ਅਫ਼ਗਾਨੀ ਸਿੱਖਾਂ ਦੀ ਵਿਥਿਆ (ਭਾਗ -3)- ਡਾ. ਰੂਪ ਸਿੰਘ

TeamGlobalPunjab
11 Min Read

ਲੜੀ ਜੋੜਨ ਲਈ ਪਿਛਲਾ ਅੰਕ ਪੜੋ  : https://scooppunjab.com/global/afghani-sikhan-di-vithia-part-2-dr-roop-singh/

ਅਫ਼ਗਾਨੀ ਸਿੱਖਾਂ ਦੀ ਵਿਥਿਆ (ਭਾਗ -3)

*ਡਾ. ਰੂਪ ਸਿੰਘ

ਦੁਨੀਆਂ ਭਰ ਵਿੱਚ ਵੱਸਣ ਵਾਲੇ ਸਿੱਖਾਂ ਨੂੰ ਸਮੇਂ ਸਮੇਂ ਧਾਰਮਿਕ, ਸਮਾਜਿਕ, ਸਰਕਾਰੀ ਤੇ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿੱਖਾਂ ਲਈ ਇਹ ਆਫ਼ਤਾਂ ਵਿਅਤਕਤੀਗਤ ਨਹੀਂ ਹੁੰਦੀਆਂ ਸਗੋਂ ਵਿਸ਼ੇਸ਼ ਕਰਕੇ ਜ਼ਿੰਦਜਾਨ ਤੋਂ ਪਿਆਰੇ ਗੁਰਦੁਆਰਿਆਂ ਦਾ ਵਿਛੋੜਾ ਅਸਹਿ ਹੋ ਜਾਂਦਾ ਹੈ। ਸਿੱਖ ਕੌਮ ਪਹਿਲਾਂ ਵੀ ਇਹ ਸੰਤਾਪ ਹੰਢਾਹ ਚੁੱਕੀ ਹੈ, ਪਰ ਸਮੇਂ ਸਿਰ ਅਸੀਂ ਸਬਕ ਨਹੀਂ ਸਿੱਖ ਰਹੇ। 1947 ਈਸਵੀ ਵਿੱਚ ਭਾਰਤ ਪਾਕਿਸਤਾਨ ਆਜ਼ਾਦ ਹੋਣ ਨਾਲ ਭਾਰਤੀ ਲੋਕ ਆਬਾਦ ਹੋ ਗਏ ਪਰ ਸਿੱਖ ਕੌਮੀ ਪੱਧਰ ‘ਤੇ ਬਰਬਾਦ ਹੋਏ। ਸਿੱਖਾਂ ਨੂੰ ਬਹੁਤ ਭਾਰੀ ਜ਼ਾਨੀ- ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। 10 ਲੱਖ ਦੇ ਕਰੀਬ ਪੰਜਾਬੀ ਮਹਜ਼ਬੀ ਅੱਗ ਵਿੱਚ ਸੜ੍ਹ ਕੇ ਸ਼ਹੀਦ ਹੋਏ। 173 ਦੇ ਕਰੀਬ ਇਤਿਹਾਸਕ ਗੁਰਦੁਆਰੇ ਤੇ ਅਨੇਕਾਂ ਖੇਤਰੀ ਗੁਰਦੁਆਰੇ ਪਾਕਿਸਤਾਨ ਵਿੱਚ ਰਹਿ ਗਏ। ਦੁਨੀਆਂ ਭਰ ਵਿੱਚ ਵੱਸਣ ਵਾਲੇ ਸਿੱਖ ਸਵੇਰੇ-ਸ਼ਾਮ “ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਤੇ ਗੁਰਧਾਮਾਂ ਦੇ ਜਿੰਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ” ਦੀ ਅਰਦਾਸ ਸ੍ਰੀ ਅਕਾਲ ਤਖਤ ਸਾਹਿਬ ਤੋਂ 25 ਜਨਵਰੀ, 1952 ਨੂੰ ਹੋਏ ਹੁਕਮਨਾਮੇ ਦੀ ਪਾਲਣਾ ਕਰਦਿਆ ਹੋਇਆ, ਕਰ ਰਿਹਾ ਹੈ।

