ਹੁਣ ਲੁਧਿਆਣਾ ਜੇਲ੍ਹ ‘ਚ ਹੋ ਗਿਆ ਵੱਡਾ ਕਾਂਡ, ਪੁਲਿਸ ਤੇ ਕੈਦੀਆਂ ‘ਚ ਤਾੜ ਤਾੜ ਚੱਲ ਰਹੀਆਂ ਨੇ ਗੋਲੀਆਂ, 15 ਜ਼ਖਮੀ, 2 ਕੈਦੀ ਗ੍ਰਿਫਤਾਰ, ਦੇਖੋ ਵੀਡੀਓ ਤਸਵੀਰਾਂ

TeamGlobalPunjab
5 Min Read

ਲੁਧਿਆਣਾ : ਲੁਧਿਆਣਾ ਦੀ ਕੇਂਦਰੀ ਜੇਲ੍ਹ ਅੰਦਰ ਹੁਣ ਤੋਂ ਕੁਝ ਦੇਰ ਪਹਿਲਾਂ 2 ਗੁੱਟਾਂ ਅੰਦਰ ਹੋਈ ਜਬਰਦਸਤ ਖੂਨੀ ਮੁੱਠਭੇੜ ਕਾਰਨ ਜੇਲ੍ਹ ਪ੍ਰਸ਼ਾਸਨ ਦੇ ਨਾਲ ਨਾਲ ਜਿਲ੍ਹਾ ਪ੍ਰਸ਼ਾਸਨ ਨੂੰ ਵੀ ਭਾਜੜਾਂ ਪੈ ਗਈਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਹਿਲਾਂ ਤਾਂ ਪ੍ਰਸ਼ਾਸਨ ਨੇ ਆਪਣੇ ਪੱਧਰ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਹਾਲਾਤ ਆਪਣੇ ਹੱਥੋਂ ਨਿੱਕਲਣ ਦੀ ਕੋਸ਼ਿਸ਼ ਕੀਤੀ ਤਾਂ ਜੇਲ੍ਹ ਅਧਿਕਾਰੀਆਂ ਨੇ ਤੁਰੰਤ ਜਿਲ੍ਹਾ ਪੁਲਿਸ ਨੂੰ ਸੂਚਿਤ ਕਰ ਦਿੱਤਾ। ਜਿਸ ਤੋਂ ਬਾਅਦ ਤੁਰੰਤ ਹਰਕਤ ਵਿੱਚ ਆਉਂਦਿਆਂ ਪੁਲਿਸ ਨੇ ਜੇਲ੍ਹ ਨੂੰ ਚਾਰੋਂ ਪਾਸੋਂ ਘੇਰਾ ਪਾ ਲਿਆ। ਇਸ ਤੋਂ ਬਾਅਦ ਹਾਲਾਤ ਇਹ ਬਣ ਗਏ ਕਿ ਜੇਲ੍ਹ ਦੇ ਅੰਦਰ ਬਾਹਰ ਅਤੇ ਜੇਲ੍ਹ ਦੀਆਂ ਇਮਾਰਤਾਂ ਤੋਂ ਇਲਾਵਾ ਟਾਵਰਾਂ ‘ਤੇ ਵੀ ਪੁਲਿਸ ਮੁਲਾਜ਼ਮਾਂ ਨੇ ਆਧੁਨਿਕ ਹਥਿਆਰਾਂ ਨਾਲ ਮੋਰਚਾ ਸੰਭਾਲ ਲਿਆ। ਜਿਸ ਤੋਂ ਬਾਅਦ ਗੋਲੀਬਾਰੀ ਲਗਾਤਾਰ ਜਾਰੀ ਹੈ। ਸੂਤਰਾਂ ਅਨੁਸਾਰ ਇਸ ਘਟਨਾ ਦੌਰਾਨ ਹੁਣ ਤੱਕ 15 ਵਿਅਕਤੀਆਂ ਦੇ ਜਖਮੀ ਹੋਣ ਦੀ ਸੂਚਨਾ ਹੈ ਤੇ ਇੱਕ ਅਪੁਸ਼ਟ ਸੂਚਨਾ ਅਨੁਸਾਰ ਇੱਕ ਵਿਅਕਤੀ ਦੀ ਮੌਤ ਵੀ ਹੋਈ ਹੈ। ਇਨ੍ਹਾਂ ਜ਼ਖਮੀਆਂ ਵਿੱਚ ਕਿੰਨੇ ਪੁਲਿਸ ਵਾਲੇ ਹਨ, ਕਿੰਨੇ ਜੇਲ੍ਹ ਪ੍ਰਸ਼ਾਸਨ ਦੇ ਲੋਕ ਹਨ, ਤੇ ਕਿੰਨੇ ਕੈਦੀ ਹਨ ਇਸ ਗੱਲ ਦੀ ਅਜੇ ਕੋਈ ਪੁਸ਼ਟੀ ਨਹੀਂ ਹੋ ਪਾਈ ਹੈ। ਪੁਲਿਸ ਦਾ ਦਾਅਵਾ ਹੈ ਕਿ ਹਾਲਾਤ ‘ਤੇ ਜਲਦ ਕਾਬੂ ਪਾ ਲਿਆ ਜਾਵੇਗਾ। ਇਸ ਦੌਰਾਨ ਪੁਲਿਸ ਨੇ ਜੇਲ੍ਹ ‘ਚੋਂ ਫਰਾਰ ਹੋਏ 2 ਵਿਅਕਤੀਆਂ ਨੂੰ ਵੀ ਜ਼ਖਮੀ ਹਾਲਤ ਵਿੱਚ ਮੁੜ ਹਿਰਾਸਤ ‘ਚ ਲੈ ਲਿਆ ਹੈ। ਜਿਸ  ਬਾਰੇ ਹੋਰ ਵੇਰਵੇ ਆਉਣੇ ਅਜੇ ਬਾਕੀ ਹਨ।ਸੂਤਰਾਂ ਅਨੁਸਾਰ ਕੈਦੀਆਂ ਵੱਲੋਂ ਜੇਲ੍ਹ ਅੰਦਰ ਗੈਸ ਸਿਲੰਡਰਾਂ ਅਤੇ ਕੁਝ ਹੋਰ ਸਮਾਨ ਨੂੰ ਅੱਗ ਲਗਾ ਦਿੱਤੀ ਗਈ ਹੈ, ਤੇ ਹਾਲਾਤ ਕਾਬੂ ਤੋਂ ਬਾਹਰ ਹੁੰਦਿਆਂ ਦੇਖ ਦਰਜਨ ਦੇ ਕਰੀਬ ਫਾਇਰ ਬ੍ਰਗੇੜ ਦੀਆਂ ਗੱਡੀਆਂ ਵੀ ਜੇਲ੍ਹ ਵਿੱਚ ਮਿੰਟਾਂ ਸਕਿੰਟਾਂ ‘ਚ ਪਹੁੰਚ ਗਈਆਂ ਹਨ।

