ਦਿੱਲੀ ਦੰਗੇ: 1984 ਅਤੇ ਫਰਵਰੀ 2020 ਦੇ ਕਾਲੇ ਦਿਨ

TeamGlobalPunjab
5 Min Read

-ਅਵਤਾਰ ਸਿੰਘ

ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਦੇ ਉੱਤਰ-ਪੂਰਬੀ ਇਲਾਕੇ ਵਿੱਚ ਵੱਡੇ ਪੱਧਰ ‘ਤੇ ਫਿਰਕੂ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਹਨ। ਇਨ੍ਹਾਂ ਵਿੱਚ ਕਈ ਲੋਕ ਮੌਤ ਦੇ ਮੂੰਹ ਜਾ ਪਏ ਅਤੇ ਕਈਆਂ ਦਾ ਕਾਫ਼ੀ ਮਾਲੀ ਨੁਕਸਾਨ ਵੀ ਹੋਇਆ ਹੈ। ਉੱਤਰ-ਪੂਰਬੀ ਦਿੱਲੀ ਦੇ ਜਾਫਰਾਬਾਦ, ਮੌਜਪੁਰ, ਗੋਕੁਲਪੁਰੀ, ਭਜਨਪੁਰਾ ਅਤੇ ਹੋਰ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅੱਗਜ਼ਨੀ ਤੇ ਜਮ ਕੇ ਪੱਥਰਬਾਜ਼ੀ ਹੋਈ।

ਇਨ੍ਹਾਂ ਇਲਾਕਿਆਂ ਵਿਚ ਪੰਜਾਬੀ ਲੋਕਾਂ ਦੀ ਆਬਾਦੀ ਤਾਂ ਭਾਵੇਂ ਘਟ ਹੈ ਪਰ ਜੋ ਸਿੱਖ ਇਥੇ ਵਸਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ 1984 ਦੇ ਦੰਗੇ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਫਿਲਮ ਦੀ ਰੀਲ ਵਾਂਗ ਘੁੰਮ ਗਏ ਜੋ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਵੇਖੇ ਸਨ, ਉਹ ਖੌਫ਼ ਅੱਜ ਫਿਰ ਤਾਜ਼ਾ ਹੋ ਗਿਆ, ਉਹੀ ਮੰਜ਼ਰ, ਉਹੀ ਮਾਹੌਲ।

ਉੱਤਰ-ਪੂਰਬੀ ਦਿੱਲੀ ਦੇ ਗੋਕੁਲਪੁਰੀ ਇਲਾਕੇ ਵਿੱਚ ਰਹਿੰਦੇ ਪੰਜਾਬੀਆਂ ਦਾ ਕਹਿਣਾ ਹੈ ਕਿ ਉੱਤਰ-ਪੂਰਬੀ ਦਿੱਲੀ ਵਿੱਚ ਸਿੱਖਾਂ ਤੇ ਪੰਜਾਬੀਆਂ ਦੀ ਗਿਣਤੀ ਤਾਂ ਘਟ ਹੈ ਪਰ ਜੋ ਉਥੇ ਰਹਿ ਰਹੇ ਉਨ੍ਹਾਂ ਦੇ ਮਨਾਂ ਵਿਚ 1984 ਦੇ ਦਿਨਾਂ ਵਾਲਾ ਖੌਫ਼ ਹੈ। ਇਹ ਦੇਖ ਕੇ ਸਿੱਖਾਂ ਦੇ ਜ਼ਖਮ ਅੱਲ੍ਹੇ ਹੋ ਗਏ। ਉਨ੍ਹਾਂ ਲਈ ਤਿੰਨ ਦਿਨਾਂ ਦਾ ਤਣਾਅਪੂਰਨ ਮਾਹੌਲ ਕਾਫੀ ਮੁਸ਼ਕਿਲਾਂ ਭਰਿਆ ਰਿਹਾ।