ਅਫ਼ਗਾਨਿਸਤਾਨ ‘ਚੋ ਸਾਰੇ ਸਿੱਖਾਂ ਦੀ ਹਿਜਰਤ ਤੋਂ ਬਾਅਦ ਅਫ਼ਗਾਨਿਸਤਾਨ ਦੇ ਇਤਿਹਾਸਕ ਤੇ ਖੇਤਰੀ ਗੁਰਦੁਆਰਿਆਂ ਦੀ ਹਾਲਤ ਕੀ ਹੋਵੇਗੀ, ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ। ਕੌਮੀ ਸਮੱਸਿਆ ਪ੍ਰਤੀ ਕੌਮ ਦੀ ਪ੍ਰਤੀਨਿਧ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਾਪ੍ਰਵਾਹੀ ਨਜ਼ਰ-ਅੰਦਾਜ਼ ਨਹੀਂ ਕੀਤੀ ਜਾ ਸਕਦੀ। ਪਾਕਿਸਤਾਨ ਨਾਲ ਹੋਏ ਸਮਝੋਤੇ ਅਨੁਸਾਰ ਹਰ ਸਾਲ ਚਾਰ ਸਿੱਖ ਯਾਤਰੂ ਜਥੇ ਜਾਣ ਦੀ ਵਿਵਸਥਾ ਹੈ, ਜਿਸ ਦੀ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਕਰਦੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਗਲਾਦੇਸ਼, ਅਫ਼ਗਾਨਿਸਤਾਨ ਤੇ ਨੇਪਾਲ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨਾਂ ਵਾਸਤੇ ਜਥੇ ਭੇਜਣ ਲਈ ਉਦਮ-ਉਪਰਾਲਾ ਕਦੇ ਨਹੀਂ ਕੀਤਾ। ਦਫ਼ਤਰ ਦੇ ਆਰਡਰ ਨੰਬਰ 1959 ਮਿਤੀ 15 ਮਾਰਚ, 2016 ਰਾਹੀਂ ਸ੍ਰ. ਰਜਿੰਦਰ ਸਿੰਘ ਮਹਿਤਾ, ਸ੍ਰ. ਮੋਹਨ ਸਿੰਘ ਬੰਗੀ ਤੇ ਸ੍ਰ. ਨਿਰਵੈਲ ਸਿੰਘ ਜੋਹਲਾਂ (ਤਿੰਨੇ ਮੈਂਬਰ ਅੰਤ੍ਰਿਗ ਕਮੇਟੀ), ਸ੍ਰ. ਸਤਨਾਮ ਸਿੰਘ ਧਨੋਆ ਅਤੇ ਇੰਨ੍ਹਾਂ ਸਤਰਾਂ ਦੇ ਲੇਖਕ ਨੂੰ ਬੰਗਲਾਦੇਸ਼ ਦੇ ਗੁਰਦੁਆਰਿਆਂ ਦੇ ਦਰਸ਼ਨ-ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਅਸੀਂ ਰਿਪੋਰਟ ਪ੍ਰਧਾਨ ਸਾਹਿਬ ਨੂੰ ਪੇਸ਼ ਕਰ ਦਿੱਤੀ। ਰਿਪੋਰਟ ਪ੍ਰਵਾਨ ਵੀ ਕਰ ਲਈ ਗਈ ਪਰ ਗੁਰਦੁਆਰਿਆਂ ਦੀ ਸੰਭਾਲ ਤੇ ਜਥੇ ਭੇਜਣ ਲਈ ਅਮਲ ਅਜੇ ਤੀਕ ਨਹੀਂ ਹੋਇਆ।

