ਲੜੀ ਨੰ. 28 – ਗੁਰਦੁਆਰਾ ਪਹਿਲੀ ਪਾਤਸ਼ਾਹੀ ਚਾਵਲੀ ਮਸਾਇਖ ਜਾਂ ‘ਤਪ ਅਸਥਾਨ ਗੁਰੂ ਨਾਨਕ, ਬੂਰੇਵਾਲਾ

TeamGlobalPunjab
3 Min Read

*ਡਾ. ਗੁਰਦੇਵ ਸਿੰਘ 

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਗਤ ਉਦਾਰ ਹਿਤ ਵੱਖ-ਵੱਖ ਉਦਾਸੀਆਂ ਕੀਤੀਆਂ। ਗੁਰੂ ਸਾਹਿਬ ਜਿਧਰ ਵੀ ਗਏ ਉਥੇ ਗੁਰੂ ਸਾਹਿਬ ਨੇ ਉਨ੍ਹਾਂ ਅਸਥਾਨਾਂ ਜਾਂ ਲੋਕਾਂ ‘ਤੇ ਕੇਂਦਿਰਤ ਕੀਤਾ ਜਿੱਥੇ ਵਿਦਵਾਨ ਲੋਕ ਵਾਸ ਕਰਦੇ ਸਨ। ਉਨ੍ਹਾਂ ਨਾਲ ਗੁਰੂ ਸਾਹਿਬ ਨੇ ਵਿਚਾਰ ਗੋਸਟੀਆਂ ਕੀਤੀਆਂ ਤੇ ਸਤਿਨਾਮ ਦਾ ਅਲਖ ਜਗਾਇਆ। ਗੁਰਦੁਆਰਾ ਸਾਹਿਬ ਪਹਿਲੀ ਪਾਤਸ਼ਾਹੀ ਚਾਵਲੀ ਮਸਾਇਖ ਬੂਰੇਵਾਲ ਵਿਖੇ ਵੀ ਗੁਰੂ ਸਾਹਿਬ ਵਿਸ਼ੇਸ਼ ਤੌਰ ‘ਤੇ ਗਏ। 

ਗੁਰਦੁਆਰਾ ਪਹਿਲੀ ਪਾਤਸ਼ਾਹੀ ਦਾ ਇਹ ਪਾਵਨ ਅਸਥਾਨ ਜਿਲਾ ਵਿਹਾੜੀ ਦੀ ਤਹਿਸੀਲ ਬੂਰੇਵਾਲਾ ਤੋ ਸਾਹੋਕੀ ਜਾਣ ਵਾਲੀ ਸੜਕ ਉਤੇ ਚੱਕ ਨੰ ਓਭ-317, ਜਿਹਨੂੰ ਚੱਕ ਦੀਵਾਨ ਸਾਹਿਬ ਚਾਵਲੀ ਮਸ਼ਾਇਖ ਜਾ ਚੱਕ ਹਾਜੀ ਸ਼ੇਰ ਵੀ ਆਖਿਆ ਜਾਂਦਾ ਹੈ, ਵਿੱਚ ਹੈ। ਇਸ ਥਾਂ ਦੀਵਾਨ ਹਾਜੀ ਸ਼ੇਰ ਮੁਹੰਮਦ ਜੀ ਹੋਰਾਂ ਦਾ ਮਜਾਰ ਵੀ ਹੈ। ਇਹਨਾਂ ਦਾ ਨਾਂ ਪਹਿਲਾਂ ‘ਮਹਾਂ ਚਾਵਰ’ ਸੀ ਤੇ ਇਹ ਚੂਣੀਆਂ ਦੇ ਰਾਜੇ ਮਹੀਪਾਲ ਤੇ ਰਾਣੀ ਚੂਣੀਆਂ ਦੇ ਪੁੱਤਰ ਸਨ। ਇਹਨਾਂ ਦੀ ਭੈਣ ਦਾ ਨਾਂ ”ਕੰਗਣ ਬਰਸ” ਸੀ, ਜਿਹਦੇ ਨਾ ਉਤੇ ਜਿਲ੍ਹਾ ਕਸੂਰ ਅੰਦਰ ਪ੍ਰਸਿੱਧ ਕਸਬਾ ਕੰਗਣ ਪੁਰ ਅੱਜ ਵੀ ਆਬਾਦ ਹੈ। 730 ਈ ਦੇ ਨੇੜੇ ਤੇੜੇ ਇਹਨਾਂ ਇਸ ਦੁਨਿਆਂ ਤੋਂ ਪਰਦਾ ਕੀਤਾ। ਇਹਨਾਂ ਦੇ ਮਿਜਾਰ ਤੋਂ ਕੋਈ ਅੱਧਾ ਕਿਲੋਮੀਟਰ ਅੱਗੇ ਆਬਾਦੀ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਿਰਾਜਣ ਅਸਥਾਨ ਉਤੇ ਇਹ ਸੁੰਦਰ ਦਰਬਾਰ ਬਣਿਆ ਹੋਇਆ ਹੈ। ਇਸ ਅਸਥਾਨ ਨੂੰ ਸਾਧਾਰਨ ਲੋਕ ਅੱਜ ਵੀ ‘ਤਪ ਅਸਥਾਨ ਗੁਰੂ ਨਾਨਕ’ ਕਹਿ ਕੇ ਯਾਦ ਕਰਦੇ ਹਨ।