- Advertisement -

ਇਧਰ ਰਹਿੰਦੇ ਕਈ ਪੰਜਾਬੀਆਂ ਨੇ ਇਹਤਿਆਤ ਦੇ ਮੱਦੇਨਜ਼ਰ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਆਪਣੇ ਪਰਿਵਾਰਾਂ ਨੂੰ ਹੋਰ ਇਲਾਕਿਆਂ ਵਿਚ ਵਸਦੇ ਆਪਣੇ ਰਿਸ਼ਤੇਦਾਰਾਂ ਕੋਲ ਸੁਰੱਖਿਅਤ ਥਾਂਵਾਂ ‘ਤੇ ਭੇਜ ਦਿੱਤਾ ਹੈ। ਉਧਰ ਰਿਪੋਰਟਾਂ ਮੁਤਾਬਿਕ ਸੀਏਏ ਖ਼ਿਲਾਫ਼ ਭੜਕੀ ਫ਼ਿਰਕੂ ਹਿੰਸਾ ਦਾ ਨੋਟਿਸ ਲੈਂਦਿਆਂ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਉਹ ਦਿੱਲੀ ਵਿੱਚ 1984 ਦੇ ਦੰਗਿਆਂ ਵਰਗੇ ਹਾਲਾਤ ਬਣਾਉਣ ਦੀ ਆਗਿਆ ਨਹੀਂ ਦੇਵੇਗੀ।

ਹਾਈ ਕੋਰਟ ਨੇ ਪੁਲੀਸ ਨੂੰ ਹਦਾਇਤ ਕੀਤੀ ਕਿ ਉਹ ਭੜਕਾਊ ਭਾਸ਼ਣ ਕਰਨ ਵਾਲੇ ਤਿੰਨ ਭਾਜਪਾ ਆਗੂਆਂ ਖ਼ਿਲਾਫ਼ ਕੇਸ ਦਰਜ ਕਰਨ ਸਬੰਧੀ ‘ਸੁਚੇਤ ਫੈਸਲਾ’ ਲਏ। ਆਗੂਆਂ ਵਿੱਚ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ, ਸੰਸਦ ਮੈਂਬਰ ਪਰਵੇਸ਼ ਵਰਮਾ ਤੇ ਕਪਿਲ ਮਿਸ਼ਰਾ ਸ਼ਾਮਲ ਹਨ। ਇਨ੍ਹਾਂ ਤਿੰਨਾਂ ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਵਿੱਚ ਕਥਿਤ ਭੜਕਾਉਣ ਵਾਲੇ ਭਾਸ਼ਣ ਕੀਤੇ ਸਨ।

ਉਧਰ ਕਾਨੂੰਨ ਤੇ ਨਿਆਂ ਮੰਤਰਾਲਾ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਦਿੱਲੀ ਹਿੰਸਾ ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ ਐੱਸ.ਮੁਰਲੀਧਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਤਬਦੀਲ ਕਰ ਦਿੱਤਾ। ਜਸਟਿਸ ਮੁਰਲੀਧਰ ਨੇ ਬੁੱਧਵਾਰ ਨੂੰ ਕੇਸ ਦੀ ਸੁਣਵਾਈ ਦੌਰਾਨ ਸਰਕਾਰ ਤੇ ਦਿੱਲੀ ਪੁਲੀਸ ਨੂੰ ਸਖ਼ਤ ਸਵਾਲ ਪੁੱਛੇ ਸੀ। ਇਸ ਤੋਂ ਪਹਿਲਾਂ ਜਸਟਿਸ ਮੁਰਲੀਧਰ ਨੂੰ ਇਸ ਕੇਸ ਦੀ ਸੁਣਵਾਈ ਤੋਂ ਲਾਂਭੇ ਕਰਦਿਆਂ ਕੇਸ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਡੀ.ਐੱਨ.ਪਟੇਲ ਦੀ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।