- Advertisement -

ਅਫ਼ਗਾਨੀ ਸਿੱਖ-ਸੇਵਕ ਸਿਦਕ ਭਰੋਸੇ ਵਿੱਚ ਬਹੁੱਤ ਪ੍ਰਪੱਕ ਹਨ। ਸਵੇਰ ਵੇਲੇ ਸਾਰੇ ਅਫ਼ਗਾਨੀ ਸਿੱਖ ਗੁਰਦੁਆਰੇ ਦਰਸ਼ਨਾਂ ਵਾਸਤੇ ਸ਼ਰਧਾ-ਭਾਵਨਾ ਨਾਲ ਜਾਂਦੇ ਹਨ। ਗੁਰਦੁਆਰਿਆਂ ਵਿੱਚ ਸਵੇਰੇ ਸੰਗਤੀ ਨਿਤ-ਨੇਮ ਦੀ ਬਾਣੀ ‘ਆਸਾ ਦੀ ਵਾਰ’ ਦਾ ਕੀਰਤਨ ਹੁੰਦਾ ਹੈ। ਸਮੂਹ ਅਫ਼ਗਾਨੀ ਸਿੱਖ ਸਾਬਤ -ਸੂਰਤ ਹਨ ਤੇ ਜਿਆਦਾਤਰ ਅੰਮ੍ਰਿਤਧਾਰੀ, ਕੇਵਲ ਖ਼ੋਸਤੀ ਸਿੱਖ-ਸੇਵਕ ਕੇਸਾਂ ਦੀ ਸੰਭਾਲ ਨਹੀਂ ਕਰਦੇ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸਟ ਰੂਪ ਵਿੱਚ ਪ੍ਰਵਾਨ ਕਰਦੇ ਹਨ। ਸ਼ਰਧਾ-ਸਤਿਕਾਰ ਨਾਲ ਸੇਵਾ-ਸਿਮਰਨ, ਪਹਿਰਾਵੇ, ਸਿਧੀ ਸਿੱਖਾਂ ਵਾਂਗ ਹੀ ਕਰਦੇ ਹਨ। ਅਫ਼ਗਾਨੀ ਸਿੱਖ ਪਹਿਰਾਵੇ, ਡੀਲ-ਡੋਲ ਤੋਂ ਅਫ਼ਗਾਨ ਹੀ ਲੱਗਦੇ ਹਨ। ਅਫ਼ਗਾਨੀ ਸਿੱਖਾਂ ਤੇ ਖ਼ੋਸਤੀ ਸਿੱਖਾਂ ਦਾ ਦਸਤਾਰ ਸਜਾਉਣ ਦਾ ਢੰਗ ਅਲੱਗ ਹੈ। ਜਿਵੇ ਅਸੀਂ ਉਪਰ ਵਰਨਣ ਕਰ ਰਹੇ ਹਾਂ ਕਿ ਅਫ਼ਗਾਨਿਸਤਾਨ ਵਿੱਚ ਸਿੱਖ ਸੇਵਕ ਅੱਠ ਰਾਜਾਂ ਵਿੱਚ ਵਸੇ ਹੋਏ ਹਨ। ਇੰਨ੍ਹਾਂ ਅੱਠ ਰਾਜਾ ਵਿੱਚ ਹੀ ਇਤਿਹਾਸਕ ਤੇ ਖੇਤਰੀ ਗੁਰਦੁਆਰੇ ਸੁਭਾਏਮਾਨ ਹਨ, ਜਿੰਨ੍ਹਾਂ ਬਾਰੇ ਸੰਖੇਪ ਵਿੱਚ ਜਾਨਣ ਦਾ ਯਤਨ ਕਰਦੇ ਹਾਂ:

