ਚੰਡੀਗੜ੍ਹ : ਸਮਝ ਨਹੀਂ ਆਉਂਦਾ ਕਿ ਵਿਵਾਦ ਨਵਜੋਤ ਸਿੱਧੂ ਦਾ ਪਿੱਛਾ ਛੱਡਣ ਦਾ ਨਾਮ ਹੀ ਨਹੀਂ ਲੈ ਰਹੇ ਜਾਂ ਵਿਰੋਧੀ ਸਿੱਧੂ ਦੀ ਹਰ ਗੱਲ ‘ਤੇ ਹਵਾਈ ਅੱਡੇ ਵਾਲਾ ਅਜਿਹਾ ਸਕੈਨਰ ਲਾਈ ਬੈਠੇ ਹਨ, ਜਿਹੜਾ ਸਿੱਧੂ ਦੇ ਅੱਖਰ ਅੱਖਰ ਨੂੰ ਪੁਣ ਰਿਹਾ ਹੈ ਤੇ ਉਨ੍ਹਾਂ ਦੀ ਛੋਟੀ ਤੋਂ ਛੋਟੀ ਗੱਲ ਨੂੰ ਚੁੱਕ ਕੇ ਇੰਨਾ ਰੌਲਾ ਪਾ ਦਿੰਦੇ ਹਨ ਕਿ ਕਈ ਉਸ ਤੋਂ ਬਾਅਦ ਉਨ੍ਹਾਂ ਵਿਰੁੱਧ ਦੇਸ਼ ਧ੍ਰੋਹ ਦਾ ਕੇਸ ਦਰਜ ਕਰਵਾ ਦਿੰਦੇ ਹਨ, ਕਈ ਉਨ੍ਹਾਂ ਦਾ ਬਣਿਆ ਬਣਾਇਆ ਪੁਤਲਾ ਖਰੀਦਣ ਲਈ ਬਜ਼ਾਰ ਦੌੜ ਜਾਂਦੇ ਹਨ ਕਿ ਫਟਾ ਫਟ ਫੂਕੀਏ,ਕਿ ਕਿਤੇ ਸਾਡੇ ਨਾਲੋਂ ਪਹਿਲਾਂ ਕੋਈ ਹੋਰ ਨਾ ਫੂਕ ਦੇਵੇ, ਤੇ ਇਸ ਦੌਰਾਨ ਉਨ੍ਹਾਂ ਦੀ ਆਪਣੀ ਹੀ ਪਾਰਟੀ ਦੇ ਲੋਕ ਸਿੱਧੂ ਦਾ ਸਾਥ ਦੇਣ ਦੀ ਬਜਾਏ ਉਨ੍ਹਾਂ ਵੱਲ ਪਿੱਠ ਮੋੜ ਕੇ ਖੜ੍ਹ ਜਾਂਦੇ ਹਨ। ਸਿੱਧੂ ਵੱਲੋਂ ਅਜਿਹੇ ਹੀ ਇੱਕ ਹੋਰ ਬਿਆਨ ਦਾ ਤਾਜ਼ਾ ਤਾਜਾ ਰੌਲਾ ਪਿਆ ਹੈ, ਜਿਸ ਵਿੱਚ ਨਵਜੋਤ ਸਿੱਧੂ ਨੇ ਇਹ ਕਹਿ ਦਿੱਤਾ ਕਿ ਗੁਰਦਾਸਪੁਰ ਸੀਟ ਤੋਂ ਚੋਣ ਲੜਨ ਲਈ ਬੀਜੇਪੀ ਨੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਨਾਲ ਹੁਣ ਕਾਂਗਰਸ ਅਤੇ ਬੀਜੇਪੀ ‘ਚ ਮੁਕਾਬਲਾ ਸਖਤ ਹੋ ਗਿਆ ਹੈ। ਇਸ ਵਾਰ ਭਾਵੇਂ ਕਿ ਨਾ ਕਿਸੇ ਨੇ ਸਿੱਧੂ ‘ਤੇ ਦੇਸ਼ ਧ੍ਰੋਹ ਦਾ ਕੇਸ ਦਰਜ਼ ਕਰਵਾਇਆ ਤੇ ਨਾ ਹੀ ਕਿਸੇ ਨੇ ਪੁਤਲਾ ਫੂਕਿਆ, ਪਰ ਇੰਨਾ ਜਰੂਰ ਹੈ ਕਿ ਸਿੱਧੂ ਦੀ ਆਪਣੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਵੱਲ ਪਿੱਠ ਫੇਰ ਲਈ ਹੈ ਤੇ ਕਿਹਾ ਹੈ ਕਿ ਇਹ ਸਿੱਧੂ ਦੇ ਨਿੱਜੀ ਵਿਚਾਰ ਹਨ, ਜਦਕਿ ਸੰਨੀ ਦਿਓਲ ਦੇ ਆਉਣ ਨਾਲ ਪੰਜਾਬ ਦੀ ਸਿਆਸਤ ਨੂੰ ਕੋਈ ਫਰਕ ਨਹੀਂ ਪਵੇਗਾ।
