ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤਿਹਰਵਾਂ ਰਾਗ ਬੈਰਾੜੀ – ਡਾ. ਗੁਰਨਾਮ ਸਿੰਘ

TeamGlobalPunjab
3 Min Read

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ 13

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤਿਹਰਵਾਂ ਰਾਗ ਬੈਰਾੜੀ

ਡਾ. ਗੁਰਨਾਮ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਪ੍ਰਬੰਧ ਵਿਚ ਤੇਰਵੇਂ ਸਥਾਨ ‘ਤੇ ਅੰਕਿਤ ਰਾਗ ਬੈਰਾੜੀ ਵਿਚ ਗੁਰੂ ਰਾਮਦਾਸ ਜੀ ਦੇ ਛੇ ਅਤੇ ਗੁਰੂ ਅਰਜਨ ਦੇਵ ਜੀ ਦਾ ਇਕ ਦੁਪਦਾ ਦਰਜ ਹੈ। ਭਾਰਤੀ ਸੰਗੀਤ ਵਿਚ ਪੁਰਾਤਨ ਰਾਗ ਹੋਣ ਕਰਕੇ ਵੀ ਇਸ ਰਾਗ ਦਾ ਪ੍ਰਚਲਨ ਬਹੁਤ ਘੱਟ ਹੈ। ਬਾਣੀ ਵਿਚ ਇਸ ਰਾਗ ਦਾ ਪ੍ਰਯੋਗ ਅਲਪ ਮਾਤਰਾ ਵਿਚ ਹੀ ਹੋਇਆ ਹੈ ਅਤੇ ਸਾਰੇ ਰਾਗਾਂ ਤੋਂ ਘੱਟ ਬਾਣੀ ਇਸੇ ਰਾਗ ਵਿਚ ਦਰਜ ਹੈ। ਫਿਰ ਵੀ ਸੰਗੀਤ ਪੱਖੋਂ ਬੈਰਾੜੀ ਰੰਜਕ ਤੇ ਸੰਗੀਤ ਵਿਸਥਾਰ ਪਖੋਂ ਵਿਸ਼ੇਸ਼ ਰਾਗ ਹੈ।

ਬੈਰਾੜੀ ਰਾਗ ਨੂੰ ਗੁਰੁ ਗਿਰਾਰਥ ਕੋਸ਼ ਵਿਚ ਨਾਗਪੁਰ (ਮਹਾਰਾਸ਼ਟਰ) ਦੇ ਨੇੜੇ ਬੈਰਾੜ (ਬੀਰਾੜ) ਦੇਸ਼ ਦੀ ਰਾਗਨੀ ਸਵੀਕਾਰਿਆ ਹੈ। ਮੱਧਕਾਲੀਨ ਭਾਰਤੀ ਰਾਗ ਪਰੰਪਰਾ ਵਿਚ ਵੀ ਇਸ ਰਾਗ ਦਾ ਉਲੇਖ ‘ਵਰਾਟੀ’ ਜਾਂ ‘ਬਰਾਰੀ’ ਆਦਿ ਨਾਵਾਂ ਨਾਲ ਪ੍ਰਚਲਿਤ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਗਮਾਲਾ ਵਿਚ ਇਸ ਨੂੰ ‘ਬੈਰਾਰੀ’ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਪ੍ਰਬੰਧ ਵਿਚ ਇਸ ਨੂੰ ਬੈਰਾੜੀ ਨਾਂ ਦੇ ਅੰਤਰਗਤ ਹੀ ਅੰਕਿਤ ਕੀਤਾ ਗਿਆ ਹੈ। ਆਧੁਨਿਕ ਸੰਗੀਤਾਚਾਰੀਆ ਤੇ ਸੰਗੀਤ ਵਿਦਵਾਨ ਇਸ ਰਾਗ ਨੂੰ ਤੋੜੀ, ਤ੍ਰਿਵੇਣੀ ਅਤੇ ਦੇਸਕਾਰ ਰਾਗਾਂ ਦਾ ਸੁਮੇਲ ਮੰਨਦੇ ਹਨ। ਇਸ ਰਾਗ ਦਾ ਦੋਵੇਂ ਸੰਗੀਤ ਪੱਧਤੀਆਂ ਵਿਚ ਜ਼ਿਕਰ ਮਿਲਦਾ ਹੈ ਪਰੰਤੂ ਇਸ ਨੂੰ ਵਧੇਰੇ ਗਾਇਆ ਵਜਾਇਆ ਨਹੀਂ ਗਿਆ।

- Advertisement -

ਲੇਖਕ ਪੰਡਤ ਸ਼ਾਰੰਗ ਦੇਵ ਨੇ ਆਪਣੇ ਗ੍ਰੰਥ ਸੰਗੀਤ ਰਤਨਾਕਰ ਵਿਚ ਰਾਗ ਬੈਰਾੜੀ ਨੂੰ ‘ਵੈਰਾਟੀ’ ਮੰਨਿਆ ਹੈ ਅਤੇ ਇਸ ਦੇ 7 ਪ੍ਰਕਾਰਾਂ ਦਾ ਜ਼ਿਕਰ ਕੀਤਾ ਹੈ। ਪੰਡਿਤ ਅਹੋਬਲ ਨੇ ਰਾਗ ਬੈਰਾੜੀ ਨੂੰ ਮਾਰਵਾ ਥਾਟ ਦੇ ਅੰਤਰਗਤ ਰੱਖਦਿਆਂ ਜਾਤੀ ਸੰਪੂਰਨ ਮੰਨੀ ਹੈ। ਗੁਰ ਸ਼ਬਦ ਰਤਨਾਕਰ ਮਹਾਨ ਕੋਸ਼, ਤਾਰਾ ਸਿੰਘ (ਪ੍ਰੋ.), ਭਾਈ ਅਵਤਾਰ ਸਿੰਘ – ਗੁਰਚਰਨ ਸਿੰਘ, ਗਿਆਨ ਸਿੰਘ ਐਬਟਾਬਾਦ ਅਤੇ ਰਾਗ ਨਿਰਣਾਇਕ ਕਮੇਟੀ ਨੇ ਇਸ ਰਾਗ ਦਾ ਸਰੂਪ ਇਸ ਪ੍ਰਕਾਰ ਪ੍ਰਵਾਨਿਆ ਹੈ।

