ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 27 ਵਾਂ ਰਾਗ ਮਲਾਰ-ਗੁਰਨਾਮ ਸਿੰਘ (ਡਾ.)

TeamGlobalPunjab
8 Min Read

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ-25

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 27ਵਾਂ ਰਾਗ ਮਲਾਰ

* ਡਾ. ਗੁਰਨਾਮ ਸਿੰਘ

ਭਾਰਤੀ ਸੰਗੀਤ ਅਤੇ ਗੁਰਮਤਿ ਵਿਚ ਮਲਾਰ ਅਤਿਅੰਤ ਪ੍ਰਚਲਿਤ ਰਾਗ ਹੈ। ਸੰਗੀਤ ਜਗਤ ਵਿਚ ਹੀ ਨਹੀਂ ਇਹ ਜਨ ਸਾਧਾਰਨ ਵਿਚ ਵੀ ਓਨਾ ਹੀ ਪ੍ਰਸਿੱਧ ਹੈ। ਇਹ ਇਕ ਰਿਤੁਕਾਲੀਨ ਰਾਗ ਹੈ ਜਿਸ ਦਾ ਵਰਣਨ ਭਾਰਤੀ ਸੰਗੀਤ ਦੇ ਗ੍ਰੰਥਾਂ ਵਿਚ ਵੀ ਮਿਲਦਾ ਹੈ। ਭਾਰਤੀ ਸੰਗੀਤ ਵਿਚ ਇਸ ਨੂੰ ਮਲਾਰ ਜਾਂ ਮਲਹਾਰ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਕੁਝ ਵਿਦਵਾਨਾਂ ਦੇ ਵਿਚਾਰ ਅਨੁਸਾਰ ਮਲਾਰ ਮਲਰੂਹ ਦਾ ਅਪਭ੍ਰੰਸ਼ ਰੂਪ ਹੈ। ਪ੍ਰਾਚੀਨ ਅਤੇ ਮੱਧਕਾਲੀਨ ਗ੍ਰੰਥਕਾਰਾਂ ਨੇ ਇਸ ਰਾਗ ਦਾ ਜ਼ਿਕਰ ਆਪਣੇ ਗ੍ਰੰਥਾਂ ਵਿਚ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਲਾਰ ਰਾਗ ਨੂੰ ਮੁੱਖ ਰਾਗਾਂ ਦੀ ਲੜੀ ਅਧੀਨ ਸਤਾਈਵਾਂ ਸਥਾਨ ਪ੍ਰਾਪਤ ਹੈ। ਇਸ ਦਾ ਆਰੰਭ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੨੫੪ ਤੋਂ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਸ ਰਾਗ ਦੀ ਮਹਿਮਾ ਕਰਦੇ ਹੋਏ ਤੀਸਰੇ ਗੁਰੂ ਅਮਰਦਾਸ ਜੀ ਇੰਝ ਫੁਰਮਾਨ ਕਰਦੇ ਹਨ:

– ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੨੮੩)

- Advertisement -

ਗੁਰੂ ਕਾਲ ਦੇ ਸਮਕਾਲੀ ਭਾਰਤੀ ਸੰਗੀਤ ਗ੍ਰੰਥਾਂ ਵਿਚੋਂ ‘ਸੰਗੀਤ ਰਤਨਾਕਰ’ ਵਿਚ ਇਸ ਰਾਗ ਨੂੰ ਰਾਗਾਂਗ ਰਾਗ ਸਵੀਕਾਰਿਆ ਗਿਆ ਹੈ। ਇਸ ਦੇ ਅੰਗ ਮਿਸ਼ਰਣ ਨਾਲ ਕਈ ਰਾਗ ਰੂਪ ਪ੍ਰਚਾਰ ਅਧੀਨ ਹਨ ਜਿਵੇਂ ‘ਗੌਂਡ ਮਲਾਰ’, ‘ਨਟ ਮਲਾਰ’, ‘ਰਾਮਦਾਸੀ ਮਲਾਰ’ ਆਦਿ। ਮਲਾਰ ਰਾਗ ਦੇ ਨਾਦਾਤਮਕ ਸਰੂਪ ਸਬੰਧੀ ਵਿਦਵਾਨਾਂ ਵਿਚ ਵਿਿਭੰਨਤਾ ਪਾਈ ਜਾਂਦੀ ਹੈ।

