ਹੁਣ ਭਾਜਪਾ ਵਾਲੇ ਵੀ ਅਕਾਲੀਆਂ ਦੇ ਪਿੱਛੇ ਪਏ, ਬਠਿੰਡਾ ਰੈਲੀ ‘ਚੋਂ ਬਾਹੋਂ ਫੜ ਕੱਢ ‘ਤੇ ਬਾਹਰ, ਫਿਰ ਮੌਕੇ ‘ਤੇ ਪਹੁੰਚੀ ਹਰਸਿਮਰਤ ਕਹਿੰਦੀ…

TeamGlobalPunjab
3 Min Read

ਬਠਿੰਡਾ : ਲੋਕ ਸਭਾ ਚੋਣਾਂ ਦੀ ਸ਼ੁਰੂਆਤ ਹੋ ਚੁਕੀ ਹੈ ਤੇ ਇਸ ਦੌਰਾਨ ਜਿੱਥੇ ਹਰ ਪਾਰਟੀ ਆਪਣੇ ਵਿਰੋਧੀ ਖੇਮੇ ‘ਚ ਸੰਨ੍ਹ ਲਾ ਕੇ ਉੱਥੋਂ ਵਿਰੋਧੀਆਂ ਦੇ ਸਮਰਥਕਾਂ ਨੂੰ ਆਪਣੇ ਵੱਲ ਖਿੱਚਣ ਦੀਆਂ ਵਿਉਂਤਾਂ ਘੜ੍ਹ ਰਹੀ ਹੈ, ਉੱਥੇ ਪਹਿਲਾਂ ਹੀ ਬੇਅਦਬੀ ਤੇ ਗੋਲੀ ਕਾਂਡ ਮਾਮਲੇ ਵਿੱਚ ਘਿਰੇ ਕੇ ਸਰਕਾਰ ਗੁਆ ਚੁਕੇ ਅਕਾਲੀਆਂ ਨੂੰ ਹੁਣ ਉਨ੍ਹਾਂ ਦੇ ਆਪਣੇ ਭਾਈਵਾਲ ਭਾਜਪਾ ਵਾਲਿਆਂ ਨੇ ਵੀ ਦੁਰਕਾਰਨਾਂ ਸ਼ੁਰੂ ਕਰ ਦਿੱਤਾ ਹੈ। ਜੀ ਹਾਂ ਇਹ ਸੱਚ ਹੈ, ਤੇ ਇਹ ਘਟਨਾ ਵਾਪਰੀ ਹੈ ਉਸ ਬਠਿੰਡਾ ਹਲਕੇ ਵਿੱਚ, ਜਿੱਥੋਂ ਚੋਣ ਜਿੱਤਣਾ ਅਕਾਲੀਆਂ ਲਈ ਸਭ ਤੋਂ ਵੱਧ ਇੱਜ਼ਤ ਦਾ ਸਵਾਲ ਬਣਿਆ ਹੋਇਆ ਹੈ। ਹੋਇਆ ਇੰਝ ਕਿ ਬਠਿੰਡਾ ‘ਚ ਭਾਜਪਾ ਵਲੋਂ ਚੋਣਾਂ ਨੂੰ ਮੁਖ ਰਖਦਿਆਂ ਸਮਾਗਮ ਕਰਵਾਇਆ ਗਿਆ ਸੀ। ਜਿਥੇ ਇਕ ਭਾਜਪਾ ਆਗੂ ਨੇ ਸਟੇਜ ਤੋਂ ਇਹ ਕਹਿ ਦਿਤਾ ਕਿ ਇਹ ਸਮਾਗਮ ਤਾਂ ਸਿਰਫ ਭਾਰਤੀ ਜਨਤਾ ਪਾਰਟੀ ਦਾ ਹੈ, ਤੇ ਹੋਰ ਕਿਸੇ ਪਾਰਟੀ ਦਾ ਵਰਕਰ ਇੱਥੇ ਮੌਜੂਦ ਨਾ ਰਹੇ। ਜਿਸ ਤੋਂ ਬਾਅਦ ਗੁਸੇ ‘ਚ ਆਏ ਅਕਾਲੀ ਦਲ ਦੇ ਵਰਕਰ ਕੁਰਸੀਆਂ ਛੱਡ ਕੇ ਉਠ ਗਏ ਤੇ ਸਮਾਗਮ ਛੱਡ ਬਾਹਰ ਜਾਣ ਲੱਗੇ।

