ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 26 ਵਾਂ ਰਾਗ ਬਸੰਤ -ਗੁਰਨਾਮ ਸਿੰਘ (ਡਾ.)

TeamGlobalPunjab
10 Min Read

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ-24

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 26 ਵਾਂ ਰਾਗ ਬਸੰਤ

* ਡਾ. ਗੁਰਨਾਮ ਸਿੰਘ

ਬਸੰਤ ਇਕ ਪੁਰਾਤਨ ਅਤੇ ਪ੍ਰਸਿੱਧ ਰਾਗ ਹੈ। ਪੁਰਾਤਨ ਮੱਧ ਕਾਲੀਨ ਅਤੇ ਆਧੁਨਿਕ ਸੰਗੀਤ ਗ੍ਰੰਥਾਂ ਵਿਚ ਇਸ ਰਾਗ ਦਾ ਉਲੇਖ ਹਰੇਕ ਗ੍ਰੰਥਕਾਰ ਨੇ ਕੀਤਾ ਹੈ।  ਗੁਰਮਤਿ ਸੰਗੀਤ ਪਰੰਪਰਾ ਦਾ ਇਹ ਮਹੱਤਵਪੂਰਣ ਰਾਗ ਹੈ। ਭਾਰਤੀ ਸੰਗੀਤ ਵਿਚ ਇਸ ਰਾਗ ਅਧੀਨ ਅਨੰਦ ਤੇ ਖੇੜੇ ਦੀਆਂ ਬੰਦਿਸ਼ਾਂ ਗਾਈਆਂ ਜਾਂਦੀਆਂ ਹਨ ਪਰ ਗੁਰਮਤਿ ਸੰਗੀਤ ਵਿਚ ਇਸ ਰਾਗ ਅਧੀਨ ਬਸੰਤ ਰੁੱਤ ਦੇ ਖੇੜੇ ਨੂੰ ਅਧਿਆਤਮਕ ਅਨੰਦ ਦੀ ਅਨੁਭੂਤੀ ਵਿਚ ਓਤਪਰੋਤ ਸ਼ਬਦ ਬੰਦਸ਼ਾਂ ਦਾ ਗਾਇਨ ਕਰਕੇ ਦਰਸਾਇਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਕ੍ਰਮ ਵਿਚ ਇਸ ਨੂੰ 25ਵੇਂ ਸਥਾਨ ਪੰਨਾ 1168 ‘ਤੇ ਅੰਕਿਤ ਕੀਤਾ ਗਿਆ ਹੈ। ਇਸ ਰਾਗ ਵਿਚ ਪਉੜੀ ਗਾਇਨ ਦੀ ਪਰੰਪਰਾ ਗੁਰਮਤਿ ਸੰਗੀਤ ਦੀ ਵਿਲੱਖਣਤਾ ਹੈ। ਇਸ ਰਾਗ ਅਧੀਨ ਬਸੰਤ ਰੁੱਤ ਦੇ ਖੇੜੇ ਨੂੰ ਅਧਿਆਤਮਕ ਅਨੰਦ ਦੀ ਅਨੁਭੂਤੀ ਵਿਚ ਸ਼ਬਦ ਬੰਦਸ਼ਾਂ ਦਾ ਗਾਇਨ ਕਰਕੇ ਦਰਸਾਇਆ ਜਾਂਦਾ ਹੈ। ਬਸੰਤ ਰਾਗ ਸਬੰਧੀ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ :

-ਬਨਸਪਤਿ ਮਉਲੀ  ਚੜਿਆ ਬਸੰਤੁ॥(…)  ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1176

- Advertisement -

-ਮਾਹਾ ਮਾਹ ਮੁਮਾਰਖੀ ਚੜਿਆ ਬਸੰਤੁ॥(…) ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1168

