ਅੰਮ੍ਰਿਤਸਰ ਸਾਹਿਬ : ਸਿੱਖਾਂ ਧਰਮ ਨਾਲ ਆਨਲਾਈਨ ਕੰਪਨੀਆਂ ਵਲੋਂ ਛੇੜ-ਛਾੜ ਕੀਤੇ ਜਾਣ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ਼ ਪਹੁੰਚਦੀ ਹੈ। ਹੁਣ ਇੱਕ ਵਾਰ ਫਿਰ ਐਮਾਜ਼ੋਨ ਅਤੇ ਫਲਿੱਪਕਾਰਟ ਦੀ ਕਥਿਤ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ। ਹੁਣ ਐਮਾਜ਼ੋਨ ਲੋਂ ਆਨਲਾਈਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਮੂਰਤੀਆਂ ਬਣਾ ਕੇ ਵੇਚੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਦੱਸਣਯੋਗ ਹੈ ਕਿ ਪਹਿਲਾਂ ਵੀ ਐਮਾਜ਼ੋਨ ਦੀ ਅਜਿਹੀ ਹੀ ਹਰਕਤ ਸਾਹਮਣੇ ਆਈ ਸੀ , ਜਦੋਂ ਐਮਾਜ਼ੋਨ ਕੰਪਨੀ ਵਲੋਂ ਬਾਥਰੂਮਾਂ ਦੇ ਮਾਇਟਾਂ ‘ਤੇ ਹਰਮਿੰਦਰ ਸਾਹਿਬ ਦੀਆਂ ਫੋਟੋਆ ਲਗਾਈਆਂ ਗਾਈਆਂ ਸਨ। ਜਿਸ ਤੋਂ ਬਾਅਦ ਇਹ ਮਾਮਲਾ ਪੂਰੀ ਤਰ੍ਹਾਂ ਭੱਖ ਗਿਆ ਸੀ। ਇਸ ਉਪਰੰਤ ਐਮਾਜ਼ੋਨ ਵੱਲੋਂ ਲਿਖਤੀ ਤੌਰ ‘ਤੇ ਮਾਫੀ ਵੀ ਮੰਗੀ ਗਈ ਸੀ। ਹੁਣ ਗੁਰੂ ਸਾਹਿਬ ਦੀਆਂ ਮੂਰਤੀਆਂ ਵੇਚੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਪੂਰੇ ਸਿੱਖ ਭਾਈਚਾਰੇ ‘ਚ ਗੁੱਸੇ ਦੀ ਲਹਿਰ ਹੈ। ਇਸ ਮਾਮਲੇ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਐਪ ਖਿਲਾਫ ਰੋਸ ਮੁਜ਼ਾਹਰਾ ਕੀਤਾ ਅਤੇ ਅੰਮ੍ਰਿਤਸਰ ਸਥਿਤ ਐਮਜ਼ੋਨ ਦਾ ਦਫਤਰ ਵੀ ਬੰਦ ਕਰਵਾ ਦਿੱਤੇ ਜਾਣ ਦੀ ਖ਼ਬਰ ਹੈ।
ਇਸ ਸਾਰੇ ਮਾਮਲੇ ‘ਤੇ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਰਘਵੀਰ ਸਿੰਘ ਨੇ ਬੋਲਦਿਆਂ ਕਿਹਾ ਕਿ ਸਮੇਂ ਸਮੇਂ ‘ਤੇ ਕੁਝ ਕੰਪਨੀਆਂ ਵਾਲੇ ਜਾਂ ਕੁਝ ਸਾਇਟਾਂ ਦੇ ਉੱਤੇ ਸਿੱਖ ਧਰਮ ਦੀ ਜਾਂ ਸਾਡੇ ਗੁਰਧਾਮਾਂ ਦੀ ਗਲਤ ਢੰਗ ਨਾਲ ਬੇਅਦਬੀ ਕੀਤੀ ਜਾਂਦੀ ਹੈ। ਉਨ੍ਹਾਂ ਐਮਾਜ਼ੋਨ ਬਾਰੇ ਬੋਲਦਿਆਂ ਕਿਹਾ ਕਿ ਪਹਿਲਾਂ ਵੀ ਇਸ ਕੰਪਨੀ ਦੀ ਸਿੱਖਾਂ ਦੇ ਹਿਰਦੇ ਵਲੂੰਧਰਣ ਵਾਲੀ ਹਰਕਤ ਸਾਹਮਣੇ ਆਈ ਸੀ ਤੇ ਹੁਣ ਵੀ ਉਨ੍ਹਾਂ ਵੱਲੋਂ ਸਿੱਖ ਧਰਮ ‘ਤੇ ਹੀ ਹਮਲਾ ਕੀਤਾ ਗਿਆ ਹੈ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਮੂਰਤੀਆਂ ਖਰੀਦਣ ਲਈ ਉਨ੍ਹਾਂ ਨੇ ਆਪਣੀ ਆਨਲਾਈਨ ਐਪ ਉੱਤੇ ਮੈਸੇਜ਼ ਛੱਡੇ ਹੋਏ ਹਨ। ਇੱਥੇ ਹੀ ਉਨ੍ਹਾਂ ਐਪ ਵੱਲੋਂ ਵੇਚੀਆਂ ਜਾ ਰਹੀਆਂ ਮੂਰਤੀਆਂ ਦੇ ਮੁੱਲ ਵੀ ਦੱਸੇ ਜੋ ਉਨ੍ਹਾਂ ਅਨੁਸਾਰ ਐਮਾਜ਼ੋਨ ‘ਤੇ ਵੇਚੀਆਂ ਜਾ ਰਹੀਆਂ ਹਨ। ਜਥੇਦਾਰ ਰਖਵੀਰ ਸਿੰਘ ਨੇ ਕਿਹਾ ਕਿ ਇਹ ਸਾਡੀ ਕੌਮ ‘ਤੇ ਇੱਕ ਸਾਜ਼ਸ਼ੀ ਹਮਲਾ ਹੈ। ਇੱਥੇ ਹੀ ਉਨ੍ਹਾਂ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿੱਖ ਧਰਮ ‘ਚ ਮੂਰਤੀ ਪੂਜਾ ਦਾ ਕੋਈ ਵਿਧਾਨ ਨਹੀਂ ਹੈ। ਇਸ ਉਪਰੰਤ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮਾਮਲੇ ‘ਤੇ ਸਖਤ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ।ਉੱਧਰ ਦੂਜੇ ਪਾਸੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਐਮਾਜੋਨ ਨੂੰ ਨੋਟਿਸ ਭੇਜਿਆ ਜਾ ਚੁਕਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਟੋਇਲੇਟ ਦੇ ਉਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਲਗਾ ਕੇ ਆਨਲਾਈਨ ਕੰਪਨੀ ਵੱਲੋਂ ਵੇਚੇ ਜਾਣ ਦੀ ਖ਼ਬਰ ਵੀ ਸਾਹਮਣੇ ਆ ਚੁੱਕੀ ਹੈ ਤੇ ਇਸ ਸਬੰਧੀ ਉਨ੍ਹਾਂ ਵੱਲੋਂ ਬਾਅਦ ਵਿੱਚ ਬਾਕਾਇਦਾ ਤੌਰ ‘ਤੇ ਮਾਫੀ ਵੀ ਮੰਗੀ ਗਈ ਸੀ।
https://youtu.be/X4E8CIUM6rw