ਲੁਧਿਆਣਾ ਤੋਂ ਸਾਡੇ ਪੱਤਰਕਾਰ ਰਜਿੰਦਰ ਅਰੋਡਾ ਵੱਲੋਂ ਦਿੱਤੀ ਗਈ ਰਿਪੋਰਟ ਅਨੁਸਾਰ ਇਹ ਝਗੜਾ ਅੱਜ ਦਿਨ ‘ਚ ਲਗਭਗ 12 ਵਜੇ ਦੇ ਕਰੀਬ ਸ਼ੁਰੂ ਹੋਇਆ ਤੇ ਉਦੋਂ ਤੋਂ ਹੁਣ ਤੱਕ ਇਹ ਖੂਨੀ ਝੜੱਪ ਜਾਰੀ ਹੈ।ਰਜਿੰਦਰ ਅਨੁਸਾਰ ਸ਼ੁਰੂ ‘ਚ ਪਹਿਲਾਂ ਪੁਲਿਸ ਨੇ ਹਵਾ ਵਿੱਚ ਗੋਲੀਆਂ ਚਲਾ ਕੇ ਜੇਲ੍ਹ ਦੇ ਅੰਦਰ ਲੜ ਰਹੇ ਲੋਕਾਂ ਨੂੰ ਡਰਾਉਣ  ਦੀ ਕੋਸ਼ਿਸ਼ ਕੀਤੀ। ਪਰ ਜਦੋਂ ਗੱਲ ਨਾ ਬਣਦੀ ਦੇਖੀ ਤਾਂ ਪੁਲਿਸ ਨੇ ਆਪਣੀਆਂ ਬੰਦੂਕਾਂ ਦਾ ਮੂੰਹ ਉਨ੍ਹਾਂ ਕੈਦੀਆਂ ਵੱਲ ਮੋੜ ਦਿੱਤਾ ਜਿਹੜੇ ਕੈਦੀ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਜੇਲ੍ਹ ਅੰਦਰ ਕਨੂੰਨ ਅਤੇ ਵਿਵਸਥਾ ਨੂੰ ਵਿਗਾੜ ਰਹੇ ਸਨ। ਪ੍ਰਤੱਖ ਦਰਸੀਆਂ ਅਨੁਸਾਰ ਜੇਲ੍ਹ ਦੀਆਂ ਇਮਾਰਤਾਂ ‘ਤੇ ਕੁਝ ਅਜਿਹੇ ਲੋਕ ਵੀ ਦਿਖਾਈ ਦਿੱਤੇ ਹਨ ਜਿਨ੍ਹਾਂ ਨੇ ਆਪਣੇ ਮੂੰਹ ਕੱਪੜਿਆਂ ਨਾਲ ਢਕ ਰਖੇ ਸਨ ਤੇ ਉਹ ਇੱਧਰ ਉੱਧਰ ਦੌੜਦੇ ਹੋਏ ਜੇਲ੍ਹ ਅੰਦਰ ਵੱਲ ਇਸ਼ਾਰਾ ਕਰ ਰਹੇ ਸਨ। ਰਜਿੰਦਰ ਅਰੋੜਾ ਅਨੁਸਾਰ ਪੁਲਿਸ ਨੇ ਜੇਲ੍ਹ ਦੇ ਆਸ ਪਾਸ ਦੇ ਇਲਾਕਿਆਂ ਦੇ ਨਾਲ ਨਾਲ ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਹੈ ਤਾਂ ਕਿ ਇਸ ਘਟਨਾ ਦੀ ਆੜ ਵਿੱਚ ਅੰਦਰੋ ਕੋਈ ਕੈਦੀ ਫਰਾਰ ਨਾ ਹੋ ਜਾਵੇ।

