ਸ਼ਬਦ ਕੀਰਤਨ ਚੌਕੀ ਪਰੰਪਰਾ ਅਧੀਨ ਜੈਤਸਰੀ ਰਾਗ ਨੂੰ ‘ਚਰਨ ਕਮਲ ਦੀ ਤੀਜੀ ਚੌਕੀ’ ਉਪਰਾਂਤ ਚੌਥੇ ਪਹਿਰ ਵਿਚ ‘ਸੋਦਰੁ ਦੀ ਪਹਿਲੀ ਚੌਕੀ’ ਅਤੇ ‘ਸੋਦਰੁ ਦੀ ਦੂਸਰੀ ਚੌਕੀ’ ਵਿਚ ਗਾਇਨ ਕੀਤਾ ਜਾਂਦਾ ਹੈ। ਉਪਰੰਤ ਆਸਾ ‘ਤੇ ਅਧਾਰਿਤ ਸ਼ਬਦ ਦਾ ਗਾਇਨ ਕਰਕੇ ਜਾਂ ਫਿਰ ਸਿੱਧੇ ਹੀ ਰਾਗ ਆਸਾ ਵਿਚ ਮਹਲਾ 4 ਛੰਤ ਹਰਿ ਜੁਗੁ ਜੁਗੁ ਭਗਤ ਉਪਾਇਆ, ਸਲੋਕ ਦੁਖੁ ਦਾਰੂ ਸੁਖੁ ਰੋਗੁ ਭਇਆ ਅਤੇ ਸੋਦਰੁ ਦੀ ਪਉੜੀ ਦਾ ਗਾਇਨ ਪਉੜੀ ਤਾਲ ਵਿਚ ਕੀਤਾ ਜਾਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ 11
ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਦਾ ਗਿਆਰਵਾਂ ਰਾਗ ‘ਜੈਤਸਰੀ’
* ਡਾ. ਗੁਰਨਾਮ ਸਿੰਘ
ਗੁਰਮਤਿ ਸੰਗੀਤ ਪਰੰਪਰਾ ਦੇ ਅੰਤਰਗਤ ਰਾਗ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਰਾਗ ਦੀਆਂ ਸੁੰਦਰ ਸੁਰਾਵਲੀਆਂ ‘ਤੇ ਸਵਾਰ ਹੋ ਕੇ ਬਾਣੀ ਸਰਬ ਲੋਕਾਈ ਤੱਕ ਸੰਚਰਿਤ ਹੋ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਪ੍ਰਬੰਧ ਅਧੀਨ ਰਾਗ ਜੈਤਸਰੀ ਗਿਆਰਵੇਂ ਸਥਾਨ ਉਤੇ ਦਰਜ ਹੈ।
ਜੈਤਸਰੀ ਰਾਗ ਨੂੰ ਗੁਰੁ ਗਿਰਾਰਥ ਕੋਸ਼ ਵਿਚ ਦੇਸੀ, ਟੋਡੀ ਅਤੇ ਬਿਭਾਸ ਦੇ ਸੁਮੇਲ ਤੋਂ ਉਤਪੰਨ ਮੰਨਿਆ ਗਿਆ ਹੈ। ਸਮਕਾਲੀ ਭਾਰਤੀ ਰਾਗ ਪਰੰਪਰਾ ਵਿਚ ਇਸ ਰਾਗ ਦਾ ਉਲੇਖ ਰਾਗ ਕੋਸ਼ ਅਤੇ ਰਾਗ ਵਿਆਕਰਣ ਵਿਚ ਉਪਲਬਧ ਹੈ। ਸੰਗੀਤ ਗ੍ਰੰਥਾਂ ਵਿਚ ਇਸ ਨੂੰ ਕਈ ਨਾਵਾਂ ਨਾਲ ਲਿਖਿਆ ਗਿਆ ਹੈ ਜਿਵੇਂ ਜੈਤਸ੍ਰੀ, ਜੇਤਾਸ੍ਰੀ, ਜਯਸ੍ਰੀ, ਜਯੰਤ ਸ੍ਰੀ, ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਨੂੰ ਜੈਤਸਰੀ ਸ਼ਬਦ ਜੋੜ ਨਾਲ ਹੀ ਅੰਕਿਤ ਕੀਤਾ ਗਿਆ ਹੈ। ਭਾਰਤੀ ਸੰਗੀਤ ਵਿਚ ਰਾਗ-ਰਾਗਣੀ ਪੱਧਤੀ ਨਾਲ ਸਬੰਧਤ ਕਈ ਗ੍ਰੰਥਕਾਰਾਂ ਨੇ ਇਸ ਨੂੰ ਕਿਸੇ ਨਾ ਕਿਸੇ ਰਾਗ ਦੀ ਰਾਗਣੀ ਮੰਨਿਆ ਹੈ। ਮੁਹੰਮਦ ਰਜ਼ਾ ਨੇ ਆਪਣੇ ਗ੍ਰੰਥ ‘ਨਗਮਾਤੇ ਆਸਫੀ’ ਵਿਚ ਜੈਤਸਰੀ ਨੂੰ ਸ੍ਰੀ ਰਾਗ ਦੀ ਰਾਗਣੀ, ਪੰਨਾ ਲਾਲ ਗੋਸੁਆਮੀ ਨੇ ਆਪਣੇ ਗ੍ਰੰਥ ‘ਨਾਦ ਬਿਨੋਦ’ ਵਿਚ ਇਸ ਨੂੰ ਦੀਪਕ ਰਾਗ ਦੀ ਰਾਗਣੀ, ‘ਬੁੱਧ ਪ੍ਰਕਾਸ਼ ਗ੍ਰੰਥ’ ਦੇ ਲੇਖਕ ਨੇ ਇਸ ਨੂੰ ਮਾਲਕੌਂਸ ਦੀ ਨੂੰਹ ਅਤੇ ਰਾਧਾ ਗੋਬਿੰਦ ਸੰਗੀਤਸਾਰ ਦੇ ਰਚਨਹਾਰ ਨੇ ਇਸ ਰਾਗ ਨੂੰ ਦੇਸ਼ਕਾਰ ਰਾਗ ਦੀ ਰਾਗਣੀ ਮੰਨਿਆ ਹੈ। ਗੁਰੂ ਸਾਹਿਬਾਨ ਨੇ ਰਾਗ-ਰਾਗਣੀ ਲੇਖਣ ਦੀ ਬਜਾਏ ਸਾਰੇ ਰਾਗਾਂ ਨੂੰ ‘ਰਾਗ’ ਵਜੋਂ ਅੰਕਿਤ ਕੀਤਾ ਹੈ।
ਜੈਤਸਰੀ ਰਾਗ ਦੇ ਅੰਤਰਗਤ ਗੁਰੂ ਰਾਮਦਾਸ ਜੀ ਦੇ ਗਿਆਰਾਂ ਪਦੇ; ਗੁਰੂ ਅਰਜਨ ਦੇਵ ਜੀ ਦੇ ਚੌਦਾਂ ਪਦੇ, ਤਿੰਨ ਛੰਤ ਤੇ ਇਕ ਵਾਰ; ਗੁਰੂ ਤੇਗ ਬਹਾਦਰ ਜੀ ਦੇ ਤਿੰਨ ਪਦੇ ਬਾਣੀ ਰਚਨਾਵਾਂ ਅੰਕਿਤ ਹਨ। ਇਸ ਤੋਂ ਇਲਾਵਾ ਭਗਤ ਰਵਿਦਾਸ ਜੀ ਦਾ ਇਕ ਪਦ ਬਾਣੀ ਰਚਨਾ ਵੀ ਇਸ ਰਾਗ ਵਿਚ ਦਰਜ ਹੈ।
