ਸ਼ਬਦ ਵਿਚਾਰ 95 – ਜਪੁ ਜੀ ਸਾਹਿਬ – ਪਉੜੀ 19

TeamGlobalPunjab
9 Min Read

ਸ਼ਬਦ ਵਿਚਾਰ – 95

ਜਪੁ ਜੀ ਸਾਹਿਬਪਉੜੀ 19

ਡਾ. ਗੁਰਦੇਵ ਸਿੰਘ*

ਅਕਾਲ ਪੁਰਖ ਨੂੰ ਜੋ ਚੰਗਾ ਲੱਗਦਾ ਹੈ ਉਹ ਹੀ ਉਸ ਦੀ ਰਜਾ ਹੈ। ਮਨੁੱਖ ਉਸ ਦੇ ਗੁਣ ਗਾ ਕੇ ਜਾਂ ਤਪ ਪੂਜਾ ਕਰ ਕੇ ਉਹ ਸਮਰਥਾ ਨਹੀਂ ਪਾ ਸਕਦਾ ਜਿਸ ਨਾਲ ਉਸ ਸਰਬ ਸ਼ਕਤੀਮਾਨ ਅਕਾਲ ਪੁਰਖ ਦੇ ਗੁਣਾਂ ਦਾ ਵਖਿਆਨ ਕੀਤਾ ਜਾ ਸਕੇ। ਪੂਰੀ ਕਾਇਨਾਤ ਵਿੱਚ ਮਨੁੱਖ ਦੀ ਮੌਜੂਦਗੀ ਤੁਝ ਮਾਤਰ ਹੈ। ਇੱਕ ਤੁੱਛ ਪ੍ਰਾਣੀ ਦੀ ਭਲਾ ਕੀ ਔਕਾਤ ਕਿ ਉਹ ਉਸ ਖੰਡਾਂ ਬ੍ਰਹਮੰਡਾਂ ਦੇ ਕਰਤਾ ਦੀ ਕਰਨੀ ਦੀ ਛਿਨ ਮਾਤਰ ਗੱਲ ਕਰੇ ਸਕੇ। ਜੁਪਜੀ ਸਾਹਿਬ ਦੀ ਚੱਲ ਰਹੀ ਲੜੀਵਾਰ ਵਿਚਾਰ ਅੰਦਰ ਅੱਜ ਅਸੀਂ ਜਪੁਜੀ ਸਾਹਿਬ ਦੀ 19 ਵੀਂ ਪਉੜੀ ਦੀ ਵਿਚਾਰ ਕਰਾਂਗੇ ਜਿਸ ਵਿੱਚ ਗੁਰੂ ਸਾਹਿਬ ਸਾਨੂੰ ਪ੍ਰਭੂ ਦੇ ਬੇਅੰਤ ਅਸੀਮਤਾ ਦਾ ਉਪਦੇਸ਼ ਕੁਝ ਇਸ ਪ੍ਰਕਾਰ ਦੇ ਰਹੇ ਹਨ:

ਅਸੰਖ ਨਾਵ ਅਸੰਖ ਥਾਵ ॥ ਅਗੰਮ ਅਗੰਮ ਅਸੰਖ ਲੋਅ ॥

- Advertisement -

ਅਸੰਖ ਕਹਹਿ ਸਿਰਿ ਭਾਰੁ ਹੋਇ ॥ ਅਖਰੀ ਨਾਮੁ ਅਖਰੀ ਸਾਲਾਹ ॥

ਅਖਰੀ ਗਿਆਨੁ ਗੀਤ ਗੁਣ ਗਾਹ ॥

ਅਖਰੀ ਲਿਖਣੁ ਬੋਲਣੁ ਬਾਣਿ ॥ ਅਖਰਾ ਸਿਰਿ ਸੰਜੋਗੁ ਵਖਾਣਿ ॥

ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥ ਜਿਵ ਫੁਰਮਾਏ ਤਿਵ ਤਿਵ ਪਾਹਿ ॥

ਜੇਤਾ ਕੀਤਾ ਤੇਤਾ ਨਾਉ ॥ ਵਿਣੁ ਨਾਵੈ ਨਾਹੀ ਕੋ ਥਾਉ ॥

- Advertisement -

ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥

ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੯॥

ਪਦ ਅਰਥ : ਨਾਵ-(ਕੁਦਰਤਿ ਦੇ ਅਨੇਕ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ) ਨਾਮ। ਅਗੰਮ-ਜਿਸ ਤਾਈਂ (ਕਿਸੇ ਦੀ) ਪਹੁੰਚ ਨ ਹੋ ਸਕੇ। ਲੋਅ-ਲੋਕ, ਭਵਣ। ਅਸੰਖ ਲੋਅ-ਅਨੇਕਾਂ ਹੀ ਭਵਣ। ਕਹਹਿ-ਕਹਿੰਦੇ ਹਨ, ਆਖਦੇ ਹਨ (ਜੋ ਮਨੁੱਖ) । ਸਿਰਿ-ਉਹਨਾਂ ਦੇ ਸਿਰ ਉੱਤੇ। ਹੋਇ-ਹੁੰਦਾ ਹੈ। ਅਖਰੀ-ਅੱਖਰਾਂ ਦੀ ਰਾਹੀਂ ਹੀ। ਸਾਲਾਹ-ਸਿਫ਼ਤਿ। ਗੁਣ ਗਾਹ-ਗੁਣਾਂ ਦੇ ਗਾਹੁਣ ਵਾਲੇ, ਗੁਣਾਂ ਦੇ ਵਾਕਫ਼। ਬਾਣਿ ਲਿਖਣੁ-ਬਾਣੀ ਦਾ ਲਿਖਣਾ। ਬਾਣਿ-ਬਾਣੀ, ਬੋਲੀ। ਬਾਣਿ ਬੋਲਣੁ-ਬਾਣੀ (ਬੋਲੀ) ਦਾ ਬੋਲਣਾ। ਅਖਰਾ ਸਿਰਿ-ਅੱਖਰਾਂ ਦੀ ਰਾਹੀਂ ਹੀ। ਸੰਜੋਗੁ-ਭਾਗਾਂ ਦਾ ਲੇਖ। ਵਖਾਣਿ-ਵਖਾਣਿਆ ਜਾ ਸਕਦਾ ਹੈ, ਦੱਸਿਆ ਜਾ ਸਕਦਾ ਹੈ। ਜਿਨਿ-ਜਿਸ ਅਕਾਲ ਪੁਰਖ ਨੇ। ਏਹਿ-ਸੰਜੋਗ ਦੇ ਇਹ ਅੱਖਰ। ਤਿਸੁ ਸਿਰਿ-ਉਸ ਅਕਾਲ ਪੁਰਖ ਦੇ ਮੱਥੇ ਉੱਤੇ। ਨਾਹਿ-(ਕੋਈ ਲੇਖ) ਨਹੀਂ ਹੈ। ਜਿਵ-ਜਿਸ ਤਰ੍ਹਾਂ। ਫੁਰਮਾਏ-ਅਕਾਲ ਪੁਰਖ ਹੁਕਮ ਕਰਦਾ ਹੈ। ਤਿਵ ਤਿਵ-ਉਸੇ ਤਰ੍ਹਾਂ। ਪਾਹਿ-(ਜੀਵ) ਪਾ ਲੈਂਦੇ ਹਨ, ਭੋਗਦੇ ਹਨ। ਜੇਤਾ-ਜਿਤਨਾ। ਕੀਤਾ-ਪੈਦਾ ਕੀਤਾ ਹੋਇਆ ਸੰਸਾਰ। ਜੇਤਾ ਕੀਤਾ-ਇਹ ਸਾਰਾ ਸੰਸਾਰ ਜੋ ਅਕਾਲ ਪੁਰਖ ਨੇ ਪੈਦਾ ਕੀਤਾ ਹੈ। ਤੇਤਾ-ਉਹ ਸਾਰਾ, ਉਤਨਾ ਹੀ। ਨਾਉ-ਨਾਮ, ਰੂਪ, ਸਰੂਪ।

