੀ ਸਿੱਖ ਤੇ ਸਹਿਜਧਾਰੀ ਸੇਵਕ ਕਹਾਉਂਦੇ ਸਨ ਸਾਰੇ ਦੁਕਾਨਦਾਰੀ ਤੇ ਵਪਾਰ ਕਰਦੇ ਸਨ। ਡਾ. ਗੰਡਾ ਸਿੰਘ ਅਨੁਸਾਰ ਕੰਧਾਰੀ ਸਿੱਖ-ਸੇਵਕ ਪੜ੍ਹਾਈ, ਧਾਰਮਕ, ਸਮਾਜਕ ਰਾਜਸੀ ਗਤੀਵਿਧੀਆ ‘ਚ ਬਹੁੱਤੀ ਦਿਲਚਸਪੀ ਨਹੀਂ ਲੈਂਦੇ। ਸਿਰਫ ਤੇ ਸਿਰਫ ਆਪਣੇ  ਕਾਰੋਬਾਰ, ਵਪਾਰ ਤੱਕ ਹੀ ਸੀਮਤ ਰਹਿੰਦੇ ਹਨ। ਪਰਦੇ ਦਾ ਰਿਵਾਜ ਕੌਮੀ ਸੀ। ਕੰਧਾਰ ਵਿੱਚ 5 ਗੁਰਦੁਆਰੇ ਸਨ ਜਿੰਨ੍ਹਾਂ ਨੂੰ ਧਰਮਸ਼ਾਲਾ ਵੀ ਕਿਹਾ ਜਾਂਦਾ ਹੈ।

- Advertisement -

ਧਰਮਸ਼ਾਲਾ ਸ੍ਰੀ ਗੁਰੂ ਨਾਨਕ ਦੇਵ ਜੀ: ਕੰਧਾਰ ਦੇ ਕਾਬਲੀ ਬਜ਼ਾਰ ਵਿੱਚ ਸਥਿਤ ਹੈ, ਧਰਮਸ਼ਾਲਾ ਸ੍ਰੀ ਗੁਰੂ ਨਾਨਕ ਦੇਵ ਜੀ, ਬਾਬਾ ਜਸਪਤ ਜੀ ਨੇ ਸਥਾਪਤ ਕੀਤੀ ਸੀ। ਇਹ ਬਾਬਾ ਜਸਪਤ ਜੀ, ਬਾਬਾ ਸਾਹਿਬ ਸਿੰਘ ਜੀ ਬੇਦੀ ਦੇ ਖ਼ਾਨਦਾਨੀ ਪਰਿਵਾਰ ਵਿੱਚੋਂ ਸਨ।

ਸੁਥਰਿਆਂ ਦੀ ਧਰਮਸ਼ਾਲਾ : ਕੰਧਾਰ ਦੇ ਸ਼ਿਕਾਰਪੁਰ ਬਜਾਰ ਵਿੱਚ ਸੁਥਰਿਆਂ ਦੀ ਧਰਮਸ਼ਾਲਾ ਸਥਿਤ ਹੈ। ਪ੍ਰਬੰਧਕ ਬਾਬਾ ਹਰੀ ਸ਼ਾਹ ਹਨ। ਬਾਬਾ ਹਰੀ ਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਦੇ ਸਨ। ਸਵੇਰੇ ਸ਼ਾਮ ਕਾਫੀ ਸੰਗਤ ਜੁੜਦੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਹੱਥ ਲਿਖਤ ਬੀੜ ਵੀ ਇਸ ਧਰਮਸ਼ਾਲਾ ਵਿੱਚ ਸੁਭਾਏਮਾਨ ਹੈ।

ਵੱਡੀ ਧਰਮਸ਼ਾਲਾ : ਸ਼ਿਕਾਰਪੁਰ ਬਜਾਰ ਵਿੱਚ ਬਾਬਾ ਸ੍ਰੀ ਚੰਦ ਦੀ ਧਰਮਸ਼ਾਲਾ ਹੈ ਜੋ ਵੱਡੀ ਧਰਮਸ਼ਾਲਾ ਦੇ ਨਾਮ ‘ਤੇ ਪ੍ਰਸਿਧ ਹੈ। ਡਾ. ਗੰਡਾ ਸਿੰਘ ਅਨੁਸਾਰ ਇਸ ਧਰਮਸ਼ਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੁਰਾਤਨ ਹੱਥ ਲਿਖਤ ਬੀੜ ਹੈ, ਜਿਸ ਤੇ ਸੰਮਤ 1725 ਹਾੜ ਸੁਦੀ 5, ਸੰਨ 1665 ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸਮੇਂ ਦੀ ਲਿਖੀ ਹੋਈ ਦੱਸੀ ਜਾਂਦੀ ਹੈ।