ਦੱਸ ਦਈਏ ਕਿ ਨਵਜੋਤ ਸਿੱਧੂ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਸੰਨੀ ਦਿਓਲ ਦੇ ਚੋਣ ਮੈਦਾਨ ਵਿੱਚ ਕੁੱਦਣ ਨਾਲ ਮੁਕਾਬਲਾ ਸਖਤ ਹੋ ਗਿਆ ਹੈ, ਤੇ ਹੁਣ ਕਾਂਗਰਸ ਨੂੰ ਵੱਧ ਮਿਹਨਤ ਕਰਨ ਦੀ ਲੋੜ ਹੈ। ਸਿੱਧੂ ਅਨੁਸਾਰ ਸੰਨੀ ਦਿਓਲ ਦਾ ਅਸਰ ਇਕੱਲਾ ਗੁਰਦਾਸਪੁਰ ਸੀਟ ‘ਤੇ ਹੀ ਨਹੀਂ ਬਲਕਿ ਇਸ ਦੇ ਆਲੇ ਦੁਆਲੇ ਦੀਆਂ ਸੀਟਾਂ ‘ਤੇ ਵੀ ਪਵੇਗਾ। ਸਿੱਧੂ ਦਾ ਮੰਨਣਾ ਹੈ ਕਿ ਸੰਨੀ ਦਿਓਲ ਨੇ ਗੁਰਦਾਸਪੁਰ ਆ ਕੇ ਇਸ ਸੀਟ ਨੂੰ ਵੀ ਮੌਜੂਦਾ ਚੋਣਾਂ ਦੌਰਾਨ ਬਠਿੰਡਾ ਸੀਟ ਵਾਂਗ ਹੌਟ ਸੀਟ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਕਾਂਗਰਸ ਪਾਰਟੀ ਅੱਜ ਵੀ ਪੂਰੀ ਮਜਬੂਤ ਸਥਿਤੀ ਵਿੱਚ ਹੈ ਤੇ ਕੋਈ ਉਨ੍ਹਾਂ ਦੀ ਪਾਰਟੀ ਨੂੰ ਕਮਜੋਰ ਨਾ ਸਮਝੇ। ਸਿੱਧੂ ਅਨੁਸਾਰ ਅਜੇ ਤੱਕ ਉਨ੍ਹਾਂ ਨੂੰ ਸੂਬਾ ਪੰਜਾਬ ਵਿੱਚ ਪ੍ਰਚਾਰ ਕਰਨ ਲਈ ਨਹੀਂ ਸੱਦਿਆ ਤੇ ਉਹ ਦੇਸ਼ ਭਰ ਵਿੱਚ ਸਟਾਰ ਪ੍ਰਚਾਰਕ ਵਜੋਂ ਕਾਂਗਰਸ ਹਾਈ ਕਮਾਂਡ ਵੱਲੋਂ ਦਿੱਤੀ ਗਈ ਜਿੰਮੇਵਾਰੀ ਬਹੁਤ ਵਧੀਆ ਢੰਗ ਨਾਲ ਨਿਭਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਵੀ ਬਹੁਤ ਸਾਰੇ ਹਲਕਿਆਂ ਵਿੱਚ ਦੌਰਾ ਕਰਕੇ ਪਤਾ ਲੱਗਿਆ ਹੈ ਕਿ ਕਾਂਗਰਸ ਪਾਰਟੀ ਨੂੰ ਲੋਕ ਪੂਰਾ ਸਮਰਥਨ ਦੇ ਰਹੇ ਹਨ।
ਇੱਧਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਦਾ ਸੰਨੀ ਦਿਓਲ ਦੇ ਆਉਣ ਨਾਲ ਗੁਰਦਾਸਪੁਰ ਸੀਟ ‘ਤੇ ਮੁਕਾਬਲਾ ਸਖਤ ਹੋ ਜਾਣ ਵਾਲਾ ਬਿਆਨ ਉੱਕਾ ਹੀ ਪਸੰਦ ਨਹੀਂ ਆਇਆ ਤੇ ਉਨ੍ਹਾਂ ਕਿਹਾ ਕਿ ਇਹ ਨਵਜੋਤ ਸਿੱਧੂ ਦੇ ਆਪਣੇ ਨਿੱਜੀ ਵਿਚਾਰ ਹਨ, ਜਦਕਿ ਉਨ੍ਹਾਂ ਦਾ ਮੰਨਣਾ ਹੈ ਕਿ ਸੰਨੀ ਦਿਓਲ ਦੇ ਆਉਣ ਨਾਲ ਕਾਂਗਰਸ ਪਾਰਟੀ ਨੂੰ ਕੋਈ ਫਰਕ ਨਹੀਂ ਪਵੇਗਾ। ਕੈਪਟਨ ਅਮਰਿੰਦਰ ਸਿੰਘ ਅਨੁਸਾਰ ਸੰਨੀ ਦਿਓਲ ਖੁਦ ਆਪਣੀ ਸੀਟ ਬਚਾ ਲਵੇ ਉਹ ਵੀ ਗਨੀਮਤ ਹੋਵੇਗੀ, ਕਿਉਂਕਿ ਹਾਰ ਤੋਂ ਬਾਅਦ ਉਸ ਨੂੰ ਮੁੰਬਈ ਭੱਜਣਾ ਪਵੇਗਾ।