ਨੋਟ-ਅੰਗਰੇਜ਼ੀ ਵਿਚ ਦੋ ਸ਼ਬਦ ਹਨ-Substitute ਤੇ Propertie ਤਿਵੇਂ ਸੰਸਕ੍ਰਿਤ ਵਿਚ ਹਨ ‘ਨਾਮ’ ਤੇ ‘ਗੁਣ’ ਜਾਂ ‘ਮੂਰਤਿ’ ਤੇ ‘ਗੁਣ’। ਸੋ ‘ਨਾਮ’ (ਸਰੂਪ) Substitute ਹੈ ਤੇ ਗੁਣ Propertie ਹੈ ਜਦੋਂ ਕਿਸੇ ਜੀਵ ਦਾ ਜਾਂ ਕਿਸੇ ਪਦਾਰਥ ਦਾ ‘ਨਾਮ’ ਰੱਖੀਦਾ ਹੈ, ਇਸ ਦਾ ਭਾਵ ਇਹ ਹੁੰਦਾ ਹੈ ਕਿ ਉਸ ਦਾ ਸਰੂਪ (ਸ਼ਕਲ) ਨੀਯਤ ਕਰੀਦਾ ਹੈ। ਜਦੋਂ ਉਹ ਨਾਮ ਲਈਦਾ ਹੈ, ਉਹ ਹਸਤੀ ਅੱਖਾਂ ਅੱਗੇ ਆ ਜਾਂਦੀ ਹੈ। ਵਿਣੁ ਨਾਵੈ-‘ਨਾਮ’ ਤੋਂ ਬਿਨਾ, ਨਾਮ ਤੋਂ ਖ਼ਾਲੀ।