ਗੁਰਮਤਿ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਮਲਾਰ ਰਾਗ ਖਮਾਜ ਥਾਟ ਤੋਂ ਉਤਪੰਨ ਹੋਇਆ ਰਾਗ ਹੈ। ਇਸ ਵਿਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਇਸ ਦਾ ਵਾਦੀ ਸੁਰ ਮਧਿਅਮ ਅਤੇ ਸੰਵਾਦੀ ਸੁਰ ਸ਼ੜਜ ਹੈ। ਇਸ ਦਾ ਗਾਇਨ ਸਮਾਂ ਵਰਖਾ ਰੁੱਤ ਵਿਚ ਹਰ ਸਮੇਂ ਅਤੇ ਰਾਤ ਹੈ। ਇਸ ਦਾ ਆਰੋਹ ਸ਼ੜਜ ਰਿਸ਼ਭ ਮਧਿਅਮ ਪੰਚਮ ਧੈਵਤ ਰਿਸ਼ਭ (ਤਾਰ ਸਪਤਕ) ਸ਼ੜਜ (ਤਾਰ ਸਪਤਕ) ਅਤੇ ਅਵਰੋਹ ਸ਼ੜਜ (ਤਾਰ ਸਪਤਕ) ਧੈਵਤ ਪੰਚਮ ਮਧਿਅਮ ਰਿਸ਼ਭ ਸ਼ੜਜ ਮੰਨਿਆ ਹੈ।

ਦੂਸਰੇ ਮੱਤ ਅਨੁਸਾਰ ਵਿਦਵਾਨਾਂ ਨੇ ਇਸ ਦੀ ਉਤਪਤੀ ਬਿਲਾਵਲ ਥਾਟ ਤੋਂ ਮੰਨੀ ਹੈ। ਇਸ ਵਿਚ ਗੰਧਾਰ ਅਤੇ ਨਿਸ਼ਾਦ ਸੁਰਾਂ ਨੂੰ ਵਰਜਿਤ ਕੀਤਾ ਗਿਆ ਹੈ। ਇਹਨਾਂ ਨੇ ਵੀ ਵਾਦੀ-ਸੰਵਾਦੀ- ਮਧਿਅਮ-ਸ਼ੜਜ਼ ਨੂੰ ਹੀ ਮੰਨਿਆ ਹੈ। ਇਸ ਰਾਗ ਦੇ ਪੂਰਵਾਂਗ ਵਿਚ ਸ਼ੜਜ ਰਿਸ਼ਭ ਮਧਿਅਮ ਅਤੇ ਉਤਰਾਂਗ ਵਿਚ ਮਧਿਅਮ ਪੰਚਮ ਧੈਵਤ ਸ਼ੜਜ (ਤਾਰ ਸਪਤਕ) ਧੈਵਤ ਪੰਚਮ ਸੁਰ ਸੰਗਤੀਆਂ ਅਤਿਅੰਤ ਮਹੱਤਵਪੂਰਨ ਹਨ। ਇਸ ਤੋਂ ਬਿਨਾਂ ਰਿਸ਼ਭ ਪੰਚਮ ਦੀ ਸੁਰ ਸੰਗਤੀ ਇਸ ਰਾਗ ਦੀ ਪ੍ਰਾਣ ਹੈ। ਇਹ ਰਾਗ ਭਾਵੇਂ ਵਰਖਾ ਰੁੱਤ ਵਿਚ ਹਰ ਸਮੇਂ ਗਾਇਆ ਵਜਾਇਆ ਜਾਂਦਾ ਹੈ ਪਰੰਤੂ ਵਿਦਵਾਨਾਂ ਨੇ ਇਸ ਦਾ ਗਾਇਨ ਸਮਾਂ ਰਾਤ ਦਾ ਦੂਜਾ ਪਹਿਰ ਨਿਰਧਾਰਿਤ ਕੀਤਾ ਹੈ।

