ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 24ਵਾਂ ਤੇ 25ਵਾਂ ਰਾਗ ਭੈਰਉ ਅਤੇ ਸਾਰੰਗ -ਗੁਰਨਾਮ ਸਿੰਘ (ਡਾ.)

TeamGlobalPunjab
10 Min Read

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ-23

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 24ਵਾਂ ਤੇ 25ਵਾਂ ਰਾਗ ਭੈਰਉ ਅਤੇ ਸਾਰੰਗ

* ਗੁਰਨਾਮ ਸਿੰਘ (ਡਾ.)

ਰਾਗ ਭੈਰਉ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਖ ਰਾਗਾਂ ਦੀ ਲੜੀ ਵਿਚ ਚੌਵੀਵੇਂ ਸਥਾਨ ‘ਤੇ ਅੰਕਿਤ ਹੈ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦੀ ਰਾਗਮਾਲਾ ਵਿਚ ਭੈਰਵ ਨੂੰ ਪਹਿਲਾ ਸਥਾਨ ਮਿਲਿਆ ਹੈ। ਭਾਰਤੀ ਸੰਗੀਤ ਵਿਚ ਇਸ ਰਾਗ ਨੂੰ ਭੈਰਵ ਰਾਗ ਅਧੀਨ ਜਾਣਿਆ ਜਾਂਦਾ ਹੈ ਜੋ ਕਿ ਪ੍ਰਸਿੱਧ, ਪ੍ਰਾਚੀਨ ਤੇ ਮਧੁਰ ਰਾਗ ਹੈ। ਇਸ ਨੂੰ ਭਗਤੀ ਭਾਵ ਪ੍ਰਗਟਾਉਣ ਵਾਲਾ ਮੁੱਖ ਰਾਗ ਮੰਨਿਆ ਜਾਂਦਾ ਹੈ। ਇਸ ਲਈ ਇਸ ਦਾ ਗਾਇਨ ਸਮਾਂ ਅੰਮ੍ਰਿਤ ਵੇਲਾ ਹੈ। ਗੁਰੂ ਕਾਲ ਦੇ ਸਮਕਾਲੀ ਭਾਰਤੀ ਸੰਗੀਤ ਗ੍ਰੰਥਾਂ ਵਿਚੋਂ ‘ਸੰਗੀਤ ਰਤਨਾਕਰ’ ਤੇ ‘ਸੰਗੀਤ ਦਰਪਣ’ ਵਿਚ ਇਸ ਰਾਗ ਦਾ ਉਲੇਖ ਹੁੰਦਾ ਹੈ।‘ਸੰਗੀਤ ਰਤਨਾਕਰ’ ਵਿਚ ਇਸ ਰਾਗ ਨੂੰ ਰਾਗਾਂਗ ਰਾਗ ਕਿਹਾ ਗਿਆ ਹੈ। ‘ਸੰਗੀਤ ਦਰਪਣ’ ਵਿਚ ਇਸ ਰਾਗ ਨੂੰ ਪੁਰਸ਼ ਰਾਗ ਸਵੀਕਾਰਿਆ ਗਿਆ ਹੈ। ਭਾਰਤੀ ਸੰਗੀਤ ਵਿਚ ਭੈਰਵ ਰਾਗ ਨੂੰ ਆਸ਼ਰਯ ਰਾਗ ਵੀ ਕਿਹਾ ਜਾਂਦਾ ਹੈ ਅਤੇ ਇਸ ਨੂੰ ਰਾਗਾਂਗ ਪੱਧਤੀ ਅਨੁਸਾਰ ਰਾਗਾਂਗ ਰਾਗ ਸ਼੍ਰੇਣੀ ਵਿਚ ਵੀ ਰਖਿਆ ਜਾਂਦਾ ਹੈ।

ਭਾਰਤੀ ਸੰਗੀਤ ਵਿਚ ਭੈਰਵ ਦੇ ਕਈ ਪ੍ਰਕਾਰ ਪ੍ਰਚਲਿਤ ਹਨ ਜਿਵੇਂ ਅਹੀਰ ਭੈਰਵ, ਬੰਗਾਲ ਭੈਰਵ, ਨਟ ਭੈਰਵ, ਸ਼ਿਵਮਤ ਭੈਰਵ ਆਦਿ। ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭੈਰਵ ਦੇ ਪ੍ਰਕਾਰਾਂ ਨੂੰ ਕੋਈ ਸਥਾਨ ਨਹੀਂ ਦਿਤਾ ਗਿਆ। ਭੈਰਵ ਰਾਗ ਨੂੰ ਭੈਰਵ ਥਾਟ ਦੇ ਅੰਤਰਗਤ ਰਖਦਿਆਂ ਇਸ ਰਾਗ ਦਾ ਵਾਦੀ ਸੁਰ ਧੈਵਤ, ਸੰਵਾਦੀ ਸੁਰ ਰਿਸ਼ਭ ਸਵਿਕਾਰਿਆ ਹੈ। ਇਸ ਰਾਗ ਦੇ ਆਰੋਹ ਤੇ ਅਵਰੋਹ ਵਿਚ ਸੱਤ ਸੁਰਾਂ ਦਾ ਪ੍ਰਯੋਗ ਹੋਣ ਕਰਕੇ ਇਸ ਦੀ ਜਾਤੀ ਸੰਪੂਰਨ-ਸੰਪੂਰਨ ਮੰਨੀ ਗਈ ਹੈ। ਇਸ ਵਿਚ ਕੋਮਲ ਰਿਸ਼ਭ ਅਤੇ ਕੋਮਲ ਧੈਵਤ ਦਾ ਪ੍ਰਯੋਗ ਕੀਤਾ ਜਾਂਦਾ ਹੈ ਬਾਕੀ ਸੁਰ ਸ਼ੁੱਧ ਵਰਤੇ ਜਾਂਦੇ ਹਨ। ਕੁਝ ਵਿਦਵਾਨ ਸੰਗੀਤਕਾਰ ਇਸ ਰਾਗ ਦੇ ਆਰੋਹ ਵਿਚ ਰਿਸ਼ਭ ਅਤੇ ਪੰਚਮ ਨੂੰ ਵਰਜਿਤ ਕਰਕੇ ਇਸ ਦੀ ਜਾਤੀ ਔੜਵ-ਸੰਪੂਰਨ ਮੰਨਦੇ ਹਨ। ਇਸ ਦਾ ਗਾਇਨ ਸਮਾਂ ਸਵੇਰ ਸੰਧੀਪ੍ਰਕਾਸ਼ ਹੈ। ਇਸ ਰਾਗ ਵਿਚ ਰਿਸ਼ਭ ਸੁਰ ਨੂੰ ਗੰਧਾਰ ਦੇ ਸਪਰਸ਼ ਨਾਲ ਅਤੇ ਧੈਵਤ ਨੂੰ ਨਿਸ਼ਾਦ ਦੇ ਸਪਰਸ਼ ਨਾਲ ਅੰਦੋਲਿਤ ਕਰਕੇ ਗਾਇਨ ਕੀਤਾ ਜਾਂਦਾ ਹੈ। ਭੈਰਵ ਰਾਗ ਉਤਰਾਂਗ ਪ੍ਰਧਾਨ ਰਾਗ ਹੈ। ਇਸ ਦੀ ਪ੍ਰਕ੍ਰਿਤੀ ਗੰਭੀਰ ਹੈ ਅਤੇ ਅਲਾਪਚਾਰੀ ਲਈ ਇਹ ਵਧੀਆ ਰਾਗ ਹੈ। ਇਸ ਦਾ ਆਰੋਹ ਸ਼ੜਜ ਰਿਸ਼ਭ (ਕੋਮਲ), ਗੰਧਾਰ ਮਧਿਅਮ ਪੰਚਮ, ਧੈਵਤ (ਕੋਮਲ), ਨਿਸ਼ਾਦ ਸ਼ੜਜ (ਤਾਰ ਸਪਤਕ) ਅਤੇ ਅਵਰੋਹ ਸ਼ੜਜ (ਤਾਰ ਸਪਤਕ) ਨਿਸ਼ਾਦ ਧੈਵਤ (ਕੋਮਲ) ਧੈਵਤ (ਕੋਮਲ) ਪੰਚਮ, ਗੰਧਾਰ ਮਧਿਅਮ ਰਿਸ਼ਭ (ਕੋਮਲ) ਰਿਸ਼ਭ (ਕੋਮਲ) ਸ਼ੜਜ ਹੈ।