ਕਾਬੁਲ ਦੇ ਗੁਰਦੁਆਰੇ

ਕਾਬੁਲ ਅਫ਼ਗਾਨਿਸਤਾਨ ਦੀ ਰਾਜਧਾਨੀ ਤੇ ਪ੍ਰਸਿਧ-ਪੁਰਾਤਨ, ਇਤਿਹਾਸਕ ਸ਼ਹਿਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਵੀ ਪਹਿਲਾ ਕਾਬੁਲ ਵਿੱਚ ਹੋਈ ਮੰਨੀ ਜਾਂਦੀ ਹੈ। ਡਾ. ਗੰਢਾ ਸਿੰਘ ਨੇ ਸਤੰਬਰ, 1952 ਈਸਵੀ ਵਿੱਚ ਕਾਬੁਲ ਦੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਉਨ੍ਹਾਂ ਦੇ ਲਿਖੇ ਅਨੁਸਾਰ ਉਸ ਸਮੇਂ ਸਿੱਖਾਂ ਦੇ 150 ਦੇ ਕਰੀਬ ਪਰਿਵਾਰ ਰਹਿੰਦੇ ਸਨ ਜਿੰਨ੍ਹਾਂ ਦੀ ਅਬਾਦੀ 4000 ਦੇ ਕਰੀਬ ਸੀ। ਕਾਬੁਲ ਵਿੱਚ ਵੱਸਣ ਵਾਲੇ ਗੁਰੂ ਨਾਨਕ ਨਾਮ ਲੇਵਾ, ਸ਼ਰਧਾਲੂ ਸਿੱਖ-ਸੇਵਕ ਸਦਵਾਉਂਦੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਾਜਨਾ ਕਰਨ ਉਪਰੰਤ ਅਫ਼ਗਾਨੀ ਸਿੱਖ ਵੀ ਵੱਡੀ ਗਿਣਤੀ ਵਿੱਚ ਅੰਮ੍ਰਿਤ ਦੀ ਦਾਤ ਪ੍ਰਪਾਤ ਕਰਕੇ ਸਿੰਘ ਸਜ ਗਏ। ਅਫ਼ਗਾਨੀ ਸਿੱਖ ਅੰਮ੍ਰਿਤ ਛੱਕਣ ਉਪਰੰਤ “ਖਾਲਸਾ” ਅਖਵਾਉਣ ਵਿੱਚ ਮਾਣ ਮਹਿਸੂਸ ਕਰਦੇ ਹਨ। ਅੰਮ੍ਰਿਤ ਸੰਚਾਰ ਵਾਸਤੇ ਪੰਜਾਂ ਪਿਆਰਿਆ ਦੇ ਇੰਨ੍ਹਾਂ ਦੇ ਆਪਣੇ ਜਥੇ ਹਨ। ਕਾਬੁਲ ਵਿੱਚ ਅੱਠ ਦੇ ਕਰੀਬ ਗੁਰਦੁਆਰੇ ਹਨ। ਜਿੰਨ੍ਹਾਂ ਵਿੱਚੋਂ ਕੁੱਝ ਇਤਿਹਾਸਕ ਤੇ ਬਾਕੀ ਖੇਤਰੀ ਹਨ।

ਗੁਰਦੁਆਰਾ ਬਾਬਾ ਸ੍ਰੀ ਚੰਦ ਜੀ

ਬਾਬਾ ਸ੍ਰੀ ਚੰਦ ਜੀ, ਜਗਤ-ਗੁਰੂ ਗੁਰੂ ਨਾਨਕ ਦੇਵ ਜੀ ਵੱਡੇ ਸਪੁੱਤਰ ਸਨ, ਜਿੰਨ੍ਹਾਂ ਨੇ ਉਦਾਸੀ ਸੰਪਰਦਾਇ ਸਥਾਪਤ ਕੀਤੀ। ਉਦਾਸੀ ਸੰਪਰਦਾਇ ਨੇ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਵਿੱਚ ਬਹੁੱਤ ਵੱਡਾ ਹਿੱਸਾ ਪਾਇਆ। ਉਦਾਸੀ ਸੰਪਰਦਾਇ ਦੇ ਉਘੇ ਸਾਧੂ ਬਾਬਾ ਅਲਮਸਤ ਹੋਏ, ਜੋ ਬਾਬਾ ਸ੍ਰੀ ਚੰਦ ਦੇ ਪ੍ਰਮੁੱਖ ਸੇਵਕ ਸਨ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਬਾਬਾ ਅਲਮਸਤ ਜੀ ਨੂੰ ਭਾਈ ਕਮਲੀਆ, ਭਾਈ ਗੋਦੜੀਆਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇੰਨ੍ਹਾਂ ਦਾ ਜਨਮ ਕਸ਼ਮੀਰ ਵਿੱਚ ਗੌੜ ਬ੍ਰਾਹਮਨ ਦੇ ਘਰ ਹੋਇਆ। ਬਾਬਾ ਅਲਮਸਤ ਜੀ ਉਦਾਸੀ ਧੂੰਏ ਦੇ ਮੁੱਖੀ ਸਨ, ਜਿੰਨ੍ਹਾਂ ਨੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਾਸਤੇ ਕਾਬਲ ਯਾਤਰਾ ਕੀਤੀ ਅਤੇ ਬਾਬਾ ਸ੍ਰੀ ਚੰਦ ਜੀ ਦੇ ਨਾਮ ‘ਤੇ ਯਾਦਗਾਰੀ ਗੁਰੂ ਘਰ ਸਥਾਪਤ ਕੀਤਾ। ਡਾ. ਗੰਡਾ ਸਿੰਘ ਅਨੁਸਾਰ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਦੇ ਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੋ ਹੱਥ ਲਿਖਤ ਬੀੜਾਂ ਬਿਰਾਜਮਾਨ ਸਨ।