ਦੱਸ ਦਈਏ ਕਿ ਇਸ ਸਮਾਗਮ ‘ਚ ਹਰਸਿਮਰਤ ਕੌਰ ਬਾਦਲ ਨੇ  ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨੀ ਸੀ। ਅਕਾਲੀ ਵਰਕਰਾਂ ਦੇ ਨਾਰਾਜ ਹੋ ਕੇ ਚਲੇ ਜਾਣ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਹਰਸਿਮਰਤ ਕੌਰ ਬਾਦਲ ਨੂੰ ਪੁੱਛਿਆ ਗਿਆ ਤਾਂ ਬੀਬਾ ਬਾਦਲ ਨੇ ਕਿਹਾ ਕਿ ਉਨਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ, ਉਹ ਵਰਕਰਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਕੁਝ ਦੱਸ ਪਾਉਣਗੇ।

ਉੱਧਰ ਦੂਜੇ ਪਾਸੇ ਪੱਤਰਕਾਰਾਂ ਨੂੰ ਜਿਉਂ ਹੀ ਭਾਜਪਾ ਦੇ ਸ਼ਹਿਰੀ ਪ੍ਰਧਾਨ ਮਿੰਟਾ ਨਜ਼ਰ ਆਏ ਉਨ੍ਹਾਂ ਮਿੰਟਾਂ ਨੂੰ ਤੁਰੰਤ ਘੇਰ ਲਿਆ ਤੇ ਸਵਾਲਾਂ ਦੀ ਝੜੀ ਲਾ ਦਿੱਤੀ। ਉੱਥੇ ਹਾਲਾਤ ਇਹ ਸਨ,  ਕਿ ਮਿੰਟਾ ਨੂੰ ਪੱਤਰਕਾਰਾਂ ਦੇ ਕਿਸੇ ਸਵਾਲ ਦਾ ਵੀ ਜਵਾਬ ਨਹੀਂ ਸੁੱਝ ਰਿਹਾ ਸੀ। ਉਨ੍ਹਾਂ ਬੱਸ ਇੰਨਾ ਹੀ ਕਿਹਾ, ਕਿ ਸਾਡੇ ਬੰਦੇ ਨੇ ਸਟੇਜ਼ ਤੋਂ ਜੋ ਕੁਝ ਵੀ ਬੋਲਿਆ ਹੈ ਉਹ ਗਲਤ ਸੀ, ਜਿਸ ਢੰਗ ਨਾਲ ਬੋਲਿਆ ਹੈ ਉਹ ਵੀ ਗਲਤ ਸੀ, ਤੇ ਕੁੱਲ ਮਿਲਾ ਕੇ ਸਾਡੇ ਆਗੂ ਤੋਂ ਗਲਤੀ ਹੋਈ ਹੈ। ਹੁਣ ਉਹ ਅਕਾਲੀ ਵਰਕਰਾਂ ਨੂੰ ਮਨਾ ਰਹੇ ਹਨ, ਤੇ ਸਭ ਕੁਝ ਠੀਕ ਠਾਕ ਹੋ ਜਾਵੇਗਾ।

ਹੁਣ ਸਵਾਲ ਇਹ ਹੈ, ਕਿ ਇਹ ਘਟਨਾ ਗਲਤੀ ਨਾਲ ਘਟੀ ਹੈ ਜਾਂ ਭਾਜਪਾ ਦੇ ਉਸ ਆਗੂ ਦੇ ਮਨ ਵਿੱਚ ਵੀ, ਉਹੋ ਜਿਹਾ ਹੀ ਗੁੱਸਾ ਸੀ, ਜਿਹੋ ਜਿਹਾ ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਤੋਂ ਬਾਅਦ, ਸਿੱਖ ਸੰਗਤ ਦੇ ਮਨਾਂ ਵਿੱਚ ਸੀ, ਇਹ ਤਾਂ ਅਜੇ ਸਾਫ ਨਹੀਂ ਹੋ ਪਾਇਆ ਹੈ, ਪਰ ਇੰਨਾ ਜਰੂਰ ਹੈ ਕਿ ਚੋਣਾਂ ਦੇ ਐਨ ਨੇੜੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਹਲਕੇ ਵਿੱਚ ਭਾਜਪਾਈਆਂ ਵੱਲੋਂ ਕੀਤੀ ਗਈ ਅਜਿਹੀ ਹਰਕਤ ਬਾਦਲਾਂ ਨੂੰ ਹਜਮ ਆਏਗੀ ਜਾਂ ਨਹੀਂ? ਤੇ ਜੇ ਨਹੀਂ ਆਈ ਤਾਂ ਇਸ ਬਦਹਜਮੀ ਨੂੰ ਠੀਕ ਕਰਨ ਲਈ ਬਾਦਲ ਕੀ ਉਪਰਾਲਾ ਕਰਨਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

- Advertisement -

 

Share this Article
Leave a comment