ਅਦਾਲਤ ਨੇ ਤਲਖ਼ ਟਿੱਪਣੀ ਕਰਦਿਆਂ ਕਿਹਾ ਕਿ ਉਹ ਦਿੱਲੀ ਵਿੱਚ 1984 ਦੇ ਦੰਗਿਆਂ ਵਰਗੇ ਹਾਲਾਤ ਬਣਾਉਣ ਦੀ ਆਗਿਆ ਨਹੀਂ ਦੇਣਗੇ। ਵਿਸ਼ੇਸ਼ ਕਮਿਸ਼ਨਰ ਪ੍ਰਵੀਰ ਰੰਜਨ ਨੇ ਬੈਂਚ ਨੂੰ ਯਕੀਨ ਦਿਵਾਇਆ ਕਿ ਉਹ ਖੁ਼ਦ ਪੁਲੀਸ ਕਮਿਸ਼ਨਰ ਨਾਲ ਬੈਠ ਕੇ ਹੀ ਸਾਰੀਆਂ ਵੀਡੀਓ ਕਲਿੱਪਜ਼ ਨੂੰ ਵੇਖਣ ਮਗਰੋਂ ਐਫਆਈਆਰ ਦਰਜ ਕਰਨ ਸਬੰਧੀ ਫੈਸਲਾ ਲੈਣਗੇ।

ਇਸ ਦੌਰਾਨ ਰਿਪੋਰਟਾਂ ਮੁਤਾਬਿਕ ਖਜੂਰੀ ਖਾਸ ਖੇਤਰ ਵਿੱਚ ਦੋ ਦਿਨ ਪਹਿਲਾਂ ਘਰੋਂ ਪ੍ਰੀਖਿਆ ਦੇਣ ਲਈ ਸਕੂਲ ਗਈ 13 ਸਾਲਾ ਲੜਕੀ ਅਜੇ ਵੀ ਲਾਪਤਾ ਹੈ। ਵਿਦਿਆਰਥਣ ਸੋਨੀਆ 8ਵੀਂ ਜਮਾਤ ਵਿੱਚ ਪੜ੍ਹਦੀ ਹੈ। ਉਧਰ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਹਿੰਸਾਗ੍ਰਸਤ ਇਲਾਕਿਆਂ ਦੀਆਂ ਔਰਤਾਂ ਤੋਂ ਕਈ ਸ਼ਿਕਾਇਤਾਂ ਮਿਲਣ ਬਾਰੇ ਸੂਚਿਤ ਕੀਤਾ। ਮਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ 181 ਹੈਲਪਲਾਈਨ ’ਤੇ ਕਰਾਵਲ ਨਗਰ, ਦਿਆਲਪੁਰਾ, ਭਜਨਪੁਰਾ ਤੇ ਗੋਕੁਲਪੁਰੀ ਤੋਂ ਸ਼ਿਕਾਇਤਾਂ ਮਿਲੀਆਂ ਹਨ।

- Advertisement -

ਇਸ ਘਟਨਾਕ੍ਰਮ ‘ਤੇ ਵੱਖ-ਵੱਖ ਸਿਆਸੀ ਆਗੂਆਂ ਤੇ ਜਥੇਬੰਦੀਆਂ ਵੱਲੋਂ ਜੰਤਰ-ਮੰਤਰ ’ਤੇ ਸ਼ਾਂਤੀ ਦੀ ਅਪੀਲ ਕਰਦੇ ਹੋਏ ਧਰਨਾ ਦਿੱਤਾ ਗਿਆ। ਧਰਨੇ ਵਿੱਚ ਵੱਖ-ਵੱਖ ਆਗੂਆਂ ਵੱਲੋਂ ਹਿੰਸਾ ਦੀ ਨਿੰਦਾ ਕੀਤੀ ਗਈ। ਧਰਨੇ ਵਿੱਚ ਖੱਬੇ ਪੱਖੀ ਆਗੂਆਂ ਸੀਤਾਰਾਮ ਯੇਚੁਰੀ, ਡੀ. ਰਾਜਾ, ਸਈਦ ਹਮੀਦ, ਬ੍ਰਿੰਦਾ ਕਰਾਤ, ਕਵਿਤਾ ਕ੍ਰਿਸ਼ਨਨ, ਮਾਇਆ ਜਾਨ ਤੇ ਹੋਰ ਲੋਕਾਂ ਨੇ ਸ਼ਮੂਲੀਅਤ ਕੀਤੀ। ਸਭ ਨੇ ਸ਼ਾਂਤੀ ਰੱਖਣ ਦਾ ਸੱਦਾ ਦਿੱਤਾ।