- Advertisement -

ਗੁਰਦੁਆਰਾ ਖਾਲਸਾ-ਡੇਰਾ ਭਾਈ ਗੁਰਦਾਸ ਜੀ:

ਗੁਰੂ ਨਾਨਕ ਦੇਵ ਜੀ ਆਮਦ ਦੀ ਯਾਦ ਵਿੱਚ ਪਹਿਲਾ ਗੁਰਦੁਆਰਾ “ਗੁਰੂ ਨਾਨਕ” ਸਥਾਪਿਤ ਹੋੲਆ। ਦੂਸਰਾ ਮਹੱਤਵਪੂਰਨ ਅਸਥਾਨ “ਗੁਰਦੁਆਰਾ ਖਾਲਸਾ ਡੇਰਾ ਭਾਈ ਗੁਰਦਾਸ ਜੀ” ਹੈ। ਭਾਈ ਗੁਰਦਾਸ ਜੀ ਗੁਰਬਾਣੀ-ਗੁਰਮਤਿ ਵਿਚਾਰਧਾਰਾ ਦੇ ਪਹਿਲੇ ਸਿੱਖ ਵਿਆਖਿਆਕਾਰ ਹੋਏ, ਜਿੰਨ੍ਹਾਂ ਦੀਆਂ ਲਿਖਤਾਂ ਗੁਰਬਾਣੀ ਦੇ ਰਹੱਸਵਾਦੀ ਭੇਦਾਂ ਨੂੰ ਸਮਝਣ ਵਿੱਚ ਬਹੁਤ ਸਹਾਇਕ ਹਨ। ਸ੍ਰੀ ਗੁਰੂ ਹਰਿਗੋਬਿੰਦ ਪਸਤਸ਼ਾਹ ਦੇ ਸਮੇਂ ਭਾਈ ਗੁਰਦਾਸ ਜੀ ਨੂੰ ਕਾਬੁਲ ਤੋਂ ਗੁਰੂ-ਘਰ ਵਾਸਤੇ ਘੋੜੇ ਖ੍ਰੀਦਣ ਲਈ ਭੇਜਿਆ ਗਿਆ। ਜਿਸ ਵਿੱਚ ਇੰਨ੍ਹਾਂ ਦੇ ਸਿੱਖੀ ਸਿਦਕ ਭਰੋਸੇ ਦੀ ਪਰਖ ਵੀ ਹੋਈ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇਸ ਸਬੰਧੀ ਦੋ ਪਾਉੜੀਆਂ ਵੀ ਅੰਕਿਤ ਕੀਤੀਆਂ ਹਨ। ਇਹ ਗੁਰਦੁਆਰਾ ਭਾਈ ਗੁਰਦਾਸ ਜੀ ਦੀ ਕਾਬੁਲ ਫੇਰੀ ਨਾਲ ਸਬੰਧਤ ਹੈ। ਗੁਰਦੁਆਰੇ ਦੀ ਇਮਾਰਤ ਦੋ ਮੰਜ਼ਿਲਾ ਹੈ। ਪ੍ਰਕਾਸ਼ ਅਸਥਾਨ ਉਪਰਲੀ ਮੰਜ਼ਿਲ ‘ਤੇ ਹੈ। ਇਸ ਗੁਰਦੁਆਰੇ ਵਿੱਚ “ਨਿਰੰਤਰ ਜੋਤਿ” ਜਗਦੀ ਹੈ, ਜਿਸ ਨੂੰ ‘ਅਖੰਡ ਜੋਤਿ’ ਕਿਹਾ ਜਾਂਦਾ ਹੈ। ਅਖੰਡ ਜੋਤਿ ਉਪਰ ਗੁਰਮੁੱਖੀ ਵਿੱਚ ਲਕੜੀ ‘ਤੇ ਸੁਨਹਿਰੀ ਅੱਖਰਾਂ ਵਿੱਚ, “ਧੰਨ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ” ਲਿਖਿਆ ਹੋਇਆ ਹੈ। ਇਸ ਗੁਰਦੁਆਰੇ ਵਿੱਚ ਸੰਮਤ 1769 (ਸੰਨ 1712 ਈਸਵੀ) ਦੀ ਲਿਖੀ ਹੋਈ ਦਸਮ ਗ੍ਰੰਥ ਸਾਹਿਬ ਦੀ ਇੱਕ ਹੱਥ-ਲਿਖਤ ਬੀੜ ਬਿਰਾਜਮਾਨ ਹੈ।