ਜੈਤਸਰੀ ਰਾਗ ਦੇ ਸਰੂਪ ਬਾਰੇ ਵੀ ਵਿਦਵਾਨਾਂ ਵਿਚ ਵਖਰੇਵਾਂ ਪਾਇਆ ਜਾਂਦਾ ਹੈ। ਕੁਝ ਵਿਦਵਾਨ ਇਸ ਰਾਗ ਨੂੰ ਮਾਰਵਾ ਥਾਟ ਦੇ ਅੰਤਰਗਤ ਅਤੇ ਕੁਝ ਪੂਰਵੀ ਥਾਟ ਦਾ ਜੈਤਸਰੀ ਮੰਨਦੇ ਹਨ। ‘ਰਾਗ ਵਿਸ਼ਾਰਦ’ ਅਨੁਸਾਰ ਭਾਰਤੀ ਸੰਗੀਤ ਦੇ ਵਿਦਵਾਨ ਹਿਰਦੈ
ਪ੍ਰਕਾਸ਼ ਦੁਆਰਾ ਰਚਿਤ ਗ੍ਰੰਥ ‘ਹਿਰਦੇ ਕੌਤਿਕ’ ਵਿਚ ਜੇਤਾਸ੍ਰੀ ਰਾਗ ਭੈਰਵ ਥਾਟ ਅਧੀਨ ਦਸਿਆ ਗਿਆ ਹੈ। ਕੁਝ ਵਿਦਵਾਨ ਪੂਰਵੀ ਥਾਟ ਦੇ ਅੰਤਰਗਤ ਹੀ ਧੈਵਤ ਰਹਿਤ ਜੈਤਸਰੀ ਨੂੰ ਮੰਨਦੇ ਹਨ। ਆਧੁਨਿਕ ਸਮੇਂ ਵਿਚ ਜੈਤਸਰੀ ਦੇ ਅਨੁਸਾਰ ਇਸ ਵਿਚ ਰਿਸ਼ਭ, ਧੈਵਤ ਕੋਮਲ, ਮਧਿਅਮ ਤੀਵਰ ਅਤੇ ਬਾਕੀ ਸਾਰੇ ਸ਼ੁੱਧ ਸੁਰ ਵਰਤੇ ਜਾਂਦੇ ਹਨ। ਆਰੋਹ ਵਿਚ ਰਿਸ਼ਭ ਧੈਵਤ ਵਰਜਿਤ ਕਰਨ ਦੀ ਪ੍ਰਥਾ ਹੈ। ਇਸ ਰਾਗ ਵਿਚ ਵਾਦੀ ਸੁਰ ਗੰਧਾਰ ਅਤੇ ਸੰਵਾਦੀ ਨਿਸ਼ਾਦ ਨੂੰ ਮੰਨਿਆ ਗਿਆ ਹੈ। ਕੁਝ ਵਿਦਵਾਨ ਇਸ ਦਾ ਵਾਦੀ ਪੰਚਮ ਅਤੇ ਸੰਵਾਦੀ ਸ਼ੜਜ ਵੀ ਮੰਨਦੇ ਹਨ। ਇਸ ਦੀ ਜਾਤੀ ਔੜਵ-ਸੰਪੂਰਨ ਮੰਨੀ ਗਈ ਹੈ। ਇਸ ਦਾ ਗਾਇਨ ਸਮਾਂ ਸ਼ਾਮ ਦਾ ਹੈ। ਇਸ ਦਾ ਆਰੋਹ : ਸ਼ੜਜ ਗੰਧਾਰ, ਮਧਿਅਮ (ਤੀਵਰ) ਪੰਚਮ, ਨਿਸ਼ਾਦ ਸ਼ੜਜ (ਤਾਰ ਸਪਤਕ); ਅਵਰੋਹ : ਸ਼ੜਜ (ਤਾਰ ਸਪਤਕ) ਨਿਸ਼ਾਦ ਧੈਵਤ (ਕੋਮਲ) ਪੰਚਮ, ਮਧਿਅਮ (ਤੀਵਰ) ਗੰਧਾਰ, ਰਿਸ਼ਭ (ਕੋਮਲ) ਸ਼ੜਜ ਅਤੇ ਮੁੱਖ ਅੰਗ : ਸ਼ੜਜ, ਗੰਧਾਰ, ਪੰਚਮ, ਮਧਿਅਮ (ਤੀਵਰ) ਧੈਵਤ (ਕੋਮਲ) ਪੰਚਮ, ਮਧਿਅਮ (ਤੀਵਰ) ਗੰਧਾਰ, ਮਧਿਅਮ (ਤੀਵਰ) ਗੰਧਾਰ, ਰਿਸ਼ਭ (ਕੋਮਲ) ਸ਼ੜਜ ਹੈ।
