ਗੁਰਦੁਆਰਾ ਜਨਮ ਅਸਥਾਨ ਬੇਬੇ ਨਾਨਕੀ ਡੇਰਾ ਚਾਹਲ ਲਾਹੌਰ – ਡਾ. ਗੁਰਦੇਵ ਸਿੰਘ

TeamGlobalPunjab
3 Min Read

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -12

ਗੁਰਦੁਆਰਾ ਜਨਮ ਅਸਥਾਨ ਬੇਬੇ ਨਾਨਕੀ ਡੇਰਾ ਚਾਹਲ ਲਾਹੌਰ

-ਡਾ. ਗੁਰਦੇਵ ਸਿੰਘ*

ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਭੈਣ ਭਰਾ ਦੇ ਪਿਆਰ ਨੂੰ ਹਰ ਸਿੱਖ ਭਲੀਭਾਂਤ ਜਾਣਦਾ ਹੈ। ਬੇਬੇ ਨਾਨਕੀ ਅਜਿਹੀ ਰੱਬੀ ਰੂਹ ਸੀ ਜਿਸ ਨੇ ਗੁਰੂ ਨਾਨਕ ਨੂੰ ਵੀਰ ਕਰਕੇ ਵੀ ਤੇ ਪੀਰ ਕਰਕੇ ਵੀ ਜਾਣਿਆ। ਬੇਬੇ ਨਾਨਕੀ ਨੇ ਰਬਾਬ ਖਰੀਦਣ ਲਈ ਪੈਸੇ ਦੇ ਕੇ ਇਲਾਹੀ ਨਾਦ ਗਜਾਉਂਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਆਪਣੇ ਵੀਰ ਦੇ ਰੱਬੀ ਨੂਰ ਨੂੰ ਪਹਿਚਾਨਣ ਵਾਲੀ ਪਹਿਲੀ ਸੰਸਾਰਕ ਰੂਹ ਵੀ ਗੁਰੂ ਨਾਨਕ ਦੀ ਭੈਣ ਬੇਬੇ ਨਾਨਕੀ ਹੀ ਸੀ ਜਿਸ ਨੇ ਆਪਣੇ ਵੀਰ ਦਾ ਹਰ ਵੇਲੇ ਸਾਥ ਦਿੱਤਾ। ਅੱਜ ਅਸੀਂ ਗੁਰਦੁਆਰਾ ਸਾਹਿਬ ਦੀ ਇਤਿਹਾਸਕ ਲੜੀ ਵਿੱਚ ਜਿਸ ਗੁਰਦੁਆਰਾ ਸਾਹਿਬ ਦਾ ਜ਼ਿਕਰ ਕਰਨ ਜਾ ਰਹੇ ਹਾਂ ਉਹ ਗੁਰਦੁਆਰਾ ਬੇਬੇ ਨਾਨਕੀ ਤੇ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਸੰਬੰਧਤ ਹੈ। ਆਓ ਜਾਣਦੇ ਹਾਂ ਇਸ ਪਾਵਨ ਅਸਥਾਨ ਬਾਰੇ :