ਗੁਰਦੁਆਰਾ ਗੁਰੂ ਹਰਿਰਾਇ ਸਾਹਿਬ ਜੀ:

ਸ੍ਰੀ ਗੁਰੂ ਹਰਿ ਰਾਇ ਜੀ ਸਾਹਿਬ ਦੇ ਸਮੇਂ, ਉਨ੍ਹਾਂ ਦੇ ਪਿਆਰੇ-ਪ੍ਰੀਤਵਾਨ ਗੁਰਸਿੱਖ ਭਾਈ ਗੋਂਦਾ ਜੀ ਅਫ਼ਗਾਨਿਸਤਾਨ ਵਿੱਚ ਧਰਮ ਪ੍ਰਚਾਰ-ਪ੍ਰਸਾਰ ਵਾਸਤੇ ਆਏ ਤਾਂ ਉਨ੍ਹਾਂ ਨੇ ਗੁਰੂ ਹਰਿ ਰਾਇ ਸਾਹਿਬ ਦੇ ਨਾਮ ‘ਤੇ ਯਾਦਗਾਰੀ ਗੁਰਦੁਆਰਾ ਸਥਾਪਤ ਕੀਤਾ। ਇਸ ਨੂੰ ਮੰਝੀ ਅਸਥਾਨ, ਭਾਈ ਗੋਂਦਾ ਜੀ ਵੀ ਕਿਹਾ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਭਾਈ ਗੋਂਦਾ ਜੀ ਨੂੰ ਗੁਰੂ ਹਰਿਰਾਇ ਸਾਹਿਬ ਜੀ ਨੇ ਹੀ ਸਿੱਖੀ ਦੇ ਪ੍ਰਚਾਰ ਲਈ ਕਾਬੁਲ ਭੇਜਿਆ। ਇਸ ਨੇ ਇੱਕ ਵੇਰ ਧਿਆਨ ਵਿੱਚ ਕੀਰਤਪੁਰ ਸਾਹਿਬ ਬੈਠੇ ਗੁਰੂ ਜੀ ਦੇ ਚਰਣ ਫੜ ਲਏ ਗੁਰੂ ਹਰਿਰਾਇ ਸਾਹਿਬ ਜੀ ਨੂੰ ਚਿਰ ਤੀਕ ਕੀਰਤਪੁਰ ਬੈਠੇ ਅਚੱਲ ਕਰ ਰੱਖਿਆ। ਇਸ ਨੂੰ ਕਈ ਹੋਰਨਾਂ ਲੇਖਕਾਂ ਨੇ ਗੁਰੀਆ ਵੀ ਲਿਖਿਆ ਹੈ:

“ਕਾਬੁਲ ਮੇ ਗੁਰੀਆ ਗੁਰੂ ਕੋ ਏਕ ਸਿੱਖ ਹੁਤੋ”

ਗੁਰਦੁਆਰਾ ਜੋਤੀ ਸਰੂਪ ਸ਼ਹੀਦਾਂ:

ਕਾਬੁਲ ਦੇ ਲਹੋਰੀ ਦਰਵਾਜੇ ਦੇ ਨਜਦੀਕ ਇਹ ਪਾਵਨ ਅਸਥਾਨ ਸੁਭਾਇਮਾਨ ਹੈ। ਇਸ ਗੁਰਦੁਆਰੇ ਦਾ ਨਾਮ ਇੱਕ ਕਮਰੇ ਵਿੱਚ ‘ਅਖੰਡ ਜੋਤੀ’ ਜਗਦੀ ਹੈ, ਜਿਸ ਤੋਂ ਇਹ ਨਾਮ ਪ੍ਰਸਿੱਧ ਹੋਇਆ। ਇਸ ਗੁਰਦੁਆਰੇ ਤੇ ਮਸੀਤ ਦੀ ਕੰਧ ਸਾਂਝੀ ਹੈ। ਡਾ. ਗੰਡਾ ਸਿੰਘ ਅਨੁਸਾਰ ਇਸ ਗੁਰੂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੱਥ ਲਿਖਤ ਬੀੜ ਬਿਰਾਜਮਾਨ ਹੈ।