ਵਿਆਖਿਆ : (ਕੁਦਰਤਿ ਦੇ ਅਨੇਕ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ) ਅਸੰਖਾਂ ਹੀ ਨਾਮ ਹਨ ਤੇ ਅਸੰਖਾਂ ਹੀ (ਉਹਨਾਂ ਦੇ) ਥਾਂ ਟਿਕਾਣੇ ਹਨ। (ਕੁਦਰਤਿ ਵਿਚ) ਅਸੰਖਾਂ ਹੀ ਭਵਣ ਹਨ ਜਿਨ੍ਹਾਂ ਤਕ ਮਨੁੱਖ ਦੀ ਪਹੁੰਚ ਹੀ ਨਹੀਂ ਹੋ ਸਕਦੀ। (ਪਰ ਜੋ ਮਨੁੱਖ ਕੁਦਰਤਿ ਦਾ ਲੇਖਾ ਕਰਨ ਵਾਸਤੇ ਸ਼ਬਦ) ‘ਅਸੰਖ’ (ਭੀ) ਆਖਦੇ ਹਨ, (ਉਹਨਾਂ ਦੇ) ਸਿਰ ਉੱਤੇ ਭੀ ਭਾਰ ਹੁੰਦਾ ਹੈ (ਭਾਵ, ਉਹ ਭੀ ਭੁੱਲ ਕਰਦੇ ਹਨ, ‘ਅਸੰਖ’ ਸ਼ਬਦ ਭੀ ਕਾਫੀ ਨਹੀਂ ਹੈ)। (ਭਾਵੇਂ ਅਕਾਲ ਪੁਰਖ ਦੀ ਕੁਦਰਤਿ ਦਾ ਲੇਖਾ ਲਫ਼ਜ਼ ‘ਅਸੰਖ’ ਤਾਂ ਕਿਤੇ ਰਿਹਾ, ਕੋਈ ਭੀ ਸ਼ਬਦ ਕਾਫ਼ੀ ਨਹੀਂ ਹੈ, ਪਰ) ਅਕਾਲ ਪੁਰਖ ਦਾ ਨਾਮ ਭੀ ਅੱਖਰਾਂ ਦੀ ਰਾਹੀਂ ਹੀ (ਲਿਆ ਜਾ ਸਕਦਾ ਹੈ) , ਉਸ ਦੀ ਸਿਫ਼ਿਤ-ਸਾਲਾਹ ਭੀ ਅੱਖਰਾਂ ਦੀ ਰਾਹੀਂ ਹੀ ਕੀਤੀ ਜਾ ਸਕਦੀ ਹੈ। ਅਕਾਲ ਪੁਰਖ ਦਾ ਗਿਆਨ ਭੀ ਅੱਖਰਾਂ ਦੀ ਰਾਹੀਂ ਹੀ (ਵਿਚਾਰਿਆ ਜਾ ਸਕਦਾ ਹੈ) । ਅੱਖਰਾਂ ਦੀ ਰਾਹੀਂ ਹੀ ਉਸਦੇ ਗੀਤ ਅਤੇ ਗੁਣਾਂ ਦਾ ਵਾਕਫ਼ ਹੋ ਸਕੀਦਾ ਹੈ। ਬੋਲੀ ਦਾ ਲਿਖਣਾ ਤੇ ਬੋਣਾ ਭੀ ਅੱਖਰਾਂ ਦੀ ਰਾਹੀਂ ਹੀ ਦੱਸਿਆ ਜਾ ਸਕਦਾ ਹੈ। (ਇਸ ਕਰਕੇ ਸ਼ਬਦ ‘ਅਸੰਖ’ ਵਰਤਿਆ ਗਿਆ ਹੈ, ਉਂਝ) ਜਿਸ ਅਕਾਲ ਪੁਰਖ ਨੇ (ਜੀਵਾਂ ਦੇ ਸੰਜੋਗ ਦੇ) ਇਹ ਅੱਖਰ ਲਿਖੇ ਹਨ, ਉਸ ਦੇ ਸਿਰ ਉੱਤੇ ਕੋਈ ਲੇਖ ਕਹੀਂ ਹੈ (ਭਾਵ, ਕੋਈ ਮਨੁੱਖ ਉਸ ਅਕਾਲ ਪੁਰਖ ਦਾ ਲੇਖਾ ਨਹੀਂ ਕਰ ਸਕਦਾ) । ਜਿਸ ਜਿਸ ਤਰ੍ਹਾਂ ਉਹ ਅਕਾਲ ਪੁਰਖ ਹੁਕਮ ਕਰਦਾ ਹੈ ਉਸੇ ਤਰ੍ਹਾਂ (ਜੀਵ ਆਪਣੇ ਸੰਜੋਗ) ਭੋਗਦੇ ਹਨ। ਇਹ ਸਾਰਾ ਸੰਸਾਰ, ਜੋ ਅਕਾਲ ਪੁਰਖ ਨੇ ਬਣਾਇਆ ਹੈ, ਇਹ ਉਸ ਦਾ ਸਰੂਪ ਹੈ (‘ਇਹੁ ਵਿਸੁ ਸੰਸਾਰੁ ਤੁਮ ਦੇਖਦੇ, ਇਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ’) । ਕੋਈ ਥਾਂ ਅਕਾਲ ਪੁਰਖ ਦੇ ਸਰੂਪ ਤੋਂ ਖ਼ਾਲੀ ਨਹੀਂ ਹੈ, (ਭਾਵ, ਜਿਹੜੀ ਥਾਂ ਜਾਂ ਪਦਾਰਥ ਵੇਖੀਏ ਉਹੀ ਅਕਾਲ ਪੁਰਖ ਦਾ ਸਰੂਪ ਦਿੱਸਦਾ ਹੈ, ਸ੍ਰਿਸ਼ਟੀ ਦਾ ਜ਼ੱਰਾ ਜ਼ੱਰਾ ਅਕਾਲ ਪੁਰਖ ਦਾ ਸਰੂਪ ਹੈ)। ਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵੀਚਾਰ ਕਰ ਸਕਾਂ? (ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ) । ਹੇ ਨਿਰੰਕਾਰ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ, (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਅਸਾਂ ਜੀਵਾਂ ਲਈ ਭਲੀ ਗੱਲ ਹੈ) ।19।