ਸਿੱਖ ਕੀਰਤਨ ਪਰੰਪਰਾ ਵਿਚ ਬਸੰਤ ਰੁੱਤ ਵਿਚ ਰਾਗ ਬਸੰਤ ਦੀ ਚੌਕੀ ਦਾ ਗਾਇਨ ਕਰਨ ਦੀ ਵਿਸ਼ੇਸ਼ ਮਰਿਆਦਾ ਹੈ। ਬਸੰਤ ਰੁੱਤ ਵਿਚ ਕੀਰਤਨ ਦੀ ਆਰੰਭਤਾ ਇਸੇ ਰਾਗ ਨਾਲ ਕੀਤੀ ਜਾਂਦੀ ਹੈ। ਕੀਰਤਨ ਦੀ ਸੰਪਨਤਾ ਬਸੰਤ ਦੀ ਪਉੜੀ ਲਗਾ ਕੇ ਕੀਤੀ ਜਾਂਦੀ ਹੈ। ਰੁੱਤਕਾਲੀਨ ਰਾਗ ਹੋਣ ਕਰਕੇ ਰਾਗ ਬਸੰਤ ਦਾ ਗੁਰਮਤਿ ਸੰਗੀਤ ਪਰੰਪਰਾ ਵਿਚ ਮਾਘ ਮਹੀਨੇ ਤੋਂ ਹੋਲੇ ਮਹੱਲੇ ਦੇ ਤਿਉਹਾਰ ਤੱਕ ਗਾਇਨ ਕਰਨ ਦੀ ਰੀਤ ਹੈ। ਜਿਸ ਅਨੁਸਾਰ ਇਸ ਸਮੇਂ ਦੌਰਾਨ ਜਿੱਥੇ ਕਿਤੇ ਵੀ ਕੀਰਤਨ ਹੁੰਦਾ ਹੈ, ਉਸ ਵਿਚ ਬਸੰਤ ਅਤੇ ਬਸੰਤ ਹਿੰਡੋਲ ਦੇ   ਵੱਖ-ਵੱਖ ਰਾਗ ਪ੍ਰਕਾਰਾਂ ਵਿਚ ਗਾਇਨ ਕਰਨਾ ਲਾਜ਼ਮੀ ਮੰਨਿਆ ਜਾਂਦਾ ਹੈ। ਇਸ ਕੀਰਤਨ ਨੂੰ ਬਸੰਤ ਦੀ ਕੀਰਤਨ ਚੌਕੀ ਵੀ ਕਿਹਾ ਜਾਂਦਾ ਹੈ ਅਤੇ ਇਸ ਦੇ ਅੰਤ ਵਿਚ ਬਸੰਤ ਦੀ ਵਾਰ ਦੀਆਂ ਪਉੜੀਆਂ ਦਾ ਗਾਇਨ ਵੀ ਵਿਸ਼ੇਸ਼ ਰੂਪ ਵਿਚ ਕੀਤਾ ਜਾਂਦਾ ਹੈ। ਇਸ ਸਮੇਂ ਦੌਰਾਨ ਰਾਗ ਬਸੰਤ ਦਾ ਆਰੰਭ ਸ੍ਰੀ ਦਰਬਾਰ ਸਾਹਿਬ ਵਿਖੇ ਮਾਘੀ ਦੀ ਸੰਗਰਾਂਦ ਤੋਂ ਇਕ ਰਾਤ ਪਹਿਲਾਂ ਵਿਸ਼ੇਸ਼ ਅਰਦਾਸ ਕਰਕੇ ਕੀਤਾ ਜਾਂਦਾ ਹੈ। ਰਾਗ ਬਸੰਤ ਦੇ ਆਰੰਭ ਦੀ ਇਸ ਰੀਤ ਨੂੰ ਗੁਰਮਤਿ ਸੰਗੀਤ ਵਿਚ ਬਸੰਤ ਖੋਲਣਾ ਕਿਹਾ ਜਾਂਦਾ ਹੈ। ਰਾਗ ਬਸੰਤ ਦਾ ਸਮਾਪਨ ਹੌਲੇ ਮਹੱਲੇ ਦੇ ਤਿਉਹਾਰ ‘ਤੇ ਤਖ਼ਤ ਸ੍ਰੀ ਕੇਸਗੜ੍ਹ, ਅਨੰਦਪੁਰ ਸਾਹਿਬ ਵਿਖੇ ਕੀਤਾ ਜਾਂਦਾ ਹੈ ਜਿਸ ਵਿਚ ਹੋਲੇ ਮਹੱਲੇ ਤੋਂ ਇਕ ਰਾਤ ਪਹਿਲਾਂ ਬਸੰਤ ਰਾਗ ‘ਤੇ ਅਧਾਰਿਤ ਇਕ ਵਿਸ਼ੇਸ਼ ਰਾਗ ਦਰਬਾਰ ਸੱਜਦਾ ਹੈ ਜਿਸ ਵਿਚ ਕੀਰਤਨੀਏ ਬਸੰਤ ਅਤੇ ਹੋਲੀ ਨਾਲ ਸਬੰਧਤ ਕੀਰਤਨ ਕਰਦੇ ਹਨ ਅਤੇ ਅੰਤ ਵਿਚ ਬੀਰ ਰਸੀ ਸ਼ਬਦਾਂ ਦਾ ਗਾਇਨ ਸ਼ਸਤਰ ਮਾਲਾ ਵਿਚੋਂ ਕੀਤਾ ਜਾਂਦਾ ਹੈ। ਇਸ ਕੀਰਤਨ ਚੌਕੀ ਦਾ ਆਰੰਭ ਸਾਵਣ ਦੀ ਸੰਗਰਾਂਦ ਤੋਂ ਹੁੰਦਾ ਹੈ। ਜਿਨ੍ਹਾਂ ਮਹੀਨਿਆਂ ਵਿਚ ਬਸੰਤ ਰਾਗ ਦਾ ਗਾਇਨ ਹੁੰਦਾ ਹੈ ਉਸ ਸਮੇਂ ਸਾਰੰਗ ਰਾਗ ਬਿਲਕੁਲ ਨਹੀਂ ਗਾਇਆ ਜਾਂਦਾ।