ਗੁਰਦੁਆਰਾ ਭਾਈ ਪਿਰਾਣਾ-ਸਰਾਇ ਲਹੋਰੀਆਂ:

ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ, ਗੁਰੂ-ਘਰ ਦੇ ਪ੍ਰੀਤਵਾਨ, ਆਤਮ ਗਿਆਨੀ ਤੇ ਪਰਉਪਕਾਰੀ ਸਿੱਖ ਪ੍ਰਚਾਰਕ ਭਾਈ ਪਿਰਾਣਾ ਜੀ। ਭਾਈ ਪਿਰਾਣਾ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਲੜੀਆਂ ਗਈਆਂ ਧਰਮ ਜੰਗਾਂ ਵਿੱਚ ਬਹਾਦਰੀ ਨਾਲ ਹਿੱਸਾ ਲਿਆ ਅਤੇ ਗਵਾਲੀਅਰ ਦੇ ਕਿਲ੍ਹੇ ਵਿੱਚ ਵੀ ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਸੇਵਾ ਵਿੱਚ ਹਾਜਰ ਰਹੇ। ਡਾ. ਗੰਡਾ ਸਿੰਘ ਅਨੁਸਾਰ ਇਹ ਗੁਰਦੁਆਰਾ ਭਾਈ ਪਿਰਾਣਾ ਜੀ ਦੀ ਯਾਦ ਵਿੱਚ ਸ਼ੁਸ਼ੋਭਿਤ ਹੈ। ਇਸ ਗੁਰਦੁਆਰੇ ਵਿੱਚ ਇੱਕ ਚੋਰਸ ਸਿਲ ਮੌਜੂਦ ਹੈ ਜਿਸ ‘ਤੇ ਜਗਤ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਾਬੁਲ ਫੇਰੀ ਸਮੇਂ ਬੈਠੇ ਸਨ। ਇਹ ਸਿਲ ਪਹਿਲਾਂ ‘ਚੌਂਕ ਜ਼ੁਬਾ’ ਗੁਰੂ ਨਾਨਕ ਦਰਬਾਰ ‘ਚ ਸੀ। ਇਹ ਸਿਲ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਜੀ ਦੇ ਕਹਿਣ ‘ਤੇ ਇਸ ਗੁਰੂ ਘਰ ਵਿੱਚ ਸਥਾਪਤ ਕੀਤੀ ਗਈ।

ਗੁਰਦੁਆਰਾ ਗੰਜ ਬਖਸ਼:

ਬਾਬਾ ਗੰਜ਼ ਬਖਸ਼ ਜੀ ਗੁਰਦਾਸਪੁਰ ਦੇ ਨਿਵਾਸੀ ਇੱਕ ਉਘੈ ਉਦਾਸੀ ਸਾਧੂ ਸਨ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, ਗੰਜ਼ ਬਖਸ਼, ਗੁਰੂ ਅਮਰਦਾਸ ਜੀ ਦਾ ਸਿੱਖ ਹੋਇਆ, ਜੋ ਧਰਮ ਪ੍ਰਚਾਰ ਕਰਦਾ ਰਿਹਾ। ਇਸ ਦੀ ਸਪਰਦਾਇ ਗੰਜ ਬਖਸ਼ੀ ਸਦਵਾਉਂਦੇ ਹਨ। ਇੰਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਵਿੱਚ ਬਹੁਤ ਹਿੱਸਾ ਪਾਇਆ। ਇਹ ਗੁਰੂ ਘਰ ਇੰਨ੍ਹਾਂ ਦੀ ਯਾਦ ਵਿੱਚ ਸ਼ੋਭਨੀਕ ਹੈ। ਡਾ. ਗੰਡਾ ਸਿੰਘ ਅਨੁਸਾਰ 1952 ਈਸਵੀ ਵਿੱਚ  ਇਸ ਗੁਰਦੁਆਰੇ ਦੇ ਮਹੰਤ ਬਾਬਾ ਲਛਮਣ ਦਾਸ ਸਨ। ਇਸ ਗੁਰੂ ਘਰ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਇਲਾਵਾ ਕੁਝ ਮਹੰਤਾਂ ਦੇ ਕਲਮੀ ਚਿਤਰ ਮੌਜੂਦ ਹਨ।