- Advertisement -

ਰਾਗ ਭੈਰਉ ਦੇ ਅੰਤਰਗਤ ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ ਰਚਿਤ ਹੈ। ਗੁਰੂ ਸਾਹਿਬਾਨ ਵਿਚੋਂ ਗੁਰੂ ਨਾਨਕ ਦੇਵ ਜੀ ਦੇ ਅੱਠ ਪਦੇ, ਇੱਕ ਅਸ਼ਟਪਦੀ ; ਗੁਰੂ ਅਮਰਦਾਸ ਜੀ ਦੇ ਇੱਕੀ ਪਦੇ, ਦੋ ਅਸ਼ਟਪਦੀਆਂ; ਗੁਰੂ ਰਾਮਦਾਸ ਜੀ ਦੇ ਸੱਤ ਪਦੇ; ਗੁਰੂ ਅਰਜਨ ਦੇਵ ਜੀ ਦੇ ਸਤਵੰਜਾ ਪਦੇ, ਤਿੰਨ ਅਸ਼ਟਪਦੀਆਂ ਅੰਕਿਤ ਹਨ। ਭਗਤਾਂ ਵਿਚੋਂ ਭਗਤ ਕਬੀਰ ਜੀ ਦੇ ਵੀਹ ਪਦੇ, ਭਗਤ ਨਾਮਦੇਵ ਜੀ ਦੇ ਤੇਰਾਂ ਪਦੇ ਅਤੇ ਭਗਤ ਰਵਿਦਾਸ ਜੀ ਦਾ ਇੱਕ ਪਦਾ ਸ਼ਬਦ ਬਾਣੀ ਰੂਪ ਇਸ ਰਾਗ ਵਿਚ ਅੰਕਿਤ ਹੈ।

ਰਾਗ ਸਾਰੰਗ ਇੱਕ ਪੁਰਾਤਨ, ਮਧੁਰ ਅਤੇ ਲੋਕਪ੍ਰਿਯ ਰਾਗ ਹੈ। ਇਸ ਰਾਗ ਦਾ ਸੁਰਾਤਮਕ ਸਰੂਪ ਲੋਕ ਸੰਗੀਤ ਤੋਂ ਵਿਕਸਿਤ ਹੋਇਆ ਹੈ। ਇਹ ਰਾਗ ਪੰਜਾਬ, ਰਾਜਸਥਾਨ ਹੀ ਨਹੀਂ ਸਗੋਂ ਸਮੁੱਚੇ ਉਤਰੀ ਭਾਰਤ ਦੇ ਲੋਕ ਗਾਇਕਾਂ ਅਤੇ ਕਲਾਕਾਰਾਂ ਦਾ ਚਹੇਤਾ ਰਾਗ ਹੈ। ਇਸ ਰਾਗ ਦੀ ਖੂਬੀ ਇਹ ਵੀ ਹੈ ਕਿ ਇਸ ਰਾਗ ਦਾ ਪ੍ਰਚਲਨ ਸ਼ਾਸਤਰੀ ਸੰਗੀਤ, ਲੋਕ ਸੰਗੀਤ, ਭਾਰਤੀ ਸੰਗੀਤ, ਫਿਲਮ ਸੰਗੀਤ ਧਾਰਾ ਆਦਿ ਵਿਚ ਆਮ ਹੈ। ਰਾਗ ਸਾਰੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਖ ਰਾਗਾਂ ਦੀ ਲੜੀ ਵਿਚ ਛੱਬੀਵੇਂ ਸਥਾਨ ’ਤੇ ਅੰਕਿਤ ਹੈ। ਗੁਰਮਤਿ ਸੰਗੀਤ ਵਿਚ ਗੁਰੂ ਸਾਹਿਬਾਨਾਂ ਨੇ ਇਸ ਰਾਗ ਨੂੰ ਸ਼ਾਸਤਰੀ ਰੂਪ ਵਿਚ ਪ੍ਰਵਾਨਿਆ ਅਤੇ ਆਪਣੇ ਰੱਬੀ ਸੁਨੇਹੇ ਲਈ ਇਸ ਦਾ ਪ੍ਰਯੋਗ ਕੀਤਾ।