ਬਸੰਤ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ ਦੇ ਅੱਠ ਪਦੇ, ਸੱਤ ਅਸ਼ਟਪਦੀਆਂ; ਗੁਰੂ ਅਮਰਦਾਸ ਜੀ ਦੇ ਸਤਾਰਾਂ ਪਦੇ; ਗੁਰੂ ਰਾਮਦਾਸ ਜੀ ਦੋ ਪਦੇ; ਗੁਰੂ ਅਰਜਨ ਦੇਵ ਜੀ ਅਠਾਰਾਂ ਪਦੇ ਦੋ ਅਸ਼ਟਪਦੀਆਂ ਤੇ ਇਕ ਵਾਰ; ਭਗਤ ਕਬੀਰ ਜੀ ਦੇ ਸੱਤ; ਨਾਮਦੇਉ ਜੀ ਦੇ ਤਿੰਨ ਪਦੇ ਤੇ ਭਗਤ ਰਵੀਦਾਸ ਇਕ ਪਦਾ ਬਾਣੀ ਰੂਪ ਦਰਜ ਹੈ।

ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਵਿਚ ਇਸ ਰਾਗ ਨੂੰ ਪੂਰਵੀ ਥਾਟ ਦੇ ਅੰਤਰਗਤ ਰੱਖਿਆ ਗਿਆ ਹੈ। ਗੁਰੁ ਗਿਰਾਰਥ ਕੋਸ਼ ਵਿਚ ਬਸੰਤ ਨੂੰ ਸਿਰੀ ਰਾਗ ਦੀ ਰਾਗਨੀ ਸਵੀਕਾਰਿਆ ਗਿਆ ਹੈ। ਭਾਰਤੀ ਸੰਗੀਤਕਾਰਾਂ ਵਿਚ ਇਸ ਰਾਗ ਦੇ ਸਰੂਪ ਬਾਰੇ ਭਿੰਨ-ਭਿੰਨ ਮੱਤ ਪ੍ਰਚਲਿਤ ਹਨ। ਇਕ ਮੱਤ ਅਨੁਸਾਰ ਇਹ ਮਾਰਵਾ ਥਾਟ ਦਾ ਸੰਪੂਰਨ ਰਾਗ ਹੈ। ਦੂਜੇ ਮੱਤ ਅਨੁਸਾਰ ਇਹ ਰਾਗ ਥਾਟ ਮਾਰਵਾ, ਪੰਚਮ ਵਰਜਿਤ, ਤੀਜੇ ਮੱਤ ਅਨੁਸਾਰ ਥਾਟ ਪੂਰਵੀ, ਕੇਵਲ ਤੀਵਰ ਮਧਿਅਮ, ਚੌਥੇ ਨੇ ਥਾਟ ਪੂਰਵੀ, ਦੋਵੇਂ ਮਾਧਿਅਮ ਆਦਿ। ਕੁਝ ਗ੍ਰੰਥਕਾਰ ਬਸੰਤ ਰਾਗ ਵਿਚ ਕੋਮਲ ਗੰਧਾਰ ਅਤੇ ਥਾਟ ਤੋੜੀ ਮੰਨਦੇ ਹਨ। ਵਰਤਮਾਨ ਸਮੇਂ ਵਿਚ ਰਾਗ ਬਸੰਤ ਪੂਰਵੀ ਥਾਟ ਅਤੇ ਮਧਿਅਮ ਦੋਵੇਂ, ਜ਼ਿਆਦਾ ਪ੍ਰਚਾਰ ਵਿਚ ਹੈ।

