ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੇ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਦਾ ਬਚਾਅ ਕਰਦਿਆਂ ਇੱਕ ਅਜਿਹਾ ਬਿਆਨ ਦਿੱਤਾ ਹੈ, ਜਿਸ ਤੋਂ ਬਾਅਦ ਸਿੱਖੀ ਨੂੰ ਪਿਆਰ ਕਰਨ ਵਾਲੇ ਲੋਕ ਸਿੱਧੂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸੱਦ ਕੇ ਸਜ਼ਾ ਦਵਾਉਣ ਲਈ ਉਤਾਰੂ ਹੋ ਗਏ ਹਨ। ਸਿੱਧੂ ਨੇ ਇਹ ਬਿਆਨ ਇੱਕ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਦਿੱਤਾ ਸੀ, ਜਿਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਦੇ ਇੱਕ ਆਗੂ ਨੂੰ ਇੰਨਾ ਗੁੱਸਾ ਆਇਆ ਕਿ ਉਨ੍ਹਾਂ ਨੇ ਸਿੱਧੂ ਦੇ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ ਮਨਜਿੰਦਰ ਸਿੰਘ ਸਿੱਧੂ ਨਾਲ ਇੰਟਰਵਿਊ ਕਰਦਿਆਂ ਪੱਤਰਕਾਰ ਨੇ ਜਦੋਂ ਸਵਾਲ ਕੀਤਾ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਮਾਫੀ ਕਿਉਂ ਮੰਗੀ ਸੀ? ਤਾਂ ਸਿੱਧੂ ਨੇ ਤੁਰੰਤ ਤਰਕ ਦਿੱਤਾ ਕਿ ਲੋੜ ਪੈਣ ‘ਤੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਕੱਚੀ ਗੜ੍ਹੀ ‘ਚੋਂ ਤਾੜੀ ਮਾਰ ਕੇ ਲੰਘ ਗਏ ਸਨ। ਇਹ ਖ਼ਬਰ ਨਸ਼ਰ ਹੋਣ ਤੋਂ ਬਾਅਦ ਵੇਖੀ ਤਾਂ ਕਈਆਂ ਨੇ, ਪਰ ਗੁੱਸਾ ਆਇਆ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਦੇ ਕਿਸਾਨ ਵਿੰਗ ਪ੍ਰਧਾਨ ਸੁਰਜੀਤ ਸਿੰਘ ਭੂਰਾ ਨੂੰ, ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਨ੍ਹਾਂ ਦੇ ਨਿੱਜੀ ਸਾਹਇਕ ਰਣਜੀਤ ਸਿੰਘ ਕੱਲ੍ਹਾ ਰਾਹੀਂ ਸ਼ਿਕਾਇਤ ਭੇਜ ਕੇ ਮਨਜਿੰਦਰ ਸਿੰਘ ਸਿੱਧੂ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਨ ਦੀ ਬੇਨਤੀ ਕੀਤੀ ਹੈ। ਸੁਰਜੀਤ ਸਿੰਘ ਭੂਰਾ ਨੇ ਮਨਜਿੰਦਰ ਸਿੰਘ ਸਿੱਧੂ ਦੇ ਇਸ ਬਿਆਨ ‘ਤੇ ਟਿੱਪਣੀ ਕਰਦਿਆਂ ਕਿਹਾ ਹੈ, ਕਿ ਸਿੱਧੂ ਨੇ ਇੱਕ ਪਤੀਤ ਬੰਦੇ ਦੀ ਤੁਲਨਾ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕੀਤੀ ਹੈ, ਜੋ ਕਿ ਬੇਹੱਦ ਸ਼ਰਮਨਾਕ ਗੱਲ ਹੈ। ਲਿਹਾਜਾ ਸਿੱਧੂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਕੇ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਜਾਵੇ, ਤੇ ਜੇਕਰ ਸਿੱਧੂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਗੁਰੂ ਪੰਥ ‘ਚੋਂ ਛੇਕਿਆ ਜਾਵੇ।