‘ਸਾਰੰਗ ਦੀ ਚਉਕੀ’ ਵਜੋਂ ਪ੍ਰਚਲਿਤ ਦੁਪਹਿਰ ਸਮੇਂ ਹੋਣ ਵਾਲੇ ਸਮੂਹ ਕੀਰਤਨ ਵਿਚ ਇਸ ਰਾਗ ਦੀ ਪ੍ਰਧਾਨਤਾ ਰਹਿੰਦੀ ਹੈ। ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਅਨੰਦ ਦੀ ਚਉਕੀ ਨੂੰ ਦੁਪਹਿਰ ਦੇ ਰਾਗਾਂ ਵਿਚ ਗਾਇਨ ਦੀ ਪ੍ਰਥਾ ਹੈ। ਇਸ ਚਉਕੀ ਨੂੰ ਬਿਲਾਵਲ ਦੀ ਅੰਤਿਮ ਚਉਕੀ ਵੀ ਸਵੀਕਾਰਿਆ ਗਿਆ ਹੈ। ਇਸ ਚਉਕੀ ਵਿਚ ਦੁਪਹਿਰ ਦੇ ਰਾਗਾਂ ਤੋਂ ਇਲਾਵਾ ਸਾਰੰਗ ਰਾਗ ਦੀ ਪ੍ਰਧਾਨਤਾ ਰਹਿੰਦਾ ਹੈ। ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਦਿਨ ਦੇ ਤੀਜੇ ਪਹਿਰ ‘ਚਰਨ ਕਮਲ ਦੀ ਚਉਕੀ’ ਦਾ ਪ੍ਰਾਰੰਭ ਹੁੰਦਾ ਹੈ ਅਤੇ ਚਰਨ ਕਮਲ ਦੀਆਂ ਤਿੰਨ ਕੀਰਤਨ ਚਉਕੀਆਂ ਦਿਨ ਦੇ ਤੀਸਰੇ ਪਹਿਰ ਦੇ ਰਾਗਾਂ ਵਿਚ ਸ਼ਬਦ ਕੀਰਤਨ ਦੇ ਗਾਇਨ ਦੁਆਰਾ ਲਗਾਈਆਂ ਜਾਂਦੀਆਂ ਹਨ ਇਨ੍ਹਾਂ ਵਿਚ ਵੀ ਰਾਗ ਸਾਰੰਗ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਉੱਤਰੀ ਭਾਰਤ ਵਿਚ ਇਸ ਰਾਗ ਦਾ ਵਿਸ਼ੇਸ਼ ਪ੍ਰਚਾਰ ਹੈ। ਇਹ ਰਾਗ ਦਾ ਸੁਰਾਤਮਕ ਸਰੂਪ ਲੋਕ ਸੰਗੀਤ ਤੋਂ ਵਿਕਸਿਤ ਹੋਇਆ ਹੈ। ਸੰਗੀਤ ਵਿਦਵਾਨਾਂ ਨੇ ਇਸ ਰਾਗ ਨੂੰ ਰਾਗਾਂਗ ਰਾਗ ਮੰਨਿਆ ਹੈ। ਇਸ ਨੂੰ ਬ੍ਰਿੰਦਾਬਨੀ ਸਾਰੰਗ ਵੀ ਕਿਹਾ ਜਾਂਦਾ ਹੈ। ਇਸ ਰਾਗ ਦੇ ਅੰਗ ਦੁਆਰਾ ਬਹੁਤ ਸਾਰੇ ਪ੍ਰਕਾਰ ਹੋਂਦ ਵਿਚ ਆਏ ਜਿਵੇਂ ‘ਸ਼ੁੱਧ ਸਾਰੰਗ’, ‘ਨੂਰ ਸਾਰੰਗ’, ‘ਸਾਮੰਤ ਸਾਰੰਗ’, ‘ਲੰਕਦਹਨ ਸਾਰੰਗ’, ‘ਜਲਧਰ ਸਾਰੰਗ’ ਆਦਿ। ਸੰਗੀਤ ਗ੍ਰੰਥਕਾਰਾਂ ਨੇ ਇਸ ਰਾਗ ਦਾ ਪ੍ਰਮੁੱਖ ਅੰਗ ਨਿਸ਼ਾਦ (ਕੋਮਲ), ਪੰਚਮ ਮਧਿਅਮ ਰਿਸ਼ਭ ਮੰਨਿਆ ਹੈ। ਰਾਗ ਸਾਰੰਗ ਦੇ ਚਾਰ ਰੂਪ ਵਧੇਰੇ ਪ੍ਰਚਲਿਤ ਹਨ।

