“ਫਿਰ ਸ਼ੇਖ਼ ਬ੍ਰਹਮ ਕਹਿਆ ਕਿ ਜੋ ਜੀ ਢਾਡੀ ਰਾਜਿਓਂ ਕੀ ਵਾਰ ਗਾਵਤੇ ਹੈਂ, ਅਰ ਕਾਇਰਾਂ ਮੇਂ ਭੀ ਉੱਦਮ ਹੋਇ ਆਵਤਾ ਹੈ। ਤੈਸੇ ਹੀ ਜੋ ਮਹਾਰਾਜ ਕੀ ਵਾਰ ਗਾਵਤੇ ਹੈਂ, ਤਾਂ ਮਹਾਰਾਜ ਭੀ ਪ੍ਰਸੰਨ ਹੋਤੇ ਹੈਂ, ਤਿਨੇਂ ਭੀ ਇੰਦਰੀਓਂ ਕੇ ਜੀਤਨੇ ਕਾ ਉੱਦਮ ਹੋਇ ਆਵਤਾ ਹੈ, ਤਾਂ ਤੇ ਤੁਸੀਂ ਭੀ ਮੈਨੂੰ ਕਾਈ ਪਰਮੇਸਰ ਕੀ ਵਾਰ ਸੁਣਾਵੋ, ਤਾਂ ਬਾਰੇ ਕਹਿਆ ਮਰਦਾਨਿਆ ਕਬੀਰ ਜੀ ਨੇ ਗਉੜੀ ਕੀ ਅਰ ਸਿੱਧੋਂ ਨੇ ਰਾਮਕਲੀ ਕਾ ਰਾਗ ਅੰਗੀਕਾਰ ਕੀਆ ਹੈ। ਅਰ ਹਮਾਰੇ ਸਭ ਹੀ ਰਾਗ ਹੈਂ, ਪਰ ਇਹ ਪੀਰ ਆਸਾਵੰਤੀ ਆਇਆ ਹੈ, ਸੋ ਆਸਾ ਕੇ ਰਾਗ ਕੀ ਵਾਰ ਵਿਚ ਵਾਰ ਸੁਣਾਵਹੁ।”
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ -4
4. ਆਸਾ ਰਾਗ
* ਡਾ. ਗੁਰਨਾਮ ਸਿੰਘ
ਸਿੱਖ ਗੁਰੂ ਸਾਹਿਬਾਨ ਦੀ ਸੰਗੀਤ ਪਰੰਪਰਾ ਗੁਰਮਤਿ ਸੰਗੀਤ ਵਿਚ ਆਸਾ ਇਕ ਪ੍ਰਮੁੱਖ ਰਾਗ ਹੈ। ਸਦੀਆਂ ਤੋਂ ਅੰਮ੍ਰਿਤ ਵੇਲੇ ਰਾਗ ਆਸਾ ਵਿਚ ਆਸਾ ਦੀ ਵਾਰ ਦੀਆਂ ਮਧੁਰ ਸੁਰਾਵਲੀਆਂ ਅਤੇ ਸੰਧਿਆ ਸਮੇਂ ਰਹਿਰਾਸ ਸਾਹਿਬ ਦੇ ਪਾਠ ਤੋਂ ਪਹਿਲਾਂ ਸੋਦਰੁ ਦੀ ਪਉੜੀ ਦਾ ਗਾਇਨ ਸ਼ਬਦ ਕੀਰਤਨ ਪ੍ਰੇਮੀਆਂ ਦੇ ਚੇਤਨ ਅਵ-ਚੇਤਨ ਦਾ ਅਨਿਖੜ ਅੰਗ ਹੈ। ਗੁਰਮਤਿ ਸੰਗੀਤ ਵਿਚ ਇਸ ਰਾਗ ਦਾ ਬਹੁਪੱਖੀ ਪ੍ਰਯੋਗ ਦ੍ਰਿਸ਼ਟੀਗੋਚਰ ਹੁੰਦਾ ਹੈ ਜੋ ਇਸ ਰਾਗ ਦੇ ਮਹੱਤਵ ਨੂੰ ਭਲੀਭਾਂਤ ਉਜਾਗਰ ਕਰਦਾ ਹੈ।
- Advertisement -