ਕੁਝ ਸੰਗੀਤ ਵਿਦਵਾਨਾਂ ਇਸ ਰਾਗ ਨੂੰ ਪੁਰਾਤਨ ਬਸੰਤ ਰਾਗ ਜੋ ਕਿ ਬਿਲਾਵਲ ਥਾਟ ਦਾ ਰਾਗ ਹੈ, ਨੂੰ ਮਾਨਤਾ ਦਿੰਦੇ ਹਨ। ਰਾਗ ਨਿਰਣਾਇਕ ਕਮੇਟੀ ਨੇ ਵੀ ਇਸ ਰਾਗ ਦੇ ਪੁਰਾਤਨ ਬਿਲਾਵਲ ਥਾਟ ਦੇ ਸਰੂਪ ਨੂੰ ਹੀ ਪ੍ਰਵਾਨਿਆ ਹੈ। ਰਾਗ ਬਸੰਤ ਦੇ ਕੁਝ ਪ੍ਰਕਾਰ ਨਿਮਨਲਿਖਤ ਹਨ:

- Advertisement -
  1. ਕਲਿਆਣ-ਅੰਗ, ਵਾਦੀ : ਤਾਰ ਸ਼ੜਜ, ਸੰਵਾਦੀ : ਗੰਧਾਰ, ਸੁਰ : ਦੋਵੇਂ ਮਧਿਅਮ, ਰਿਸ਼ਭ ਦੁਰਬਲ, ਸਮਾਂ : ਬਸੰਤ ਰੁੱਤ।
  2. ਥਾਟ : ਪੂਰਵੀ, ਜਾਤੀ : ਔੜਵ-ਸੰਪੂਰਨ, ਵਰਜਿਤ ਸੁਰ : ਆਰੋਹ ਵਿਚ ਰਿਸ਼ਭ, ਪੰਚਮ, ਵਾਦੀ-ਸੰਵਾਦੀ : ਤਾਰ, ਸ਼ੜਜ : ਪੰਚਮ, ਸਮਾਂ : ਅੱਧੀ ਰਾਤ ਤੋਂ ਬਾਅਦ।
  3. ਥਾਟ : ਪੂਰਵੀ, ਜਾਤੀ : ਔੜਵ-ਵਕਰ ਸੰਪੂਰਨ, ਵਾਦੀ : ਤਾਰ ਸ਼ੜਜ, ਸੰਵਾਦੀ-ਪੰਚਮ, ਸੁਰ : ਰਿਸ਼ਭ, ਧੈਵਤ ਕੋਮਲ, ਮਧਿਅਮ ਤੀਵਰ, ਵਰਜਿਤ ਸੁਰ : ਰਿਸ਼ਭ ਆਰੋਹ ਵਿਚ, ਸਮਾਂ : ਬਸੰਤ ਰੁੱਤ ਵਿਚ ਹਰ ਵੇਲੇ।
  4. ਨਿਮਨਲਿਖਤ ਸਰੂਪ ਗੁਰਮਤਿ ਸੰਗੀਤ ਪਰੰਪਰਾ ਦੇ ਵਿਦਵਾਨਾਂ ਤੇ ਰਾਗ ਨਿਰਣਾਇਕ ਕਮੇਟੀ ਨੇ ਪ੍ਰਵਾਨ ਕੀਤਾ ਹੈ। ਬਸੰਤ ਰਾਗ ਦੇ ਇਸ ਰੂਪ ਵਿਚ ਸਾਰੇ ਸੁਰ ਸ਼ੁੱਧ ਹਨ। ਆਰੋਹ ਵਿਚ ਰਿਸ਼ਭ ਅਤੇ ਪੰਚਮ ਹੈ ਅਤੇ ਇਸ ਦੀ ਜਾਤੀ ਔੜਵ ਸੰਪੂਰਨ ਹੈ। ਇਸ ਰਾਗ ਨੂੰ ਬਸੰਤ ਰੁੱਤ ਵਿਚ ਹਰ ਵੇਲੇ ਗਾਇਆ ਵਜਾਇਆ ਜਾ ਸਕਦਾ ਹੈ। ਇਸ ਦਾ ਵਾਦੀ ਸੁਰ ਤਾਰ ਸਪਤਕ ਦਾ ਸ਼ੜਜ ਅਤੇ ਸੰਵਾਦੀ ਮਧਿਅਮ ਹੈ। ਇਸ ਦਾ ਆਰੋਹ : ਸ਼ੜਜ ਗੰਧਾਰ ਮਧਿਅਮ ਧੈਵਤ ਨਿਸ਼ਾਦ ਸ਼ੜਜ (ਤਾਰ ਸਪਤਕ), ਅਵਰੋਹ : ਸ਼ੜਜ (ਤਾਰ ਸਪਤਕ) ਨਿਸ਼ਾਦ ਧੈਵਤ ਪੰਚਮ ਮਧਿਅਮ, ਗੰਧਾਰ ਰਿਸ਼ਭ ਸ਼ੜਜ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੀ ਰਾਗ ਬਸੰਤ ਅਧੀਨ ਰਾਗ ਬਸੰਤ ਹਿੰਡੋਲ ਦਾ ਅੰਕਣ ਪੰਨਾ 1171 ‘ਤੇ ਕੀਤਾ ਗਿਆ ਹੈ ਜੋ ਬਸੰਤ ਅਤੇ ਹਿੰਡੋਲ ਰਾਗਾਂ ਦੇ ਮਿਸ਼ਰਣ ਤੋਂ ਬਣਿਆ ਹੈ। ਇਸ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ ਦੇ ਚਾਰ ਪਦੇ, ਇਕ ਅਸ਼ਟਪਦੀ; ਗੁਰੂ ਅਮਰਦਾਸ ਜੀ ਦੇ ਚਾਰ ਇਕ ਪਦਾ; ਗੁਰੂ ਰਾਮਦਾਸ ਜੀ ਪੰਜ ਪਦੇ ਇਕ ਅਸ਼ਟਪਦੀ; ਗੁਰੂ ਅਰਜਨ ਦੇਵ ਜੀ ਤਿੰਨ ਪਦੇ; ਤੇਗ ਬਹਾਦਰ ਜੀ ਦੇ ਪੰਜ ਪਦੇ; ਭਗਤ ਕਬੀਰ ਜੀ ਤੇ ਰਾਮਾਨੰਦ ਜੀ ਦਾ ਇਕ ਪਦਾ ਬਾਣੀ ਰੂਪ ਦਰਜ ਹੈ। ਗੁਰੂ ਗ੍ਰੰਥ ਸਾਹਿਬ ਵਿਚ ਬਸੰਤ ਹਿੰਡੋਲ ਘਰ 2 ਮਹਲਾ 5 ਅਤੇ ਬਸੰਤ ਮਹਲਾ 5 ਘਰ 2 ਹਿੰਡੋਲ ਆਦਿ ਸਿਰਲੇਖਾਂ ਅਧੀਨ ਇਸ ਰਾਗ ਨੂੰ ਅੰਕਿਤ ਕੀਤਾ ਗਿਆ ਹੈ। ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਵਿਚ ਰਾਗ ਬਸੰਤ ਅਤੇ ਰਾਗ ਹਿੰਡੋਲ ਦਾ ਵੱਖਰਾ-ਵੱਖਰਾ ਉਲੇਖ ਹੈ ਪਰੰਤੂ ਰਾਗ ਬਸੰਤ ਹਿੰਡੋਲ ਦੇ ਬਾਰੇ ਵਿਚ ਸੁਤੰਤਰ ਰੂਪ ਵਿਚ ਕੋਈ ਉਲੇਖ ਪ੍ਰਾਪਤ ਨਹੀਂ ਹੁੰਦਾ। ਸਮਕਾਲੀ ਭਾਰਤੀ ਰਾਗ ਪਰੰਪਰਾ ਵਿਚ ਰਾਗ ਬਸੰਤ ਹਿੰਡੋਲ ਦਾ ਉਲੇਖ ਰਾਗ ਕੋਸ਼ ਅਤੇ ਰਾਗ ਵਿਆਕਰਣ ਵਿਚ ਮਿਲਦਾ ਹੈ।