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਰਾਗ ਸਾਰੰਗ ਕਾਫੀ ਠਾਠ (ਥਾਟ) ਦਾ ਔੜਵ-ਸ਼ਾੜਵ ਰਾਗ ਹੈ। ਇਸ ਵਿਚ ਦੋਵੇਂ ਨਿਸ਼ਾਦ ਤੇ ਬਾਕੀ ਸਾਰੇ ਸੁਰ ਸ਼ੁੱਧ ਪ੍ਰਯੋਗ ਹੁੰਦੇ ਹਨ। ਸਾਰੰਗ ਦੇ ਗਾਉਣ ਦਾ ਵੇਲਾ ਦੁਪਹਿਰ ਹੈ। ਇਸ ਵਿਚ ਵਾਦੀ ਰਿਸ਼ਭ ਅਤੇ ਸੰਵਾਦੀ ਪੰਚਮ ਹੈ। ਆਰੋਹ ਵਿਚ ਧੈਵਤ ਵਰਜਿਤ ਹੈ। ਅਵਰੋਹ ਵਿਚ ਧੈਵਤ ਦੁਰਬਲ ਹੋ ਕੇ ਲਗਦਾ ਹੈ। ਸਾਰੰਗ ਦੇ ਇੱਕ ਹੋਰ ਰੂਪ ਅਧੀਨ ਇਸ ਦਾ ਥਾਟ ਖਮਾਜ, ਜਾਤੀ ਔੜਵ-ਸ਼ਾੜਵ, ਸੁਰ ਦੋਵੇਂ ਮਧਿਅਮ, ਦੋਵੇਂ ਨਿਸ਼ਾਦ, ਵਰਜਿਤ ਸੁਰ – ਆਰੋਹ ਵਿਚ ਗੰਧਾਰ ਤੇ ਧੈਵਤ, ਅਵਰੋਹ ਵਿਚ ਗੰਧਾਰ, ਸਮਾਂ ਦਿਨ ਦਾ ਦੂਜਾ ਪਹਿਰ। ਸਾਰੰਗ ਦੇ ਤੀਸਰੇ ਰੂਪ ਥਾਟ ਕਾਫ਼ੀ, ਜਾਤੀ : ਔੜਵ-ਸ਼ਾੜਵ, ਵਾਦੀ ਰਿਸ਼ਭ, ਸੰਵਾਦੀ ਪੰਚਮ, ਸੁਰ ਦੋਵੇਂ ਮਧਿਅਮ, ਦੋਵੇਂ ਨਿਸ਼ਾਦ, ਸਮਾਂ ਦਿਨ ਦਾ ਦੂਜਾ ਪਹਿਰ, ਵਰਜਿਤ ਸੁਰ ਗੰਧਾਰ।

- Advertisement -

ਸੰਗੀਤ ਆਚਾਰੀਆ ਤੇ ਵਿਹਾਰਕ ਸੰਗੀਤ ਪਰੰਪਰਾ ਨਾਲ ਜੁੜੇ ਸੰਗੀਤਕਾਰਾਂ ਨੇ ਅਤੇ ਗੁਰਮਤਿ ਸੰਗੀਤ ਆਚਾਰੀਆ ਨੇ ਸਾਰੰਗ ਰਾਗ ਦੇ ਨਿਮਨਲਿਖਤ ਸਰੂਪ ਨੂੰ ਪ੍ਰਵਾਨਿਆ ਹੈ। ਪ੍ਰੋ. ਤਾਰਾ ਸਿੰਘ, ਆਦਿ ਗ੍ਰੰਥ ਰਾਗ ਕੋਸ਼ ਤੇ ਰਾਗ ਨਿਰਣਾਇਕ ਕਮੇਟੀ ਨੇ ਵੀ ਇਸ ਸਰੂਪ ਨੂੰ ਪ੍ਰਮਾਣਿਕਤਾ ਦਿੱਤੀ ਹੈ। ਰਾਗ ਸਾਰੰਗ, ਕਾਫ਼ੀ ਥਾਟ ਤੋਂ ਉਤਪੰਨ ਰਾਗਾਂਗ ਰਾਗ ਹੈ। ਇਸ ਵਿਚ ਸੁਰ ਦੋਵੇਂ ਨਿਸ਼ਾਦ ਤੇ ਬਾਕੀ ਸਭ ਸ਼ੁੱਧ ਪ੍ਰਯੋਗ ਕੀਤੇ ਜਾਂਦੇ ਹਨ। ਇਸ ਵਿਚ ਗੰਧਾਰ ਤੇ ਧੈਵਤ ਸੁਰ ਵਰਜਿਤ ਹਨ। ਇਸ ਰਾਗ ਦੀ ਜਾਤੀ ਔੜਵ-ਔੜਵ ਹੈ। ਇਸ ਰਾਗ ਦਾ ਗਾਇਨ ਸਮਾਂ ਦਿਨ ਦਾ ਤੀਜਾ ਪਹਿਰ ਹੈ। ਇਸ ਦਾ ਆਰੋਹ ਸ਼ੜਜ ਰਿਸ਼ਭ ਮਧਿਅਮ ਪੰਚਮ ਨਿਸ਼ਾਦ ਸ਼ੜਜ (ਤਾਰ ਸਪਤਕ) ਅਤੇ ਅਵਰੋਹ ਸ਼ੜਜ (ਤਾਰ ਸਪਤਕ) ਨਿਸ਼ਾਦ (ਕੋਮਲ) ਪੰਚਮ, ਮਧਿਅਮ ਰਿਸ਼ਭ, ਨਿਸ਼ਾਦ (ਮੰਦਰ ਸਪਤਕ) ਸ਼ੜਜ ਹੈ। ਰਾਗ ਸਾਰੰਗ ਦੇ ਅਧੀਨ ਗੁਰੂ ਨਾਨਕ ਦੇਵ ਜੀ ਦੇ ਤਿੰਨ ਪਦੇ, ਦੋ ਅਸ਼ਟਪਦੀਆਂ, ਗੁਰੂ ਅਮਰਦਾਸ ਜੀ ਦੀਆਂ ਤਿੰਨ ਅਸ਼ਟਪਦੀਆਂ, ਗੁਰੂ ਰਾਮਦਾਸ ਜੀ ਦੇ ਸੱਤ ਪਦੇ ਛੇ ਪੜਤਾਲਾਂ ਤੇ ਇੱਕ ਵਾਰ, ਗੁਰੂ ਅਰਜਨ ਦੇਵ ਜੀ ਦੇ ਇੱਕ ਸੋ ਛੇ ਪਦੇ, ਦਸ ਪੜਤਾਲਾਂ ਤੇ ਤਿੰਨ ਅਸ਼ਟਪਦੀਆਂ ਦਰਜ ਹਨ। ਭਗਤਾਂ ਵਿਚੋਂ ਭਗਤ ਕਬੀਰ ਤੇ ਭਗਤ ਨਾਮਦੇਵ ਜੀ ਦੇ ਤਿੰਨ ਅਤੇ ਭਗਤ ਪਰਮਾਨੰਦ ਤੇ ਭਗਤ ਸੂਰਦਾਸ ਜੀ ਦਾ ਇੱਕ ਪਦਾ ਬਾਣੀ ਰੂਪ ਇਸ ਰਾਗ ਦੇ ਅੰਤਰਗਤ ਅੰਕਿਤ ਹੈ। ‘ਸਾਰੰਗ ਕੀ ਵਾਰ ਮਹਲਾ ੪’ ਦੇ ਸਿਰਲੇਖ ਅਧੀਨ ਸ੍ਰੀ ਗੁਰੂ ਰਾਮਦਾਸ ਦੁਆਰਾ ਰਚਿਤ ਵਾਰ ਅਤੇ ਮਹਲਾ ੫ ਅਧੀਨ ਰਚਿਤ ਛੰਤ ਇਸ ਰਾਗ ਦੇ ਅੰਤਰਗਤ ਦਰਜ ਹਨ। ਇਸੇ ਰਾਗ ਅਧੀਨ ਗੁਰਮਤਿ ਸੰਗੀਤ ਦੀ ਵਿਸ਼ੇਸ਼ ਗਾਇਨ ਸ਼ੈਲੀ ‘ਪੜਤਾਲ’ ਵਿਚ ਸੋਲ੍ਹਾਂ ਸ਼ਬਦ ਬਾਣੀ ਰੂਪ ਦਰਜ ਹਨ। ਬਾਣੀ ਦੇ ਸਫਲ ਸੰਚਾਰ ਲਈ ਗੁਰੂ ਸਾਹਿਬਾਨ ਨੇ ਬਾਣੀ ਅਤੇ ਰਾਗ ਨੂੰ ਇਨ੍ਹਾਂ ਦੀ ਮੂਲ ਪ੍ਰਕ੍ਰਿਤੀ ਅਨੁਸਾਰ ਭਾਵਾਤਮਕ ਤੌਰ ’ਤੇ ਜੋੜਿਆ ਹੈ। ਆਪ ਨੇ ਬਾਣੀ ਦੇ ਗਾਇਨ ਲਈ ਪ੍ਰਯੋਗ ਕੀਤੇ ਗਏ ਸਨਾਤਨੀ ਕਾਵਿ ਰੂਪਾਂ ਲਈ ਸ਼ੁੱਧ ਰੂਪ ਵਿਚ ਮਾਰਗੀ ਜਾਂ ਸਥਾਪਿਤ ਰਾਗਾਂ ਸੰਕੀਰਨ ਦਾ ਪ੍ਰਯੋਗ ਕੀਤਾ ਹੈ। ਸੰਗੀਤ ਵਿਚ ਸਦੀਆਂ ਤੋਂ ਪਰੰਪਰਾਗਤ ਸੰਗੀਤ ਮਾਰਗ ਵਿਚ ਵਿਕਸਤ ਹੋ ਚੁਕੇ ਪ੍ਰਚਲਿਤ ਤੇ ਸਥਾਪਿਤ ਰਾਗਾਂ ਨੂੰ ਸਨਾਤਨੀ ਰਾਗ ਕਿਹਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਵਿਧਾਨ ਵਿਚ ਅਜਿਹੇ ਰਾਗ ਉਹ ਹਨ ਜਿਨ੍ਹਾਂ ਦਾ ਜਿਕਰ ਪੁਰਾਤਨ ਸੰਗੀਤ ਸ਼ਾਸਤਰ ਵਿਚ ਵੀ ਹੈ ਜੋ ਇਲਾਕਾਈ ਤੇ ਲੋਕ ਸੰਗੀਤ ਤੋਂ ਵਿਕਸਤ ਰਾਗਾਂ ਤੋਂ ਭਿੰਨ ਹਨ ਅਤੇ ਜੋ ਰਾਗ ਮਿਸ਼ਰਤ ਰਾਗ ਪ੍ਰਕਾਰ ਵਜੋਂ ਵੀ ਦਰਜ ਨਹੀਂ। ਅਜਿਹੇ ਰਾਗਾਂ ਵਿਚੋਂ ਸਾਰੰਗ ਇੱਕ ਮਹੱਤਵਪੂਰਨ ਰਾਗ ਹੈ। ਸਾਰੰਗ ਦੀ ਪ੍ਰਕ੍ਰਿਤੀ ਤਪਸ਼ ਵਾਲੀ ਸਵੀਕਾਰੀ ਗਈ ਹੈ। ਗੁਰਮਤਿ ਸੰਗੀਤ ਦੇ ਕੀਰਤਨੀਆਂ ਵਿਚ ਬਸੰਤ ਰਾਗ ਦੇ ਗਾਇਨ ਦੇ ਦਿਨਾਂ ਵਿਚ ਭਾਵ ਮਾਘ ਦੀ ਸੰਗਰਾਂਦ ਤੋਂ ਲੈ ਕੇ ਹੋਲੇ ਮਹੱਲੇ ਤੱਕ ਜਦੋਂ ਕਿਤੇ ਬਸੰਤ ਦਾ ਗਾਇਨ ਹੋਵੇ ਤਾਂ ਸਾਰੰਗ ਰਾਗ ਦਾ ਗਾਇਨ ਨਹੀਂ ਕੀਤਾ ਜਾਂਦਾ, ਅਜਿਹਾ ਪ੍ਰਚਲਨ ਹੈ।  ਉਕਤ ਰਾਗਾਂ ਦੇ ਅਧੀਨ 20ਵੀਂ ਸਦੀ ਦੇ ਪ੍ਰਮੁੱਖ ਰਚਨਾਕਾਰ ਸ੍ਰ. ਗਿਆਨ ਸਿੰਘ ਐਬਟਾਬਾਦ, ਪ੍ਰੋ. ਤਾਰਾ ਸਿੰਘ, ਰਾਗੀ ਜਸਵੰਤ ਸਿੰਘ ਤੀਵਰ, ਸੰਤ ਸਰਵਣ ਸਿੰਘ ਗੰਧਰਵ, ਪ੍ਰਿੰ. ਦਿਆਲ ਸਿੰਘ, ਡਾ. ਜਾਗੀਰ ਸਿੰਘ, ਪ੍ਰੋ. ਕਰਤਾਰ ਸਿੰਘ, ਡਾ. ਗੁਰਨਾਮ ਸਿੰਘ, ਪ੍ਰੋ. ਪਰਮਜੋਤ ਸਿੰਘ, ਪ੍ਰੋ. ਹਰਮਿੰਦਰ ਸਿੰਘ, ਆਦਿ ਦੀਆਂ ਸੁਰਲਿਪੀਬੱਧ ਰਚਨਾਵਾਂ ਮਿਲਦੀਆਂ ਹਨ। ਉਕਤ ਰਾਗਾਂ ਨੂੰ ਗੁਰੂ ਘਰ ਦੇ ਕੀਰਤਨੀਆਂ, ਰਾਗੀਆਂ ਤੇ ਸੰਗੀਤਕਾਰਾਂ ਨੇ ਬਾਖੂਬੀ ਗਾਇਆ ਹੈ ਜਿਨ੍ਹਾਂ ਦੀ ਰਿਕਾਰਡਿੰਗ ਅਸੀਂ ਵੱਖ ਵੱਖ ਵੈਬਸਾਈਟਸ ਤੇ ਸੁਣ ਸਕਦੇ ਹਾਂ।

*drgnam@yahoo.com

Share this Article
Leave a comment