ਰਾਗ ਆਸਾ ਸਬੰਧੀ ਗਿਆਨ ਰਤਨਾਵਲੀ ਵਿਚ ਅੰਕਿਤ ਇਕ ਪ੍ਰਸੰਗ ਇਸ ਪ੍ਰਕਾਰ ਹੈ, “… ਤਾਂ ਫਿਰ ਸ਼ੇਖ਼ ਬ੍ਰਹਮ ਕਹਿਆ ਕਿ ਜੋ ਜੀ ਢਾਡੀ ਰਾਜਿਓਂ ਕੀ ਵਾਰ ਗਾਵਤੇ ਹੈਂ, ਅਰ ਕਾਇਰਾਂ ਮੇਂ ਭੀ ਉੱਦਮ ਹੋਇ ਆਵਤਾ ਹੈ। ਤੈਸੇ ਹੀ ਜੋ ਮਹਾਰਾਜ ਕੀ ਵਾਰ ਗਾਵਤੇ ਹੈਂ, ਤਾਂ ਮਹਾਰਾਜ ਭੀ ਪ੍ਰਸੰਨ ਹੋਤੇ ਹੈਂ, ਤਿਨੇਂ ਭੀ ਇੰਦਰੀਓਂ ਕੇ ਜੀਤਨੇ ਕਾ ਉੱਦਮ ਹੋਇ ਆਵਤਾ ਹੈ, ਤਾਂ ਤੇ ਤੁਸੀਂ ਭੀ ਮੈਨੂੰ ਕਾਈ ਪਰਮੇਸਰ ਕੀ ਵਾਰ ਸੁਣਾਵੋ, ਤਾਂ ਬਾਰੇ ਕਹਿਆ ਮਰਦਾਨਿਆ ਕਬੀਰ ਜੀ ਨੇ ਗਉੜੀ ਕੀ ਅਰ ਸਿੱਧੋਂ ਨੇ ਰਾਮਕਲੀ ਕਾ ਰਾਗ ਅੰਗੀਕਾਰ ਕੀਆ ਹੈ। ਅਰ ਹਮਾਰੇ ਸਭ ਹੀ ਰਾਗ ਹੈਂ, ਪਰ ਇਹ ਪੀਰ ਆਸਾਵੰਤੀ ਆਇਆ ਹੈ, ਸੋ ਆਸਾ ਕੇ ਰਾਗ ਕੀ ਵਾਰ ਵਿਚ ਵਾਰ ਸੁਣਾਵਹੁ।”
ਉਕਤ ਪ੍ਰਸੰਗ ਤੋਂ ਸੰਤਾਂ ਭਗਤਾਂ ਤੇ ਭਾਰਤੀ ਧਰਮ ਸੰਪਰਦਾਵਾਂ ਵਿਚ ਰਾਗ ਦੇ ਬਹੁਪੱਖੀ ਪ੍ਰਯੋਗ ਤੇ ਮਹੱਤਵ ਸਾਡੇ ਧਿਆਨ ਗੋਚਰ ਹਨ। ਗੁਰੂ ਸਾਹਿਬ ਨੇ ਰਾਗ ਦੀ ਅਪਾਰ ਸ਼ਕਤੀ ਦਾ ਸਦਉਪਯੋਗ ਕਰਦਿਆਂ ਆਪਣੀ ਇਲਾਹੀ ਬਾਣੀ ਦੇ ਪ੍ਰਵਾਹ ਤੇ ਸੰਚਾਰ ਲਈ ਭਰਪੂਰ ਰੂਪ ਵਿਚ ਕੀਤਾ ਹੈ। ਆਸਾ ਰਾਗ ਦਾ ਸਬੰਧ ‘ਅਸ’ ਦੇਸ਼ ਨਾਲ ਮੰਨਿਆ ਗਿਆ ਹੈ। ‘ਅਸ’ ਦੇਸ ਦੇ ਟੁੰਡੇ ਅਸ ਰਾਜੇ ਦੀ ਵਾਰ ਦੀ ਧੁਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਆਸਾ ਦੀ ਵਾਰ’ ਉਤੇ ਸਿਰਲੇਖ ਵਜੋਂ ਦਰਸਾਈ ਗਈ ਹੈ ਜੋ ਇਸ ਅੰਤਰ ਸਬੰਧ ਦਾ ਪ੍ਰਤੱਖ ਪ੍ਰਮਾਣ ਹੈ। ਟੁੰਡੇ ਅਸ ਰਾਜੇ ਦੀ ਵਾਰ ਦਾ ਮੂਲ ਕਾਵਿ ਕੁਝ ਇਸ ਪ੍ਰਕਾਰ ਹੈ:
ਭਬਕਿਓ ਸ਼ੇਰ ਸਰਦੂਲ ਰਾਇ ਰਣ ਮਾਰੂ ਵੱਜੇ।
ਖਾਨ ਸੁਲਤਾਨ ਬਡ ਸੂਰਮੇ ਵਿੱਚ ਰਣ ਦੇ ਗੱਜੇ।
ਖਤ ਲਿਖੇ ਟੁੰਡੇ ਅਸਰਾਜ ਨੂੰ ਪਾਤਸ਼ਾਹ ਅੱਜੇ।
- Advertisement -
ਟਿਕਾ ਸਾਰੰਗ ਬਾਪ ਨੇ ਦਿਤਾ ਭਰ ਲੱਜੇ।
ਫਤੇ ਪਾਇ ਅਸਰਾਇ ਜੀ ਸ਼ਾਹੀ ਘਰ ਸੱਜੇ।
ਇਸੇ ਕਾਵਿਕ ਪੈਟਰਨ ‘ਤੇ ਆਸਾ ਦੀ ਵਾਰ ਦੀ ਪਉੜੀ ਇਸ ਪ੍ਰਕਾਰ ਹੈ:
ਪਉੜੀ ॥
ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥
ਕਰਿ ਆਸਣੁ ਡਿਠੋ ਚਾਉ ॥੧॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੪੬੩)
ਇਨ੍ਹਾਂ ਦੀ ਕਾਵਿਕ ਸਮਰਸਤਾ ਨੂੰ ਆਸਾ ਦੀ ਵਾਰ ਉਪਰ ਧੁਨੀ ਸਿਰਲੇਖ ਲਿਖ ਕੇ ਗਾਇਨ ਵਿਚ ਸਮਸੁਰਤਾ ਪ੍ਰਦਾਨ ਕੀਤੀ ਗਈ ਹੈ। ਗੁਰਮਤਿ ਸੰਗੀਤ ਵਿਚ ਰਾਗ ਆਸਾ ਦੀ ਭਾਲ ਲਈ ਇਹ ਇਕ ਅਹਿਮ ਸਰੋਤ ਹੈ। ਪੰਜਾਬ ਦੇ ਲੋਕ ਗੀਤਾਂ ਤੇ ਪੂਰਨ ਭਗਤ ਦੇ ਕਿੱਸੇ ਵਿਚ ਇਸ ਰਾਗ ਦਾ ਮੁਹਾਂਦਰਾਂ ਤੇ ਸੁਰਾਵਲੀਆਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਗੁਰਮਤਿ ਸੰਗੀਤ, ਲੋਕ ਸੰਗੀਤ ਤੋਂ ਬਿਨਾਂ ਸੂਫ਼ੀ ਸੰਗੀਤ ਵਿਚ ਇਸ ਰਾਗ ਦਾ ਖੂਬ ਪ੍ਰਚਲਨ ਹੈ। ਸੂਫ਼ੀ ਸੰਤਾਂ ਵਿਚ ਸ਼ੇਖ ਫਰੀਦ ਤੇ ਸ਼ਾਹ ਹੁਸੈਨ ਦੀ ਬਾਣੀ ਦਾ ਇਹ ਵਿਸ਼ੇਸ਼ ਸ਼ਿੰਗਾਰ ਹੈ।
