ਸ਼ਬਦ ਵਿਚਾਰ 160 – ਹਰਿ ਹਰਿ ਨਾਮੁ ਮੈ ਹਰਿ ਮਨਿ ਭਾਇਆ…

TeamGlobalPunjab
6 Min Read

*ਡਾ. ਗੁਰਦੇਵ ਸਿੰਘ

ਗੁਰੂ ਦੀ ਕ੍ਰਿਪਾ ਸਦਕਾ ਜਿਨ੍ਹਾਂ ਨੇ ਪ੍ਰਭੂ ਪ੍ਰਮਾਤਮਾ ਨੂੰ ਪਾ ਲਿਆ ਉਨ੍ਹਾਂ ਦੀ ਅਵਸਥਾ ਬਣ ਜਾਂਦੀ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ। ਗੁਰਬਾਣੀ ਕੇਵਲ ਇਹ ਹੀ ਨਹੀਂ ਉਪਦੇਸ਼ ਕਰਦੀ ਕਿ ਉਸ ਅਕਾਲ ਪੁਰਖ ਨੂੰ ਪਾਉਣਾ ਕਿਵੇਂ ਸਗੋਂ ਉਸ ਨੂੰ ਜੋ ਪ੍ਰਾਪਤ ਕਰ ਲੈਂਦੇ ਹਨ ਉਨ੍ਹਾਂ ਦੀ ਪਾਵਨ ਅਵਸਥਾ ਨੂੰ ਵੀ ਬਿਆਨਦੀ ਹੈ।

ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਬਾਣੀ ਦਾ ਹਰਿ ਹਰਿ ਨਾਮੁ ਮੈ ਹਰਿ ਮਨਿ ਭਾਇਆ   ਸ਼ਬਦ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 94’ਤੇ ਅੰਕਿਤ ਹੈ। ਮਾਝ ਰਾਗ ਦਾ ਇਹ ਪਹਿਲਾ ਸ਼ਬਦ ਹੈ 

ਰਾਗੁ ਮਾਝ ਚਉਪਦੇ ਘਰੁ ੧ ਮਹਲਾ ੪ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥॥ ਹਰਿ ਹਰਿ ਨਾਮੁ ਮੈ ਹਰਿ ਮਨਿ ਭਾਇਆ ॥ ਵਡਭਾਗੀ ਹਰਿ ਨਾਮੁ ਧਿਆਇਆ ॥ ਗੁਰਿ ਪੂਰੈ ਹਰਿ ਨਾਮ ਸਿਧਿ ਪਾਈ ਕੋ ਵਿਰਲਾ ਗੁਰਮਤਿ ਚਲੈ ਜੀਉ ॥੧॥

- Advertisement -

ਪਦ ਅਰਥ: ਚਉਪਦੇ = ਚਾਰ ਪਦਾਂ ਵਾਲੇ, ਚਾਰ ਬੰਦਾਂ ਵਾਲੇ ਸ਼ਬਦ। ਮੈ ਮਨਿ = ਮੇਰੇ ਮਨ ਵਿਚ। ਵਡਭਾਗੀ = ਵੱਡੇ ਭਾਗਾਂ ਨਾਲ। ਗੁਰਿ = ਗੁਰੂ ਦੀ ਰਾਹੀਂ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ; ਪੂਰੇ ਗੁਰੂ ਪਾਸੋਂ। ਸਿਧਿ = ਸਫਲਤਾ। ਚਲੈ = ਤੁਰਦਾ ਹੈ।1।

ਪਰਮਾਤਮਾ ਦਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ, ਪਰਮਾਤਮਾ ਮੈਨੂੰ ਮਨ ਵਿਚ ਪਿਆਰਾ ਲੱਗ ਰਿਹਾ ਹੈ। ਵੱਡੇ ਭਾਗਾਂ ਨਾਲ (ਹੀ) ਮੈਂ ਪਰਮਾਤਮਾ ਦਾ ਨਾਮ ਸਿਮਰਿਆ ਹੈ। ਪਰਮਾਤਮਾ ਦਾ ਨਾਮ ਸਿਮਰਨ ਦੀ ਇਹ ਸਫਲਤਾ ਮੈਂ ਪੂਰੇ ਗੁਰੂ ਦੀ ਰਾਹੀਂ ਹਾਸਲ ਕੀਤੀ ਹੈ (ਜਿਸ ਉਤੇ ਗੁਰੂ ਦੀ ਮਿਹਰ ਹੋਵੇ, ਉਸ ਨੂੰ ਇਹ ਦਾਤਿ ਮਿਲਦੀ ਹੈ) ਕੋਈ ਵਿਰਲਾ (ਵਡਭਾਗੀ) ਗੁਰੂ ਦੀ ਮਤਿ ਉਤੇ ਤੁਰਦਾ ਹੈ (ਤੇ ਨਾਮ ਸਿਮਰਦਾ ਹੈ) ।1।

ਮੈ ਹਰਿ ਹਰਿ ਖਰਚੁ ਲਇਆ ਬੰਨਿ ਪਲੈ ॥ ਮੇਰਾ ਪ੍ਰਾਣ ਸਖਾਈ ਸਦਾ ਨਾਲਿ ਚਲੈ ॥ ਗੁਰਿ ਪੂਰੈ ਹਰਿ ਨਾਮੁ ਦਿੜਾਇਆ ਹਰਿ ਨਿਹਚਲੁ ਹਰਿ ਧਨੁ ਪਲੈ ਜੀਉ ॥੨॥

ਪ੍ਰਾਣ ਸਖਾਈ = ਜਿੰਦ ਦਾ ਸਾਥੀ। ਗੁਰਿ ਪੂਰੈ = ਪੂਰੇ ਗੁਰੂ ਨੇ। ਨਿਹਚਲੁ = ਸਦਾ ਟਿਕੇ ਰਹਿਣ ਵਾਲਾ। ਪਲੈ = ਮੇਰੇ ਪੱਲੇ ਵਿਚ, ਮੇਰੇ ਪਾਸ।2।

(ਪੂਰੇ ਗੁਰੂ ਦੀ ਮਿਹਰ ਨਾਲ) ਮੈਂ ਪਰਮਾਤਮਾ ਦਾ ਨਾਮ (ਆਪਣੇ ਜੀਵਨ-ਸਫ਼ਰ ਵਾਸਤੇ) ਖ਼ਰਚ ਪੱਲੇ ਬੰਨ੍ਹ ਲਿਆ ਹੈ। ਇਹ ਹਰਿ-ਨਾਮ ਮੇਰੀ ਜਿੰਦ ਦਾ ਸਾਥੀ ਬਣ ਗਿਆ ਹੈ, (ਹੁਣ ਇਹ) ਸਦਾ ਮੇਰੇ ਨਾਲ ਰਹਿੰਦਾ ਹੈ (ਮੇਰੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ) । ਪੂਰੇ ਗੁਰੂ ਨੇ (ਇਹ) ਹਰਿ-ਨਾਮ (ਮੇਰੇ ਹਿਰਦੇ ਵਿਚ) ਪੱਕਾ ਕਰ ਕੇ ਟਿਕਾ ਦਿੱਤਾ ਹੈ, ਹਰਿ-ਨਾਮ ਧਨ ਮੇਰੇ ਪਾਸ ਹੁਣ ਸਦਾ ਟਿਕੇ ਰਹਿਣ ਵਾਲਾ ਧਨ ਹੋ ਗਿਆ ਹੈ।2।

- Advertisement -

ਹਰਿ ਹਰਿ ਸਜਣੁ ਮੇਰਾ ਪ੍ਰੀਤਮੁ ਰਾਇਆ ॥ ਕੋਈ ਆਣਿ ਮਿਲਾਵੈ ਮੇਰੇ ਪ੍ਰਾਣ ਜੀਵਾਇਆ ॥ ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ ॥੩॥

ਰਾਇਆ = ਪਾਤਿਸ਼ਾਹ। ਆਣਿ = ਲਿਆ ਕੇ। ਪ੍ਰਾਣ ਜੀਵਾਇਆ = ਜਿੰਦ ਦੇਣ ਵਾਲਾ, ਆਤਮਕ ਜੀਵਨ ਦੇਣ ਵਾਲਾ। ਹਉ = ਮੈਂ। ਪ੍ਰੀਤਮ = ਹੇ ਪ੍ਰੀਤਮ! ਨੀਰੁ = ਪਾਣੀ, ਅੱਖਾਂ ਵਿਚੋਂ ਪਾਣੀ। ਵਹੇ ਵਹਿ ਚਲੈ = ਵਗਦਾ ਜਾ ਰਿਹਾ ਹੈ।3।

ਪਰਮਾਤਮਾ (ਹੀ) ਮੇਰਾ (ਅਸਲ) ਸੱਜਣ ਹੈ, ਪਰਮਾਤਮਾ ਹੀ ਮੇਰਾ ਪ੍ਰੀਤਮ ਪਾਤਿਸ਼ਾਹ ਹੈ, ਮੈਨੂੰ ਆਤਮਕ ਜੀਵਨ ਦੇਣ ਵਾਲਾ ਹੈ। (ਮੇਰੀ ਹਰ ਵੇਲੇ ਤਾਂਘ ਹੈ ਕਿ) ਕੋਈ (ਗੁਰਮੁਖ ਉਹ ਪ੍ਰੀਤਮ) ਲਿਆ ਕੇ ਮੈਨੂੰ ਮਿਲਾ ਦੇਵੇ। ਹੇ ਮੇਰੇ ਪ੍ਰੀਤਮ ਪ੍ਰਭੂ! ਮੈਂ ਤੇਰਾ ਦਰਸ਼ਨ ਕਰਨ ਤੋਂ ਬਿਨਾ ਰਹਿ ਨਹੀਂ ਸਕਦਾ (ਤੇਰੇ ਵਿਛੋੜੇ ਵਿਚ ਮੇਰੀਆਂ ਅੱਖਾਂ ਵਿਚੋਂ ਬਿਰਹੋਂ ਦਾ) ਪਾਣੀ ਇਕ-ਸਾਰ ਚੱਲ ਪੈਂਦਾ ਹੈ।3।

ਸਤਿਗੁਰੁ ਮਿਤ੍ਰੁ ਮੇਰਾ ਬਾਲ ਸਖਾਈ ॥ ਹਉ ਰਹਿ ਨ ਸਕਾ ਬਿਨੁ ਦੇਖੇ ਮੇਰੀ ਮਾਈ ॥ ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਜਨ ਨਾਨਕ ਹਰਿ ਧਨੁ ਪਲੈ ਜੀਉ ॥੪॥੧॥ 

ਬਾਲ ਸਖਾਈ = ਬਾਲ-ਉਮਰ ਦਾ ਸਾਥੀ, ਬਚਪਨ ਦਾ ਸਾਥੀ। ਮਾਇ = ਹੇ ਮਾਂ! ਹਰਿ ਜੀਉ = ਹੇ ਹਰਿ ਜੀ! ਕਰਹੁ = ਕਰਦੇ ਹੋ। ਮੇਲਹੁ = ਤੁਸੀਂ ਮੇਲਦੇ ਹੋ।4।

ਹੇ ਮੇਰੀ ਮਾਂ! ਗੁਰੂ ਮੇਰਾ (ਅਜੇਹਾ) ਮਿਤ੍ਰ ਹੈ (ਜਿਵੇਂ) ਬਚਪਨ ਦਾ ਸਾਥੀ ਹੈ। ਮੈਂ ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਰਹਿ ਨਹੀਂ ਸਕਦਾ (ਮੈਨੂੰ ਧੀਰਜ ਨਹੀਂ ਆਉਂਦੀ) । ਹੇ ਦਾਸ ਨਾਨਕ! (ਆਖ–) ਹੇ ਪ੍ਰਭੂ ਜੀ! ਜਿਸ ਉਤੇ ਤੁਸੀ ਕਿਰਪਾ ਕਰਦੇ ਹੋ, ਉਸ ਨੂੰ ਗੁਰੂ ਮਿਲਾਂਦੇ ਹੋ, ਤੇ ਉਸ ਦੇ ਪੱਲੇ ਹਰਿ-ਨਾਮ ਧਨ ਇਕੱਠਾ ਹੋ ਜਾਂਦਾ ਹੈ।4।1।

ਗੁਰੂ ਦੀ ਕ੍ਰਿਪਾ ਨਾਲ ਜਿਸ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਨੂੰ ਫਿਰ ਪ੍ਰਮਾਤਮਾ ਦਾ ਨਾਮ ਹੀ ਚੰਗਾ ਲੱਗਦਾ ਹੈ। ਇਸੇ ਨਾਮ ਧਨ ਨਾਲ ਉਹ ਫਿਰ ਆਪਣੇ ਜੀਵਨ ਸਫ਼ਰ ਨੂੰ ਸੁਹਾਵਣਾ ਬਣਾ ਲੈਂਦਾ ਹੈ। ਪ੍ਰਭੂ ਦਾ ਨਾਮ ਉਸ ਦਾ ਅਜਿਹਾ ਦੋਸਤ ਬਣਦਾ ਹੈ ਜੋ ਹਮੇਸ਼ਾਂ ਸਾਥ ਨਿਭਾਉਂਦਾ ਹੈ। ਜਿਸ ਮਨੁੱਖ ਨੇ ਗੁਰੂ ਕ੍ਰਿਪਾ ਸਦਕਾ ਉਸ ਅਕਾਲ ਪੁਰਖ ਦਾ ਨਾਮ ਪਾ ਲਿਆ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਉਸ ਦਾ ਅਸਲ ਸੱਜਣ ਮਿੱਤਰ ਕੋਣ ਹੈ। ਉਸ ਨੂੰ ਆਪਣੇ ਜੀਵਨ ਦੇ ਅਸਲ ਨਿਸ਼ਾਨੇ ਪਤਾ ਲੱਗ ਜਾਂਦਾ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਸੁਝਾਅ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।

*gurdevsinghdr@gmail.com

Share this Article
Leave a comment