ਦੱਸ  ਦਈਏ ਕਿ ਲੁਧਿਆਣਾ ਦੀ ਇਸ ਜੇਲ੍ਹ ਵਿੱਚ ਕੁੱਲ 3 ਹਜ਼ਾਰ ਕੈਦੀ ਬੰਦ ਹਨ, ਤੇ ਪੁਲਿਸ ਫਿਲਹਾਲ ਨਾ ਤਾਂ ਘਟਨਾ ਦਾ ਕੋਈ ਵੇਰਵਾ ਦੇ ਰਹੀ ਹੈ ਤੇ ਨਾ ਹੀ ਮੀਡੀਆ ਕਰਮੀ ਨੂੰ ਜੇਲ੍ਹ ਦੇ ਨਜ਼ਦੀਕ ਜਾਣ ਦੇ ਰਹੀ ਹੈ। ਹਾਂ ਇੰਨਾ ਜਰੂਰ ਕਹਿ ਰਹੀ ਹੈ ਕਿ ਜਲਦ ਕਾਬੂ ਪਾ ਲਿਆ  ਜਾਵੇਗਾ।ਦੱਸ ਦਈਏ ਕਿ ਪਿਛਲੇ ਸਮੇਂ ਦੌਰਾਨ ਨਾਭਾ ਦੀ ਮੈਕਸੀਮਮ ਸਕਿਉਰਟੀ  ਉਤੇ ਵੀ ਕੁਝ ਗੈਂਗਸਟਰਾਂ ਵੱਲੋਂ ਹਮਲਾ ਕਰਕੇ ਵਿੱਕੀ ਗੌਂਡਰ ਅਤੇ ਕਥਿਤ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਤੋਂ ਇਲਾਵਾ ਹੋਰ ਕਈ ਖਤਰਨਾਕ ਹਵਾਲਾਤੀਆਂ ਤੇ ਕੈਦੀਆਂ ਨੂੰ ਛੁੜਾ ਲਿਆ ਗਿਆ ਸੀ। ਜਿਸ ਤੋਂ ਬਾਅਦ ਸੂਬੇ ਅੰਦਰ ਗੈਂਗਸਟਰਾਂ ਵੱਲੋਂ ਕੀਤੀਆਂ ਗਈਆ ਕਾਰਵਾਈ ‘ਚ ਭਾਰੀ ਵਾਧਾ ਹੋਇਆ ਸੀ।

ਕੁੱਲ ਮਿਲਾ ਕਿ ਇਹ ਕਿਹਾ ਜਾ ਸਕਦਾ ਹੈ ਕਿ ਇੱਕ ਪਾਸੇ ਜਿੱਥੇ ਨਾਭਾ ਦੀ ਨਵੀਂ ਜੇਲ੍ਹ ਅੰਦਰ ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਬਾਅਦ ਸੂਬੇ ਦਾ ਜੇਲ੍ਹ ਵਿਭਾਗ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿੱਚ ਹੈ ਉੱਥੇ ਦੂਜੇ ਪਾਸੇ ਲੁਧਿਆਣੇ ਦੀ ਕੇਂਦਰੀ ਜੇਲ੍ਹ ਅੰਦਰ ਵਾਪਰੀ ਤਾਜਾ ਘਟਨਾ ਨੇ ਜੇਲ੍ਹ ਵਿਭਾਗ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਅਜਿਹੇ ਵਿੱਚ ਗੱਲ ਗੱਲ ‘ਤੇ ਵਿਰੋਧੀਆਂ ਦੀ ਲਾਹ-ਪਾਹ ਕਰਨ ਅਤੇ ਬੀਤੇ ਸਮੇਂ ਨਵਜੋਤ ਸਿੰਘ ਸਿੱਧੂ ਦੇ ਵਿਭਾਗ ਦੀ ਮਾੜੀ ਕਾਰਗੁਜਾਰੀ ਦਾ ਸਮਰਥਨ ਕਰਦੇ ਦਿਖਾਈ ਦਿੱਤੇ ਪੰਜਾਬ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਣ ਜਦੋਂ ਆਪਣੇ ਵਿਭਾਗ ਦੀ ਕਾਰਗੁਜਾਰੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ ਤਾਂ ਉਹ ਆਪਣਾ ਬਚਾਅ ਕਿਵੇਂ ਕਰਦੇ ਹਨ, ਇਹ ਵੇਖਣਾ ਬੇਹੱਦ ਦਿਲਚਸਪ ਹੋਵੇਗਾ।

- Advertisement -

https://youtu.be/6bB_nsCzOQg

Share this Article
Leave a comment