ਬਸੰਤ ਹਿੰਡੋਲ ਰਾਗ ਦੇ ਨਾਦਾਤਮਕ ਸਰੂਪ ਸਬੰਧੀ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹਨ। ਸੰਗੀਤ ਦੇ ਵਿਦਵਾਨਾਂ ਨੇ ਇਸ ਦੀ ਉਤਪਤੀ ਪੂਰਵੀ ਅਤੇ ਮਾਰਵਾ ਥਾਟ ਤੋਂ ਮੰਨੀ ਹੈ। ਉਨ੍ਹਾਂ ਅਨੁਸਾਰ ਬਸੰਤ ਹਿੰਡੋਲ ਦਾ ਆਪਣਾ ਸੁਤੰਤਰ ਰੂਪ ਹੋਣ ਕਰਕੇ ਇਹ ਆਪਣੀ ਅਲੱਗ ਹੋਂਦ ਰੱਖਦਾ ਹੈ। ਰਾਗ ਨਿਰਣਾਇਕ ਕਮੇਟੀ ਨੇ ਬਸੰਤ ਹਿੰਡੋਲ ਦੇ ਸਰੂਪ ਵਿਚ ਇਸ ਦੀ ਜਾਤੀ ਔੜਵ-ਸੰਪੂਰਨ ਪ੍ਰਵਾਨ ਕੀਤੀ ਹੈ। ਇਸ ਵਿਚ ਵਾਦੀ ਸ਼ੜਜ ਅਤੇ ਸੰਵਾਦੀ ਪੰਚਮ ਮੰਨਿਆ ਹੈ। ਇਸ ਰਾਗ ਵਿਚ ਰਿਸ਼ਭ ਕੋਮਲ, ਮਧਿਅਮ ਤੀਵਰ ਅਤੇ ਧੈਵਤ ਦੋਵੇਂ ਵਰਤੇ ਜਾਂਦੇ ਹਨ। ਇਸ ਦੇ ਆਰੋਹ ਵਿਚ ਰਿਸ਼ਭ-ਪੰਚਮ ਸੁਰ ਵਰਜਿਤ ਹਨ ਅਤੇ ਗਾਇਨ ਦਾ ਸਮਾਂ ਰਾਤ ਦਾ ਤੀਸਰਾ ਪਹਿਰ ਮੰਨਿਆ ਗਿਆ ਹੈ।

ਕੁਝ ਵਿਦਵਾਨਾਂ ਵਿਚ ਬਸੰਤ ਹਿੰਡੋਲ ਰਾਗ ਨੂੰ ਕਲਿਆਣ ਅੰਗ ਤੋਂ ਗਾਉਣ ਦੀ ਪ੍ਰਥਾ ਹੈ। ਇਸ ਵਿਚ ਰਾਗ ਦਾ ਵਾਦੀ ਸੁਰ ਸ਼ੜਜ ਸੰਵਾਦੀ ਗੰਧਾਰ ਅਤੇ ਗਾਇਨ ਸਮਾਂ ਬਸੰਤ ਰੁੱਤ ਦਾ ਮੰਨਿਆ ਜਾਂਦਾ ਹੈ। ਇਸ ਆਰੋਹ-ਅਵਰੋਹ ਵਿਚ ‘ਰੇ’ ਅਤੇੁ ‘ਪ’ ਸੁਰ ਵਰਜਿਤ ਹੋਣ ਕਰਕੇ ਇਸ ਰਾਗ ਦੀ ਜਾਤੀ ਔੜਵ-ਔੜਵ ਮੰਨੀ ਗਈ ਹੈ।