ਇਸ ਪਉੜੀ ਵਿਚ ਮੁੱਢ ਤੇ ਜ਼ਿਕਰ ਹੈ ਕਿ ਕਾਦਰ ਦੀ ਇਸ ਕੁਦਰਤਿ ਵਿਚ ਅਨੇਕਾਂ ਹੀ ਜੀਵ-ਜੰਤ, ਅਨੇਕਾਂ ਹੀ ਜ਼ਾਤਾਂ ਦੇ, ਰੰਗਾਂ ਦੇ ਅਤੇ ਅਨੇਕਾਂ ਹੀ ਨਾਮਾਂ ਵਾਲੇ ਹਨ। ਇਤਨੇ ਹਨ ਕਿ ਇਹਨਾਂ ਦੀ ਗਿਣਤੀ ਲਈ ਸ਼ਬਦ ‘ਅਸੰਖ’ ਵਰਤਣਾ ਭੀ ਭੁੱਲ ਹੈ। ਪਰ ਜਿਤਨੀ ਭੀ ਇਹ ਰਚਨਾ ਹੈ, ਇਹ ਸਾਰੀ ਅਕਾਲ ਪੁਰਖ ਦਾ ਸਰੂਪ ਹੈ, ਕੋਈ ਥਾਂ ਅਜਿਹੀ ਨਹੀਂ ਜੋ ਅਕਾਲ ਪੁਰਖ ਦਾ ਸਰੂਪ ਨਹੀਂ। ਜਿਸ ਚੀਜ਼ ਵਲ ਤੱਕੀਏ, ਅਕਾਲ ਪੁਰਖ ਦੀ ਹੋਂਦ ਹੀ ਅੱਖਾਂ ਅੱਗੇ ਲਿਆਉਂਦੀ ਹੈ। ਕੁਦਰਤਿ ਕਵਣ-ਸ਼ਬਦ ‘ਵੀਚਾਰੁ’ ਪੁਲਿੰਗ ਹੈ। ਜੇ ਲਫ਼ਜ਼ ‘ਕਵਣ’ ਇਸ ਦਾ ਵਿਸ਼ੇਸ਼ਣ ਹੁੰਦਾ, ਤਾਂ ਇਹ ਭੀ ਪੁਲਿੰਗ ਹੁੰਦਾ ਅਤੇ ਇਸ ਦਾ ਰੂਪ ‘ਕਵਣੁ’ ਹੋ ਜਾਂਦਾ। ‘ਕੁਦਰਤਿ’ ਇਸਤ੍ਰੀ-ਲਿੰਗ ਹੈ। ਸੋ ਸ਼ਬਦ ‘ਕਵਣ’ ‘ਕੁਦਰਤਿ’ ਦਾ ਵਿਸ਼ੇਸ਼ਣ ਹੈ। ਇਸ ਸ਼ਬਦ ‘ਕਵਣ’ ਦੇ ਪੁਲਿੰਗ ਅਤੇ ਇਸਤ੍ਰੀ ਲਿੰਗ ਰੂਪ ਨੂੰ ਸਮਝਣ ਲਈ ਵੇਖੋ ਪਉੜੀ ਨੰ: 21:

ਕਵਣ ਸੁ ਵੇਲਾ, ਵਖਤੁ ਕਵਣੁ, ਕਵਣ ਥਿਤਿ, ਕਵਣੁ ਵਾਰੁ।
ਕਵਣਿ ਸਿ ਰੁਤੀ, ਮਾਹੁ ਕਵਣੁ, ਜਿਤੁ ਜੋਆ ਆਕਾਰੁ। 21।