ਗੁਰਦੁਆਰਾ ਜਨਮ ਅਸਥਾਨ ਬੇਬੇ ਨਾਨਕੀ 

          ਗੁਰੂ ਨਾਨਕ ਦੇਵ ਜੀ ਦਾ ਨਾਨਕਾ ਪਿੰਡ ਡੇਰਾ ਚਾਹਲ ਜੋ ਲਾਹੌਰ ਤੋਂ ਤਕਰੀਬਨ 35 ਕਿਲੋਮੀਟਰ ਦੂਰ ਘਵਿੰਡੀ ਨੂੰ ਜਾਣ ਵਾਲੀ ਸੜਕ ‘ਤੇ ਸਥਿਤ ਹੈ। ਇਸੇ ਪਿੰਡ ਵਿੱਚ ਇਹ ਗੁਰਦੁਆਰਾ ਸੁਸ਼ੋਭਿਤ ਹੈ ਜਿਸ ਨੂੰ ਜਨਮ ਅਸਥਾਨ ਬੇਬੇ ਨਾਨਕੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕਿਉਂ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਇਹ ਨਾਨਕਾ ਪਿੰਡ ਸੀ ਇਸ ਲਈ ਇਸ ਅਸਥਾਨ ‘ਤੇ ਗੁਰੂ ਪਾਤਸ਼ਾਹ ਅਕਸਰ ਇਥੇ ਆਉਂਦੇ ਰਹਿੰਦੇ ਸਨ। ਇਸ ਅਸਥਾਨ ‘ਤੇ ਸੰਨ 1464 ਈਸਵੀ ਵਿੱਚ ਬੇਬੇ ਨਾਨਕੀ ਦਾ ਜਨਮ ਹੋਇਆ ਸੀ ਜੋ ਕਿ ਗੁਰੂ ਸਾਹਿਬ ਦੀ ਵੱਡੀ ਭੈਣ ਸੀ। ਇਤਿਹਾਸਕ ਸੋਰਤਾਂ ਦੀ ਮੰਨੀਏ ਤਾਂ ਇਸ ਗੁਰਦੁਆਰਾ ਸਾਹਿਬ ਵਿੱਚ ਇੱਕ ਸੁੰਦਰ ਸਰੋਵਰ ਵੀ ਸੀ ਪਰ ਸਮੇਂ ਦੀ ਮਾਰ ਕਰਕੇ ਹੁਣ ਉਹ ਅਲੋਪ ਹੋ ਗਿਆ। ਪਿੰਡ ਦੇ ਵਿਚਕਾਰ ਸੁਸ਼ੋਭਿਤ ਇਹ ਗੁਰਦਆਰਾ ਸਾਹਿਬ ਜਿੱਥੇ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਦੇ ਜਨਮ ਅਸਥਾਨ ਨਾਲ ਸਬੰਧਤ ਹੈ ਉਥੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਪਿੰਡ ਦੇ ਨਾਲ ਗੂੜੇ ਰਿਸ਼ਤੇ ਦੀ ਵੀ ਗਵਾਹੀ ਭਰਦਾ ਹੈ। ਇਸ ਪਿੰਡ ਨੂੰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬੰਦ ਸਾਹਿਬ ਦੀ ਚਰਨ ਛੋਹ ਵੀ ਪ੍ਰਾਪਤ ਹੈ।

- Advertisement -

ਗੁਰਦੁਆਰਾ ਜਨਮ ਅਸਥਾਨ ਬੇਬੇ ਨਾਨਕੀ ਦੀ ਇਮਾਰਤ ਕਾਫੀ ਖਰਾਬ ਹੋ ਚੁੱਕੀ ਸੀ ਪਰ NRI ਵੀਰਾਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਇਸ ਦੀ ਕਾਰ ਸੇਵਾ ਕਰਵਾਈ ਗਈ ਹੈ। 1996 ਈਸਵੀ ਵਿੱਚ ਤਤਕਾਲੀ ਪਾਕਿਸਤਾਨੀ ਪ੍ਰਧਾਨ ਮੰਤਰੀ ਜੋ ਕਿ ਇਸੇ ਪਿੰਡ ਦੇ ਜੰਮਪਲ ਸਨ ਨੇ ਇਸ ਗੁਰਦੁਆਰੇ ਲਈ ਵਿਸ਼ੇਸ਼ ਰੂਪ ਵਿੱਚ ਪੰਜ ਲੱਖ ਦੀ ਰਾਸ਼ੀ ਵੀ ਦਿੱਤੀ। ਇਸ ਗੁਰਦੁਆਰਾ ਸਾਹਿਬ ਦੇ ਨਾਮ 30 ਵਿੱਘੇ ਜ਼ਮੀਨ ਵੀ ਹੈ।  

           ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ 13ਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਆਪਣੇ ਕੀਮਤੀ ਵਿਚਾਰਾਂ ਨਾਲ ਸਾਡਾ ਮਾਰਗ ਦਰਸ਼ਨ ਜ਼ਰੂਰ ਕਰੋ ਜੀ। ਰਹਿ ਗਈਆਂ ਕਮੀਆਂ ਲਈ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

* gurdevsinghdr@gmail.com

- Advertisement -
Share this Article
Leave a comment