ਰਾਗ ਮਲਾਰ ਦੇ ਸਰੂਪ ਸਬੰਧੀ ਤੀਸਰੇ ਮੱਤ ਅਨੁਸਾਰ ਵਿਦਵਾਨਾਂ ਨੇ ਇਸ ਨੂੰ ਕਾਫ਼ੀ ਥਾਟ ਦੇ ਅੰਤਰਗਤ ਰੱਖਿਆ ਹੈ। ਇਸ ਵਿਚ ਦੋਵੇਂ ਨਿਸ਼ਾਦ ਵਰਤੇ ਗਏ ਹਨ। ਇਸ ਰਾਗ ਦਾ ਵਾਦੀ ਸੁਰ ਇਸ ਮਤ ਦੇ ਧਾਰਨੀ ਵਿਦਵਾਨਾਂ ਨੇ ਸ਼ੜਜ ਅਤੇ ਸੰਵਾਦੀ ਸੁਰ ਪੰਚਮ ਮੰਨਿਆ ਹੈ। ਇਸ ਦਾ ਗਾਇਨ ਸਮਾਂ ਰਾਤ ਦਾ ਤੀਸਰਾ ਪਹਿਰ ਅਤੇ ਬਰਸਾਤ ਦੀ ਰੁੱਤ ਵਿਚ ਹਰ ਸਮੇਂ ਦਾ ਮੰਨਿਆ ਗਿਆ ਹੈ। ਇਸ ਦਾ ਆਰੋਹ ਸ਼ੜਜ, ਰਿਸ਼ਭ ਮਧਿਅਮ, ਰਿਸ਼ਭ ਪੰਚਮ, ਮਧਿਅਮ ਪੰਚਮ ਨਿਸ਼ਾਦ (ਕੋਮਲ) ਨਿਸ਼ਾਦ ਸ਼ੜਜ (ਤਾਰ ਸਪਤਕ) ਅਤੇ ਅਵਰੋਹ ਸ਼ੜਜ (ਤਾਰ ਸਪਤਕ) ਨਿਸ਼ਾਦ (ਕੋਮਲ) ਪੰਚਮ, ਨਿਸ਼ਾਦ (ਕੋਮਲ) ਪੰਚਮ, ਮਧਿਅਮ ਪੰਚਮ, ਮਧਿਅਮ ਮਧਿਅਮ, ਮਧਿਅਮ ਰਿਸ਼ਭ ਸ਼ੜਜ ਮੰਨਿਆ ਹੈ।