ਪਉੜੀ ਨੰ: 16,17 ਅਤੇ 19 ਵਿਚ ‘ਕੁਦਰਤਿ ਕਵਣ ਕਹਾ ਵੀਚਾਰੁ’ ਤੁਕ ਆਈ ਹੈ, ਪਰ ਪਉੜੀ ਨੰ: 18 ਵਿਚ ਇਸ ਤੁਕ ਦੇ ਥਾਂ ਤੁਕ ‘ਨਾਨਕੁ ਨੀਚੁ ਕਹੈ ਵੀਚਾਰੁ’ ਵਰਤੀ ਗਈ ਹੈ। ਇਨ੍ਹਾਂ ਦੋਹਾਂ ਨੂੰ ਆਮ੍ਹੋ-ਸਾਹਮਣੇ ਰੱਖ ਕੇ ਵਿਚਾਰੀਏ, ਤਾਂ ਭੀ ਇਹੀ ਅਰਥ ਨਿਕਲਦਾ ਹੈ ਕਿ ‘ਮੇਰੀ ਕੀਹ ਤਾਕਤ ਹੈ? ਮੈਂ ਵਿਚਾਰਾ ਨਾਨਕ ਕੀਹ ਵਿਚਾਰ ਕਰ ਸਕਦਾ ਹਾਂ’? ਲਫ਼ਜ਼ ‘ਕੁਦਰਤਿ’ ‘ਸਮਰਥਾ’ ਦੇ ਅਰਥ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੋਰ ਥਾਈਂ ਭੀ ਆਇਆ ਹੈ, ਜਿਵੇਂ:

(1) ਜੇ ਤੂ ਮੀਰ ਮਹਾਪਤਿ ਸਾਹਿਬੁ, ਕੁਦਰਤਿ ਕਉਣ ਹਮਾਰੀ।
ਚਾਰੇ ਕੁੰਟ ਸਲਾਮੁ ਕਰਹਿਗੇ, ਘਰਿ ਘਰਿ ਸਿਫਤਿ ਤੁਮਾਰੀ।7।1।8। (ਬਸੰਤ ਹਿੰਡੋਲੁ ਮਹਲਾ 1

(2) ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤਿ ਕਵਨ ਹਮਾਰੀ।
ਸਾਧ ਸੰਗਿ ਨਾਨਕ ਜਸੁ ਗਾਇਉ, ਜੋ ਪ੍ਰਭੂ ਕੀ ਅਤਿ ਪਿਆਰੀ।8।1।8। (ਗੂਜਰੀ ਮਹਲਾ 5

ਸੋ ਜਪੁਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਸਾਨੂੰ ਉਪਦੇਸ਼ ਕਰ ਰਹੇ ਹਨ ਕਿ  ਭਲਾ, ਕਿਤਨੀਆਂ ਧਰਤੀਆਂ ਤੇ ਕਿਤਨੇ ਕੁ ਜੀਵ ਪ੍ਰਭੂ ਨੇ ਰਚੇ ਹਨ? ਮਨੁੱਖਾਂ ਦੀ ਕਿਸੇ ਬੋਲੀ ਵਿਚ ਕੋਈ ਐਸਾ ਲਫ਼ਜ਼ ਹੀ ਨਹੀਂ ਜੋ ਇਹ ਲੇਖਾ ਦੱਸ ਸਕੇ। ਬੋਲੀ ਭੀ ਰੱਬ ਵਲੋਂ ਇਕ ਦਾਤ ਮਿਲੀ ਹੈ, ਪਰ ਇਹ ਮਿਲੀ ਹੈ ਸਿਫ਼ਤਿ-ਸਾਲਾਹ ਕਰਨ ਲਈ। ਇਹ ਨਹੀਂ ਹੋ ਸਕਦਾ ਕਿ ਇਸ ਦੀ ਰਾਹੀਂ ਮਨੁੱਖ ਪ੍ਰਭੂ ਦਾ ਅੰਤ ਪਾ ਸਕੇ। ਵੇਖੋ! ਬੇਅੰਤ ਹੈ ਉਸ ਦੀ ਕੁਦਰਤਿ ਤੇ ਇਸ ਵਿਚ ਜਿਧਰ ਤੱਕੋ ਉਹ ਆਪ ਹੀ ਆਪ ਮੋਜੂਦ ਹੈ। ਕੌਣ ਅੰਦਾਜ਼ਾ ਲਾ ਸਕਦਾ ਹੈ ਕਿ ਉਹ ਕੇਡਾ ਵੱਡਾ ਹੈ ਤੇ ਉਸ ਦੀ ਰਚਨਾ ਕਿਤਨੀ ਕੁ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ 20ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸ਼ਾਂਝਾ ਕਰੋ ਜੀ।

*gurdevsinghdr@gmail.com

Share this Article
Leave a comment