ਗੁਰਮਤਿ ਸੰਗੀਤ ਦੀ ਮਰਿਆਦਤ ਕੀਰਤਨ ਪਰੰਪਰਾ ਵਿਚ ਆਸਾ ਰਾਗ ਸਵੇਰ ਅਤੇ ਸ਼ਾਮ ਦੋਵੇਂ ਸਮੇਂ ਗਾਇਆ ਜਾਂਦਾ ਹੈ। ਇਹ ਪ੍ਰਚਲਨ ਗੁਰਮਤਿ ਸੰਗੀਤ ਨੂੰ ਭਾਰਤੀ ਸੰਗਤਿ ਦੇ ਸ਼ਾਸਤਰੀ ਸੰਗੀਤ ਦੇ ਸਮਾਂ ਸਿਧਾਂਤ ਤੋਂ ਮੁਕਤ ਕਰ ਦਿੰਦਾ ਹੈ। ਇਸ ਦੇ ਨਾਲ ਸ਼ਬਦ ਕੀਰਤਨ ਵਿੱਚ ਸ਼ਬਦ ਦੀ ਪ੍ਰਧਾਨਤਾ ਹੁੰਦੀ ਹੈ। ਸ਼ਬਦ ਹੀ ਮਨੁੱਖ ਨੂੰ ਗੁਰਮਤਿ ਸਿਧਾਂਤ ਦੇ ਲੜ੍ਹ ਲਾਉਂਦਾ ਹੈ। ਆਸਾ ਰਾਗ ਵਿਚ ਸਵੇਰ ਸਮੇਂ ਆਸਾ ਦੀ ਵਾਰ ਦੀ ਚੌਕੀ ਅਤੇ ਸ਼ਾਮ ਸਮੇਂ ਸੋਦਰ ਦੀ ਚੌਕੀ ਦਾ ਗਾਇਨ ਕੀਤਾ ਜਾਂਦਾ ਹੈ। ਇਹ ਦੋਵੇਂ ਕੀਰਤਨ ਚੌਕੀਆਂ ਹਰ ਕੀਰਤਨੀਏ ਲਈ ਬੁਨਿਆਦੀ ਤੌਰ ‘ਤੇ ਲਾਜ਼ਮੀ ਹਨ। ਇਸ ਲਈ ਕੀਰਤਨ ਲਈ ਇਨ੍ਹਾਂ ਕੀਰਤਨ ਚੌਕੀਆਂ ਅਤੇ ਰਾਗ ਆਸਾ ਦੀ ਸਿਖਲਾਈ ਵੀ ਬੁਨਿਆਦੀ ਮਹੱਤਵ ਰੱਖਦੀ ਹੈ। ਗੁਰਮਤਿ ਸੰਗੀਤ ਸਿੱਖਿਆ ਪ੍ਰਣਾਲੀ ਦੇ ਅੰਤਰਗਤ ਮੁਢਲੇ ਰਾਗਾਂ ਵਿਚ ਆਸਾ ਦੀ ਸਿਖਲਾਈ ਹੀ ਕਰਵਾਈ ਜਾਂਦੀ ਹੈ।
ਰਾਗ ਆਸਾ ਦੇ ਸੁਰਾਤਮਕ ਸਰੂਪ ਨਾਲ ਮਿਲਦੇ ਰਾਗ ਮਾਂਡ ਦਾ ਰਾਜਸਥਾਨ ਵਿਚ ਵਧੇਰੇ ਪ੍ਰਚਾਰ ਹੈ ਪਰੰਤੂ ਸੁਰਾਤਮਕ ਚਲਨ ਦੀ ਭਿੰਨਤਾ ਕਰਕੇ ਇਹ ਇਸ ਨਾਲ ਅਲੱਗ ਹੋ ਜਾਂਦਾ ਹੈ। ਆਸਾ ਰਾਗ ਦਾ ਸ਼ਬਦ ਕੀਰਤਨ ਪਰੰਪਰਾ ਵਿਚ ਭਾਵੇਂ ਇਕ ਹੀ ਪ੍ਰਮਾਣਿਕ ਸਰੂਪ ਪ੍ਰਚਾਰ ਅਧੀਨ ਹੈ ਪਰ ਕਿਤੇ-ਕਿਤੇ ਅਵਰੋਹ ਵਿਚ ਕੋਮਲ ਨਿਸ਼ਾਦ ਸੁਰ ਵਾਲਾ ਸਰੂਪ ਵੀ ਸੁਣਨ ਨੂੰ ਮਿਲਦਾ ਹੈ। ਇਸ ਦਾ ਜ਼ਿਕਰ ਸੰਗੀਤਾਚਾਰੀਆ ਕੰਵਰ ਮ੍ਰਿਗੇਂਦਰ ਸਿੰਘ ਨੇ ਆਪਣੀ ਪੁਸਤਕ ਵਾਦਨ ਸਾਗਰ ਦੇ ਦੂਜੇ ਭਾਗ ਵਿਚ ਕੀਤਾ ਹੈ। ਇਸ ਤੋਂ ਇਲਾਵਾ ਹੋਰ ਸਰੂਪ ਵੀ ਪ੍ਰਾਪਤ ਹੁੰਦੇ ਹਨ ਜਿਸ ਦੀ ਜਾਤੀ ਔੜਵ-ਸੰਪੂਰਨ ਹੈ। ਇਸ ਦੇ ਅਵਰੋਹ ਵਿਚ ਕੋਮਲ ਨਿਸ਼ਾਦ ਦੀ ਵਰਤੋਂ ਕੀਤੀ ਗਈ ਹੈ।