ਛੋਟੀ ਧਰਮਸ਼ਾਲਾ : ਸ਼ਿਕਾਰਪੁਰ ਬਜਾਰ ਵਿੱਚ ਹੀ ਛੋਟੀ ਧਰਮਸ਼ਾਲਾ ਦੇ ਨਾਮ ‘ਤੇ ਗੁਰਦੁਆਰਾ ਸਥਿਤ ਹੈ, ਜਿਸ ਦੇ ਆਰੰਭ ਹੋਣ ਦੇ ਸਮੇਂ ਬਾਰੇ ਜਾਣਕਾਰੀ ਨਹੀਂ ਮਿਲਦੀ। ਇਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 2 ਹੱਥ ਲਿਖਤ ਬੀੜਾਂ ਬਿਰਾਜਮਾਨ ਹਨ।

ਮਸੰਦਾਂ ਦੀ ਧਰਮਸ਼ਾਲਾ : ਕਾਬਲੀ ਬਜਾਰ ਵਿੱਚ ਹੀ ਸਥਿਤ ਹੈ ਮਸੰਦਾਂ ਦੀ ਧਰਮਸ਼ਾਲਾ। ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਨਹੀਂ ਹੋਈ।

- Advertisement -

ਗਜਨੀ ਦੇ ਗੁਰਦੁਆਰੇ

ਕੰਧਾਰ ਤੋਂ ਕਾਬਲ ਦੇ ਸੜਕੀ ਮਾਰਗ ‘ਤੇ ਗਜਨੀ ਪ੍ਰਸਿਧ ਇਤਿਹਾਸਕ ਨਗਰ ਹੈ, ਜੋ ਕੰਧਾਰ ਤੋਂ 340 ਕਿਲੋਮੀਟਰ ਤੇ ਕਾਬਲ ਤੋਂ 135 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਡਾ. ਗੰਡਾ ਸਿੰਘ ਅਨੁਸਾਰ 1952 ਈਸਵੀ ਵਿੱਚ ਸਿੱਖਾਂ-ਸੇਵਕਾਂ ਦੇ 50-60 ਘਰ ਸਨ ਅਤੇ ਕੁੱਲ ਅਬਾਦੀ 300 ਦੇ ਕਰੀਬ ਸੀ। ਗਜਨੀ ਰਾਜ ਦੇ ਗਜਨੀ ਸ਼ਹਿਰ ਵਿੱਚ ਦੋ ਗੁਰਦੁਆਰੇ ਸੁਭਾਏਮਾਨ ਹਨ। ਇੱਕ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ “ਗੁਰਦੁਆਰਾ ਕੋਠੜਾ ਸਾਹਿਬ” ਤੇ ਪੁਰਾਣੇ ਗਜਨੀ ਸ਼ਹਿਰ ਵਿੱਚ ਬਹੁਤ ਪੁਰਾਤਨ ਗੁਰਦੁਆਰਾ “ਸ੍ਰੀ ਗੁਰੂ ਸਿੰਘ ਸਭਾ” ਹੈ। ਇਸ ਗੁਰਦੁਆਰੇ ਵਿੱਚ ਡਾ. ਗੰਡਾ ਸਿੰਘ ਅਨੁਸਾਰ ਉਸ ਸਮੇਂ ਸੱਤ ਪੁਰਾਤਨ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਇੱਕ ਦਸਮ ਗ੍ਰੰਥ ਦੀ ਬੀੜ ਬਿਰਾਜਮਾਨ ਸੀ। ਭਾਈ ਤੇਜਾ ਸਿੰਘ ਤਬੀਬ ਤੇ ਭਾਈ ਦਿਆਲ ਸਿੰਘ ਇਥੋਂ ਦੇ ਪ੍ਰਸਿਧ ਸਿੱਖ ਹੋਏ ਹਨ।