ਸ਼ਬਦ ਕੀਰਤਨ ਚੌਕੀ ਪਰੰਪਰਾ ਅਧੀਨ ਇਸੇ ਰਾਗ ਨੂੰ ‘ਚਰਨ ਕਮਲ ਦੀ ਤੀਜੀ ਚੌਕੀ’ ਉਪਰਾਂਤ ਚੌਥੇ ਪਹਿਰ ਵਿਚ ‘ਸੋਦਰੁ ਦੀ ਪਹਿਲੀ ਚੌਕੀ’ ਅਤੇ ‘ਸੋਦਰੁ ਦੀ ਦੂਸਰੀ ਚੌਕੀ’ ਵਿਚ ਗਾਇਨ ਕੀਤਾ ਜਾਂਦਾ ਹੈ। ਉਪਰੰਤ ਆਸਾ ‘ਤੇ ਅਧਾਰਿਤ ਸ਼ਬਦ ਦਾ ਗਾਇਨ ਕਰਕੇ ਜਾਂ ਫਿਰ ਸਿੱਧੇ ਹੀ ਰਾਗ ਆਸਾ ਵਿਚ ਮਹਲਾ 4 ਛੰਤ ਹਰਿ ਜੁਗੁ ਜੁਗੁ ਭਗਤ ਉਪਾਇਆ, ਸਲੋਕ ਦੁਖੁ ਦਾਰੂ ਸੁਖੁ ਰੋਗੁ ਭਇਆ ਅਤੇ ਸੋਦਰੁ ਦੀ ਪਉੜੀ ਦਾ ਗਾਇਨ ਪਉੜੀ ਤਾਲ ਵਿਚ ਕੀਤਾ ਜਾਂਦਾ ਹੈ।
ਜੈਤਸਰੀ ਰਾਗ ਦੇ ਅਧੀਨ ਸ੍ਰ. ਗਿਆਨ ਸਿੰਘ ਐਬਟਾਬਾਦ, ਪ੍ਰੋ. ਤਾਰਾ ਸਿੰਘ, ਭਾਈ ਅਵਤਾਰ ਸਿੰਘ – ਗੁਰਚਰਨ ਸਿੰਘ, ਸੰਤ ਸਰਵਣ ਸਿੰਘ ਗੰਧਰਵ, ਪ੍ਰਿੰ. ਦਿਆਲ ਸਿੰਘ, ਡਾ. ਜਾਗੀਰ ਸਿੰਘ, ਪ੍ਰੋ. ਕਰਤਾਰ ਸਿੰਘ, ਡਾ. ਗੁਰਨਾਮ ਸਿੰਘ, ਪ੍ਰੋ. ਪਰਮਜੋਤ ਸਿੰਘ, ਪ੍ਰੋ. ਹਰਮਿੰਦਰ ਸਿੰਘ, ਆਦਿ ਪ੍ਰਮੁੱਖ ਰਚਨਾਕਾਰਾਂ ਦੀਆਂ ਸੁਰਲਿਪੀ ਬੱਧ ਰਚਨਾਵਾਂ ਮਿਲਦੀਆਂ ਹਨ।
ਰਾਗ ਜੈਤਸਰੀ ਨੂੰ ਰਾਗੀ ਭਾਈ ਬਲਬੀਰ ਸਿੰਘ, ਭਾਈ ਧਰਮ ਸਿੰਘ ‘ਜਖਮੀ’, ਪ੍ਰੋ. ਕਰਤਾਰ ਸਿੰਘ, ਡਾ. ਗੁਰਨਾਮ ਸਿੰਘ, ਡਾ. ਨਿਵੇਦਿਤਾ ਸਿੰਘ, ਪ੍ਰੋ. ਪਰਮਜੋਤ ਸਿੰਘ, ਪ੍ਰੋ. ਕੁਲਵੰਤ ਸਿੰਘ ਚੰਦਨ, ਭਾਈ ਨਰਿੰਦਰ ਸਿੰਘ, ਭਾਈ ਮੋਹਿੰਦਰ ਸਿੰਘ ਸਾਗਰ ਅਤੇ ਬੀਬੀ ਗੁਰਪ੍ਰੀਤ ਕੌਰ-ਕੀਰਤ ਕੌਰ ਆਦਿ ਕੀਰਤਨਕਾਰਾਂ ਨੇ ਬਾਖੂਬੀ ਗਾਇਆ ਹੈ ਜਿਨ੍ਹਾਂ ਨੂੰ www.gurmatsangeetpup.com, www.sikh-relics.com, www.vismaadnaad.org ਵੈਬਸਾਈਟਸ ਤੇ ਸੁਣ ਸਕਦੇ ਹਾਂ।