ਰਾਗ ਆਸਾ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਦੇ, ਅਸ਼ਟਪਦੀਆਂ, ਬਿਰਹੜੇ, ਛੰਤ, ਵਾਰ, ਪੱਟੀ ਰਚਨਾਵਾਂ ਦਰਜ ਹਨ। ਇਸ ਰਾਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ। ਇਸ ਤੋਂ ਇਲਾਵਾ ਆਸਾ ਰਾਗ ਵਿਚ ਭਗਤ ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ, ਧੰਨਾ ਜੀ, ਸ਼ੇਖ ਫਰੀਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ। ਆਸਾ ਦੀ ਵਾਰ ਵਿਚਲੇ ਸਲੋਕਾਂ ਵਿਚ ਗੁਰੂ ਅੰਗਦ ਦੇਵ ਜੀ ਦੇ ਸਲੋਕ ਵੀ ਦਰਜ ਹਨ। ਆਸਾ ਰਾਗ ਪੰਨਾ 347 ਤੋਂ 488 ਤੱਕ ਦਰਜ ਹਨ। ਰਾਗ ਆਸਾ ਵਿਚ ਗੁਰੂ ਅਰਜਨ ਦੇਵ ਜੀ ਦੀਆਂ ਪੰਜ ਪੜਤਾਲ ਰਚਨਾਵਾਂ ਵੀ ਵਿਸ਼ੇਸ਼ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੁੱਖ 31 ਰਾਗਾਂ ਦੇ ਅੰਤਰਗਤ ਵੱਖ-ਵੱਖ ਰਾਗ ਪ੍ਰਕਾਰਾਂ ਦਾ ਪ੍ਰਯੋਗ ਵੀ ਮਿਲਦਾ ਹੈ। ਰਾਗ ਆਸਾ ਅਧੀਨ ਆਸਾ ਕਾਫੀ, ਆਸਾਵਰੀ ਤੇ ਆਸਾਵਰੀ ਸੁਧੰਗ ਦੇ ਰਾਗ ਅੰਕਿਤ ਮਿਲਦੇ ਹਨ। ਰਾਗ ਆਸਾ ਕਾਫੀ, ਆਸਾ ਤੇ ਕਾਫੀ ਦੋ ਰਾਗਾਂ ਦਾ ਸੁਮੇਲ ਹੈ ਜਿਸ ਵਿਚ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਰਜ ਹੈ। ਇਸ ਤਰ੍ਹਾਂ ਆਸਾਵਰੀ ਭਾਰਤੀ ਸੰਗੀਤ ਵਿਚ ਸੁਤੰਤਰ ਰਾਗ ਹੈ। ਸੰਗੀਤ ਵਿਧਾਨ ਨੂੰ ਪ੍ਰਗਟਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੱਖ-ਵੱਖ ਸੰਗੀਤਕ ਸੰਕੇਤ ਸਿਰਲੇਖ ਵੀ ਦਿਤੇ ਗਏ ਹਨ ਜਿਨ੍ਹਾਂ ਵਿਚ ਸੰਕੇਤ ‘ਸੁਧੰਗ’ ਹੈ ਜਿਹੜਾ ਰਾਗ ਆਸਾਵਰੀ ਦੇ ਨਾਲ ਲਾਇਆ ਗਿਆ ਹੈ। ਇਥੇ ‘ਆਸਾਵਰੀ ਸੁਧੰਗ’ ਤੋਂ ਭਾਵ ਸ਼ੁਧ ਅੰਗ ਦੀ ਆਸਾਵਰੀ ਹੈ ਜਿਸ ਨੂੰ ਰਾਗ ਨਿਰਣਾਇਕ ਕਮੇਟੀ (ਬਾਨੀ ਸੰਤ ਸੁੱਚਾ ਸਿੰਘ, ਮੁਖੀ ਪੰਡਤ ਦਲੀਪ ਚੰਦਰ ਵੇਦੀ) ਨੇ ਵਰਤਮਾਨ ਸਮੇਂ ਹੀ ਕੋਮਲ ਰਿਸ਼ਭ ਆਸਾਵਰੀ ਮੰਨੀ ਹੈ ਜੋ ਸ਼ੁੱਧ ਅੰਗ ਦੀ ਆਸਾਵਰੀ ਆਖੀ ਜਾਂਦੀ ਰਹੀ ਹੈ। ਆਸਾਵਰੀ ਸੁਧੰਗ ਵਿਚ ਗੁਰੂ ਰਾਮਦਾਸ ਜੀ ਦੀ ਬਾਣੀ ਦਰਜ ਹੈ।
ਰਾਗ ਆਸਾ ਕੀਰਤਨੀਆਂ ਵਿਚ ਸਭ ਤੋਂ ਮਕਬੂਲ ਰਾਗ ਹੈ। ਸਾਰੇ ਕੀਰਤਨੀਆਂ ਨੇ ਇਸ ਨੂੰ ਆਪੋ ਆਪਣੇ ਅੰਦਾਜ਼ ਵਿਚ ਬਾਖੂਬੀ ਗਾਇਆ ਹੈ। ਰਬਾਬੀਆਂ ਵਿਚ ਭਾਈ ਚਾਂਦ, ਭਾਈ ਲਾਲ ਨੇ ਇਸ ਰਾਗ ਨੂੰ ਭਰਪੂਰ ਰੂਪ ਵਿਚ ਗਾਇਆ ਹੈ ਜਿਸ ਦੀਆਂ ਕੁਝ ਵੰਨਗੀਆਂ ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ www.gurmatsangeetpup.com ‘ਤੇ ਵੇਖੀ ਜਾ ਸਕਦੀਆਂ ਹਨ। ਭਾਈ ਸਮੁੰਦ ਸਿੰਘ ਨੇ ਇਸ ਰਾਗ ਨੂੰ ਬਾਖੂਬੀ ਪ੍ਰਮਾਣਿਕ ਰੂਪ ਵਿਚ ਗਾਇਆ ਹੈ ਅਤੇ ਇਸ ਤੋਂ ਇਲਾਵਾ ਇਸ ਰਾਗ ਨੂੰ ਭਾਈ ਬਖਸ਼ੀਸ਼ ਸਿੰਘ, ਭਾਈ ਬਲਬੀਰ ਸਿੰਘ, ਭਾਈ ਧਰਮ ਸਿੰਘ, ਭਾਈ ਅਵਤਾਰ ਸਿੰਘ, ਪ੍ਰੋ. ਕਰਤਾਰ ਸਿੰਘ,ਡਾ. ਗੁਰਨਾਮ ਸਿੰਘ, ਸੰਤ ਨਿਰੰਜਨ ਸਿੰਘ ਜਵੱਦੀ, ਪ੍ਰੋ. ਪਰਮਜੋਤ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਨਰਿੰਦਰ ਸਿੰਘ, ਭਾਈ ਕੁਲਤਾਰ ਸਿੰਘ, ਬੀਬੀ ਜਸਵਿੰਦਰ ਕੌਰ ਆਦਿ ਨੇ ਬਾਖੂਬੀ ਗਾਇਆ ਹੈ ਅਤੇ ਇਨ੍ਹਾਂ ਦੀ ਰਿਕਾਰਡਿੰਗ www.gurmatsangeetpup.com, www.gurmatsangeetlibrary.com, www.sikh-relics.com, www.sewageorgia.org, www.jawadditaksal.org, www.sikhsangeet.com, www.vismaadnaad.org, www.youtube.com ਆਦਿ ਵੈਬਸਾਈਟਾਂ ‘ਤੇ ਸੁਣੀ ਜਾ ਸਕਦੀਆਂ ਹਨ।
ਗੁਰਮਤਿ ਸੰਗੀਤ ਦੀਆਂ ਸੁਰਲਿਪੀਬੱਧ ਰਚਨਾਵਾਂ ਦੇ ਵਿਰਾਸਤੀ ਭੰਡਾਰ ਵਿਚ ਇਸ ਰਾਗ ਅਧੀਨ ਲਗਪਗ ਸਾਰੇ ਹੀ ਸ਼ਬਦ ਕੀਰਤਨ ਰਚਨਾਕਾਰਾਂ ਨੇ ਰਚਨਾਵਾਂ ਤਿਆਰ ਕੀਤੀਆਂ ਹਨ। ਵੀਹਵੀਂ ਸਦੀ ਤਕ ਪ੍ਰਕਾਸ਼ਤ ਰਚਨਾਵਾਂ ਵਿਚ ਲਗਪਗ ਸਾਰੇ ਪ੍ਰਮੁਖ ਰਚਨਾਕਾਰ ਦੀਆਂ ਇਸ ਰਾਗ ਵਿਚ ਸ਼ਬਦ ਕੀਰਤਨ ਰਚਨਾਵਾਂ ਉਪਲੱਬਧ ਹੁੰਦੀਆਂ ਹਨ। ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ : ਸ. ਗਿਆਨ ਸਿੰਘ ਐਬਟਾਬਾਬਦ ਨੇ ਪੁਸਤਕ ਗੁਰਬਾਣੀ ਸੰਗੀਤ ਵਿਚ ਇਸ ਰਾਗ ਅਧੀਨ ਭਾਈ ਤਾਬਾ ਦੀਆਂ ਕੁਝ ਬੰਦਸ਼ਾਂ ਵੀ ਦਿਤੀਆਂ ਹਨ।
ਗੁਰਮਤਿ ਸੰਗੀਤ ਦੇ ਅਧਾਰ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਵਿਚ ਗਾਇਨ ਖੋਜ ਤੇ ਵਿਸਥਾਰ ਦੀਆਂ ਅਨੇਕ ਸੰਭਾਵਨਾਵਾਂ ਹਨ ਜੋ ਕੀਰਤਨੀਆਂ, ਸਿਖਿਆਰਥੀਆਂ, ਖੋਜਾਰਥੀਆਂ ਨੂੰ ਪ੍ਰਮਾਣਿਕ ਗੁਰਮਤਿ ਸੰਗੀਤ ਸਿੱਖਿਆ ਲਈ ਬਹੁਤ ਢੁਕਵੀਂ ਮਿਸਾਲ ਤੇ ਸੰਗੀਤ ਮਾਧਿਅਮ ਹੈ।
*drgnam@yahoo.com