ਗੁਰਦੁਆਰਾ ਸਾਹਿਬ ਅਬਲੀਸ਼ ਅਫ਼ਗਾਨਿਸਤਾਨ : ਇਹ ਇਤਿਹਾਸਕ ਧਾਰਮਕ ਅਸਥਾਨ ਕਾਬਲ ਤੋਂ 35 ਕਿਲੋਮੀਟਰ ਦੀ ਦੂਰੀ ਤੇ ਉਤਰ ਵਾਲੇ ਪਾਸੇ ਸਥਿਤ ਹੈ। ਜਗਤ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਮਾਨਵਤਾ ਦਾ ਕਲਿਆਨ ਕਰਦੇ ਹੋਏ ਇਥੇ ਆਏ ਸਨ। ਸਮਸ਼ੇਰ ਸਿੰਘ ਅਸ਼ੋਕ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇੱਕ ਪਠਾਨ ਵੱਲੋਂ ਗੁਲਾਮ ਕਰਾਰ ਦਿੱਤਾ ਜਾਣ ‘ਤੇ ਤਿੰਨ ਵਾਰ ਵੇਚ ਦਿੱਤਾ ਗਿਆ। ਸਤਿਗੁਰੂ ਜੀ ਦਾ ਇਹ ਵੀ ਇੱਕ ਕੌਤਿਕ ਹੀ ਸੀ, ਜਿਸ ਦੀ ਯਾਦ ਵਿੱਚ ਪ੍ਰੇਮੀ ਸਿੱਖਾਂ-ਸੇਵਕਾਂ ਨੇ ਯਾਦਗਾਰ ਸਥਾਪਤ ਕੀਤੀ।

ਗਰਦੇਜ਼ ਦੇ ਗੁਰਦੁਆਰੇ

ਗਜਨੀ ਅਤੇ ਹਿੰਦੁਸਤਾਨ ਦੇ ਵਿਚਕਾਰਲਾ ਇਲਾਕਾ, ਅਫ਼ਗਾਨਿਸਤਾਨ ਦਾ ਗਰਦੇਜ਼ ਰਾਜ ਹੈ। ਇਸ ਰਾਜ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਸਥਾਨ ‘ਚਸ਼ਮਾ ਖਾਟਖਾਓ’ ਸੁਭਾਏਮਾਨ ਹੈ। ਚਸ਼ਮੇ ਦੇ ਨਾਲ ਸੁੰਦਰ ਸਰੋਵਰ ਹੈ। ਸਰੋਵਰ ਵਿੱਚ ਹਜਾਰਾਂ ਮੱਛੀਆਂ ਹਨ, ਪਰ ਕੋਈ ਵੀ ਮੁਸਲਮਾਨ ਇੰਨ੍ਹਾਂ ਮੱਛੀਆਂ ਨੂੰ ਨਹੀਂ ਫੜਦਾ। ਚਸ਼ਮੇ ਦੇ ਨਿਰਮਲ ਜੱਲ ਨੂੰ ਸਿੱਖ ਸੇਵਕ ਹਿੰਦੂ-ਮੁਸਲਮਾਨ ਸ਼ਰਧਾ ਸਤਿਕਾਰ ਨਾਲ ਛੱਕਦੇ ਹਨ।

ਕੰਦੂਜ਼ ਰਾਜ ਦੇ ਗੁਰਦੁਆਰੇ

ਕੰਦੂਜ਼ ਰਾਜ ਵਿੱਚ ਕੇਵਲ ਇੱਕ ਹੀ ਖੇਤਰੀ ਗੁਰਦੁਆਰਾ ਸੁਭਾਏਮਾਨ ਹੈ, ਜਿਸ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਖਾਨਬਾਦ ਦੇ ਗੁਰਦੁਆਰੇ

ਕੰਦੂਜ਼ ਰਾਜ ਵਾਂਗ ਹੀ ਖਾਨਬਾਦ ਵਿੱਚ ਕੇਵਲ ਇੱਕ ਹੀ ਗੁਰਦੁਆਰਾ ਹੈ, ਜਿਸ ਨੂੰ ਖੇਤਰੀ ਸਿੱਖਾਂ-ਸੇਵਕਾਂ ਨੇ ਤਿਆਰ ਕਰਵਾਇਆ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਖਾਨਬਾਦ ਵਜੋਂ ਜਾਣਿਆ ਜਾਂਦਾ ਹੈ।