ਇਸ ਵਿੱਚ ਕ੍ਰਾਂਤੀਕਾਰੀ ਯੁਵਾ ਸੰਗਠਨ ਤੇ ਹੋਰ ਜਥੇਬੰਦੀਆਂ ਦੇ ਕਾਰਕੁਨ ਸ਼ਾਮਲ ਹੋਏ। ਨੌਜਵਾਨ ਵੀ ਧਰਨੇ ਵਿੱਚ ਸ਼ਾਮਿਲ ਹੋਏ। ਸੰਗਠਨ ਦੇ ਆਗੂਆਂ ਨੇ ਕਿਹਾ ਕਿ ਉਹ ਫਿਰਕੂ ਹਿੰਸਾ ਭੜਕਾਉਣ ਅਤੇ ਲੋਕਾਂ ਦੀ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਦੀ ਸਖਤ ਨਿੰਦਾ ਤੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਹਨ। ਆਗੂਆਂ ਨੇ ਕਿਹਾ ਕਿ ਹਾਲਾਂਕਿ, ਭਾਜਪਾ ਨੇਤਾ ਅਤੇ ਫਿਰਕੂ ਤਾਕਤਾਂ ਜੋ ਉਨ੍ਹਾਂ ਦਾ ਪਾਲਣ ਪੋਸ਼ਣ ਕਰਦੇ ਹਨ, ਉਹ ਸ਼ਾਂਤਮਈ ਪ੍ਰਦਰਸ਼ਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਦਰਸ਼ਨਾਂ ਵਿਚ ਕਈ ਵਾਰ ਧਮਕੀ ਭਰੇ ਹਥਿਆਰ ਲਹਿਰਾਏ ਗਏ, ਗੋਲੀਆਂ ਚਲਾਈਆਂ ਗਈਆਂ ਪਰ ਪੁਲੀਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਰਿਹਾ।

ਦਿੱਲੀ ਦੇ ਦੰਗੇ ਭਾਵੇਂ 1984 ਦੇ ਹੋਣ ਜਾਂ ਫਰਵਰੀ, 2020 ਦੇ ਹੋਣ ਇਸ ਵਿਚ ਮਜ਼ਲੂਮਾਂ ਦਾ ਘਾਣ ਕਰਨ, ਨਿਹੱਥੇ ਬੇਕਸੂਰਾਂ ਦੇ ਕਤਲ ਅਤੇ ਗਰੀਬਾਂ ਦੇ ਘਰ ਸਾੜਨ ਵਾਲੇ ਕੌਣ ਹਨ। ਫਰਵਰੀ 2020 ਦੇ ਇਹ ਕਾਲੇ ਦਿਨ ਵੀ 1984 ਵਾਂਗ ਇਤਿਹਾਸ ਵਿਚ ਦਰਜ ਹੋ ਜਾਣਗੇ। ਜੇ ਹਾਕਮ ਅਜੇ ਵੀ ਨਹੀਂ ਜਾਗਣਗੇ ਤਾਂ ਉਨ੍ਹਾਂ ਨੂੰ ਇਨ੍ਹਾਂ ਦੇ ਸਿਆਸੀ ਨਤੀਜੇ ਭੁਗਤਣ ਲਈ ਵੀ ਕੰਧ ਉਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ।

Share this Article
Leave a comment