ਗੁਰਦੁਆਰਾ ਭਾਈ ਮਨਸ਼ਾ ਸਿੰਘ:

ਭਾਈ ਮਨਸਾ ਸਿੰਘ ਕਾਬੁਲ ਵਿੱਚ ਗੁਰੂ ਘਰ ਦੇ ਪ੍ਰੀਤਵਾਨ ਪ੍ਰੇਮੀ ਗੁਰਸਿੱਖ ਹੋਏ ਹਨ। ਇੰਨ੍ਹਾਂ ਨੇ ਇੱਕ ਛੋਟਾ ਜਿਹਾ ਗੁਰਦੁਆਰਾ ਤਿਆਰ ਕਰਵਾਇਆ। ਇੰਨ੍ਹਾਂ ਤੋਂ ਬਾਅਦ ਬਾਬਾ ਚੇਤ ਸਿੰਘ ਹੋਏ ਹਨ, ਜਿੰਨ੍ਹਾਂ ਨੇ ਗੁਰਦੁਆਰੇ ਦੇ ਨਾਲ ਲੱਗਦੇ ਮਕਾਨ ਖ੍ਰੀਦ ਕੇ ਇਮਾਰਤ ਦਾ ਵਿਸਥਾਰ ਕੀਤਾ। ਡਾ. ਗੰਡਾ ਸਿੰਘ ਅਨੁਸਾਰ ਇਸ ਗੁਰੂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਅਤੇ ਦਸਮ ਗ੍ਰੰਥ ਦੀਆਂ ਦੋ ਹੱਥ ਲਿਖਤ ਬੀੜਾਂ ਬਿਰਾਜਮਾਨ ਸਨ।

ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ:

ਬਾਬਾ ਗੁਰਬਖਸ਼ ਸਿੰਘ ਜੀ ਵਿਸ਼ਵ ਪ੍ਰਸਿਧ ਸਿੱਖ ਪ੍ਰਚਾਰਕਿ ਬਾਬਾ ਖੇਮ ਸਿੰਘ ਜੀ ਬੇਦੀ ਦੇ ਸਪੁੱਤਰ ਸਨ, ਜਿੰਨ੍ਹਾਂ ਨੇ ਸਿੱਖੀ ਦੇ ਪ੍ਰਸਾਰ-ਪ੍ਰਚਾਰ ਲਈ ਲੰਬੀਆਂ ਪ੍ਰਚਾਰ ਯਾਤਰਾਵਾਂ ਕੀਤੀਆਂ। ਪ੍ਰੇਮੀ ਗੁਰਸਿੱਖਾਂ ਵੱਲੋਂ ਬਾਬਾ ਗੁਰਬਖਸ਼ ਸਿੰਘ ਦੀ ਯਾਦ ਵਿੱਚ ਗੁਰੂ ਘਰ ਉਸਾਰਿਆ ਗਿਆ। ਗੁਰਦੁਆਰਾ ਸਾਹਿਬ ਦੇ ਨਜਦੀਕ ਹੀ ਬਾਬਾ ਸਰਨ ਸਿੰਘ ਬੇਦੀ ਦੀ ਰਿਹਾਇਸ਼ ਹੈ, ਜੋ ਗੁਰੂ ਨਾਨਕ ਧਾਰਮਿਕ ਸਕੂਲ ਦੇ ਮੁੱਖ ਅਧਿਆਪਕ ਸਨ। ਇਸ ਗੁਰੂ ਘਰ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੱਥ ਲਿਖਤ ਬੀੜ ਪ੍ਰਕਾਸ਼ਮਾਨ ਕੀਤੀ ਜਾਂਦੀ ਸੀ।

(ਚਲਦਾ)

*98146 37979 _roopsz@yahoo.com

Share this Article
Leave a comment