ਖ਼ੋਸਤ ਰਾਜ ਦੇ ਗੁਰਦੁਆਰੇ

ਖ਼ੋਸਤ ਰਾਜ ਦੇ ਵਸਨੀਕ, ਗੁਰੂ ਨਾਨਕ ਨਾਮ ਲੇਵਾ ਸ਼ਰਧਾਲੂ ਸਿੱਖ, ਖ਼ੋਸਤੀ ਸਿੱਖ ਸਦਵਾਉਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਗੁਰਬਾਣੀ ਪ੍ਰਤੀ ਇੰਨ੍ਹਾਂ ਦੀ ਅਤੁੱਟ ਸ਼ਰਧਾ-ਭਾਵਨਾ ਹੈ। ਸਿੱਖ ਸੇਵਕ ਕੇਸਾਧਾਰੀ ਨਹੀਂ ਪਰ ਹਰ ਸਮੇਂ ਸੇਵਾ-ਸਿਮਰਨ ਲਈ ਤੱਤਪਰ ਰਹਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ “ਗੁਰਦੁਆਰਾ ਥੜ੍ਹਾ ਬਾਬਾ ਨਾਨਕ” ਚੱਕਮਨੀਆਂ ਸ਼ਰਧਾ-ਸਤਿਕਾਰ ਨਾਲ ਤਿਆਰ ਕਰਵਾਇਆ ਗਿਆ। ਇਸ ਸਥਾਨ ਤੋਂ ਹੀ ਕੁਝ ਦਿਨ ਪਹਿਲਾਂ ਨਿਸ਼ਾਨ ਸਾਹਿਬ ਉਤਾਰ ਦਿੱਤਾ ਗਿਆ ਸੀ, ਜਿਸ ਕਾਰਨ ਦੁਨੀਆਂ ਭਰ ਵਿੱਚ ਇਸ ਦੀ ਆਲੋਚਨਾ ਥੋੜੇ ਦਿਨਾਂ ਬਾਅਦ ਗੁਰੂ ਘਰ ਵਿੱਚ ਨਿਸ਼ਾਨ ਸਾਹਿਬ ਉਸੇ ਸਥਾਨ ‘ਤੇ ਝੁੱਲਾ ਦਿੱਤਾ ਗਿਆ। ਤਾਲੇਬਾਨ ਦੇ ਬੁਲਾਰੇ ਦਾ ਕਹਿਣਾ ਹੈ ਕਿ ਅਸੀਂ ਅਜਿਹਾ ਘਟੀਆ ਕਾਰਜ ਕਦੇ ਨਹੀਂ ਕਰਦੇ।

ਸ਼ਰਾਕਾਰ ਦੇ ਗੁਰਦੁਆਰੇ

ਸ਼ਰਾਕਾਰ ਰਾਜ ਦੇ ਸ਼ਹਿਰ ਅਕਸਰਾਏ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਯਾਦ ਵਿੱਚ ਗੁਰੂ ਘਰ ਹੈ, ਜਿਸ ਨੂੰ ਅਖ਼ੌਰ ਸਾਹਿਬ ਕਿਹਾ ਜਾਂਦਾ ਹੈ। ਮਨੋਤ ਹੈ ਕਿ ਇਸ ਸਥਾਨ ‘ਤੇ ਇੱਕ ਮੁਸਲਮਾਨ ਸ਼ਰਧਾਲੂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਰਸ਼ਨ ਬਖਸ਼ਸ਼ ਕੀਤੇ। ਇਸ ਸਥਾਨ ‘ਤੇ ਸਲਾਨਾ ਤਿੰਨ ਦਿਨ ਮੇਲਾ ਭਰਦਾ ਹੈ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਪੂਰਨਮਾਸ਼ੀ ਨੂੰ ਬਹੁਤ ਵੱਡੀ ਪੱਧਰ ‘ਤੇ ਮਨਾਇਆ ਜਾਂਦਾ ਹੈ।

(ਚਲਦਾ)

*98146 37979 _roopsz@yahoo.com

Share this Article
Leave a comment