ਗੁਰਮਤਿ ਸੰਗੀਤ ਪਰੰਪਰਾ ਵਿਚ ਇਸ ਦਾ ਸਰਵਪ੍ਰਮਾਣਿਤ ਸਰੂਪ ਮੰਨਿਆ ਗਿਆ ਹੈ। ਇਸ ਰਾਗ ਵਿਚ ਦੋਵੇਂ ਨਿਸ਼ਾਦ ਅਤੇ ਬਾਕੀ ਸੁਰ ਸ਼ੁੱਧ ਲਗਦੇ ਹਨ। ਇਸ ਦੀ ਜਾਤੀ ਸੰਪੂਰਨ-ਸੰਪੂਰਨ ਹੈ। ਇਸ ਦਾ ਵਾਦੀ ਸੁਰ ਮਧਿਅਮ ਅਤੇ ਸੰਵਾਦੀ ਸੁਰ ਸ਼ੜਜ ਹੈ। ਇਸ ਦਾ ਗਾਇਨ ਸਮਾਂ ਰਾਤ ਦਾ ਤੀਸਰਾ ਪਹਿਰ ਅਤੇ ਬਰਸਾਤ ਦੀ ਰੁੱਤ ਵਿਚ ਹਰ ਸਮੇਂ ਦਾ ਹੈ। ਇਸ ਦਾ ਆਰੋਹ ਸ਼ੜਜ, ਰਿਸ਼ਭ ਗੰਧਾਰ ਮਧਿਅਮ, ਮਧਿਅਮ ਰਿਸ਼ਭ ਪੰਚਮ, ਨਿਸ਼ਾਦ(ਕੋਮਲ) ਧੈਵਤ ਨਿਸ਼ਾਦ ਸ਼ੜਜ(ਤਾਰ ਸਪਤਕ) ਅਤੇ ਅਵਰੋਹ ਸ਼ੜਜ(ਤਾਰ ਸਪਤਕ), ਧੈਵਤ ਨਿਸ਼ਾਦ(ਕੋਮਲ) ਪੰਚਮ, ਮਧਿਅਮ ਗੰਧਾਰ ਮਧਿਅਮ ਰਿਸ਼ਭ, ਸ਼ੜਜ ਪ੍ਰਵਾਨ ਕੀਤਾ ਹੈ।

- Advertisement -

ਮਲਾਰ ਇੱਕ ਸ਼ੁਧ ਰਾਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਵਿਧਾਨ ਅਨੁਸਾਰ ਉਹ ਰਾਗ ਜਿਨ੍ਹਾਂ ਵਿਚ ਕਿਸੇ ਹੋਰ ਰਾਗ ਦਾ ਮਿਸ਼ਰਣ ਨਹੀਂ ਅਤੇ ਇਹ ਆਪਣਾ ਸੁਤੰਤਰ, ਸਪਸ਼ਟ ਤੇ ਪ੍ਰਧਾਨ ਸਰੂਪ ਰੱਖਦੇ ਹਨ, ਸ਼ੁੱਧ ਰਾਗ ਵਜੋਂ ਜਾਣੇ ਜਾਂਦੇ ਹਨ। ਬਾਣੀ ਵਿਚ ਇਨ੍ਹਾਂ ਨੂੰ ਮੁੱਖ ਸਿਰਲੇਖ ਵਜੋਂ ਅੰਕਿਤ ਕੀਤਾ ਗਿਆ ਹੈ ਅਤੇ ਇਨ੍ਹਾਂ ਦੇ ਪ੍ਰਕਾਰ ਇਨ੍ਹਾਂ ਮੁੱਖ ਰਾਗ ਸਿਰਲੇਖਾਂ ਅਧੀਨ ਅੰਕਿਤ ਕੀਤੇ ਗਏ ਹਨ।

ਗੁਰਮਤਿ ਸੰਗੀਤ ਪਰੰਪਰਾ ਵਿਚ ਮਲਾਰ ਮੌਸਮੀ ਰਾਗ ਦੇ ਅੰਤਰਗਤ ਪ੍ਰਯੋਗ ਹੋਇਆ ਹੈ। ਇਸ ਰਾਗ ਵਿਚ ਰਚਿਤ ਬਾਣੀ ਵਿਚ ਗੁਰੂ ਸਾਹਿਬ ਵਰਖਾ ਰੁੱਤ ਸਮੇਂ ਪ੍ਰਕਿਰਤੀ ਦਾ ਸ਼ਿੰਗਾਰ, ਮਾਨਵ ਮਨ ਦਾ ਉਲਾਸ ਅਤੇ ਪਤੀ-ਪ੍ਰੀਤਮ ਦੇ ਵਿਛੋੜੇ ਦੀ ਅਸਹਿ ਪੀੜਾ ਦਾ ਹਵਾਲਾ ਦਿੰਦਿਆਂ ਆਤਮਾ ਦਾ ਪਰਮਾਤਮਾ ਦੇ ਵਿਛੋੜੇ ਵਿਚਲੀ ਤੜਫ ਨੂੰ ਅਤੇ ਫਿਰ ਉਸ ਦੇ ਮਿਲਣ ਦੀ ਅਵਸਥਾ ਨੂੰ ਬਿਆਨਦਿਆਂ ਇੰਜ ਫੁਰਮਾਉਂਦੇ ਹਨ:

– ਬਬੀਹਾ ਖਿਨੁ ਖਿਨੁ ਬਿਲਲਾਇ॥ ਬਿਨੁ ਪਿਰ ਦੇਖੇ ਨੀਂਦ ਨ ਪਾਇ॥
ਇਹੁ ਵੇਛੋੜਾ ਸਹਿਆ ਨ ਜਾਇ॥ ਸਤਿਗੁਰੁ ਮਿਲੇ ਤਾਂ ਮਿਲੈ ਸੁਭਾਇ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੨੬੨)
– ਬਰਸੈ ਮੇਘੁ ਸਖੀ ਘਰਿ ਪਾਹੁਨ ਆਏ॥
ਮੋਹਿ ਦੀਨ ਕ੍ਰਿਪਾ ਨਿਿਧ ਠਾਕੁਰ ਨਵ ਨਿਿਧ ਨਾਮਿ ਸਮਾਏ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੨੬੬)
– ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾ ਦਰਿ ਸੁਣੀ ਪੁਕਾਰ॥
ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੨੮੫)

ਉਪਰੋਕਤ ਅਨੁਸਾਰ ਮਲਾਰ ਦਾ ਸਮਾਂ ਵੀ ਅੰਮ੍ਰਿਤ ਵੇਲੇ ਰਾਤ ਦਾ ਤੀਸਰਾ ਪਹਿਰ ਹੈ। ਇਸ ਰਾਗ ਵਿਚ ਗੁਰੂ ਨਾਨਕ ਦੇਵ ਜੀ ਦੇ ਨੌ ਪਦੇ, ਪੰਜ ਅਸ਼ਟਪਦੀਆਂ ਅਤੇ ਇਕ ਵਾਰ; ਗੁਰੂ ਅਮਰਦਾਸ ਜੀ ਦੇ ਤੇਰਾਂ ਪਦੇ, ਤਿੰਨ ਅਸਟਪਦੀਆਂ; ਗੁਰੂ ਰਾਮਦਾਸ ਜੀ ਦੇ ਸੱਤ ਪਦੇ, ਦੋ ਪੜਤਾਲਾਂ; ਗੁਰੂ ਅਰਜਨ ਦੇਵ ਜੀ ਦੇ ਬਾਈ ਪਦੇ, ਚਾਰ ਛੰਤ ਅਤੇ ਅੱਠ ਪੜਤਾਲਾਂ ਅੰਕਿਤ ਹਨ। ਗੁਰੂ ਸਾਹਿਬਾਨ ਤੋਂ ਇਲਾਵਾ ਭਗਤ ਨਾਮਦੇਵ ਦੇ ਦੋ ਅਤੇ ਭਗਤ ਰਵਿਦਾਸ ਜੀ ਦੇ ਤਿੰਨ ਪਦੇ ਬਾਣੀ ਰੂਪ ਵੀ ਅੰਕਿਤ ਹਨ। ਬਸੰਤ ਦੀ ਕੀਰਤਨ ਚੌਕੀ ਵਾਂਗ ਹੀ ਗੁਰਮਤਿ ਸੰਗੀਤ ਪਰੰਪਰਾ ਵਿਚ ਸਾਵਣ ਦੇ ਮਹੀਨੇ ਦੌਰਾਨ ਜਿੱਥੇ ਕਿਤੇ ਵੀ ਕੀਰਤਨ ਹੋਵੇ, ਉਸ ਵਿਚ ਰਾਗ ਮਲਾਰ ਤੇ ਮਲਾਰ ਦੇ ਪ੍ਰਕਾਰਾਂ ਵਿਚ ਕੀਰਤਨੀਏ ਕੀਰਤਨ ਕਰਦੇ ਹਨ ਅਤੇ ‘ਮਲਾਰ ਦੀ ਵਾਰ’ ਦੀ ਪਉੜੀ ਦਾ ਗਾਇਨ ਵੀ ਕੀਤਾ ਜਾਂਦਾ ਹੈ। ਮਲਾਰ ਰਾਗ ਵਿਚ ਗੁਰੂ ਰਾਮਦਾਸ ਜੀ ਦੀਆਂ ਦੋ ਅਤੇ ਗੁਰੂ ਅਰਜਨ ਦੇਵ ਜੀ ਦੀਆਂ ਅੱਠ ਪੜਤਾਲਾਂ ਹਨ ਜਿਨ੍ਹਾਂ ਨੂੰ ਗੁਰਮਤਿ ਸੰਗੀਤ ਵਿਚ ਬੜੇ ਉਤਸ਼ਾਹ ਨਾਲ ਗਾਇਆ ਜਾਂਦਾ ਹੈ। ਇਨ੍ਹਾਂ ਪੜਤਾਲਾਂ ਦੀਆਂ ਰਚਨਾਵਾਂ ਪ੍ਰੋ. ਤਾਰਾ ਸਿੰਘ, ਪ੍ਰਿੰ. ਦਿਆਲ ਸਿੰਘ ਆਦਿ ਰਚਨਾਕਾਰਾਂ ਨੇ ਕੀਤੀਆਂ ਹਨ।