ਪੰਜਾਬ ਦੀ ਵੰਡ ਦੇ ਕਾਰਨ ਪਕਿਸਤਾਨ ਵਿਚਲੇ ਗੁਰਦੁਆਰਾ ਸਾਹਿਬਾਨ ਦੀ ਹਾਲਤ ਕਾਫੀ ਤਰਸਯੋਗ ਹੋ ਗਈ। ਮੁੱਖ ਕਾਰਨ ਇਸ ਦਾ ਇਹ ਸੀ ਕਿ ਇੱਥੋਂ ਸਿੱਖਾਂ ਦੀ ਜ਼ਿਆਦਾ ਆਬਾਦੀ ਭਾਰਤ ਵੱਲ ਆ ਗਈ ਤੇ ਪਾਕਿਸਤਾਨ ਵਿੱਚ ਸਿੱਖਾਂ ਦੀ ਅਬਾਦੀ ਨਾਂਹ ਬਰਾਬਰ ਰਹਿ ਗਈ। ਇਸੇ ਕਾਰਨ ਇਨ੍ਹਾਂ ਇਤਿਹਾਸਕ ਅਸਥਾਨਾਂ ਦੀ ਸਾਂਭ ਸੰਭਾਲ ਨਹੀਂ ਹੋ ਸਕੀ ਜਿਸ ਕਾਰਨ ਬਹੁਤ ਸਾਰੇ ਅਸਥਾਨਾਂ ਦੇ ਤਾਂ ਨਿਸ਼ਾਨ ਤਕ ਖਤਮ ਹੋ ਗਏ ਜੋ ਹੁਣ ਵੀ ਨਿਰੰਤਰ ਜ਼ਾਰੀ ਹੈ। ਵਰਤਮਾਨ ਸਮੇਂ ਆਪਣੇ ਇਨ੍ਹਾਂ ਇਤਿਹਾਸਕ ਅਸਥਾਨਾਂ ਨੂੰ ਸਾਂਭਣਾ ਅਤਿ ਜ਼ਰੂਰੀ ਹੈ ਜਿਸ ਦੇ ਲਈ ਸਾਡੀਆਂ ਮੋਹਰੀ ਸੰਸਥਾਵਾਂ ਨੂੰ ਵਿਸ਼ਵ ਵਿਆਪੀ ਕੋਈ ਉਪਰਾਲਾ ਕਰਨਾ ਚਾਹੀਦੀ ਹੈ।

- Advertisement -

ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ 29ਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਇਤਿਹਾਸਕ ਗੁਰਦੁਆਰਿਆਂ ਦੇ ਪਾਵਨ ਇਤਿਹਾਸ ਦੀ ਇਸ ਲੜੀ ਦਾ ਅਧਾਰ ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ‘ਮਹਾਨ ਕੋਸ਼’, ਅਤੇ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ’ ਆਦਿ ਸਰੋਤ ਹਨ। ਆਪਣੇ ਕੀਮਤੀ ਵਿਚਾਰਾਂ ਨਾਲ ਆਪਣਾ ਯੋਗਦਾਨ ਜ਼ਰੂਰ ਪਾਓ ਜੀ। ਰਹਿ ਗਈਆਂ ਕਮੀਆਂ ਲਈ ਖਿਮਾ। 

*gurdevsinghdr@gmail.com

Share this Article
Leave a comment