ਰਾਗ ਬੈਰਾੜੀ ਮਾਰਵਾ ਥਾਟ ਦਾ ਰਾਗ ਹੈ। ਇਸ ਵਿਚ ਰਿਸ਼ਭ ਕੋਮਲ, ਮਧਿਅਮ ਤੀਵਰ ਅਤੇ ਬਾਕੀ ਸੁਰ ਸ਼ੁੱਧ ਪ੍ਰਯੋਗ ਹੁੰਦੇ ਹਨ। ਇਸ ਦੀ ਜਾਤੀ ਵਕਰ-ਸੰਪੂਰਨ ਹੈ। ਇਸ ਰਾਗ ਦਾ ਵਾਦੀ ਸੁਰ ਗੰਧਾਰ ਤੇ ਸੰਵਾਦੀ ਸੁਰ ਧੈਵਤ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ। ਆਰੋਹ : ਨਿਸ਼ਾਦ (ਮੰਦਰ ਸਪਤਕ) ਰਿਸ਼ਭ (ਕੋਮਲ) ਗੰਧਾਰ ਪੰਚਮ, ਮਧਿਅਮ (ਤੀਵਰ) ਗੰਧਾਰ, ਮਧਿਅਮ (ਤੀਵਰ) ਧੈਵਤ ਸ਼ੜਜ (ਤਾਰ ਸਪਤਕ); ਅਵਰੋਹ : ਸ਼ੜਜ (ਤਾਰ ਸਪਤਕ) ਨਿਸ਼ਾਦ ਧੈਵਤ ਪੰਚਮ, ਮਧਿਅਮ (ਤੀਵਰ) ਗੰਧਾਰ, ਪੰਚਮ ਗੰਧਾਰ, ਰਿਸ਼ਭ (ਕੋਮਲ) ਸ਼ੜਜ; ਮੁੱਖ ਅੰਗ : ਪੰਚਮ ਧੈਵਤ ਗੰਧਾਰ, ਮਧਿਅਮ (ਤੀਵਰ) ਧੈਵਤ, ਮਧਿਅਮ (ਤੀਵਰ) ਗੰਧਾਰ, ਰਿਸ਼ਭ (ਕੋਮਲ) ਗੰਧਾਰ, ਮਧਿਅਮ (ਤੀਵਰ) ਗੰਧਾਰ, ਰਿਸ਼ਭ (ਕੋਮਲ) ਸ਼ੜਜ।           

ਬੈਰਾੜੀ ਰਾਗ ਦੇ ਅਧੀਨ ਗਿਆਨ ਸਿੰਘ ਐਬਟਾਬਾਦ, ਪ੍ਰੋ. ਤਾਰਾ ਸਿੰਘ, ਭਾਈ ਅਵਤਾਰ ਸਿੰਘ – ਗੁਰਚਰਨ ਸਿੰਘ, ਸੰਤ ਸਰਵਣ ਸਿੰਘ ਗੰਧਰਵ, ਪ੍ਰਿੰ. ਦਿਆਲ ਸਿੰਘ, ਡਾ. ਜਾਗੀਰ ਸਿੰਘ, ਪ੍ਰੋ. ਕਰਤਾਰ ਸਿੰਘ, ਡਾ. ਗੁਰਨਾਮ ਸਿੰਘ, ਪ੍ਰੋ. ਪਰਮਜੋਤ ਸਿੰਘ, ਪ੍ਰੋ. ਹਰਮਿੰਦਰ ਸਿੰਘ ਆਦਿ ਪ੍ਰਮੁੱਖ ਰਚਨਾਕਾਰਾਂ ਦੀਆਂ ਸੁਰਲਿਪੀਬੱਧ ਰਚਨਾਵਾਂ ਮਿਲਦੀਆਂ ਹਨ।  ਬੈਰਾੜੀ ਰਾਗ ਨੂੰ ਸਮੇਂ-ਸਮੇਂ ‘ਤੇ ਅਨੇਕ ਗੁਰੂ ਘਰ ਦੇ ਕੀਰਤਨੀਆਂ ਨੇ ਬਾਖੂਬੀ ਗਾਇਆ ਹੈ ਜਿਨ੍ਹਾਂ ਦੀ ਰਿਕਾਰਡਿੰਗ ਅਸੀਂ www.gurmatsangeetpup.com, www.sikh-relics.com, www.vismaadnaad.org ਵੈਬਸਾਈਟਸ ਤੇ ਸੁਣ ਸਕਦੇ ਹਾਂ।

*drgnam@yahoo.com

Share this Article
Leave a comment