ਮਲਾਰ ਰਾਗ ਦੇ ਅਧੀਨ 20ਵੀਂ ਸਦੀ ਦੇ ਪ੍ਰਮੁੱਖ ਰਚਨਾਕਾਰ ਸ੍ਰ. ਗਿਆਨ ਸਿੰਘ ਐਬਟਾਬਾਦ, ਪ੍ਰੋ. ਤਾਰਾ ਸਿੰਘ, ਰਾਗੀ ਜਸਵੰਤ ਸਿੰਘ ਤੀਵਰ, ਸੰਤ ਸਰਵਣ ਸਿੰਘ ਗੰਧਰਵ, ਪ੍ਰਿੰ. ਦਿਆਲ ਸਿੰਘ, ਡਾ. ਜਾਗੀਰ ਸਿੰਘ, ਪ੍ਰੋ. ਕਰਤਾਰ ਸਿੰਘ, ਡਾ. ਗੁਰਨਾਮ ਸਿੰਘ, ਪ੍ਰੋ. ਪਰਮਜੋਤ ਸਿੰਘ, ਪ੍ਰੋ. ਹਰਮਿੰਦਰ ਸਿੰਘ ਆਦਿ ਦੀਆਂ ਸੁਰਲਿਪੀਬੱਧ ਰਚਨਾਵਾਂ ਮਿਲਦੀਆਂ ਹਨ। ਰਾਗ ਮਲਾਰ ਨੂੰ ਗੁਰੂ ਘਰ ਦੇ ਕੀਰਤਨੀਆਂ, ਰਾਗੀਆਂ ਤੇ ਸੰਗੀਤਕਾਰਾਂ ਨੇ ਬਾਖੂਬੀ ਗਾਇਆ ਹੈ ਜਿਨ੍ਹਾਂ ਦੀ ਰਿਕਾਰਡਿੰਗ ਅਸੀਂ ਵੱਖ ਵੱਖ ਵੈਬਸਾਈਟਸ ਤੇ ਸੁਣ ਸਕਦੇ ਹਾਂ।

*drgnam@yahoo.com

Share this Article
Leave a comment