ਬਸੰਤ ਹਿੰਡੋਲ ਰਾਗ ਦਾ ਇਕ ਹੋਰ ਸਰੂਪ ਮਾਰਵਾ ਥਾਟ ਮਿਲਦਾ ਹੈ। ਇਸ ਰਾਗ ਦੇ ਆਰੋਹ ਵਿਚ ਪੰਚਮ ਤੇ ਨਿਸ਼ਾਦ ਅਤੇ ਅਵਰੋਹ ਵਿਚ ਪੰਚਮ ਸੁਰ ਵਰਜਿਤ ਕਰਕੇ ਇਸ ਦੀ ਜਾਤੀ ਔੜਵ-ਸ਼ਾੜਵ ਮੰਨੀ ਗਈ ਹੈ। ਇਸ ਰਾਗ ਦਾ ਵਾਦੀ ਸੁਰ ਗੰਧਾਰ ਤੇ ਸੰਵਾਦੀ ਧੈਵਤ ਮੰਨਿਆ ਗਿਆ ਹੈ। ਇਸ ਦਾ ਗਾਇਨ ਸਮਾਂ ਅੱਧੀ ਰਾਤ ਤੋਂ ਬਾਅਦ ਦਾ ਮੰਨਿਆ ਗਿਆ ਹੈ।

ਕੁਝ ਵਿਦਵਾਨਾਂ ਅਨੁਸਾਰ ਇਸ ਰਾਗ ਵਿਚ ਦੋਵੇਂ ਮਧਿਅਮ ਦਾ ਪ੍ਰਯੋਗ ਕੀਤਾ ਜਾਂਦਾ ਹੈ ਅਤੇ ਇਸ ਦੀ ਜਾਤੀ ਵਕਰ ਸ਼ਾੜਵ-ਔੜਵ ਮੰਨੀ ਜਾਂਦੀ ਹੈ। ਇਸ ਰਾਗ ਦਾ ਵਾਦੀ ਸੁਰ ਮਧਿਅਮ ਅਤੇ ਸੰਵਾਦੀ ਸੁਰ ਸ਼ੜਜ ਮੰਨਿਆ ਗਿਆ ਹੈ। ਇਸ ਦਾ ਗਾਇਨ ਸਮਾਂ ਸਵੇਰ ਦਾ ਮੰਨਿਆ ਗਿਆ ਹੈ ਪਰੰਤੂ ਵਰਖਾ ਰੁੱਤ ਵਿਚ ਹਰ ਸਮੇਂ ਗਾਇਨ ਕਰਨ ਦਾ ਪ੍ਰਚਲਨ ਹੈ।

ਉਕਤ ਰਾਗਾਂ ਦੇ ਅਧੀਨ 20ਵੀਂ ਸਦੀ ਦੇ ਪ੍ਰਮੁੱਖ ਰਚਨਾਕਾਰ ਸ੍ਰ. ਗਿਆਨ ਸਿੰਘ ਐਬਟਾਬਾਦ, ਪ੍ਰੋ. ਤਾਰਾ ਸਿੰਘ, ਰਾਗੀ  ਜਸਵੰਤ ਸਿੰਘ ਤੀਵਰ,  ਸੰਤ ਸਰਵਣ ਸਿੰਘ ਗੰਧਰਵ,  ਪ੍ਰਿੰ. ਦਿਆਲ ਸਿੰਘ, ਡਾ. ਜਾਗੀਰ ਸਿੰਘ, ਪ੍ਰੋ.  ਕਰਤਾਰ ਸਿੰਘ, ਡਾ. ਗੁਰਨਾਮ ਸਿੰਘ, ਪ੍ਰੋ. ਪਰਮਜੋਤ ਸਿੰਘ, ਪ੍ਰੋ. ਹਰਮਿੰਦਰ ਸਿੰਘ, ਆਦਿ ਦੀਆਂ ਸੁਰਲਿਪੀਬੱਧ ਰਚਨਾਵਾਂ ਮਿਲਦੀਆਂ ਹਨ। ਉਕਤ ਰਾਗਾਂ ਨੂੰ ਗੁਰੂ ਘਰ ਦੇ ਕੀਰਤਨੀਆਂ, ਰਾਗੀਆਂ ਤੇ ਸੰਗੀਤਕਾਰਾਂ ਨੇ ਬਾਖੂਬੀ ਗਾਇਆ ਹੈ ਜਿਨ੍ਹਾਂ ਦੀ ਰਿਕਾਰਡਿੰਗ ਅਸੀਂ ਵੱਖ ਵੱਖ ਵੈਬਸਾਈਟਸ ਤੇ ਸੁਣ ਸਕਦੇ ਹਾਂ।

*drgnam@yahoo.com

Share this Article
Leave a comment