ਓਨਟਾਰੀਓ ਵਿਖੇ ਕਬੂਤਰਬਾਜ਼ੀ ਦਾ ਸ਼ਿਕਾਰ ਹੋਏ 43 ਲੋਕਾਂ ਨੂੰ ਓਨਟਾਰੀਓ ਪੁਲਿਸ ਨੇ ਸੁਰੱਖਿਅਤ ਬਚਾ ਲਿਆ, ਜਿਨ੍ਹਾਂ ਨੂੰ ਲਾਲਚੀ ਲੋਕਾਂ ਵਲੋਂ ਵੱਡੇ-ਵੱਡੇ ਸਬਜ਼ਬਾਗ ਦਿਖਾ ਕੇ ਇਥੇ ਲਿਆਂਦਾ ਗਿਆ ਅਤੇ ਉਨ੍ਹਾਂ ਤੋਂ ਜਬਰੀ ਘੱਟ ਪੈਸਿਆਂ ਵਿਚ ਕੰਮ ਕਰਵਾਇਆ ਜਾ ਰਿਹਾ ਸੀ। ਪੁਲਿਸ ਵਲੋਂ ਇਸ ਨੂੰ ਮਨੁੱਖੀ ਤਸਕਰੀ ਦਾ ਮਾਮਲਾ ਵੀ ਦੱਸਿਆ ਜਾ ਰਿਹਾ ਹੈ।
ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਪਤਾ ਲੱਗਾ ਕਿ 43 ਲੋਕਾਂ ਨੂੰ ਇਸ ਵਾਅਦੇ ਨਾਲ ਕੈਨੇਡਾ ਲਿਆਂਦਾ ਗਿਆ ਕਿ ਉਨ੍ਹਾਂ ਨੂੰ ਵਰਕ ਵੀਜ਼ਾ ਦਿਵਾਇਆ ਜਾਵੇਗਾ ਤੇ ਪਰਮਾਨੈਂਟ ਰੈਜ਼ੀਡੈਂਸੀ ਦਾ ਦਰਜਾ ਦਿਵਾਇਆ ਜਾਵੇਗਾ। ਛੁਡਾਏ ਗਏ ਇਨ੍ਹਾਂ ਲੋਕਾਂ ਵਿੱਚ ਵਧੇਰੇ ਪੁਰਸ਼ ਹਨ, ਜੋ ਕਿ ਮੈਕਸਿਕੋ ਵਿੱਚ ਪੈਦਾ ਹੋਏ ਤੇ ਉਨ੍ਹਾਂ ਆਪਣਾ ਦੇਸ਼ ਛੱਡਣ ਲਈ ਮੋਟੀਆਂ ਰਕਮਾਂ ਵੀ ਅਦਾ ਕੀਤੀਆਂ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ 50 ਡਾਲਰ ਮਹੀਨਾ ਦੇ ਕੇ ਬਹੁਤ ਹੀ ਬਦਤਰ ਹਾਲਾਤ ਵਿੱਚ ਬੈਰੀ ਤੇ ਵਸਾਗਾ ਬੀਚ, ਓਨਟਾਰੀਓ ਵਿੱਚ ਰੱਖਿਆ ਜਾ ਰਿਹਾ ਸੀ।
ਓਪੀਪੀ ਦੇ ਰਿੱਕ ਬਾਰਨਮ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮਨੁੱਖੀ ਤਸਕਰੀ ਆਧੁਨਿਕ ਦੌਰ ਦੀ ਗੁਲਾਮੀ ਹੀ ਹੈ। ਇਸ ਜੁਰਮ ਦਾ ਮੁੱਖ ਮਕਸਦ ਲੋਕਾਂ ਦਾ ਸ਼ੋਸ਼ਣ ਕਰਨਾ ਹੈ। ਇਸ ਜੁਰਮ ਦੇ ਸ਼ਿਕਾਰ ਲੋਕਾਂ ਦੀ ਉਮਰ 20 ਤੇ 46 ਸਾਲ ਦਰਮਿਆਨ ਸੀ। ਇਨ੍ਹਾਂ ‘ਚੋਂ ਬਹੁਤੇ ਬੈਰੀ ਸਥਿਤ ਕਲੀਨਿੰਗ ਕੰਪਨੀ ਲਈ ਕੰਮ ਕਰਦੇ ਸਨ ਤੇ ਇਨ੍ਹਾਂ ਨੂੰ ਰੋਜ਼ਾਨਾ ਹੋਟਲਾਂ ਤੇ ਸੈਂਟਰਲ ਤੇ ਪੂਰਬੀ ਓਨਟਾਰੀਓ ਸਥਿਤ ਵੈਕੇਸ਼ਨ ਪ੍ਰਾਪਰਟੀਜ਼ ਦੀ ਸਫਾਈ ਲਈ ਲਿਆਂਦਾ ਜਾਂਦਾ ਸੀ। ਇਨ੍ਹਾਂ ਕਾਮਿਆਂ ਤੋਂ ਟਰਾਂਸਪੋਰਟੇਸ਼ਨ ਤੇ ਲਾਜਿੰਗ ਦੀ ਫੀਸ ਵੀ ਵਸੂਲੀ ਜਾਂਦੀ ਸੀ। ਬੈਰੀ ਪੁਲਸ ਚੀਫ ਕਿੰਬਰਲੇ ਗ੍ਰੀਨਵੁੱਡ ਨੇ ਆਖਿਆ ਕਿ ਇਹ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ। ਉਨ੍ਹਾਂ ਆਖਿਆ ਕਿ ਇਸ ਗੱਲ ਦਾ ਕਿਸੇ ਨੂੰ ਸੁਪਨਾ ਵੀ ਨਹੀਂ ਸੀ ਆ ਸਕਦਾ ਕਿ ਇਹ ਸੱਭ ਸਾਡੀ ਕਮਿਊਨਿਟੀ ਵਿੱਚ ਵਾਪਰ ਰਿਹਾ ਹੈ।